ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਾਰਵਾਰ ਵਿੱਚ ਭਾਰਤੀ ਨੌ-ਸੈਨਾ ਦੇ ਪਹਿਲੇ ਸਵਦੇਸ਼ੀ ਬਹੁ-ਉਦੇਸ਼ੀ ਜਹਾਜ਼ 'ਆਈ.ਐੱਨ.ਐੱਸ. “ਸਮਰਥਕ” ਦਾ ਉਦਘਾਟਨ ਕੀਤਾ


75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਲੈਸ ਆਈ.ਐੱਨ.ਐੱਸ. ਸਮਰਥਕ, ਰੱਖਿਆ ਨਿਰਮਾਣ ਵਿੱਚ ਭਾਰਤ ਦੀ ਵਧਦੀ ਆਤਮ-ਨਿਰਭਰਤਾ ਨੂੰ ਦਰਸਾਉਂਦਾ ਹੈ": ਉਪ-ਰਾਸ਼ਟਰਪਤੀ

"ਭਾਰਤੀ ਨੌ-ਸੈਨਾ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਮੇਸ਼ਾ ਚੌਕਸ ਅਤੇ ਯੁੱਧ ਲਈ ਤਿਆਰ ਹੈ": ਉਪ-ਰਾਸ਼ਟਰਪਤੀ

"ਆਈ.ਐੱਨ.ਐੱਸ. ਸਮਰਥਕ ਭਾਰਤ ਦੇ ਨਿੱਜੀ ਜਹਾਜ਼ ਨਿਰਮਾਣ ਉਦਯੋਗ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ": ਉਪ-ਰਾਸ਼ਟਰਪਤੀ

"ਕਾਰਵਾਰ ਭਾਰਤ ਦੀ ਸ਼ਾਨਦਾਰ ਸਮੁੰਦਰੀ ਵਿਰਾਸਤ ਅਤੇ ਉਸ ਦੇ ਸਮੁੰਦਰੀ ਭਵਿੱਖ ਦੋਵਾਂ ਦਾ ਪ੍ਰਤੀਕ ਹੈ": ਉਪ-ਰਾਸ਼ਟਰਪਤੀ

Posted On: 16 OCT 2026 3:08PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਕਰਨਾਟਕ ਦੇ ਕਾਰਵਾਰ ਵਿੱਚ ਭਾਰਤੀ ਨੌ-ਸੈਨਾ ਦੇ ਪਹਿਲੇ ਸਵਦੇਸ਼ੀ ਬਹੁ-ਉਦੇਸ਼ੀ ਜਹਾਜ਼ ਆਈ.ਐੱਨ.ਐੱਸ. ਸਮਰਥਕ ਦਾ ਉਦਘਾਟਨ ਕੀਤਾ। ਇਹ ਉਦਘਾਟਨ ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰਤਾ ਅਤੇ ਉੱਨਤ ਸਵਦੇਸ਼ੀ ਜਲ ਸੈਨਾ ਸਮਰੱਥਾਵਾਂ ਦੇ ਵਿਕਾਸ ਵੱਲ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਉਪ-ਰਾਸ਼ਟਰਪਤੀ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਲੈਸ ਆਈ.ਐੱਨ.ਐੱਸ. ਸਮਰਥਕ ਭਾਰਤ ਦੀ ਉਦਯੋਗਿਕ, ਤਕਨੀਕੀ ਅਤੇ ਜਹਾਜ਼ ਨਿਰਮਾਣ ਸਮਰੱਥਾਵਾਂ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਹੁਣ ਸਿਰਫ਼ ਇੱਕ ਇੱਛਾ ਨਹੀਂ ਬਲਕਿ ਇੱਕ ਉੱਭਰਦੀ ਹੋਈ ਅਸਲੀਅਤ ਹੈ, ਜੋ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਪ੍ਰਗਟਾਏ ਗਏ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦੀ ਹੈ।

ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਭਾਰਤ ਦੀ ਅਮੀਰ ਸਮੁੰਦਰੀ ਵਿਰਾਸਤ ਨੂੰ ਰੇਖਾਂਕਿਤ ਕਰਦਿਆਂ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਚੋਲ ਰਾਜਵੰਸ਼ ਦੀਆਂ ਜਲ ਸੈਨਾ ਪਰੰਪਰਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਹਿੰਦ ਮਹਾਸਾਗਰ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਭਾਰਤ ਦੇ ਸਮੁੰਦਰੀ ਪ੍ਰਭਾਵ ਦਾ ਵਿਸਥਾਰ ਕੀਤਾ।

ਉਪ-ਰਾਸ਼ਟਰਪਤੀ ਨੇ ਰਾਸ਼ਟਰੀ ਪ੍ਰਭੂਸੱਤਾ ਅਤੇ ਸਮੁੰਦਰੀ ਹਿੱਤਾਂ ਦੀ ਰੱਖਿਆ ਵਿੱਚ ਭਾਰਤੀ ਜਲ ਸੈਨਾ ਦੀਆਂ ਵਿਸ਼ੇਸ਼ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮੁੰਦਰੀ ਡਕੈਤੀ ਵਿਰੋਧੀ ਮੁਹਿੰਮਾਂ, ਭਾਰਤੀ ਨਾਗਰਿਕਾਂ ਦੀ ਨਿਕਾਸੀ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮੁਹਿੰਮਾਂ ਸਮੇਤ ਹਿੰਦ ਮਹਾਸਾਗਰ ਖੇਤਰ ਵਿੱਚ ਪਹਿਲੇ ਜਵਾਬਦੇਹ  ਅਤੇ ਪਸੰਦੀਦਾ ਸੁਰੱਖਿਆ ਭਾਈਵਾਲ ਵਜੋਂ ਇਸ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

ਉਪ-ਰਾਸ਼ਟਰਪਤੀ ਨੇ ਆਈ.ਐੱਨ.ਐੱਸ. ਸਮਰਥਕ ਦੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਜਹਾਜ਼ ਅਗਲੀ ਪੀੜ੍ਹੀ ਦੇ ਹਥਿਆਰਾਂ, ਸੈਂਸਰਾਂ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਪ੍ਰੀਖਣ ਅਤੇ ਮੁਲਾਂਕਣ ਲਈ ਇੱਕ ਬਹੁ-ਪੱਖੀ ਮੰਚ ਵਜੋਂ ਕੰਮ ਕਰੇਗਾ। ਇਸ ਦੀਆਂ ਸਮਰੱਥਾਵਾਂ ਸਮੁੰਦਰੀ ਨਿਗਰਾਨੀ ਅਤੇ ਜਾਇਜ਼ਾ ਲੈਣ, ਤਟਵਰਤੀ ਗਸ਼ਤ, ਨਿਸ਼ਾਨਾ ਦਾਗਣ ਅਤੇ ਮੁੜ ਪ੍ਰਾਪਤ ਕਰਨ, ਮਾਨਵ-ਰਹਿਤ ਪ੍ਰਣਾਲੀਆਂ ਨਾਲ ਜੁੜੀਆਂ ਮੁਹਿੰਮਾਂ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਵਿੱਚ ਵੀ ਮਦਦਗਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਮੰਚ ਜਲ ਸੈਨਾ ਨੂੰ ਉੱਭਰਦੇ ਤਕਨੀਕੀ ਵਿਕਾਸ ਨਾਲ ਤੇਜ਼ੀ ਨਾਲ ਤਾਲਮੇਲ ਬਣਾਉਣ ਅਤੇ ਸਵਦੇਸ਼ੀ ਨਵੀਨਤਾ ਨੂੰ ਕਾਰਜਸ਼ੀਲ ਸਮਰੱਥਾਵਾਂ ਵਿੱਚ ਬਦਲਣ ਦੇ ਯੋਗ ਬਣਾਏਗਾ।

ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਾਰਵਾਰ ਦੇ ਰਣਨੀਤਕ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਡੂੰਘਾ ਕੁਦਰਤੀ ਬੰਦਰਗਾਹ ਅਤੇ ਅਰਬ ਸਾਗਰ ਨਾਲ ਨੇੜਤਾ ਇਸ ਨੂੰ ਭਾਰਤ ਦੀ ਸਮੁੰਦਰੀ ਸੁਰੱਖਿਆ ਢਾਂਚੇ ਦਾ ਇੱਕ ਅਹਿਮ ਹਿੱਸਾ ਬਣਾਉਂਦੀ ਹੈ। ਉਨ੍ਹਾਂ ਨੇ 'ਪ੍ਰੋਜੈਕਟ ਸੀਬਰਡ' ਤਹਿਤ ਚੱਲ ਰਹੇ ਆਧੁਨਿਕ ਜਲ ਸੈਨਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਚਾਨਣਾ ਪਾਇਆ, ਜੋ ਇਸ ਖੇਤਰ ਲਈ ਵਿਆਪਕ ਆਰਥਿਕ ਮੌਕੇ ਪੈਦਾ ਕਰਦੇ ਹੋਏ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਤਾਇਨਾਤ ਕਰਨ ਅਤੇ ਸੰਭਾਲਣ ਦੀ ਜਲ ਸੈਨਾ ਦੀ ਸਮਰੱਥਾ ਨੂੰ ਵਧਾ ਰਿਹਾ ਹੈ।

ਉਪ-ਰਾਸ਼ਟਰਪਤੀ ਨੇ ਭਾਰਤ ਦੇ ਰੱਖਿਆ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਜਲ ਸੈਨਾ, ਰੱਖਿਆ ਸਰਕਾਰੀ ਖੇਤਰ ਦੇ ਅਦਾਰਿਆਂ, ਨਿੱਜੀ ਸ਼ਿਪਯਾਰਡਾਂ, ਡੀ.ਆਰ.ਡੀ.ਓ., ਸਿੱਖਿਆ ਸ਼ਾਸਤਰੀਆਂ, ਐੱਮ.ਐੱਸ.ਐੱਮ.ਈਜ਼ ਅਤੇ ਸਟਾਰਟ-ਅੱਪਸ ਵਿਚਕਾਰ ਵਧ ਰਹੀ ਭਾਈਵਾਲੀ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ 'ਲਾਰਸਨ ਐਂਡ ਟੂਬਰੋ' (L&T) ਦੇ ਯੋਗਦਾਨ ਦਾ ਜ਼ਿਕਰ ਕਰਦਿਆਂ, ਸਵਦੇਸ਼ੀ ਜਲਸੈਨਾ ਸਮਰੱਥਾਵਾਂ ਦੇ ਨਿਰਮਾਣ ਵਿੱਚ ਜਲ ਸੈਨਾ ਦੇ ਡਿਜ਼ਾਈਨਰਾਂ, ਉਤਪਾਦਨ ਅਧਿਕਾਰੀਆਂ, ਸ਼ਿਪਯਾਰਡ ਪੇਸ਼ੇਵਰਾਂ, ਇੰਜੀਨੀਅਰਾਂ, ਤਕਨੀਸ਼ੀਅਨਾਂ, ਸਪਲਾਇਰਾਂ ਅਤੇ ਸਹਾਇਕ ਉਦਯੋਗਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ; ਫਲੈਗ ਆਫਿਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸੰਜੇ ਵਤਸਯਾਨ; ਯੁੱਧਪੋਤ ਉਤਪਾਦਨ ਅਤੇ ਪ੍ਰਾਪਤੀ ਕੰਟਰੋਲਰ ਵਾਈਸ ਐਡਮਿਰਲ ਸੰਜੇ ਸਾਧੂ; ਫਲੈਗ ਆਫ਼ੀਸਰ (ਕਰਨਾਟਕ) ਰੀਅਰ ਐਡਮਿਰਲ ਵਿਕਰਮ ਮੈਨਨ; ਐੱਲ. ਐਂਡ ਟੀ. ਦੇ ਜਹਾਜ਼ ਨਿਰਮਾਣ ਮੁਖੀ ਸੇਵਾ-ਮੁਕਤ ਰੀਅਰ ਐਡਮਿਰਲ ਜੀ.ਕੇ. ਹਰੀਸ਼, 'ਆਈ.ਐੱਨ.ਐੱਸ. ਸਮਰਥਕ' ਦੇ ਕਮਾਂਡਿੰਗ ਆਫ਼ੀਸਰ ਕਮਾਂਡਰ ਸੁਸ਼ੀਲ ਕੁਮਾਰ ਸਿੰਘ, ਭਾਰਤੀ ਨੌ-ਸੈਨਾ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ।

****

ਪੀਆਰ/ਏਐੱਸਐੱਮ/ਵੀਐੱਮਜੇ


(Release ID: 2325170) ਵਿਜ਼ੀਟਰ ਕਾਊਂਟਰ : 7