ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਹੁਣ ਤੱਕ 35.88 ਕਰੋੜ ਤੋਂ ਵੱਧ ਲੋਕਾਂ ਨੂੰ ਜਾਗਰੂਕਤਾ ਮੁਹਿੰਮ ਦਾ ਲਾਭ ; 14.35 ਕਰੋੜ ਤੋਂ ਵੱਧ ਨੌਜਵਾਨਾਂ ਅਤੇ 11.33 ਕਰੋੜ ਔਰਤਾਂ ਨੂੰ ਕੀਤਾ ਗਿਆ ਜਾਗਰੂਕ


2 ਲੱਖ ਤੋਂ ਵੱਧ ਨਾਗਰਿਕਾਂ ਨੇ ‘ਨਸ਼ਾ ਮੁਕਤੀ ਮਿੱਤਰ’ ਵਜੋਂ ਰਜਿਸਟ੍ਰੇਸ਼ਨ ਕਰਵਾਈ

ਇਲਾਜ ਅਤੇ ਸਲਾਹ ਲੈਣ ਵਾਲੇ ਲੋਕਾਂ ਦੀ ਗਿਣਤੀ 2020-21 ਵਿੱਚ 2.08 ਲੱਖ ਤੋਂ ਵੱਧ ਕੇ 2025-26 ਵਿੱਚ 9.11 ਲੱਖ ਤੋਂ ਜ਼ਿਆਦਾ ਹੋਈ

ਦੇਸ਼ ਵਿੱਚ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਦੀ ਕੁੱਲ ਗਿਣਤੀ 198 ਹੋਈ

Posted On: 12 NOV 2026 4:13PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ 15 ਅਗਸਤ, 2020 ਨੂੰ ਸ਼ੁਰੂ ਕੀਤਾ ਗਿਆ ਨਸ਼ਾ ਮੁਕਤ ਭਾਰਤ ਅਭਿਆਨ (ਐਨ.ਐੱਮ.ਬੀ.ਏ.) ਨਸ਼ੀਲੇ ਪਦਾਰਥਾਂ  ਦੀ ਦੁਰਵਰਤੋਂ ਵਿਰੁੱਧ ਦੇਸ਼ ਵਿਆਪੀ ਲੋਕ ਲਹਿਰ ਦਾ ਰੂਪ ਲੈ ਚੁੱਕਾ ਹੈ। ਦੇਸ਼ ਭਰ ਵਿੱਚ 12 ਨਵੰਬਰ, 2026 ਤੱਕ, ਇਸ ਮੁਹਿੰਮ ਦੀ ਪਹੁੰਚ 35.88 ਕਰੋੜ ਤੋਂ ਵੱਧ ਲੋਕਾਂ ਤੱਕ ਹੋ ਗਈ ਹੈ।

ਇਸ ਮੁਹਿੰਮ ਰਾਹੀਂ, 14.35 ਕਰੋੜ ਤੋਂ ਵੱਧ ਨੌਜਵਾਨਾਂ ਅਤੇ 11.33 ਕਰੋੜ ਮਹਿਲਾਵਾਂ ਨੂੰ ਜਾਗਰੂਕ ਕੀਤਾ ਗਿਆ ਹੈ । ਇਸ ਤੋਂ ਇਲਾਵਾ 2 ਲੱਖ ਤੋਂ ਵੱਧ ਨਾਗਰਿਕਾਂ ਨੇ “ਨਸ਼ਾ ਮੁਕਤੀ ਮਿੱਤਰ” ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਨਾਲ ਨਸ਼ਾ ਮੁਕਤ ਭਾਰਤ ਦੇ ਸਾਂਝੇ ਯਤਨਾਂ ਵਿੱਚ ਭਾਈਚਾਰਕ ਸ਼ਮੂਲੀਅਤ  ਨੂੰ ਮਜ਼ਬੂਤੀ ਮਿਲੀ ਹੈ।

ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ 272 ਜ਼ਿਲ੍ਹਿਆਂ ਵਿੱਚ ਕੀਤੀ ਗਈ ਸੀ। ਅਗਸਤ 2022 ਵਿੱਚ ਇਸ ਦਾ ਵਿਸਤਾਰ ਕਰਕੇ 372 ਜ਼ਿਲ੍ਹਿਆਂ ਤੱਕ ਕੀਤਾ ਗਿਆ ਅਤੇ 15 ਅਗਸਤ, 2023 ਤੋਂ ਇਸ ਨੂੰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤਾ ਗਿਆ।

 

ਅਧਿਕਾਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਸੰਸਥਾਗਤ ਸ਼ਮੂਲੀਅਤ ਤੋਂ ਅੱਗੇ ਵੱਧ ਕੇ ਭਾਈਚਾਰੇ ਦੀ ਅਗਵਾਈ ਵਾਲੀ ਲੋਕ ਲਹਿਰ ਵਜੋਂ ਵਿਕਸਤ ਹੋਇਆ ਹੈ। ਇਸ ਨੂੰ ਲਾਗੂ ਕਰਨ ਵਿੱਚ ਰਾਜ ਸਰਕਾਰਾਂ, ਜ਼ਿਲ੍ਹੇ, ਵਿੱਦਿਅਕ ਅਦਾਰੇ, ਸਿਵਲ ਸੁਸਾਇਟੀ ਸੰਗਠਨ ਅਤੇ ਸਥਾਨਕ ਭਾਈਵਾਲ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।

ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 35.88 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾਈ ਗਈ ਹੈ। ਸਾਲ 2021 ਵਿੱਚ ਲਗਭਗ 1.4 ਕਰੋੜ ਲੋਕਾਂ ਤੱਕ ਹੀ ਇਸ ਦੀ ਪਹੁੰਚ ਸੀ। ਇਹ ਵਿਸਥਾਰ ਜਾਗਰੂਕਤਾ ਵਧਾਉਣ, ਭਾਈਚਾਰਕ ਸ਼ਮੂਲੀਅਤ  ਨੂੰ ਉਤਸ਼ਾਹਿਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਵਿੱਚ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।

ਅਧਿਕਾਰੀ ਨੇ ਦੱਸਿਆ ਕਿ ਵਿੱਦਿਅਕ ਸੰਸਥਾਵਾਂ ਵਿੱਚ 34.07 ਲੱਖ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਇਨ੍ਹਾਂ ਰਾਹੀਂ  ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਨੌਜਵਾਨਾਂ ਨੂੰ ਸੋਚ-ਸਮਝ ਕੇ ਸਹੀ ਵਿਕਲਪ ਚੁਣਨ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਪ੍ਰਤੀ ਜਾਗਰੂਕਤਾ ਵਧਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਦਾ ਵਿਸਥਾਰ ਇਸ ਲੋੜ ’ਤੇ ਅਧਾਰਿਤ ਹੈ ਕਿ ਨਸ਼ੀਲੇ ਪਦਾਰਥਾਂ ’ਤੇ ਨਿਰਭਰਤਾ ਇੱਕ ਗੁੰਝਲਦਾਰ ਮਨੋ-ਸਮਾਜਿਕ ਅਤੇ ਡਾਕਟਰੀ ਚੁਣੌਤੀ ਹੈ, ਜਿਸ ਦਾ ਪ੍ਰਭਾਵ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਤੇ ਪੈਂਦਾ ਹੈ।

ਅਧਿਕਾਰੀ ਨੇ ਦੱਸਿਆ ਕਿ ਸਾਲ 2018 ਵਿੱਚ ਕਰਵਾਏ ਗਏ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਸਥਿਤੀ ਅਤੇ ਪੈਟਰਨ ਸਬੰਧੀ ਪਹਿਲੇ ਰਾਸ਼ਟਰੀ ਸਰਵੇਖਣ ਵਿੱਚ ਇਸ ਚੁਣੌਤੀ ਦੀ ਵਿਆਪਕਤਾ ਸਾਹਮਣੇ ਆਈ ਸੀ। ਸਰਵੇਖਣ ਅਨੁਸਾਰ, ਦੇਸ਼ ਵਿੱਚ 7 ਕਰੋੜ ਤੋਂ ਵੱਧ ਲੋਕ ਨਸ਼ੀਲੇ ਪਦਾਰਥਾਂ ਦੇ ਸੇਵਨ ਸਬੰਧੀ ਵਿਗਾੜਾਂ  ਤੋਂ ਪ੍ਰਭਾਵਿਤ ਸਨ। ਇਨ੍ਹਾਂ ਵਿੱਚ ਲਗਭਗ 1.2 ਕਰੋੜ ਬੱਚੇ ਅਤੇ 58 ਲੱਖ ਮਹਿਲਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਚੁਣੌਤੀ ਨਾਲ ਵਿਆਪਕ ਅਤੇ ਨਿਰੰਤਰ ਰੂਪ ਵਿੱਚ ਨਜਿੱਠਣ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲੇ ਨੇ ਨਸ਼ੀਲੇ ਪਦਾਰਥਾਂ ਦੀ ਮੰਗ ਵਿੱਚ ਕਮੀ ਲਿਆਉਣ ਲਈ ਰਾਸ਼ਟਰੀ ਕਾਰਜ ਯੋਜਨਾ (ਐਨ.ਏ.ਪੀ.ਡੀ.ਡੀ.ਆਰ.) ਤਹਿਤ ਪ੍ਰਮੁੱਖ ਜਾਗਰੂਕਤਾ ਪਹਿਲਕਦਮੀ ਵਜੋਂ ਐਨ.ਐੱਮ.ਬੀ.ਏ. ਦੀ ਸ਼ੁਰੂਆਤ ਕੀਤੀ। ਇਹ ਯੋਜਨਾ ਰੋਕਥਾਮ, ਇਲਾਜ ਅਤੇ ਮੁੜ ਵਸੇਬੇ ’ਤੇ ਕੇਂਦਰਿਤ ਹੈ।

ਅਧਿਕਾਰੀ ਨੇ ਦੱਸਿਆ ਕਿ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ, ਮੰਤਰਾਲੇ ਨੇ ਐਨ.ਏ.ਪੀ.ਡੀ.ਡੀ.ਆਰ. ਅਧੀਨ ਇਲਾਜ ਅਤੇ ਸਲਾਹ ਸੇਵਾਵਾਂ ਪ੍ਰਣਾਲੀ ਨੂੰ ਵੀ ਮਜ਼ਬੂਤ ​​ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਦਾ ਵਿਸਥਾਰ ਨਸ਼ੀਲੇ ਪਦਾਰਥਾਂ ’ਤੇ  ਨਿਰਭਰਤਾ ਦੀ ਸਮੱਸਿਆ ਨਾਲ ਨਜਿੱਠਣ  ਲਈ ਸੌਖੇ ਇਲਾਜ, ਸਮੇਂ ਸਿਰ ਦਖਲਅੰਦਾਜ਼ੀ ਅਤੇ ਨਿਰੰਤਰ ਮੁੜ ਵਸੇਬੇ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਲਾਜ ਅਤੇ ਸਲਾਹ ਲੈਣ ਵਾਲੇ ਲੋਕਾਂ ਦੀ ਗਿਣਤੀ ਸਾਲ 2020-21 ਵਿੱਚ 2.08 ਲੱਖ ਤੋਂ ਵੱਧ ਕੇ 2025-26 ਵਿੱਚ 9.11 ਲੱਖ ਤੋਂ ਵੱਧ ਹੋ ਗਈ ਹੈ। ਇਹ ਸਹਾਇਤਾ ਸੇਵਾਵਾਂ ਦੀ ਵਧਦੀ ਪਹੁੰਚ ਅਤੇ ਇਨ੍ਹਾਂ ਦੀ ਵਰਤੋਂ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੇਸ਼ ਅੰਦਰ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਦੀ ਕੁੱਲ ਗਿਣਤੀ ਹੁਣ 198 ਹੋ ਗਈ ਹੈ।

ਅਧਿਕਾਰੀ ਨੇ ਇਹ ਵੀ ਕਿਹਾ ਕਿ ਐਨ.ਐੱਮ.ਬੀ.ਏ. ਦਾ ਇੱਕ ਮੁੱਖ ਹਿੱਸਾ "ਨਸ਼ਾ ਮੁਕਤੀ ਮਿੱਤਰ" ਪਹਿਲਕਦਮੀ ਹੈ । ਇਸ ਰਾਹੀਂ ਨਾਗਰਿਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਵਿੱਚ ਸਰਗਰਮ ਸ਼ਮੂਲੀਅਤ ਲਈ ਉਤਸ਼ਾਹਿਤ ਕੀਤਾ ਜਾਂਦਾ  ਹੈ। ਉਨ੍ਹਾਂ ਦੱਸਿਆ ਕਿ 12 ਨਵੰਬਰ, 2026 ਤੱਕ, 2 ਲੱਖ ਤੋਂ ਵੱਧ ਨਾਗਰਿਕ "ਨਸ਼ਾ ਮੁਕਤੀ ਮਿੱਤਰ" ਵਜੋਂ ਰਜਿਸਟਰ ਹੋ ਚੁੱਕੇ ਹਨ। ਇਸ ਪਹਿਲਕਦਮੀ ਰਾਹੀਂ ਭਾਈਚਾਰਕ ਵਲੰਟੀਅਰਾਂ  ਦਾ ਇੱਕ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ। ਇਹ ਜਾਗਰੂਕਤਾ ਵਧਾਉਣ, ਲੋੜਵੰਦ ਵਿਅਕਤੀਆਂ ਨੂੰ ਮਦਦ ਲੈਣ ਲਈ ਪ੍ਰੇਰਿਤ ਕਰਨ ਅਤੇ ਨਸ਼ਾ ਮੁਕਤ ਭਾਈਚਾਰਿਆਂ ਦੀ ਸਿਰਜਣਾ ਕਰਨ ਵਿੱਚ ਸਹਿਯੋਗ ਦੇ ਰਿਹਾ ਹੈ। 

ਨਿਰੰਤਰ ਜਾਗਰੂਕਤਾ ਮੁਹਿੰਮਾਂ, ਮਜ਼ਬੂਤ ​​ਇਲਾਜ ਅਤੇ ਮੁੜ ਵਸੇਬਾ  ਸੇਵਾਵਾਂ ਅਤੇ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ, ਨਸ਼ਾ ਮੁਕਤ ਭਾਰਤ ਮੁਹਿੰਮ ਇੱਕ ਸਿਹਤਮੰਦ, ਜਾਗਰੂਕ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਸੰਕਲਪ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ।

*****

ਪੀਆਰ-222-ਟੀਏਆਰ/ਕੇਵੀ/ਜੀਏ/ਆਰਕੇ


(Release ID: 2335733) ਵਿਜ਼ੀਟਰ ਕਾਊਂਟਰ : 15