ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
FSSAI ਨੇ 6 ਮਹੀਨੇ ਤੱਕ ਦੇ ਬੱਚਿਆਂ ਦੇ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫਰੂਕਟੋਜ਼ ਮਿਲਾਉਣ ‘ਤੇ ਪਾਬੰਦੀ ਲਗਾ ਕੇ ਬਾਲ ਪੋਸ਼ਣ ਮਾਪਦੰਡਾਂ ਨੂੰ ਸਖ਼ਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਹੈ
FSSAI ਨੇ ਬਾਲ ਪੋਸ਼ਣ ਨਾਲ ਜੁੜੇ ਨਿਯਮਾਂ ਵਿੱਚ ਸੋਧ ਦਾ ਡ੍ਰਾਫਟ ਜਾਰੀ ਕੀਤਾ; ਜਿਸ ਵਿੱਚ ਬਚਪਨ ਦੇ ਸ਼ੁਰੂਆਤੀ ਦਿਨਾਂ ਦੌਰਾਨ ਐਡਿਡ ਸ਼ੂਗਰ (Added Sugar) ਦੇ ਖਿਲਾਫ ਸਖ਼ਤ ਸੁਰੱਖਿਆ ਉਪਾਵਾਂ ਦਾ ਪ੍ਰਸਤਾਵ ਰੱਖਿਆ ਗਿਆ ਹੈ
FSSAI ਦੁਆਰਾ ਪ੍ਰਸਤਾਵਿਤ ਇਹ ਪਾਬੰਦੀ ਬਚਪਨ ਦੇ ਸ਼ੁਰੂਆਤੀ ਛੇ ਮਹੱਤਵਪੂਰਨ ਮਹੀਨਿਆਂ ਦੌਰਾਨ ਉਪਯੁਕਤ ਪੋਸ਼ਣ ਨੂੰ ਉਤਸ਼ਾਹਿਤ ਕਰਨ ਅਤੇ ਸਿਹਤਮੰਦ ਵਿਕਾਸ ਅਤੇ ਵਾਧੇ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਾਗੂ ਕੀਤੀ ਜਾ ਰਹੀ ਹੈ
“FSSAI ਦੀ ਇਹ ਪਹਿਲ ਨਿਵਾਰਕ ਸਿਹਤ ਸੰਭਾਲ (ਪ੍ਰੀਵੈਂਟਿਵ ਹੈਲਥਕੇਅਰ), ਬਾਲ ਪੋਸ਼ਣ ਅਤੇ ਲੰਬੇ ਸਮੇਂ ਦੀ ਸਿਹਤ ਅਤੇ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ
Posted On:
17 OCT 2026 1:59PM by PIB Chandigarh
ਬੱਚਿਆਂ ਲਈ ਪੋਸ਼ਣ ਸਬੰਧੀ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਿਟੀ (FSSAI) ਨੇ ਖੁਰਾਕ ਸੁਰੱਖਿਆ ਅਤੇ ਮਾਪਦੰਡ (ਬਾਲ ਪੋਸ਼ਣ ਲਈ ਖੁਰਾਕ ) ਨਿਯਮ, 2020 ਵਿੱਚ ਇੱਕ ਡ੍ਰਾਫਟ ਸੋਧ ਨੋਟੀਫਾਈ ਕੀਤਾ ਹੈ। ਇਸ ਵਿੱਚ ਛੇ ਮਹੀਨੇ ਤੱਕ ਦੇ ਬੱਚਿਆਂ ਲਈ ਤਿਆਰ ਕੀਤੇ ਜਾਣ ਵਾਲੇ ਖੁਰਾਕ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫਰੂਕਟੋਜ਼ ਮਿਲਾਉਣ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ।
16 ਅਕਤੂਬਰ 2026 ਨੂੰ ਭਾਰਤ ਦੇ ਗਜ਼ਟ (ਗਜ਼ਟ ਆਫ ਇੰਡੀਆ) ਵਿੱਚ ਪ੍ਰਕਾਸ਼ਿਤ ‘ਖੁਰਾਕ ਸੁਰੱਖਿਆ ਅਤੇ ਮਾਪਦੰਡ (ਬਾਲ ਪੋਸ਼ਣ ਲਈ ਖੁਰਾਕ) ਸੋਧ ਨਿਯਮ, 2026’ ਦਾ ਡ੍ਰਾਫਟ ਮੌਜੂਦਾ ਰੈਗੂਲੇਟਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਦੇ ਉਤਪਾਦ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸਹੀ ਅਤੇ ਜ਼ਰੂਰੀ ਪੋਸ਼ਕ ਤੱਤਾਂ ਦੇ ਅਧਾਰ ‘ਤੇ ਤਿਆਰ ਕੀਤੇ ਜਾਣ, ਜਿਸ ਵਿੱਚ ਜੀਵਨ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਐਡਿਡ ਸ਼ੂਗਰ (Added Sugar) ਦੀ ਵਰਤੋਂ ਨੂੰ ਘਟਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਮੌਜੂਦਾ ਨਿਯਮ ਜਨਮ ਤੋਂ ਲੈ ਕੇ 24 ਮਹੀਨਿਆਂ ਤੱਕ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੇ ਜਾਣ ਵਾਲੇ ਵੱਖ-ਵੱਖ ਸ਼੍ਰੇਣੀਆਂ ਦੇ ਬਾਲ ਪੋਸ਼ਣ ਉਤਪਾਦਾਂ ਲਈ ਵਿਆਪਕ ਪੋਸ਼ਣ ਸੰਰਚਨਾ, ਗੁਣਵੱਤਾ ਅਤੇ ਸੁਰੱਖਿਆ ਮਾਪਦੰਡ ਨਿਰਧਾਰਿਤ ਕਰਦੇ ਹਨ। ਮੌਜੂਦਾ ਪ੍ਰਾਵਧਾਨਾਂ ਤਹਿਤ, ਲੈਕਟੋਜ਼ ਅਤੇ ਗਲੂਕੋਜ਼ ਪੋਲੀਮਰ ਕਾਰਬੋਹਾਈਡ੍ਰੇਟ ਦੇ ਪ੍ਰਾਇਮਰੀ ਸਰੋਤ ਹਨ, ਜਦੋਂ ਕਿ ਸੁਕਰੋਜ਼ ਅਤੇ/ਜਾਂ ਫਰੂਕਟੋਜ਼ ਨੂੰ ਕੇਵਲ ਉਦੋਂ ਹੀ ਜੋੜਿਆ ਜਾ ਸਕਦਾ ਹੈ ਜਦੋਂ ਕਾਰਬੋਹਾਈਡ੍ਰੇਟ ਸਰੋਤ ਵਜੋਂ ਇਨ੍ਹਾਂ ਦੀ ਜ਼ਰੂਰਤ ਹੋਵੇ, ਜੋ ਕਿ ਨਿਰਧਾਰਿਤ ਸੀਮਾਵਾਂ ਦੇ ਅੰਦਰ ਹੀ ਕੀਤਾ ਜਾਣਾ ਚਾਹੀਦਾ ਹੈ।
ਇਨ੍ਹਾਂ ਹੀ ਪ੍ਰਾਵਧਾਨਾਂ ਦੇ ਅਧਾਰ ‘ਤੇ, ਡ੍ਰਾਫਟ ਸੋਧ ਵਿੱਚ ਛੇ ਮਹੀਨੇ ਤੱਕ ਦੇ ਬੱਚਿਆਂ ਲਈ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫਰੂਕਟੋਜ਼ ਮਿਲਾਉਣ ‘ਤੇ ਇੱਕ ਵਿਸ਼ੇਸ਼ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਪ੍ਰਸਤਾਵਿਤ ਪ੍ਰਵਧਾਨ ਵਿੱਚ ਕਿਹਾ ਗਿਆ ਹੈ ਕਿ “6 ਮਹੀਨੇ ਤੱਕ ਦੀ ਉਮਰ ਦੇ ਬੱਚਿਆਂ ਲਈ ਬਣਾਏ ਜਾਣ ਵਾਲੇ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫਰੂਕਟੋਜ਼ ਨਹੀਂ ਮਿਲਾਇਆ ਜਾਣਾ ਚਾਹੀਦਾ”।“
ਜੀਵਨ ਦੇ ਪਹਿਲੇ ਛੇ ਮਹੀਨੇ ਸਿਹਤਮੰਦ ਵਾਧੇ ਅਤੇ ਵਿਕਾਸ ਲਈ ਇੱਕ ਬਹੁਤ ਹੀ ਮਹੱਤਵਪੂਰਨ ਮਿਆਦ ਹੁੰਦੇ ਹਨ, ਜਿਸ ਨਾਲ ਇਸ ਦੌਰਾਨ ਉਪਯੁਕਤ ਪੋਸ਼ਣ ਵਿਸ਼ੇਸ਼ ਤੌਰ ‘ਤੇ ਜ਼ਰੂਰੀ ਹੋ ਜਾਂਦਾ ਹੈ। ਇਹ ਪ੍ਰਸਤਾਵਿਤ ਪਾਬੰਦੀ ਇਹ ਯਕੀਨੀ ਬਣਾਉਣ ਦਾ ਯਤਨ ਕਰਦੀ ਹੈ ਕਿ ਬਾਲ ਪੋਸ਼ਣ ਉਤਪਾਦ ਬਿਨਾ ਕਿਸੇ ਵਾਧੂ ਸੁਕਰੋਜ਼ ਅਤੇ ਫਰੂਕਟੋਜ਼ ਦੇ, ਇਸ ਉਮਰ ਵਰਗ ਦੀਆਂ ਪੋਸ਼ਣ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ। ਇਹ ਉਪਾਅ ਛੋਟੀ ਉਮਰ ਵਿੱਚ ਵਾਧੂ ਖੰਡ ਦੀ ਵਰਤੋਂ ਨਾਲ ਜੁੜੀਆਂ ਚਿੰਤਾਵਾਂ—ਖਾਸ ਕਰਕੇ ਬਚਪਨ ਵਿੱਚ ਮੋਟਾਪਾ (ਚਾਈਲਡਹੁਡ ਓਬੇਸਿਟੀ) ਅਤੇ ਉਸ ਨਾਲ ਜੁੜੇ ਸਿਹਤ ਜੋਖਮਾਂ—ਨੂੰ ਦੂਰ ਕਰਨ ਵਾਲੀਆਂ ਵਿਆਪਕ ਜਨਤਕ-ਸਿਹਤ ਮੁਹਿੰਮਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਇਹ ਪਹਿਲ ਜਨਤਕ-ਸਿਹਤ ਨਾਲ ਜੁੜੀਆਂ ਉਨ੍ਹਾਂ ਸਥਾਪਿਤ ਸਿਫਾਰਸ਼ਾਂ ਦਾ ਸਮਰਥਨ ਕਰਦੀ ਹੈ, ਜੋ ਜੀਵਨ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਸਿਰਫ਼ ਬ੍ਰੈਸਟ ਫੀਡ ਕਰਵਾਉਣ ਨੂੰ ਉਤਸ਼ਾਹਿਤ ਕਰਦੀਆਂ ਹਨ। ਬਾਲ ਪੋਸ਼ਣ ਉਤਪਾਦਾਂ ਦੇ ਮਾਪਦੰਡਾਂ ਨੂੰ ਮਜ਼ਬੂਤ ਕਰਕੇ, ਪ੍ਰਸਤਾਵਿਤ ਸੋਧ ਦਾ ਉਦੇਸ਼ ਬੱਚਿਆਂ ਲਈ ਯੋਗ ਖਾਣ-ਪੀਣ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਨਾਲ ਹੀ, ਇਹ ਨਿਰਮਾਤਾਵਾਂ ਨੂੰ ਅਜਿਹੇ ਉਤਪਾਦ ਤਿਆਰ ਕਰਨ ਲਈ ਉਤਸ਼ਾਹਿਤ ਕਰਦਾ ਹੈ, ਜੋ ਛੋਟੇ ਬੱਚਿਆਂ ਦੀਆਂ ਵਿਸ਼ੇਸ਼ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਪਹਿਲ ਦਿੰਦੇ ਹਨ।
ਇਹ ਪ੍ਰਸਤਾਵਿਤ ਰੈਗੂਲੇਟਰੀ ਉਪਾਅ ਵਿਗਿਆਨ- ਅਧਾਰਿਤ ਖੁਰਾਕ ਮਾਪਦੰਡਾਂ, ਜ਼ਿੰਮੇਵਾਰ ਉਤਪਾਦ ਫਾਰਮੂਲੇਸ਼ਨ ਅਤੇ ਨਿਵਾਰਕ ਪੋਸ਼ਣ (ਪ੍ਰੀਵੈਂਟਿਵ ਨਿਊਟ੍ਰੀਸ਼ਨ) ‘ਤੇ FSSAI ਦੇ ਨਿਰੰਤਰ ਧਿਆਨ ਨੂੰ ਦਰਸਾਉਂਦਾ ਹੈ। ਇਹ ਦੇਸ਼ ਦੀਆਂ ਵਿਆਪਕ ਜਨਤਕ-ਸਿਹਤ ਤਰਜੀਹਾਂ ਦੇ ਅਨਿੱਖੜਵੇਂ ਅੰਗ ਵਜੋਂ ਜੀਵਨ ਦੇ ਸ਼ੁਰੂਆਤੀ ਪੜਾਵਾਂ ਤੋਂ ਹੀ ਬੱਚਿਆਂ ਦੀ ਪੋਸ਼ਣ ਸਬੰਧੀ ਭਲਾਈ ਦੀ ਰੱਖਿਆ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ।
ਇਸ ਡ੍ਰਾਫਟ ਨੋਟੀਫਿਕੇਸ਼ਨ ਨੂੰ ਜਨਤਕ ਸਲਾਹ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦੇ ਤਹਿਤ ਅਧਿਕਾਰਤ ਗਜ਼ਟ ਦੀਆਂ ਕਾਪੀਆਂ ਜਾਰੀ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਸਾਰੇ ਸਬੰਧਿਤ ਪੱਖਾਂ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ। ਨਿਰਧਾਰਿਤ ਸਮੇਂ ਦੇ ਅੰਦਰ ਪ੍ਰਾਪਤ ਹੋਏ ਸੁਝਾਵਾਂ ਅਤੇ ਇਤਰਾਜ਼ਾਂ ‘ਤੇ FSSAI ਦੁਆਰਾ ਸੋਧ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਵਿਚਾਰ ਕੀਤਾ ਜਾਵੇਗਾ।
ਗਜ਼ਟ ਨੋਟੀਫਿਕੇਸ਼ਨ ਇੱਥੇ ਉਪਲਬਧ ਹੈ:
https://egazette.gov.in/(S(3nckv5a5rxblmebm3laawlkr))/ViewPDF.aspx
****
ਐੱਸਆਰ /ਏਕੇ
(Release ID: 2324905)
ਵਿਜ਼ੀਟਰ ਕਾਊਂਟਰ : 7