Posted On:
17 NOV 2026 12:25PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਾਲ 2025-26 ਲਈ ਬਾਗਵਾਨੀ ਫਸਲਾਂ ਦੇ ਰਕਬੇ ਅਤੇ ਉਤਪਾਦਨ ਦੇ ‘ਤੀਸਰਾ ਅਗਾਉਂ ਅਨੁਮਾਨ’ ਜਾਰੀ ਕੀਤੇ ਜੋ ਕੇ ਦੇਸ਼ ਦੇ ਕਿਸਾਨਾਂ ਲਈ ਉਤਸ਼ਾਹਪੂਰਨ ਖਬਰ ਲੈ ਕੇ ਆਏ ਹਨ। ਨਵੇਂ ਅਨੁਮਾਨਾਂ ਮੁਤਾਬਕ, ਸਾਲ 2025-26 ਵਿੱਚ ਭਾਰਤ ਦੀ ਕੁੱਲ ‘ਬਾਗਵਾਨੀ ਉਤਪਾਦਨ 3,869.15 ਲੱਖ ਟਨ ਤੱਕ ਪਹੁੰਚਣ ਦੀ ਉਮੀਦ ਹੈ। ਇਹ ਅੰਕੜਾ ਸਾਲ 2024-25 ਵਿੱਚ ਦਰਜ 3,707.38 ਲੱਖ ਟਨ ਦੇ ਮੁਕਾਬਲੇ 161.77 ਲੱਖ ਟਨ (ਯਾਨੀ 4.36%) ਜ਼ਿਆਦਾ ਹੈ। ਇਸ ਅਨੁਮਾਨਿਤ ਵਾਧੇ ‘ਤੇ ਸੰਤੋਸ਼ ਪ੍ਰਗਟਾਉਂਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਬਾਗਵਾਨੀ ਉਤਪਾਦਨ ਵਿੱਚ ਇਹ ਜ਼ਿਕਰਯੋਗ ਵਾਧਾ ਭਾਰਤ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੀਆਂ ਕਿਸਾਨ-ਹਿਤੈਸ਼ੀ ਨੀਤੀਆਂ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੀ ਹੈ। ਮੰਤਰੀ ਨੇ ਕਿਹਾ ਕਿ ਇਹ ਰਿਕਾਰਡ ਉਤਪਾਦਨ ਨਾ ਸਿਰਫ਼ ਦੇਸ਼ ਦੀ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਸਗੋਂ ਬਾਗਵਾਨੀ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਸਿੱਧੇ ਤੌਰ ‘ਤੇ ਯੋਗਦਾਨ ਪਾਵੇਗਾ। ਉਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਯਤਨਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਾਧਾ ਭਾਰਤੀ ਕਿਸਾਨ ਭਾਈਚਾਰੇ ਦੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ।
ਸ਼੍ਰੀ ਚੌਹਾਨ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਵਿੱਚ ਇੱਕ ਮਹੱਤਵਪੂਰਨ ਅਤੇ ਉਤਸ਼ਾਹਜਨਕ ਵਿਭਿੰਨਤਾ ਦੇਖਣ ਨੂੰ ਮਿਲ ਰਹੀ ਹੈ। ਕਿਸਾਨ ਹੁਣ ਰਵਾਇਤੀ ਫਸਲਾਂ ਤੋਂ ਅੱਗੇ ਵਧ ਕੇ ਫਲਾਂ, ਸਬਜ਼ੀਆਂ, ਫੁੱਲਾਂ, ਮਸਾਲਿਆਂ, ਕਾਜੂ, ਨਾਰੀਅਲ ਅਤੇ ਕੋਕੋ ਵਰਗੀਆਂ ਬਾਗਬਾਨੀ ਫਸਲਾਂ ਦੇ ਨਾਲ-ਨਾਲ ਸੁਗੰਧਿਤ ਅਤੇ ਔਸ਼ਧੀ ਪੌਦਿਆਂ ਦੀ ਕਾਸ਼ਤ ਵੱਲ ਵੱਧ ਰਹੇ ਹਨ। ਵਪਾਰਕ ਅਤੇ ਉੱਚ-ਮੁੱਲ ਵਾਲੀਆਂ ਫਸਲਾਂ ਵਿੱਚ ਇਹ ਵਧ ਰਹੀ ਦਿਲਚਸਪੀ ਕਿਸਾਨਾਂ ਲਈ ਆਮਦਨ ਦੇ ਨਵੇਂ ਰਾਹ ਖੋਲ੍ਹ ਰਹੀ ਹੈ, ਨਾਲ ਹੀ ਖੇਤੀਬਾੜੀ ਖੇਤਰ ਵਿੱਚ ਆਤਮ-ਨਿਰਭਰਤਾ ਅਤੇ ਵਿਕਾਸ ਦੇ ਨਵੇਂ ਮੌਕੇ ਪੈਦਾ ਕਰ ਰਹੀ ਹੈ। ਮੰਤਰੀ ਅਨੁਸਾਰ, ਤਾਜ਼ਾ ਅਨੁਮਾਨਾਂ ਦੇ ਸਭ ਤੋਂ ਮਹੱਤਵਪੂਰਨ ਪਹਿਲੂਆਂ ਵਿੱਚੋਂ ਇੱਕ ਇਹ ਹੈ ਕਿ ਬਾਗਬਾਨੀ ਅਧੀਨ ਆਉਣ ਵਾਲੇ ਖੇਤਰ ਵਿੱਚ ਕਮੀ ਆਉਣ ਦੇ ਬਾਵਜੂਦ ਉਤਪਾਦਨ ਵਿੱਚ ਵਾਧਾ ਹੋਇਆ ਹੈ। ਸਾਲ 2025-26 ਵਿੱਚ ਬਾਗਬਾਨੀ ਫਸਲਾਂ ਅਧੀਨ ਕੁੱਲ ਖੇਤਰਫਲ ਲਗਭਗ 297.21 ਲੱਖ ਹੈਕਟੇਅਰ ਹੋਣ ਦਾ ਅਨੁਮਾਨ ਹੈ, ਜਦਕਿ 2024-25 ਵਿੱਚ ਇਹ 301.36 ਲੱਖ ਹੈਕਟੇਅਰ ਸੀ। ਕਾਸ਼ਤ ਅਧੀਨ ਖੇਤਰਫਲ ਵਿੱਚ ਗਿਰਾਵਟ ਦੇ ਬਾਵਜੂਦ, ਫਲਾਂ, ਸਬਜ਼ੀਆਂ, ਫੁੱਲਾਂ, ਬਾਗਬਾਨੀ ਫਸਲਾਂ ਅਤੇ ਸੁਗੰਧਿਤ ਅਤੇ ਔਸ਼ਧੀ ਪੌਦਿਆਂ ਦੇ ਉਤਪਾਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹੋਰ ਸਰਕਾਰੀ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਇਹ ਅਨੁਮਾਨ, ਇਸ ਖੇਤਰ ਦੇ ਨਿਰੰਤਰ ਵਾਧੇ ਅਤੇ ਬਿਹਤਰ ਉਤਪਾਦਕਤਾ ਨੂੰ ਦਰਸਾਉਂਦੇ ਹਨ।
ਫਲਾਂ ਦੇ ਉਤਪਾਦਨ ਵਿੱਚ 4.60% ਵਾਧੇ ਦਾ ਅਨੁਮਾਨ
ਫਲਾਂ ਦੇ ਉਤਪਾਦਨ ਵਿੱਚ 2024-25 ਵਿੱਚ 1,176.49 ਲੱਖ ਟਨ ਤੋਂ ਵਧ ਕੇ 2025-26 ਵਿੱਚ 1,230.66 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਕਿ 54.18 ਲੱਖ ਟਨ ਜਾਂ 4.60% ਦਾ ਵਾਧਾ ਹੈ। ਉਤਪਾਦਨ ਵਿੱਚ ਇਸ ਸੁਧਾਰ ਦਾ ਮੁੱਖ ਕਾਰਨ ਕੇਲਾ, ਅੰਬ, ਪਪੀਤਾ, ਸੇਬ, ਅਨਾਰ ਅਤੇ ਕਟਹਲ ਦਾ ਬਿਹਤਰ ਉਤਪਾਦਨ ਹੈ।
ਸਬਜ਼ੀਆਂ ਦਾ ਉਤਪਾਦਨ 2,272.68 ਲੱਖ ਟਨ ਤੱਕ ਪਹੁੰਚਣ ਦੀ ਉਮੀਦ
ਕਿਸਾਨਾਂ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਵੀ ਉਤਸ਼ਾਹਜਨਕ ਵਾਧਾ ਦਰਜ ਕੀਤਾ ਹੈ। ਸਬਜ਼ੀਆਂ ਅਧੀਨ ਆਉਣ ਵਾਲਾ ਖੇਤਰਫਲ 117.91 ਲੱਖ ਹੈਕਟੇਅਰ ਤੋਂ ਵਧ ਕੇ 119.31 ਲੱਖ ਹੈਕਟੇਅਰ ਹੋਣ ਦਾ ਅਨੁਮਾਨ ਹੈ। ਸਬਜ਼ੀਆਂ ਦੇ ਉਤਪਾਦਨ ਵਿੱਚ 4.35% ਦੇ ਵਾਧੇ ਦਾ ਅਨੁਮਾਨ ਹੈ; ਜੋ ਕਿ 2024-25 ਵਿੱਚ 2,177.97 ਲੱਖ ਟਨ ਤੋਂ ਵਧ ਕੇ 2025-26 ਵਿੱਚ 2,272.68 ਲੱਖ ਟਨ ਹੋਣ ਦੀ ਸੰਭਾਵਨਾ ਹੈ। ਇਹ ਵਾਧਾ ਮੁੱਖ ਤੌਰ ‘ਤੇ ਆਲੂ, ਟਮਾਟਰ, ਬੈਂਗਣ, ਘੀਆ, ਖੀਰਾ, ਬੰਦਗੋਭੀ, ਫਲੀਆਂ ਅਤੇ ਮਟਰਾਂ ਦੇ ਵੱਧ ਉਤਪਾਦਨ ਕਾਰਨ ਹੈ। ਆਲੂ ਅਤੇ ਟਮਾਟਰ ਦੋਵਾਂ ਦੇ ਉਤਪਾਦਨ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਆਲੂ ਦਾ ਉਤਪਾਦਨ 655.70 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ 585.71 ਲੱਖ ਟਨ ਦੇ ਮੁਕਾਬਲੇ 11.95% ਵੱਧ ਹੈ। ਟਮਾਟਰ ਦਾ ਉਤਪਾਦਨ 205.99 ਲੱਖ ਟਨ ਤੋਂ ਵਧ ਕੇ 214.11 ਲੱਖ ਟਨ ਹੋਣ ਦਾ ਅਨੁਮਾਨ ਹੈ। ਪਿਆਜ਼ ਦਾ ਉਤਪਾਦਨ 288.96 ਲੱਖ ਟਨ ਹੋਣ ਦਾ ਅਨੁਮਾਨ ਹੈ।
ਫੁੱਲਾਂ ਦੇ ਉਤਪਾਦਨ ਵਿੱਚ ਲਗਭਗ 14.5% ਦਾ ਵਾਧਾ
ਫੁੱਲਾਂ ਦੇ ਉਤਪਾਦਨ ਵਿੱਚ ਵੀ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਇਸ ਦਾ ਉਤਪਾਦਨ ਲਗਭਗ 14.45% ਵਧ ਕੇ 2024-25 ਦੇ 42.65 ਲੱਖ ਟਨ ਤੋਂ 2025-26 ਵਿੱਚ 48.82 ਲੱਖ ਟਨ ਹੋਣ ਦਾ ਅਨੁਮਾਨ ਹੈ। ਫੁੱਲਾਂ ਦੀ ਕਾਸ਼ਤ ਅਧੀਨ ਆਉਣ ਵਾਲਾ ਖੇਤਰ ਵੀ ਵਧ ਕੇ 4.10 ਲੱਖ ਹੈਕਟੇਅਰ ਹੋ ਗਿਆ ਹੈ।
ਬਗ਼ੀਚੀ ਫਸਲਾਂ (Plantation crops) ਅਤੇ ਔਸ਼ਧੀ ਪੌਦਿਆਂ ਵਿੱਚ ਵਾਧਾ
ਤੀਜੇ ਅਗਾਉਂ ਅਨੁਮਾਨਾਂ (Third Advance Estimates) ਤੋਂ ਪਤਾ ਲੱਗਦਾ ਹੈ ਕਿ ਸੁਪਾਰੀ, ਨਾਰੀਅਲ, ਕਾਜੂ, ਪਾਨ ਦੇ ਪੱਤੇ ਅਤੇ ਕੋਕੋ ਵਰਗੀਆਂ ਬਗ਼ੀਚੀ ਫਸਲਾਂ ਦੇ ਖੇਤਰਫਲ ਅਤੇ ਉਤਪਾਦਨ ਦੋਵਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਦਾ ਕੁੱਲ ਉਤਪਾਦਨ 7.56% ਵਧ ਕੇ 182.64 ਲੱਖ ਟਨ ਹੋਣ ਦਾ ਅਨੁਮਾਨ ਹੈ। ਸੁਗੰਧਿਤ ਅਤੇ ਔਸ਼ਧੀ ਪੌਦਿਆਂ ਦਾ ਉਤਪਾਦਨ ਵੀ 9.01 ਲੱਖ ਟਨ ਤੋਂ ਵਧ ਕੇ 9.28 ਲੱਖ ਟਨ ਹੋਣ ਦੀ ਉਮੀਦ ਹੈ।
ਮਸਾਲਿਆਂ ਦਾ ਉਤਪਾਦਨ 123.54 ਲੱਖ ਟਨ ਹੋਣ ਦਾ ਅਨੁਮਾਨ
ਸੁਪਾਰੀ ਅਤੇ ਮਸਾਲਾ ਵਿਕਾਸ ਡਾਇਰੈਕਟੋਰੇਟ ('ਡਾਇਰੈਕਟੋਰੇਟ ਆਫ਼ ਏਰੇਕਾਨਟ ਐਂਡ ਸਪਾਈਸਿਜ਼ ਡਿਵੈਲਪਮੈਂਟ') ਦੇ ਅੰਕੜਿਆਂ ਅਨੁਸਾਰ, ਹਲਦੀ, ਲੱਸਣ, ਕੜੀ ਪੱਤਾ ਅਤੇ ਇਲਾਇਚੀ ਦੇ ਬਿਹਤਰ ਉਤਪਾਦਨ ਨਾਲ ਮਸਾਲਾ ਖੇਤਰ ਵਿੱਚ ਵਾਧੇ ਨੂੰ ਸਮਰਥਨ ਮਿਲਣ ਦੀ ਉਮੀਦ ਹੈ। ਸਾਲ 2025-26 ਵਿੱਚ ਮਸਾਲਿਆਂ ਅਧੀਨ ਕੁੱਲ ਖੇਤਰਫਲ 47.56 ਲੱਖ ਹੈਕਟੇਅਰ ਹੋਣ ਦਾ ਅਨੁਮਾਨ ਹੈ ਅਤੇ ਉਤਪਾਦਨ 123.54 ਲੱਖ ਟਨ ਹੋਣ ਦੀ ਸੰਭਾਵਨਾ ਹੈ।
***********
ਐੱਸਐੱਸ/ਡੀਕੇ/ਬਲਜੀਤ ਸਿੰਘ