Posted On:
19 NOV 2026 11:06AM by PIB Chandigarh
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਸ਼ਹਿਰੀ ਵਿਕਾਸ ਵਿਭਾਗ 20 ਨਵੰਬਰ, 2026 ਨੂੰ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿਖੇ ਸਵਨਿਧੀ ਸਨਮਾਨ ਪੁਰਸਕਾਰ 2026 ਦਾ ਆਯੋਜਨ ਕਰੇਗਾ। ਇਹ ਪੁਰਸਕਾਰ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਪ੍ਰਦਾਨ ਕਰਨਗੇ। ਇਸ ਮੌਕੇ ‘ਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਆਯੋਜਨ ਵਿੱਚ 52 ਪੁਰਸਕਾਰ ਅਤੇ 5 ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਜਾਣਗੇ। ਇਨ੍ਹਾਂ ਰਾਹੀਂ ਰੇਹੜੀ-ਪਟੜੀ ਵਿਕ੍ਰੇਤਾਵਾਂ ਦੀ ਰੋਜ਼ੀ ਰੋਟੀ ਨੂੰ ਮਜ਼ਬੂਤ ਬਣਾਉਣ ਅਤੇ ਵਿੱਤੀ ਸਮਾਵੇਸ਼, ਡਿਜੀਟਲ ਸੇਵਾਵਾਂ ਨੂੰ ਅਪਣਾਉਣ ਅਤੇ ਸਮਾਜਿਕ ਸੁਰੱਖਿਆ ਨੂੰ ਹੁਲਾਰਾ ਦੇਣ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਐੱਸ), ਲੋਨ ਦੇਣ ਵਾਲੀਆਂ ਸੰਸਥਾਵਾਂ ਅਤੇ ਸਹਿਯੋਗੀ ਸੰਗਠਨਾਂ ਦੇ ਮਿਸਾਲੀ ਯੋਗਦਾਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਯੋਜਨਾ ਨਾਲ ਜੁੜੇ ਵੱਖ-ਵੱਖ ਹਿੱਸੇਦਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਲਗਭਗ 600 ਭਾਗੀਦਾਰਾਂ ਦੇ ਇਸ ਆਯੋਜਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਇਨ੍ਹਾਂ ਪੁਰਸਕਾਰਾਂ ਦੇ ਤਹਿਤ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਉੱਤਮ ਕਾਰਜਾਂ ਨੂੰ ਸਨਮਾਨਿਤ ਕੀਤਾ ਜਾਵੇਗਾ:
-
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ: 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 27 ਪੁਰਸਕਾਰ
-
ਸ਼ਹਿਰੀ ਸਥਾਨਕ ਸੰਸਥਾਵਾਂ: 4 ਪੁਰਸਕਾਰ
-
ਲੋਨ ਦੇਣ ਵਾਲੀਆਂ ਸੰਸਥਾਵਾਂ : 4 ਪੁਰਸਕਾਰ
-
ਪ੍ਰਮੁੱਖ ਹਿਤਧਾਰਕ : 5 ਵਿਸ਼ੇਸ਼ ਸਨਮਾਨ
ਯੋਜਨਾ ਦਾ ਸੰਖੇਪ ਵੇਰਵਾ
1 ਜੂਨ 2026 ਨੂੰ ਸ਼ੁਰੂ ਕੀਤੀ ਗਈ ਪੀਐੱਮ ਸਵਨਿਧੀ ਯੋਜਨਾ ਰਾਹੀਂ ਹੁਣ ਤੱਕ ਲਗਭਗ 81 ਲੱਖ ਰੇਹੜੀ-ਪਟੜੀ ਵਿਕ੍ਰੇਤਾਵਾਂ ਨੂੰ 1.21 ਕਰੋੜ ਤੋਂ ਵੱਧ ਲੋਨ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਦੀ ਕੁੱਲ ਰਾਸ਼ੀ ਲਗਭਗ 20,000 ਕਰੋੜ ਰੁਪਏ ਹੈ। ਅਗਸਤ 2025 ਵਿੱਚ ਸਰਕਾਰ ਨੇ ਇਸ ਯੋਜਨਾ ਦਾ ਪੁਨਰ ਗਠਨ ਕੀਤਾ ਅਤੇ ਇਸ ਦੀ ਲਾਗੂ ਕਰਨ ਦੀ ਮਿਆਦ ਮਾਰਚ 2030 ਤੱਕ ਵਧਾ ਦਿੱਤੀ। ਯੋਜਨਾ ਦਾ ਦਾਇਰਾ ਵਧਾਉਣ ਅਤੇ ਵਿੱਤੀ ਸਮਾਵੇਸ਼ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਵਿੱਚ ਕਈ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ। ਇਨ੍ਹਾਂ ਸੁਧਾਰਾਂ ਵਿੱਚ ਸ਼ਾਮਲ ਹਨ:
-
ਲੋਨ ਰਾਸ਼ੀ ਵਿੱਚ ਵਾਧਾ : ਰੇਹੜੀ-ਪਟੜੀ ਵਿਕ੍ਰੇਤਾਵਾਂ ਦੀਆਂ ਬਦਲਦੀਆਂ ਲੋਨ-ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਲੋਨ ਦੀਆਂ ਤਿੰਨੋਂ ਕਿਸ਼ਤਾਂ ਦੀ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਹੈ।
-
ਯੂਪੀਆਈ ਨਾਲ ਜੁੜਿਆ ਰੁਪੇ ਕ੍ਰੈਡਿਟ ਕਾਰਡ ਸ਼ੁਰੂ ਕਰਨਾ : ਦੂਜੀ ਲੋਨ-ਕਿਸ਼ਤ ਦਾ ਭੁਗਤਾਨ ਕਰ ਚੁੱਕੇ ਯੋਗ ਲਾਭਪਾਤਰੀਆਂ ਲਈ 30,000 ਰੁਪਏ ਤੱਕ ਦੀ ਲੋਨ ਸੀਮਾ ਵਾਲਾ ਯੂਪੀਆਈ ਨਾਲ ਜੁੜਿਆ ਰੁਪੇ ਕ੍ਰੈਡਿਟ ਕਾਰਡ ਸ਼ੁਰੂ ਕੀਤਾ ਗਿਆ ਹੈ।
-
ਭੂਗੋਲਿਕ ਦਾਇਰੇ ਦਾ ਵਿਸਥਾਰ : ਯੋਜਨਾ ਦਾ ਦਾਇਰਾ ਵਿਧਾਨਕ ਕਸਬਿਆਂ ਤੋਂ ਅੱਗੇ ਵਧਾ ਕੇ ਜਨਗਣਨਾ ਕਸਬਿਆਂ ਅਤੇ ਸ਼ਹਿਰਾਂ ਦੇ ਨੇੜਲੇ ਖੇਤਰਾਂ ਤੱਕ ਵਿਸਤ੍ਰਿਤ ਕੀਤਾ ਗਿਆ ਹੈ।
ਲੋਨ ਸਹਾਇਤਾ ਮੁਹੱਈਆ ਕਰਵਾਉਣ ਤੋਂ ਇਲਾਵਾ, ਇਹ ਯੋਜਨਾ ‘ਸਵਨਿਧੀ ਸੇ ਸਮ੍ਰਿੱਧੀ’ ਪਹਿਲਕਦਮੀ ਰਾਹੀਂ ਰੇਹੜੀ-ਪਟੜੀ ਵਿਕ੍ਰੇਤਾਵਾਂ ਦੇ ਪਰਿਵਾਰਾਂ ਦੇ ਸੰਪੂਰਨ ਸਮਾਜਿਕ-ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦਿੰਦੀ ਹੈ। ਹੁਣ ਤੱਕ 52 ਲੱਖ ਤੋਂ ਵੱਧ ਲਾਭਪਾਤਰੀ ਪਰਿਵਾਰਾਂ ਦੀ ਸਮਾਜਿਕ-ਆਰਥਿਕ ਸਥਿਤੀ ਦਾ ਮੁਲਾਂਕਣ ਕੀਤਾ ਜਾ ਚੁੱਕਿਆ ਹੈ। ਇਸ ਦੇ ਸਿੱਟੇ ਵਜੋਂ ਕੇਂਦਰ ਸਰਕਾਰ ਦੀਆਂ ਅੱਠ ਭਲਾਈ ਯੋਜਨਾਵਾਂ ਦੇ ਤਹਿਤ 1.62 ਕਰੋੜ ਤੋਂ ਵੱਧ ਮਨਜ਼ੂਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਹ ਯੋਜਨਾ 50 ਸਟ੍ਰੀਟ ਫੂਡ ਹੱਬਸ ਵਿਕਸਿਤ ਕਰਨ ਅਤੇ ਖੁਰਾਕ ਸੁਰੱਖਿਆ ਅਤੇ ਸਾਫ-ਸਫਾਈ ਸਬੰਧੀ ਸਿਖਲਾਈ ਸਮੇਤ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਰਗੀਆਂ ਪਹਿਲਕਦਮੀਆਂ ਰਾਹੀਂ ਰੇਹੜੀ-ਪਟੜੀ ‘ਤੇ ਕਾਰੋਬਾਰ ਕਰਨ ਵਾਲੇ ਵਿਕ੍ਰੇਤਾਵਾਂ ਦੀ ਸੰਪੂਰਨ ਵਿਵਸਥਾ ਨੂੰ ਵੀ ਮਜ਼ਬੂਤ ਕਰ ਰਹੀ ਹੈ।
*****
ਐੱਸਕੇ/ ਬਲਜੀਤ ਸਿੰਘ