ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਨੇ 5ਵੇਂ ਰਾਸ਼ਟਰ-ਵਿਆਪੀ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਭਿਆਨ ਦੇ ਘੇਰੇ ਵਿੱਚ ਸਾਰੇ ਪੈਨਸ਼ਨਰਾਂ ਨੂੰ ਲਿਆਉਣ ਦਾ ਸੱਦਾ ਦਿੱਤਾ


ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੇ ਸਕੱਤਰ ਨੇ ਕਿਹਾ— ਡਿਜੀਟਲ ਜੀਵਨ ਪ੍ਰਮਾਣ ਪੱਤਰ ਪੈਨਸ਼ਨਰਾਂ ਨੂੰ ਦੂਜਿਆਂ 'ਤੇ ਨਿਰਭਰਤਾ ਤੋਂ ਬਿਨਾਂ ਸੇਵਾਵਾਂ ਦਾ ਲਾਭ ਲੈਣ ਦੇ ਸਮਰੱਥ ਬਣਾਉਂਦਾ ਹੈ

Posted On: 03 NOV 2026 4:33PM by PIB Chandigarh

ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਅੱਜ 5ਵੇਂ ਦੇਸ਼-ਵਿਆਪੀ ਡਿਜੀਟਲ ਜੀਵਨ ਪ੍ਰਮਾਣ ਪੱਤਰ (ਡੀਐੱਲਸੀ) ਅਭਿਆਨ ਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਨਵੀਂ ਦਿੱਲੀ ਸਥਿਤ ਸੰਸਦ ਮਾਰਗ ਸ਼ਾਖਾ ਵਿੱਚ ਇੱਕ ਮੈਗਾ ਕੈਂਪ ਆਯੋਜਿਤ ਕੀਤਾ। ਕੈਂਪ ਦਾ ਮੰਤਵ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਚਿਹਰਾ ਪ੍ਰਮਾਣੀਕਰਨ ਤਕਨਾਲੋਜੀ ਰਾਹੀਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨਾ ਅਤੇ ਡਿਜੀਟਲ ਸੇਵਾਵਾਂ ਦੀ ਸੁਖਾਲਤਾ ਤੇ ਵਰਤੋਂ ਬਾਰੇ ਜਾਗਰੂਕਤਾ ਵਧਾਉਣਾ ਸੀ।

ਇਸ ਮੌਕੇ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੀ ਸਕੱਤਰ ਸੁਸ਼੍ਰੀ ਨਿਵੇਦਿਤਾ ਸ਼ੁਕਲਾ ਵਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਵਿਭਾਗ ਦੀਆਂ ਸਾਰੀਆਂ ਪਹਿਲਕਦਮੀਆਂ ਦੇ ਕੇਂਦਰ ਵਿੱਚ ਪੈਨਸ਼ਨਰ ਹਨ ਅਤੇ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਭਿਆਨ ਦੀ ਸਫਲਤਾ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਪੈਨਸ਼ਨਰਾਂ ਸਮੇਤ ਹਰੇਕ ਪੈਨਸ਼ਨਰ ਤੱਕ ਪਹੁੰਚਣ 'ਤੇ ਨਿਰਭਰ ਕਰਦੀ ਹੈ। ਸ਼੍ਰੀਮਤੀ ਨਿਵੇਦਿਤਾ ਸ਼ੁਕਲਾ ਵਰਮਾ ਨੇ ਸੀਨੀਅਰ ਪੈਨਸ਼ਨਰਾਂ ਦੀ ਭਾਗੀਦਾਰੀ ਅਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪਿਛਲੇ ਅਭਿਆਨ ਦੌਰਾਨ 80 ਸਾਲ ਅਤੇ ਉਸ ਤੋਂ ਵੱਧ ਉਮਰ ਦੇ 14 ਲੱਖ ਤੋਂ ਵੱਧ ਪੈਨਸ਼ਨਰਾਂ ਨੇ ਆਪਣੇ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਏ ਸਨ, ਜੋ ਕਿ ਇੱਕ ਅਹਿਮ ਪ੍ਰਾਪਤੀ ਰਹੀ।

ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੀ ਸਕੱਤਰ ਨੇ ਪੈਨਸ਼ਨਰਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਅਤੇ ਸਾਥੀ ਪੈਨਸ਼ਨਰਾਂ ਨੂੰ ਚਿਹਰਾ ਪ੍ਰਮਾਣੀਕਰਨ ਤਕਨਾਲੋਜੀ ਅਪਣਾਉਣ ਲਈ ਪ੍ਰੇਰਿਤ ਕਰਕੇ ਡਿਜੀਟਲ ਸ਼ਕਤੀਕਰਨ ਦਾ ਦੂਤ ਬਣਨ ਲਈ ਉਤਸ਼ਾਹਿਤ ਕੀਤਾ। ਇਸ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੈਨਸ਼ਨਰ ਸਮਾਰਟਫੋਨ ਰਾਹੀਂ ਘਰ ਬੈਠੇ ਹੀ ਆਪਣਾ ਡਿਜੀਟਲ ਜੀਵਨ ਪ੍ਰਮਾਣ ਪੱਤਰ ਬਣਾ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ 'ਤੇ ਨਿਰਭਰ ਰਹਿਣ ਜਾਂ ਬੈਂਕ ਸ਼ਾਖਾਵਾਂ ਵਿੱਚ ਜਾਣ ਦੀ ਲੋੜ ਨਹੀਂ ਹੈ।

ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਧ੍ਰੁਬਜਯੋਤੀ ਸੇਨਗੁਪਤਾ ਨੇ ਦੱਸਿਆ ਕਿ ਸਾਲ 2014 ਵਿੱਚ ਸ਼ੁਰੂਆਤ ਤੋਂ ਬਾਅਦ ਡਿਜੀਟਲ ਜੀਵਨ ਪ੍ਰਮਾਣ ਪੱਤਰ ਸੇਵਾਵਾਂ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ ਅਤੇ ਸਾਲ 2021 ਵਿੱਚ ਚਿਹਰਾ ਪ੍ਰਮਾਣੀਕਰਨ ਤਕਨਾਲੋਜੀ ਸ਼ੁਰੂ ਹੋਣ ਨਾਲ ਇਹ ਪ੍ਰਕਿਰਿਆ ਵਧੇਰੇ ਸੁਖਾਲੀ ਅਤੇ ਸੁਵਿਧਾਜਨਕ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਅਭਿਆਨ ਦੌਰਾਨ ਫੇਸ ਆਥੈਂਟੀਕੇਸ਼ਨ ਤਕਨਾਲੋਜੀ ਰਾਹੀਂ ਬਣਾਏ ਗਏ ਡਿਜੀਟਲ ਜੀਵਨ ਪ੍ਰਮਾਣ ਪੱਤਰਾਂ ਦੀ ਗਿਣਤੀ 50 ਲੱਖ ਤੋਂ ਵਧ ਕੇ ਲਗਭਗ 1.25 ਕਰੋੜ ਹੋ ਗਈ। ਉਨ੍ਹਾਂ ਕਿਹਾ ਕਿ ਕੈਂਪਾਂ ਵਿੱਚ ਜਾਣ ਜਾਂ ਆਪ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਅਸਮਰੱਥ ਪੈਨਸ਼ਨਰਾਂ ਲਈ ਬੈਂਕਾਂ ਅਤੇ ਡਾਕਘਰਾਂ ਰਾਹੀਂ ਘਰ ਤੱਕ ਸੇਵਾਵਾਂ ਉਪਲਬਧ ਕਰਵਾਉਣ ਦੀ ਵਿਵਸਥਾ ਹੈ।

ਪੰਜਾਬ ਨੈਸ਼ਨਲ ਬੈਂਕ ਦੇ ਮੈਗਾ ਕੈਂਪ ਵਿੱਚ ਸੀਨੀਅਰ ਪੈਨਸ਼ਨਰਾਂ ਨਾਲ ਸੰਵਾਦ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ, ਡਿਜੀਟਲ ਜੀਵਨ ਪ੍ਰਮਾਣ ਪੱਤਰ ਸੇਵਾਵਾਂ ਦੇ ਨਾਲ-ਨਾਲ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਪਹਿਲਕਦਮੀ ਨਾਲ ਪਹੁੰਚਯੋਗ, ਸੁਰੱਖਿਅਤ ਅਤੇ ਪੈਨਸ਼ਨਰ-ਕੇਂਦਰਿਤ ਡਿਜੀਟਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੀ ਵਚਨਬੱਧਤਾ ਦੀ ਮੁੜ ਤੋਂ ਪੁਸ਼ਟੀ ਹੋਈ।

 

********

ਐੱਨਕੇਆਰ/ਐੱਸਆਰ/ਐੱਸਕੇ


(Release ID: 2332817) ਵਿਜ਼ੀਟਰ ਕਾਊਂਟਰ : 6