ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਅਕਤੂਬਰ 2026 ਵਿੱਚ 145.07 ਮਿਲੀਅਨ ਟਨ ਢੋਆ-ਢੁਆਈ ਕੀਤੀ


ਅਕਤੂਬਰ 2026 ਵਿੱਚ ਅਕਤੂਬਰ 2025 ਦੇ ਮੁਕਾਬਲੇ ਅਨਾਜ ਦੀ ਢੋਆ-ਢੁਆਈ ਵਿੱਚ 26.3 ਫ਼ੀਸਦੀ, ਘਰੇਲੂ ਕੋਲੇ ਵਿੱਚ 16 ਫ਼ੀਸਦੀ, ਹੋਰ ਮਾਲ ਵਿੱਚ 11 ਫ਼ੀਸਦੀ ਅਤੇ ਘਰੇਲੂ ਕੰਟੇਨਰ ਢੋਆ-ਢੁਆਈ ਵਿੱਚ 6.3 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ

ਅਕਤੂਬਰ 2026 ਵਿੱਚ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿੱਚ 19.5 ਫ਼ੀਸਦੀ ਦਾ ਵਾਧਾ ਹੋਇਆ

ਅਪ੍ਰੈਲ-ਅਕਤੂਬਰ 2026 ਦੌਰਾਨ ਕੁੱਲ ਮਾਲ ਢੋਆ-ਢੁਆਈ 978.78 ਮਿਲੀਅਨ ਟਨ ਤੱਕ ਪਹੁੰਚ ਗਈ, ਜੋ ਕਿ ਵਿੱਤੀ ਸਾਲ 2025-26 ਦੀ ਇਸੇ ਮਿਆਦ ਦੇ ਪ੍ਰਦਰਸ਼ਨ ਨਾਲੋਂ ਬਿਹਤਰ ਹੈ

Posted On: 04 NOV 2026 11:30AM by PIB Chandigarh

ਭਾਰਤੀ ਰੇਲਵੇ ਨੇ ਅਕਤੂਬਰ 2026 ਦੌਰਾਨ ਆਪਣਾ ਸ਼ਾਨਦਾਰ ਸੰਚਾਲਨ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਮਾਲ ਢੋਆ-ਢੁਆਈ ਵਿੱਚ ਮਜ਼ਬੂਤ ​​ਵਾਧਾ ਦਰਜ ਕੀਤਾ ।  ਮਾਲ ਦੀ ਵਧੇਰੇ ਢੋਆ-ਢੁਆਈ ਅਤੇ ਅਤੇ ਉਸ ਤੋਂ ਹੋਣ ਵਾਲੀ ਵਧੀ ਹੋਈ ਕਮਾਈ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਦੇਸ਼ ਦੇ ਰਸਦ (ਲੌਜਿਸਟਿਕਸ) ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਭਾਰਤੀ ਰੇਲਵੇ ਦੇ ਯਤਨਾਂ ਨੂੰ ਦਰਸਾਉਂਦੀ ਹੈ।

ਮਾਲ ਢੋਆ-ਢੁਆਈ ਵਿੱਚ ਮਜ਼ਬੂਤ ​​ਵਾਧਾ ਦਰਜ 

ਭਾਰਤੀ ਰੇਲਵੇ ਨੇ ਅਕਤੂਬਰ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਮਾਲ ਢੋਆ-ਢੁਆਈ ਹਾਸਲ ਕੀਤੀ। ਇਸ ਮਹੀਨੇ ਦੌਰਾਨ 145.07 ਮਿਲੀਅਨ ਟਨ ਮਾਲ ਦੀ ਢੋਆ-ਢੁਆਈ ਕੀਤੀ ਗਈ, ਜਦੋਂ ਕਿ ਅਕਤੂਬਰ 2025 ਵਿੱਚ ਇਹ ਅੰਕੜਾ 133.93 ਮਿਲੀਅਨ ਟਨ ਸੀ। ਇਸ ਤਰ੍ਹਾਂ ਇਸ ਵਿੱਚ 8.32 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਸ ਮਹੀਨੇ ਦੌਰਾਨ ਕਈ ਮੁੱਖ ਵਸਤੂਆਂ ਦੀ ਢੋਆ-ਢੁਆਈ ਵਿੱਚ ਉਤਸ਼ਾਹਜਨਕ ਵਾਧਾ ਵੇਖਣ ਨੂੰ ਮਿਲਿਆ। ਅਨਾਜ ਦੀ ਢੋਆ-ਢੁਆਈ ਵਿੱਚ 26.3 ਫ਼ੀਸਦੀ, ਘਰੇਲੂ ਕੋਲੇ ਵਿੱਚ 16 ਫ਼ੀਸਦੀ, ਹੋਰ ਸਮਾਨ ਵਿੱਚ 11 ਫ਼ੀਸਦੀ, ਕਲਿੰਕਰ ਵਿੱਚ 10.4 ਫ਼ੀਸਦੀ, ਘਰੇਲੂ ਕੰਟੇਨਰਾਂ ਵਿੱਚ 6.3 ਫ਼ੀਸਦੀ, ਕੱਚੇ ਲੋਹੇ ਵਿੱਚ 5 ਫ਼ੀਸਦੀ, ਖਣਿਜ ਤੇਲ ਵਿੱਚ 1.9 ਫ਼ੀਸਦੀ ਅਤੇ ਤਿਆਰ ਸਟੀਲ ਵਿੱਚ 0.5 ਫ਼ੀਸਦੀ ਦਾ ਵਾਧਾ ਹੋਇਆ। ਭਾਰਤੀ ਰੇਲਵੇ ਨੇ ਬਿਜਲੀ ਪਲਾਂਟਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਘਰੇਲੂ ਕੋਲੇ ਦੀ ਢੋਆ-ਢੁਆਈ ਵਿੱਚ ਤੇਜ਼ੀ ਲਿਆਂਦੀ ਹੈ। ਰੇਲਵੇ ਨੇ ਅਕਤੂਬਰ 2026 ਵਿੱਚ ਰੋਜ਼ਾਨਾ ਔਸਤਨ 469.8 ਰੈਕ (ਕੋਲੇ ਨਾਲ ਲੱਦੀਆਂ ਟ੍ਰੇਨਾਂ) ਦੀ ਸਪਲਾਈ ਕੀਤੀ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ ਇਹ ਅੰਕੜਾ 393.2 ਰੈਕ ਪ੍ਰਤੀ ਦਿਨ ਸੀ। ਇਸ ਤਰ੍ਹਾਂ ਇਸ ਵਿੱਚ 19.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਅਕਤੂਬਰ 2026 ਦਾ ਇਹ ਬਿਹਤਰ ਪ੍ਰਦਰਸ਼ਨ ਵਿੱਤੀ ਵਰ੍ਹੇ 2026-27 ਦੇ ਪਹਿਲੇ ਸੱਤ ਮਹੀਨਿਆਂ (ਅਪ੍ਰੈਲ-ਅਕਤੂਬਰ) ਵਿੱਚ ਦਰਜ ਕੀਤੇ ਗਏ ਵਾਧੇ ਨੂੰ ਹੋਰ ਅੱਗੇ ਵਧਾਉਂਦਾ ਹੈ। ਭਾਰਤੀ ਰੇਲਵੇ ਨੇ ਇਸ ਦੌਰਾਨ 978.78 ਮਿਲੀਅਨ ਟਨ ਮਾਲ ਦੀ ਢੋਆ-ਢੁਆਈ ਕੀਤੀ, ਜੋ ਪਿਛਲੇ ਸਾਲ ਦੇ ਇਸੇ ਅਰਸੇ ਦੇ 935.10 ਮਿਲੀਅਨ ਟਨ ਦੇ ਮੁਕਾਬਲੇ 4.67 ਫ਼ੀਸਦੀ ਵਧੇਰੇ ਹੈ।

ਯਾਤਰੀ ਆਵਾਜਾਈ ਵਿੱਚ ਲਗਾਤਾਰ ਵਾਧਾ

ਅਕਤੂਬਰ 2026 ਦੇ ਦੌਰਾਨ ਯਾਤਰੀਆਂ ਦੀ ਆਵਾਜਾਈ ਵਿੱਚ ਵੀ ਲਗਾਤਾਰ ਵਾਧਾ ਵੇਖਣ ਨੂੰ ਮਿਲਿਆ । ਭਾਰਤੀ ਰੇਲਵੇ ਨੇ 64.72 ਕਰੋੜ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਇਆ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ ਇਹ ਗਿਣਤੀ 63.52 ਕਰੋੜ ਸੀ।

ਭਾਰਤੀ ਰੇਲਵੇ ਨੇ ਅਪ੍ਰੈਲ-ਅਕਤੂਬਰ 2026 ਦੌਰਾਨ 443.8 ਕਰੋੜ ਯਾਤਰੀਆਂ ਨੂੰ ਸਫ਼ਰ ਕਰਵਾਇਆ, ਜਦੋਂ ਕਿ ਪਿਛਲੇ ਸਾਲ ਦੇ ਇਸੇ ਅਰਸੇ ਦੌਰਾਨ ਇਹ ਅੰਕੜਾ 431.4 ਕਰੋੜ ਸੀ। ਇਸ ਵਿੱਚ ‘ਨਾਨ-ਸਬਅਰਬਨ’ (ਸ਼ਹਿਰੀ ਉਪਨਗਰੀ ਖੇਤਰਾਂ ਤੋਂ ਬਾਹਰ) ਸੈਕਸ਼ਨ ਵਿੱਚ 4.2 ਫ਼ੀਸਦੀ ਦਾ ਵਾਧਾ ਹੋਇਆ, ਜਦੋਂ ਕਿ ‘ਸਬ-ਅਰਬਨ’ (ਉਪਨਗਰੀ/ਸ਼ਹਿਰ) ਸੈਕਸ਼ਨ ਵਿੱਚ 1.7 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਮਾਲ ਭਾੜੇ ਵਿੱਚ ਇਹ ਵਾਧਾ ਲੌਜਿਸਟਿਕਸ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਆਰਥਿਕ ਪ੍ਰਗਤੀ ਵਿੱਚ ਸਹਿਯੋਗ ਦੇਣ ਲਈ ਭਾਰਤੀ ਰੇਲਵੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਰਤੀ ਰੇਲਵੇ ਆਪਣੀ ਸਮਰੱਥਾ ਵਧਾਉਣ ਅਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਦੇ ਜ਼ਰੀਏ ਲਗਾਤਾਰ ਆਪਣੇ ਆਵਾਜਾਈ ਨੈੱਟਵਰਕ ਨੂੰ ਬਿਹਤਰ ਬਣਾ ਰਿਹਾ ਹੈ।

****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਵੰਸ਼ਿਤਾ ਜੈਸਵਾਲ


(Release ID: 2333168) ਵਿਜ਼ੀਟਰ ਕਾਊਂਟਰ : 12