Posted On:
22 OCT 2026 4:22PM by PIB Chandigarh
ਡਾਕ ਵਿਭਾਗ ਨੇ ਲਗਾਤਾਰ ਦੋ ਤਿਮਾਹੀਆਂ ਵਿੱਚ 4,000 ਕਰੋੜ ਰੁਪਏ ਤੋਂ ਵੱਧ ਦਾ ਤਿਮਾਹੀ ਮਾਲੀਆ ਪ੍ਰਾਪਤ ਕਰਕੇ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਵਿਭਾਗ ਨੇ ਵਿੱਤੀ ਵਰ੍ਹੇ 2026-27 (ਅਪ੍ਰੈਲ-ਸਤੰਬਰ 2026) ਦੀ ਪਹਿਲੀ ਛਿਮਾਹੀ ਵਿੱਚ 8,212.7 ਕਰੋੜ ਰੁਪਏ ਦਾ ਮਾਲੀਆ ਦਰਜ ਕੀਤਾ। ਇਹ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿੱਚ ਪ੍ਰਾਪਤ ਕੀਤੇ 6,636 ਕਰੋੜ ਰੁਪਏ ਦੇ ਮੁਕਾਬਲੇ 24 ਫ਼ੀਸਦੀ ਦੇ ਸਾਲ-ਦਰ-ਸਾਲ ਵਾਧੇ ਨੂੰ ਦਰਸਾਉਂਦਾ ਹੈ।

(ਖੱਬੇ ਤੋਂ ਸੱਜੇ) ਸੁਸ਼੍ਰੀ ਮਨੀਸ਼ਾ ਸਿਨਹਾ, ਡਾਇਰੈਕਟਰ ਜਨਰਲ ਡਾਕ ਸੇਵਾਵਾਂ (DGPS); ਡਾ. ਚੰਦਰਸ਼ੇਖਰ ਪੇਮਾਸਾਨੀ, ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ; ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ, ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ; ਅਤੇ ਸ਼੍ਰੀ ਸੁਬ੍ਰਤ ਦਾਸ, ਸਕੱਤਰ (ਡਾਕ), ਨਵੀਂ ਦਿੱਲੀ ਵਿਖੇ ਆਯੋਜਿਤ ਦੂਜੀ ਤਿਮਾਹੀ ਦੀ ਸਮੀਖਿਆ ਬੈਠਕ ਦੌਰਾਨ
ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਨੇ ਅੱਜ ਨਵੀਂ ਦਿੱਲੀ ਵਿੱਚ ਦੂਜੀ ਤਿਮਾਹੀ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਾਸਾਨੀ, ਸਕੱਤਰ (ਡਾਕ) ਸ਼੍ਰੀ ਸੁਬ੍ਰਤ ਦਾਸ, ਡਾਕ ਸੇਵਾ ਬੋਰਡ ਦੇ ਮੈਂਬਰ, ਸਾਰੇ ਡਾਕ ਸਰਕਲਾਂ ਦੇ ਚੀਫ ਪੋਸਟਮਾਸਟਰ ਜਨਰਲ ਅਤੇ ਡਾਕ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਡਾਕ ਵਿਭਾਗ ਨੇ ਵਿੱਤੀ ਵਰ੍ਹੇ 2026-27 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ 2026) ਵਿੱਚ 4,201.5 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। ਇਹ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 25 ਫ਼ੀਸਦੀ ਵੱਧ ਹੈ। ਇਸ ਦੇ ਨਾਲ ਹੀ, ਪਹਿਲੀ ਤਿਮਾਹੀ ਦੇ ਮੁਕਾਬਲੇ ਇਸ ਵਿੱਚ 5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਕਾਰੋਬਾਰੀ ਖੇਤਰਾਂ ਵਿੱਚ ਵਾਧਾ
ਵਿਭਾਗ ਦੇ ਸਾਰੇ ਛੇ ਕਾਰੋਬਾਰੀ ਖੇਤਰਾਂ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਪੀਐੱਲਆਈ/ਆਰਪੀਐੱਲਆਈ ਵਿੱਚ 44 ਫ਼ੀਸਦੀ, ਡਾਕ ਸਮੱਗਰੀ ਵਿੱਚ 36 ਫ਼ੀਸਦੀ, ਡਾਕਘਰ ਬੱਚਤ ਬੈਂਕ (POSB) ਵਿੱਚ 18 ਫ਼ੀਸਦੀ, ਆਈਆਰ ਅਤੇ ਜੀਬੀ ਵਿੱਚ 38 ਫ਼ੀਸਦੀ ਅਤੇ ਪਾਰਸਲ ਵਿੱਚ 71 ਫ਼ੀਸਦੀ ਦਾ ਵਾਧਾ ਹੋਇਆ।
ਪਾਰਸਲ ਖੇਤਰ ਨੇ ਦੂਜੀ ਤਿਮਾਹੀ ਵਿੱਚ 318.9 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। ਕੇਰਲ, ਉੱਤਰ-ਪੂਰਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਨੇ ਆਪਣੇ ਤਿਮਾਹੀ ਟੀਚਿਆਂ ਨੂੰ ਪਾਰ ਕਰ ਲਿਆ। ਪਹਿਲੀ ਤਿਮਾਹੀ ਦੇ ਮੁਕਾਬਲੇ ਡਾਕ ਸਮੱਗਰੀ ਤੋਂ ਪ੍ਰਾਪਤ ਮਾਲੀਆ ਵਿੱਚ 26 ਫ਼ੀਸਦੀ ਦਾ ਵਾਧਾ ਹੋਇਆ। ਇਸ ਦੌਰਾਨ 12 ਸਰਕਲਾਂ ਨੇ ਦੂਜੀ ਤਿਮਾਹੀ ਦੇ ਆਪਣੇ ਟੀਚੇ ਹਾਸਲ ਕੀਤੇ ਜਾਂ ਉਨ੍ਹਾਂ ਤੋਂ ਵੱਧ ਉਪਲਬਧੀ ਦਰਜ ਕੀਤੀ। POSB ਨੇ 1,987 ਕਰੋੜ ਰੁਪਏ ਦਾ ਯੋਗਦਾਨ ਦਿੱਤਾ, ਜਦੋਂ ਕਿ ਪੀਐੱਲਆਈ/ਆਰਪੀਐੱਲਆਈ ਨੇ ਆਪਣੇ ਤਿਮਾਹੀ ਟੀਚੇ ਦਾ 92 ਫ਼ੀਸਦੀ ਹਾਸਲ ਕੀਤਾ।
ਡਾਕ ਸਰਕਲਾਂ ਦਾ ਪ੍ਰਦਰਸ਼ਨ ਅਤੇ ਸੰਚਾਲਨ ਕੁਸ਼ਲਤਾ
ਸੱਤ ਡਾਕ ਸਰਕਲਾਂ ਨੇ ਦੂਜੀ ਤਿਮਾਹੀ ਦੇ ਆਪਣੇ ਅਨੁਪਾਤਕ ਟੀਚਿਆਂ ਦਾ 90 ਫ਼ੀਸਦੀ ਜਾਂ ਉਸ ਤੋਂ ਵੱਧ ਹਾਸਲ ਕੀਤਾ। ਬਿਹਾਰ 97.15 ਫ਼ੀਸਦੀ ਉਪਲਬਧੀ ਦੇ ਨਾਲ ਸਿਖਰ ‘ਤੇ ਰਿਹਾ, ਇਸ ਤੋਂ ਬਾਅਦ ਪੱਛਮੀ ਬੰਗਾਲ ਨੇ 97.07 ਫ਼ੀਸਦੀ ਅਤੇ ਉੱਤਰ-ਪੂਰਬ ਸਰਕਲ ਨੇ 94.79 ਫ਼ੀਸਦੀ ਉਪਲਬਧੀ ਦਰਜ ਕੀਤੀ। ਪਹਿਲੀ ਛਿਮਾਹੀ ਵਿੱਚ ਪੱਛਮੀ ਬੰਗਾਲ ਸਰਕਲ 95.72 ਫ਼ੀਸਦੀ ਉਪਲਬਧੀ ਦੇ ਨਾਲ ਪਹਿਲੇ ਸਥਾਨ ‘ਤੇ ਰਿਹਾ। ਬਿਹਾਰ ਨੇ 95.12 ਫ਼ੀਸਦੀ ਅਤੇ ਆਂਧਰ ਪ੍ਰਦੇਸ਼ ਨੇ 94.63 ਫ਼ੀਸਦੀ ਉਪਲਬਧੀ ਹਾਸਲ ਕੀਤੀ।
ਕੁੱਲ 23 ਡਾਕ ਸਰਕਲਾਂ ਵਿੱਚੋਂ 18 ਨੇ ਪਹਿਲੀ ਤਿਮਾਹੀ ਦੇ ਮੁਕਾਬਲੇ ਆਪਣੇ ਟੀਚਾ ਪ੍ਰਾਪਤੀ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਪੈਨਸ਼ਨ ਖਰਚੇ ਸਮੇਤ ਕੁੱਲ ਖਰਚਾ-ਲਾਗਤ ਅਨੁਪਾਤ 42 ਫ਼ੀਸਦੀ ਅਤੇ ਪੈਨਸ਼ਨ ਖਰਚੇ ਤੋਂ ਬਿਨਾ ਇਹ ਅਨੁਪਾਤ 62 ਫ਼ੀਸਦੀ ਰਿਹਾ। ਬਾਈ ਸਰਕਲਾਂ ਨੇ ਪਹਿਲੀ ਤਿਮਾਹੀ ਦੇ ਮੁਕਾਬਲੇ ਆਪਣੇ ਖਰਚਾ-ਲਾਗਤ ਅਨੁਪਾਤ ਵਿੱਚ ਸੁਧਾਰ ਕੀਤਾ।
ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਡਾਕ ਸਰਕਲਾਂ ਦਾ ਸਨਮਾਨ
ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ 2026) ਵਿੱਚ ਆਪਣੇ-ਆਪਣੇ ਅਨੁਪਾਤਕ ਕਾਰੋਬਾਰੀ ਟੀਚਿਆਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਲਈ ਆਂਧਰ ਪ੍ਰਦੇਸ਼ ਡਾਕ ਸਰਕਲ ਨੂੰ ਸਨਮਾਨਿਤ ਕੀਤਾ ਗਿਆ। ਦੂਜੀ ਤਿਮਾਹੀ (ਜੁਲਾਈ-ਸਤੰਬਰ 2026) ਲਈ ਬਿਹਾਰ ਡਾਕ ਸਰਕਲ ਨੂੰ ਸਨਮਾਨ ਪ੍ਰਦਾਨ ਕੀਤਾ ਗਿਆ। ਬਿਹਾਰ ਸਰਕਲ ਨੇ 97.15 ਫ਼ੀਸਦੀ ਉਪਲਬਧੀ ਹਾਸਲ ਕੀਤੀ। ਪੱਛਮੀ ਬੰਗਾਲ ਸਰਕਲ 97.07 ਫ਼ੀਸਦੀ ਅਤੇ ਉੱਤਰ-ਪੂਰਬ ਸਰਕਲ 94.79 ਫ਼ੀਸਦੀ ਦੇ ਨਾਲ ਉਸ ਦੇ ਨੇੜੇ ਰਹੇ। ਇਨ੍ਹਾਂ ਸਰਕਲਾਂ ਦਾ ਪ੍ਰਦਰਸ਼ਨ ਮਿਥੇ ਗਏ ਕਾਰੋਬਾਰੀ ਯਤਨਾਂ ਅਤੇ ਵਿਭਾਗ ਦੇ ਮਾਲੀਆ ਉਦੇਸ਼ਾਂ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਨੂੰ ਦਰਸਾਉਂਦਾ ਹੈ। ਇਹ ਸਨਮਾਨ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ, ਪ੍ਰਭਾਵਸ਼ਾਲੀ ਕਾਰੋਬਾਰੀ ਯੋਜਨਾਬੰਦੀ ਅਤੇ ਸਾਰੇ ਡਾਕ ਸਰਕਲਾਂ ਵਿੱਚ ਮਾਲੀਆ ਸਿਰਜਣ ਨੂੰ ਮਜ਼ਬੂਤ ਕਰਨ ਦੇ ਟਿਕਾਊ ਯਤਨਾਂ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ।
ਮੰਤਰੀਆਂ ਨੇ ਟਿਕਾਊ ਵਿਕਾਸ ‘ਤੇ ਦਿੱਤਾ ਜ਼ੋਰ

ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਨੇ ਇਸ ਉਪਲਬਧੀ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਨਵੇਂ ਗ੍ਰਾਹਕਾਂ ਨੂੰ ਜੋੜਨ, ਸੇਵਾਵਾਂ ਵਿੱਚ ਉੱਤਮਤਾ ਲਿਆਉਣ ਅਤੇ ਮੌਜੂਦਾ ਗ੍ਰਾਹਕਾਂ ਨੂੰ ਬਣਾਏ ਰੱਖਣ ਦੇ ਮਾਧਿਅਮ ਨਾਲ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਾਰੋਬਾਰ ਵਿੱਚ ਵਧੇਰੇ ਵਿਭਿੰਨਤਾ ਲਿਆਉਣ ਵਾਲੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਗ੍ਰਾਹਕ -ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵੱਡੇ ਪੱਧਰ 'ਤੇ ਕਾਰੋਬਾਰ ਕਰਨ ਵਾਲੇ ਗ੍ਰਾਹਕਾਂ ਲਈ ਲਚਕਦਾਰ ਕੀਮਤ ਨਿਰਧਾਰਣ ਪ੍ਰਣਾਲੀ ਲਾਗੂ ਕਰਨ 'ਤੇ ਵੀ ਜ਼ੋਰ ਦਿੱਤਾ। ਮੰਤਰੀ ਮਹੋਦਯ ਨੇ ਗ੍ਰਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ, ਸੰਚਾਲਨ ਕੁਸ਼ਲਤਾ ਵਧਾਉਣ ਅਤੇ ਵਿਭਾਗ ਦੀ ਮੁਕਾਬਲੇਬਾਜ਼ੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਭਾਰਤੀ ਡਾਕ ਦੀਆਂ ਸੇਵਾਵਾਂ ਦੇ ਡਿਜੀਟਲਾਈਜ਼ੇਸ਼ਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਾਸਾਨੀ ਨੇ ਭਾਰਤੀ ਡਾਕ ਦੀ ਵਿਆਪਕ ਵਿਕਾਸ ਸਮਰੱਥਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਾਰਜਬਲ ਨੂੰ ਸ਼ਕਤੀਸ਼ਾਲੀ ਬਣਾਉਣ, ਜਵਾਬਦੇਹੀ ਯਕੀਨੀ ਬਣਾਉਣ ਅਤੇ ਸੇਵਾ ਪ੍ਰਦਾਨ ਕਰਨ ਦੀ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਾਰਸਲ ਵੰਡ ਵਿੱਚ ਹੋਣ ਵਾਲੀ ਦੇਰੀ ਨੂੰ ਦੂਰ ਕਰਨ ਅਤੇ ਗ੍ਰਾਹਕਾਂ ਦੀ ਸੰਤੁਸ਼ਟੀ ਵਧਾਉਣ ਲਈ ਮਿਆਰੀ ਪ੍ਰਕਿਰਿਆਵਾਂ ਅਪਣਾਉਣ ਅਤੇ ਰੀਅਲ-ਟਾਈਮ ਵਿੱਚ ਨਿਗਰਾਨੀ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਦੋਵਾਂ ਮੰਤਰੀਆਂ ਨੇ ਡਾਕ ਸਰਕਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤਿਉਹਾਰਾਂ ਅਤੇ ਪਾਰਸਲ ਕਾਰੋਬਾਰ ਦੇ ਸਭ ਤੋਂ ਲੋਡ ਵਾਲੇ ਸੀਜ਼ਨ ਦੌਰਾਨ ਵਿਕਾਸ ਦੀ ਗਤੀ ਬਣਾਏ ਰੱਖਣ, ਪਾਰਸਲ ਅਤੇ ਇੰਟਰਨੈਸ਼ਨਲ ਰਿਲੇਸ਼ਨ ਐਂਡ ਗਲੋਬਲ ਬਿਜ਼ਨਸ ਅਤੇ ਜੀਬੀ ਨੂੰ ਮਜ਼ਬੂਤ ਕਰਨ। ਰਾਜ ਸਰਕਾਰਾਂ ਦੇ ਸਹਿਯੋਗ ਨਾਲ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੇ ਵਿਸਥਾਰ ਵਿੱਚ ਤੇਜ਼ੀ ਲਿਆਉਣ ਅਤੇ ਖਰਚਿਆਂ ਵਿੱਚ ਅਨੁਸ਼ਾਸਨ ਬਣਾਏ ਰੱਖਣ। ਬੈਠਕ ਵਿੱਚ ਹੇਠ ਲਿਖੇ ਖੇਤਰਾਂ ‘ਤੇ ਅਧਾਰਿਤ ਕਲੱਸਟਰ-ਅਧਾਰਿਤ ਦ੍ਰਿਸ਼ਟੀਕੋਣ ਅਪਣਾਉਣ ‘ਤੇ ਵੀ ਜ਼ੋਰ ਦਿੱਤਾ ਗਿਆ – ਖੇਤੀਬਾੜੀ-ਲੌਜਿਸਟਿਕਸ ਅਤੇ ਅੰਤਰਰਾਸ਼ਟਰੀ ਕਾਰੋਬਾਰ; ਐੱਮਐੱਸਐੱਮਈ, ਓਡੀਓਪੀ ਅਤੇ ਟੂਰਿਜ਼ਮ; ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ, ਵਿੱਤੀ ਸਮਾਵੇਸ਼ਨ, ਬੀਮਾ ਅਤੇ ਗ੍ਰਾਮੀਣ ਲੌਜਿਸਟਿਕਸ। ਜਨਤਕ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਡਾਕ ਵਿਭਾਗ ਨਵੇਂ ਕਾਰੋਬਾਰੀ ਮੌਕਿਆਂ ਦਾ ਲਾਭ ਉਠਾਉਣ, ਸੰਚਾਲਨ ਕੁਸ਼ਲਤਾ ਵਧਾਉਣ ਅਤੇ ਵਿੱਤੀ ਸਥਿਰਤਾ ਹਾਸਲ ਕਰਨ ਦੀ ਦਿਸ਼ਾ ਵਿੱਚ ਆਪਣੇ ਵਿਆਪਕ ਨੈੱਟਵਰਕ ਅਤੇ ਕਾਰਜਬਲ ਦੀ ਸਮਰੱਥਾ ਦਾ ਉਪਯੋਗ ਕਰੇਗਾ।
********
ਏਐੱਮਕੇ/ਏਆਰਜੇ/ਏਕੇ