Posted On:
03 NOV 2026 2:09PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਦੇ ਕਿਰੋੜੀ ਮੱਲ ਕਾਲਜ ਵਿਖੇ ਆਯੋਜਿਤ 'ਯੰਗ ਲੀਡਰਸ ਡਿਸਕੋਰਸ ਫੋਰਮ' ਵਿੱਚ ਮੁੱਖ ਭਾਸ਼ਣ ਦਿੰਦੇ ਹੋਏ, ਨੌਜਵਾਨਾਂ ਨੂੰ ਮਹੱਤਵਾਕਾਂਖੀ ਟੀਚੇ ਨਿਰਧਾਰਿਤ ਕਰਨ, ਤਬਦੀਲੀ ਨੂੰ ਅਪਣਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ (ਗੈਰ-ਸਮਝੌਤਾਵਾਦੀ) ਅਤੇ ਅੱਜ ਦੇ ਨੌਜਵਾਨ ਇਸ ਮਹੱਤਵਪੂਰਨ ਪ੍ਰਾਪਤੀ ਵੱਲ ਦੇਸ਼ ਦੀ ਯਾਤਰਾ ਦੇ ਆਰਕੀਟੈਕਟ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਮਨਾਏਗਾ, ਤਾਂ ਅੱਜ ਦੇ ਵਿਦਿਆਰਥੀਆਂ ਦੀ ਉਮਰ 40 ਤੋਂ 50 ਸਾਲ ਦੇ ਵਿਚਕਾਰ ਹੋਵੇਗੀ। ਉਨ੍ਹਾਂ ਦੀਆਂ ਪਸੰਦ, ਇੱਛਾਵਾਂ ਅਤੇ ਯੋਗਦਾਨ ਦੇਸ਼ ਦੇ ਭਵਿੱਖ ਨੂੰ ਨਿਰਧਾਰਿਤ ਕਰਨਗੇ।
ਭਾਰਤ ਦੇ ਨਿਰਯਾਤ ਪ੍ਰਦਰਸ਼ਨ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਨੇ ਪਿਛਲੇ ਸਾਲ 863 ਬਿਲੀਅਨ ਅਮਰੀਕੀ ਡਾਲਰ ਦਾ ਆਪਣਾ ਸਭ ਤੋਂ ਵੱਧ ਨਿਰਯਾਤ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਇਸ ਸਾਲ ਅਪ੍ਰੈਲ-ਮਈ ਦੇ ਆਪਣੇ ਅਨੁਮਾਨਾਂ ਵਿੱਚ ਵਿਸ਼ਵ ਵਪਾਰ ਵਿਕਾਸ ਦਰ 1.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ, ਫਿਰ ਵੀ ਭਾਰਤ ਨੇ ਮੌਜੂਦਾ ਸਾਲ ਲਈ 1 ਟ੍ਰਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਦਾ ਇੱਕ ਮਹੱਤਵਾਕਾਂਖੀ ਟੀਚਾ ਰੱਖਿਆ ਹੈ, ਜੋ ਕਿ 16 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ 900 ਬਿਲੀਅਨ ਅਮਰੀਕੀ ਡਾਲਰ ਦਾ ਨਿਰਯਾਤ ਟੀਚਾ ਨਿਰਧਾਰਿਤ ਕਰ ਸਕਦਾ ਹੈ, ਜੋ ਕਿ ਪਿਛਲੇ ਸਾਲ ਦੇ ਨਿਰਯਾਤ ਨਾਲੋਂ 5 ਪ੍ਰਤੀਸ਼ਤ ਵੱਧ ਹੈ। ਵਿਸ਼ਵ ਵਪਾਰ ਵਿੱਚ ਅਨੁਮਾਨਿਤ ਵਾਧੇ ਨੂੰ ਦੇਖਦੇ ਹੋਏ, ਇਹ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੁੰਦੀ। 900 ਬਿਲੀਅਨ ਅਮਰੀਕੀ ਡਾਲਰ ਦਾ ਟੀਚਾ ਵੀ ਵਿਸ਼ਵ ਵਪਾਰ ਦੀ ਅਨੁਮਾਨਿਤ ਵਿਕਾਸ ਦਰ ਤੋਂ ਦੁੱਗਣੇ ਤੋਂ ਵੱਧ ਵਿਕਾਸ ਨੂੰ ਦਰਸਾਉਂਦਾ ਹੈ। ਹਾਲਾਂਕਿ, ਭਾਰਤ ਨੇ 1 ਟ੍ਰਿਲੀਅਨ ਅਮਰੀਕੀ ਡਾਲਰ ਦਾ ਹੋਰ ਵੀ ਮਹੱਤਵਾਕਾਂਖੀ ਟੀਚਾ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ। ਸ਼੍ਰੀ ਗੋਇਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਸ਼ ਇਸ ਮੀਲ ਪੱਥਰ ਨੂੰ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ (ਅਪ੍ਰੈਲ-ਸਤੰਬਰ) ਵਿੱਚ ਨਿਰਯਾਤ ਪਹਿਲਾਂ ਹੀ 14 ਪ੍ਰਤੀਸ਼ਤ ਵਧਿਆ ਹੈ, ਜੋ ਕਿ 480 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਲਾਨਾ ਟੀਚੇ ਨੂੰ ਪ੍ਰਾਪਤ ਕਰਨ ਲਈ, ਬਾਕੀ ਛੇ ਮਹੀਨਿਆਂ ਵਿੱਚ ਨਿਰਯਾਤ ਨੂੰ 520 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਜ਼ਰੂਰਤ ਹੋਏਗੀ। ਉਨ੍ਹਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨਾ ਵੀ ਇੱਕ ਚੰਗਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਈਐੱਮਐਫ ਨੇ ਹਾਲ ਹੀ ਵਿੱਚ ਆਪਣੇ ਵਿਸ਼ਵ ਵਪਾਰ ਵਿਕਾਸ ਦੇ ਅਨੁਮਾਨ ਨੂੰ ਲਗਭਗ 3.5 ਪ੍ਰਤੀਸ਼ਤ ਤੱਕ ਸੋਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਾ ਨਿਰਯਾਤ ਪ੍ਰਦਰਸ਼ਨ ਇਸ ਸੋਧ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੋ ਸਕਦਾ ਹੈ।
ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦੇ ਵਧਦੇ ਕੱਦ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਇਕ ਕਮਜੋਰ ਪੰਜ ਅਰਥਚਾਰਿਆਂ ਵਿੱਚ ਸ਼ਾਮਲ ਹੋਣ ਦੀ ਸਥਿਤੀ ਵਿੱਚੋਂ ਨਿਕਲ ਕੇ ਮੋਹਰੀ ਅਰਥਵਿਵਸਥਾਵਾਂ ਵਿੱਚੋਂ ਇੱਕ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣ ਗਿਆ ਹੈ। ਵਿਸ਼ਵ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲਗਭਗ 500 ਮਿਲੀਅਨ ਲੋਕ ਬਹੁਤ ਜ਼ਿਆਦਾ ਗਰੀਬੀ ਵਿੱਚੋਂ ਬਾਹਰ ਆ ਗਏ ਹਨ ਅਤੇ ਸਖ਼ਤ ਮਿਹਨਤ ਰਾਹੀਂ ਆਪਣੇ ਜੀਵਨ ਪੱਧਰ ਨੂੰ ਸੁਧਾਰਨ ਵੱਲ ਵਧ ਰਹੇ ਹਨ।
ਉਨ੍ਹਾਂ ਨੇ ਭਾਰਤ ਦੀ ਵਿਕਾਸ ਯਾਤਰਾ ਨੂੰ ਕਈ ਕਾਰਕਾਂ ਨਾਲ ਜੋੜਿਆ। ਇਨ੍ਹਾਂ ਵਿੱਚ ਦੇਸ਼ ਦਾ ਪ੍ਰਤਿਭਾ ਸੰਪਦਾ, ਇਸਦੀ ਨੌਜਵਾਨ ਆਬਾਦੀ ਦੇ ਹੁਨਰ, ਇਸਦੀ ਲੋਕਤੰਤਰੀ ਪ੍ਰਣਾਲੀ, 30 ਸਾਲ ਤੋਂ ਘੱਟ ਦੀ ਔਸਤ ਉਮਰ ਵਾਲਾ ਇਸਦਾ ਨੌਜਵਾਨ ਜਨਸੰਖਿਆ ਢਾਂਚਾ ਅਤੇ 1.4 ਅਰਬ ਭਾਰਤੀਆਂ ਦੁਆਰਾ ਗੁਣਵੱਤਾ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਦੀ ਮੰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਵਿਸ਼ੇਸ਼ਤਾਵਾਂ ਸਮੂਹਿਕ ਤੌਰ 'ਤੇ ਭਾਰਤ ਦੀ ਵਿਕਾਸ ਕਹਾਣੀ ਨੂੰ ਅੱਗੇ ਵਧਾ ਰਹੀਆਂ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਦੁਨੀਆ ਦਾ ਵਿਸ਼ਵਾਸ ਕਮਾਇਆ ਹੈ ਅਤੇ ਲਗਭਗ ਸਾਰੇ ਖੇਤਰਾਂ ਦੇ ਦੇਸ਼ ਭਾਰਤ ਨਾਲ ਤਰਜੀਹੀ ਵਪਾਰ ਸਮਝੌਤੇ (ਪੀਟੀਏ) ਅਤੇ ਮੁਕਤ ਵਪਾਰ ਸਮਝੌਤੇ (ਐਫਟੀਏ) ਵਿੱਚ ਦਾਖਲ ਹੋਣ ਲਈ ਉਤਸੁਕ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਵਧਦੇ ਦੇਖਿਆ ਜਾ ਰਿਹਾ ਹੈ। ਦੇਸ਼ ਦੀ ਨੌਜਵਾਨ ਆਬਾਦੀ, ਪ੍ਰਤਿਭਾ, ਸਖ਼ਤ ਮਿਹਨਤ ਕਰਨ ਦੀ ਇੱਛਾ ਅਤੇ ਵਿਸ਼ਵਵਿਆਪੀ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਵਚਨਬੱਧਤਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਸਾਖ ਨੂੰ ਹੋਰ ਮਜ਼ਬੂਤ ਕੀਤਾ ਹੈ।
ਸੰਕਟ ਦੇ ਸਮੇਂ ਵੱਖ-ਵੱਖ ਦੇਸ਼ਾਂ ਨੂੰ ਭਾਰਤ ਵੱਲੋਂ ਕੀਤੀ ਗਈ ਸਹਾਇਤਾ ਨੂੰ ਯਾਦ ਕਰਦਿਆਂ, ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ, ਭਾਰਤ ਨੇ ਨਾ ਸਿਰਫ਼ ਆਪਣੇ ਦੇਸ਼ ਦੇ ਹਰ ਨਾਗਰਿਕ ਨੂੰ ਮੁਫ਼ਤ ਟੀਕਾਕਰਣ ਪ੍ਰਦਾਨ ਕੀਤਾ, ਸਗੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਨੂੰ ਵੀ ਟੀਕੇ ਉਪਲਬਧ ਕਰਵਾਏ। ਉਨ੍ਹਾਂ ਨੇ ਸੰਕਟ ਦੌਰਾਨ ਵੱਖ-ਵੱਖ ਦੇਸ਼ਾਂ ਨੂੰ ਦਵਾਈਆਂ ਅਤੇ ਰਾਹਤ ਅਤੇ ਪੁਨਰਵਾਸ ਸਹਾਇਤਾ ਪ੍ਰਦਾਨ ਕਰਨ ਵਿੱਚ ਭਾਰਤ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ ਇਹ ਸਹਾਇਤਾ ਪ੍ਰਦਾਨ ਕੀਤੀ। ਭਾਰਤ ਨੂੰ ਦੁਨੀਆ ਭਰ ਵਿੱਚ ਮਿਲ ਰਹੀ ਮਾਨਤਾ ਅਤੇ ਸਤਿਕਾਰ ਉਸਦੇ ਕੰਮਾਂ ਦੁਆਰਾ ਪ੍ਰਾਪਤ ਕੀਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਵਿਦਿਆਰਥੀਆਂ ਨੂੰ ਇੱਕ ਮਹੱਤਵਾਕਾਂਖੀ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਗੋਇਲ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਸੀਮਤ ਟੀਚਿਆਂ ਨਾਲ ਸੰਤੁਸ਼ਟ ਰਹਿਣਾ ਚਾਹੁੰਦੇ ਹਨ ਜਾਂ ਇੱਕ ਬਿਹਤਰ ਭਵਿੱਖ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬਦਲਾਅ ਲਈ ਲੋਕਾਂ ਦੇ ਸੋਚਣ, ਕੰਮ ਕਰਨ ਅਤੇ ਰਹਿਣ ਦੇ ਤਰੀਕੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਉਨ੍ਹਾਂ ਨੌਜਵਾਨਾਂ ਨੂੰ ਲਗਾਤਾਰ ਆਪਣੇ ਆਪ ਨੂੰ ਵਿਕਸਿਤ ਕਰਨ, ਬਦਲਦੇ ਹਾਲਾਤਾਂ ਲਈ ਖੁੱਲ੍ਹੇ ਦ੍ਰਿਸ਼ਟੀਕੋਣ ਅਪਣਾਉਣ ਅਤੇ ਆਪਣੀ ਜ਼ਿੰਦਗੀ ਦੌਰਾਨ ਗਿਆਨ ਪ੍ਰਾਪਤ ਕਰਦੇ ਰਹਿਣ ਦੀ ਅਪੀਲ ਕੀਤੀ।
ਸ਼ਖਸੀਅਤ ਵਿਕਾਸ ਵਿੱਚ ਵਿਦਿਅਕ ਸੰਸਥਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਕਾਲਜ ਨਾ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ 'ਤੇ ਤਿਆਰ ਕਰਦੇ ਹਨ, ਸਗੋਂ ਉਨ੍ਹਾਂ ਦੇ ਚਰਿੱਤਰ, ਲਗਨ, ਆਤਮ-ਵਿਸ਼ਵਾਸ ਅਤੇ ਸਖ਼ਤ ਮਿਹਨਤ ਦਾ ਵਿਕਾਸ ਵੀ ਕਰਦੇ ਹਨ। ਇਹ ਸੰਸਥਾਵਾਂ ਨੌਜਵਾਨਾਂ ਦੇ ਭਵਿੱਖ ਲਈ ਦ੍ਰਿਸ਼ਟੀਕੋਣ ਨੂੰ ਆਕਾਰ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਕਰਦੀਆਂ ਹਨ। ਆਪਣੇ ਅਨੁਭਵ ਸਾਂਝੇ ਕਰਦੇ ਹੋਏ, ਉਨ੍ਹਾਂ ਕਿਹਾ ਕਿ ਵਿਦਿਆਰਥੀ ਅਕਸਰ ਆਪਣੇ ਸਕੂਲ ਅਤੇ ਕਾਲਜ ਦੇ ਸਮੇਂ ਦੌਰਾਨ ਉਨ੍ਹਾਂ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾਉਂਦੇ। ਅਸਲ ਦੁਨੀਆਂ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਧਿਆਪਕਾਂ, ਵਿਦਿਅਕ ਵਾਤਾਵਰਣ ਅਤੇ ਇਨ੍ਹਾਂ ਰਚਨਾਤਮਕ ਅਤੇ ਮਹੱਤਵਪੂਰਨ ਵਰ੍ਹਿਆਂ ਦੌਰਾਨ ਪ੍ਰਦਾਨ ਕੀਤੇ ਗਏ ਸਮੁੱਚੇ ਸ਼ਖਸੀਅਤ ਵਿਕਾਸ ਨੇ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਆਕਾਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਅੰਤ ਵਿੱਚ, ਸਫਲਤਾ ਵਿਅਕਤੀ ਦੇ ਆਪਣੇ ਹੱਥਾਂ ਵਿੱਚ ਹੈ।
ਉਨ੍ਹਾਂ ਵਿਦਿਆਰਥੀਆਂ ਦੇ ਜੀਵਨ ਅਤੇ ਭਵਿੱਖ ਨੂੰ ਆਕਾਰ ਦੇਣ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵਿਅਕਤੀ ਜੀਵਨ ਵਿੱਚ ਤਰੱਕੀ ਕਰਦੇ ਹਨ, ਉਹ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਮਹੱਤਤਾ ਅਤੇ ਵਿਦਿਅਕ ਵਾਤਾਵਰਣ ਦੇ ਪ੍ਰਭਾਵ ਨੂੰ ਹੋਰ ਸਪੱਸ਼ਟ ਰੂਪ ਵਿੱਚ ਸਮਝਦੇ ਹਨ।
ਆਪਣੇ ਵਿਦਿਅਕ ਸਫ਼ਰ ਦੇ ਤਜ਼ਰਬੇ ਸਾਂਝੇ ਕਰਦੇ ਹੋਏ, ਸ਼੍ਰੀ ਗੋਇਲ ਨੇ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਪੇਸ਼ ਕੀਤੀ ਗਈ "ਲਚਕਦਾਰ" ਪ੍ਰਣਾਲੀ 'ਤੇ ਚਾਨਣਾ ਪਾਇਆ। ਇਹ ਵਿਦਿਆਰਥੀਆਂ ਨੂੰ ਕੋਰਸ ਬਦਲਣ, ਅਕਾਦਮਿਕ ਕੰਮ ਲਈ ਕ੍ਰੈਡਿਟ ਕਮਾਉਣ ਅਤੇ ਇੱਕ ਫੈਕਲਟੀ ਤੋਂ ਦੂਜੀ ਫੈਕਲਟੀ ਵਿੱਚ ਜਾਣ ਦੀ ਆਗਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਅਜਿਹੇ ਮਾਹੌਲ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਧੇਰੇ ਮੌਕੇ ਮਿਲਦੇ ਹਨ ਜਿੱਥੇ ਸਿੱਖਿਆ ਪ੍ਰਣਾਲੀ ਪਹਿਲਾਂ ਨਾਲੋਂ ਵਧੇਰੇ "ਲਚਕਦਾਰ" ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਬਹੁਤ ਸਾਰੇ ਮੌਕੇ ਉਪਲਬਧ ਹਨ ਅਤੇ ਉਨ੍ਹਾਂ ਨੂੰ ਆਪਣੀ ਪਸੰਦ ਦਾ ਕਰੀਅਰ ਚੁਣਨ ਦੀ ਆਜ਼ਾਦੀ ਹੈ। ਲਗਭਗ ਪੂਰਾ ਦੇਸ਼ ਡਿਜੀਟਲ ਅਤੇ 1.1 ਬਿਲੀਅਨ ਇੰਟਰਨੈਟ ਉਪਭੋਗਤਾਵਾਂ ਦੇ ਨਾਲ, ਨੌਜਵਾਨ ਦੁਨੀਆ ਨਾਲ ਜੁੜੇ ਹੋਏ ਹਨ। ਉਨ੍ਹਾਂ ਕੋਲ ਗਿਆਨ ਅਤੇ ਅਨੁਭਵਾਂ ਦੇ ਵਿਸ਼ਾਲ ਭੰਡਾਰ ਤੱਕ ਔਨਲਾਈਨ ਪਹੁੰਚ ਹੈ। ਉਨ੍ਹਾਂ ਨੇ ਇਸਨੂੰ ਵਿਦਿਆਰਥੀਆਂ ਲਈ ਸਿੱਖਣ, ਆਪਣੇ ਹੁਨਰਾਂ ਨੂੰ ਵਿਕਸਿਤ ਕਰਨ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਪਾਉਣ ਦਾ ਇੱਕ ਮਹੱਤਵਪੂਰਨ ਮੌਕਾ ਦੱਸਿਆ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਗੋਇਲ ਨੇ ਸੰਸਥਾਵਾਂ ਵਿੱਚ ਪਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਅਤੇ ਪਰੰਪਰਾਵਾਂ ਦਾ ਸਤਿਕਾਰ ਕਿਸੇ ਵੀ ਸੰਗਠਨ ਦੀ ਨੀਂਹ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਜੀਵਨ ਜਿਊਣ, ਉੱਚੇ ਟੀਚੇ ਨਿਰਧਾਰਿਤ ਕਰਨ ਅਤੇ ਕਦੇ ਵੀ ਵਿਸ਼ਵਾਸ ਜਾਂ ਹਿੰਮਤ ਨਾ ਗੁਆਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਹਿੰਮਤ ਦਾ ਪ੍ਰਦਰਸ਼ਨ ਕਰਦੇ ਹਨ ਉਹ ਅੰਤ ਵਿੱਚ ਸਫਲ ਹੁੰਦੇ ਹਨ।
***********
ਅਭਿਸ਼ੇਕ ਦਿਆਲ/ਗਰਿਮਾ/ਇਸ਼ਿਤਾ ਬਿਸਵਾਸ/ਏਕੇ