ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਵਿੱਚ ਬਲੂਮਬਰਗ ਨਿਊ ਇਕੋਨੋਮੀ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
13 OCT 2026 11:08AM by PIB Chandigarh
ਨਮਸਕਾਰ!
ਮਹਾਮਹਿਮ, ਦੁਨੀਆ ਭਰ ਤੋਂ ਆਏ ਪ੍ਰਤੀਨਿਧੀਆਂ, ਕਾਰੋਬਾਰ ਅਤੇ ਉਦਯੋਗ ਜਗਤ ਦੇ ਆਗੂਆਂ, ਨੀਤੀ-ਘਾੜਿਆਂ ਅਤੇ ਮੇਰੇ ਸਾਥੀਓ।
ਭਾਰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਕੁਝ ਦੇਰ ਪਹਿਲਾਂ, ਮਿਸਟਰ ਬਲੂਮਬਰਗ ਨੇ ਇੱਥੇ ਆਪਣੀ ਗੱਲ ਰੱਖੀ। 30 ਸਾਲਾਂ ਦੀ ਉਨ੍ਹਾਂ ਦੀ ਯਾਤਰਾ ਅਤੇ ਉਹ ਮੈਨੂੰ ਕਹਿ ਰਹੇ ਹਨ ਕਿ, ਮੈਂ ਉਨ੍ਹਾਂ ਦਾ ਮਿੱਤਰ ਹਾਂ, ਉਹ ਉਮਰ ਵਿੱਚ ਵੀ ਵੱਡੇ ਹਨ, ਆਪਣੇ ਕੰਮ ਦੇ ਸਬੰਧ ਵਿੱਚ ਬਹੁਤ ਸਫ਼ਲ ਵਿਅਕਤੀ ਹਨ ਅਤੇ ਸਫ਼ਲ ਵੀ ਹਨ, ਸਮਰਪਿਤ ਵੀ ਹਨ ਅਤੇ ਭਾਰਤ ਪ੍ਰਤੀ ਉਨ੍ਹਾਂ ਦਾ ਜੋ ਪਿਆਰ ਹੈ, ਉਸ ਨੂੰ ਮੈਂ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ ਹੈ ਅਤੇ ਇਸ ਲਈ, ਮੈਂ ਨਿੱਜੀ ਤੌਰ 'ਤੇ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ, ਉਨ੍ਹਾਂ ਦਾ ਚਾਉਣਾ ਵਾਲਾ ਰਿਹਾ ਹਾਂ ਅਤੇ ਅੱਜ ਵੀ ਭਾਰਤ ਪ੍ਰਤੀ ਉਨ੍ਹਾਂ ਦਾ ਪ੍ਰੇਮ, ਆਲਮੀ ਮੰਚਾਂ 'ਤੇ ਭਾਰਤ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਹਮੇਸ਼ਾ ਬਹੁਤ ਹੀ ਸਕਾਰਾਤਮਿਕ ਊਰਜਾ ਦੇਣ ਵਾਲੀਆਂ ਰਹੀਆਂ ਹਨ ਅਤੇ ਇਸ ਦੇ ਲਈ ਮੈਂ ਸ਼੍ਰੀਮਾਨ, ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਹਰ ਸਾਲ ਇਹ ਫੋਰਮ ਦੁਨੀਆ ਦੇ ਬਿਹਤਰੀਨ ਦਿਮਾਗਾਂ ਨੂੰ ਇੱਕ ਨਾਲ ਲਿਆਉਂਦਾ ਹੈ। ਇੱਥੇ ਇਕੋਨੋਮੀ 'ਤੇ ਚਰਚਾ ਹੁੰਦੀ ਹੈ, ਤਕਨਾਲੋਜੀ, ਐਨਰਜੀ ਅਤੇ ਗਲੋਬਲ ਅਫੇਅਰਜ਼ 'ਤੇ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਇਸ ਵਾਰ, ਪਹਿਲੀ ਵਾਰ ਇਹ ਆਯੋਜਨ ਭਾਰਤ ਵਿੱਚ ਹੋ ਰਿਹਾ ਹੈ। ਮੈਂ ਮਿਸਟਰ ਬਲੂਮਬਰਗ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਫ਼ੈਸਲੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਸਹੀ ਸਮੇਂ 'ਤੇ, ਸਹੀ ਜਗ੍ਹਾ ਚੁਣੀ ਹੈ।
ਦੋਸਤੋ,
ਇਸ ਸਾਲ ਬਲੂਮਬਰਗ ਇਕੋਨੋਮੀ ਫੋਰਮ ਦਾ ਥੀਮ ਦੁਨੀਆ ਵਿੱਚ ਉੱਭਰ ਰਹੀਆਂ ਨਵੀਂਆਂ ਤਾਕਤਾਂ 'ਤੇ ਕੇਂਦਰਿਤ ਹੈ। ਹਰ ਯੁੱਗ ਵਿੱਚ ਪਾਵਰ ਦੇ ਆਪਣੇ ਸਰੋਤ ਰਹੇ ਹਨ, ਆਪਣੀ ਪਰਿਭਾਸ਼ਾ ਰਹੀ ਹੈ। ਪਰ 21ਵੀਂ ਸਦੀ ਵਿੱਚ, ਖ਼ਾਸ ਕਰਕੇ ਇਸ ਤੀਜੇ ਦਹਾਕੇ ਵਿੱਚ, ਇੱਕ ਵੱਡਾ ਬਦਲਾਅ ਹੋ ਰਿਹਾ ਹੈ। Today, Technology is Power, Data is Power, Knowledge is Power, Innovation is Power. Friends,
ਪਰ ਸਾਥੀਓ,
ਅਸਲ ਸਵਾਲ ਇਹ ਨਹੀਂ ਹੈ ਕਿ ਪਾਵਰ ਕਿਸ ਦੇ ਕੋਲ ਹੈ, ਬਲਕਿ ਸਵਾਲ ਇਹ ਹੈ ਕਿ ਇਸ ਦੀ ਵਰਤੋਂ ਕਿਵੇਂ ਹੋ ਰਹੀ ਹੈ? ਕੀ ਤਕਨਾਲੋਜੀ ਸਿਰਫ਼ ਕੁਝ ਲੋਕਾਂ ਨੂੰ ਅੱਗੇ ਵਧਾਏਗੀ? ਜਾਂ ਕਰੋੜਾਂ ਲੋਕਾਂ ਲਈ ਨਵੇਂ ਮੌਕੇ ਬਣਾਏਗੀ? ਕੀ Knowledge (ਗਿਆਨ) , ਕੇਵਲ ਕੁਝ ਲੋਕਾਂ ਦੀ ਤਾਕਤ ਬਣੀ ਰਹੇਗੀ? ਜਾਂ ਸਭ ਦੀ ਸਮਰੱਥਾ ਵਧਾਏਗੀ? ਇੱਥੋਂ ਹੀ ਇੱਕ ਨਵਾਂ ਵਿਚਾਰ ਜਨਮ ਲੈਂਦਾ ਹੈ ਅਤੇ ਇਹ ਵਿਚਾਰ ਹੈ - Power to Empower , Power to Empower, Power to Control ਤੋਂ ਅੱਗੇ Power to Enable, Power to Compete ਤੋਂ ਅੱਗੇ Power to Collaborate, Power to Succeed ਤੋਂ ਅੱਗੇ Power to Help Others Succeed. ਅਤੇ ਇਸ ਲਈ, ਅੱਜ ਮੈਂ ਇੱਥੇ ਜਿਸ ਵਿਜ਼ਨ (ਨਜ਼ਰੀਏ) ਨਾਲ ਆਇਆ ਹਾਂ ਉਹ ਹੈ- Power to Empower.
ਸਾਥੀਓ,
ਇਹ ਵਿਚਾਰ ਭਾਰਤ ਲਈ ਨਵਾਂ ਨਹੀਂ ਹੈ। ਸਾਡੇ ਇੱਥੇ ਕਿਹਾ ਗਿਆ ਹੈ, ‘विद्या विवादाय धनं मदाय, शक्तिः परेषां परि-पीडनाय। खलस्य साधो: विपरीतम् एतत्, ज्ञानाय दानाय च रक्षणाय॥’ ਇਸ ਦਾ ਭਾਵ ਇਹੀ ਹੈ ਕਿ ਗਿਆਨ, ਧਨ ਅਤੇ ਸ਼ਕਤੀ ਜਿਸ ਕੋਲ ਵੀ ਹੋਵੇ, ਉਹ ਇਨ੍ਹਾਂ ਦੀ ਵਰਤੋਂ ਕਿਵੇਂ ਕਰਦਾ ਹੈ, ਇਹ ਮਹੱਤਵਪੂਰਨ ਹੈ। ਭਾਵ ਸ਼ਕਤੀ ਦਾ ਅਸਲ ਮੁੱਲ ਉਸ ਦੇ ਉਦੇਸ਼ ਵਿੱਚ ਹੈ ਅਤੇ ਇਸ ਸੋਚ ਨੂੰ ਅੱਜ ਦੇ ਦੌਰ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ।
ਸਾਥੀਓ,
Power to Empower (ਸਮਰੱਥ ਬਣਾਉਣ ਦੀ ਤਾਕਤ) ਕਰਨ ਵਾਲਾ ਜਿਹੜਾ ਇਹ ਮਾਨਵਤਾਵਾਦੀ ਭਾਵ ਹੈ, ਇਹ ਸਿਰਫ਼ ਦੂਜਿਆਂ ਨੂੰ ਉਪਦੇਸ਼ ਦੇਣ ਲਈ ਨਹੀਂ ਹੈ, ਇਹ ਹਜ਼ਾਰਾਂ ਸਾਲਾਂ ਦੀ ਸਾਡੀ ਪਰੰਪਰਾ ਨੇ ਸਾਨੂੰ ਸਿਖਾਇਆ ਹੈ ਅਤੇ ਭਾਰਤ ਵਿੱਚ ਅਸੀਂ ਇਸ ਨੂੰ ਆਪਣੀ ਸ਼ਾਸਨ ਪ੍ਰਣਾਲੀ ਵਿੱਚ, ਆਪਣੇ ਕਾਰਜ-ਸੱਭਿਆਚਾਰ ਵਿੱਚ ਲਾਗੂ ਕਰਕੇ ਦਿਖਾਇਆ ਹੈ। ਇਸ ਲਈ, ਮੈਂ ਭਾਰਤ ਦੀਆਂ ਉਦਾਹਰਣਾਂ ਨਾਲ ਹੀ ਆਪਣੀ ਗੱਲ ਨੂੰ ਅੱਗੇ ਵਧਾਵਾਂਗਾ।
ਸਾਥੀਓ,
ਤੁਸੀਂ ਸਾਰੇ ਜਾਣਦੇ ਹੋ, ਭਾਰਤ ਮਦਰ ਆਫ਼ ਡੈਮੋਕ੍ਰੇਸੀ ਹੈ। ਭਾਰਤ ਵਿੱਚ ਸੌ ਤੋਂ ਉੱਪਰ ਭਾਸ਼ਾਵਾਂ ਹਨ, ਕਰੀਬ 80 ਹਜ਼ਾਰ ਰਜਿਸਟਰਡ ਅਖ਼ਬਾਰ ਅਤੇ ਪ੍ਰਕਾਸ਼ਨ ਹਨ। ਇੱਕ ਹਜ਼ਾਰ ਤੋਂ ਵੱਧ ਸੈਟੇਲਾਈਟ ਟੀਵੀ ਚੈਨਲ ਹਨ ਅਤੇ ਇੰਨਾ ਹੀ ਨਹੀਂ, ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ, ਭਾਰਤ ਵਿੱਚ ਪੰਜ ਸੌ ਮਿਲੀਅਨ ਤੋਂ ਵੱਧ ਯੂਟਿਊਬ ਯੂਜ਼ਰਸ ਹਨ। ਪੰਜ ਸੌ ਮਿਲੀਅਨ ਤੋਂ ਜ਼ਿਆਦਾ ਇੰਸਟਾਗ੍ਰਾਮ ਯੂਜ਼ਰਸ ਹਨ। ਸਾਡੇ ਇੱਥੇ ਵੱਖ-ਵੱਖ ਮੁੱਦਿਆਂ 'ਤੇ ਖੁੱਲ੍ਹ ਕੇ ਬਹਿਸ ਹੁੰਦੀ ਹੈ, ਵੱਖ-ਵੱਖ ਨਜ਼ਰੀਏ 'ਤੇ ਜਨਤਾ ਚਰਚਾ ਕਰਦੀ ਹੈ ਅਤੇ ਮੌਜੂਦਾ ਸਮੇਂ ਵਿੱਚ, ਇਸ ਵਿੱਚ ਜਿਸ ਨੇ ਇੱਕ ਵੱਡੀ ਭੂਮਿਕਾ ਨਿਭਾਈ ਹੈ, ਉਹ ਹੈ- ਡਿਜੀਟਲ ਪਾਵਰ।
ਸਾਥੀਓ,
12-13 ਸਾਲ ਪਹਿਲਾਂ ਤੱਕ ਭਾਰਤ ਵਿੱਚ ਇੱਕ ਸਮਾਂ ਉਹ ਵੀ ਸੀ, ਜਦੋਂ ਮੋਬਾਈਲ ਅਤੇ ਇੰਟਰਨੈੱਟ ਤੱਕ ਪਹੁੰਚ ਵੀ ਆਪਣੇ ਆਪ ਵਿੱਚ ਇੱਕ ਸ਼ਕਤੀ ਹੋਇਆ ਕਰਦੀ ਸੀ। ਜਿਸ ਕੋਲ ਐਕਸੈਸ ਸੀ, ਉਸ ਕੋਲ ਜਾਣਕਾਰੀ ਸੀ, ਗਿਆਨ ਸੀ, ਮੌਕੇ ਸਨ। 2014 ਤੋਂ ਬਾਅਦ, ਜਦੋਂ ਭਾਰਤ ਵਿੱਚ ਨਵੀਂ ਸਰਕਾਰ ਬਣੀ, ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਭਾਰਤ ਨੇ ਮੋਬਾਈਲ ਡੇਟਾ ਨੂੰ ਕਿਫ਼ਾਇਤੀ ਬਣਾਉਣ 'ਤੇ ਜ਼ੋਰ ਦਿੱਤਾ। ਇਸੇ ਦਾ ਨਤੀਜਾ ਹੈ ਕਿ ਅੱਜ ਇੱਕ ਛੋਟੇ ਸ਼ਹਿਰ ਦਾ ਵਿਦਿਆਰਥੀ ਵੀ ਡਿਜੀਟਲ ਲਰਨਿੰਗ ਨਾਲ ਜੁੜ ਸਕਦਾ ਹੈ। ਕਿਸੇ ਪਿੰਡ ਵਿੱਚ ਇੱਕ ਛੋਟਾ ਦੁਕਾਨਦਾਰ ਵੀ ਨਵੇਂ ਗਾਹਕਾਂ ਤੱਕ ਪਹੁੰਚ ਸਕਦਾ ਹੈ। ਇੱਕ ਨੌਜਵਾਨ ਵੀ ਆਨਲਾਈਨ ਨਵੇਂ ਕੋਰਸ ਜੁਆਇਨ ਕਰ ਸਕਦਾ ਹੈ। ਭਾਵ ਭਾਰਤ ਵਿੱਚ ਕਨੈਕਟੀਵਿਟੀ ਨੇ ਸਿਰਫ਼ ਲੋਕਾਂ ਨੂੰ ਕਨੈਕਟ ਨਹੀਂ ਕੀਤਾ, ਉਸ ਨੇ ਮੌਕਿਆਂ ਨੂੰ ਵੀ ਕਨੈਕਟ ਕੀਤਾ ਹੈ। ਇਹੋ, ਇਹੋ Power to Empower ਹੈ।
ਸਾਥੀਓ,
ਤੁਹਾਡੇ ਵਿੱਚੋਂ ਜੋ ਮਹਿਮਾਨ ਵਿਦੇਸ਼ ਤੋਂ ਆਏ ਹਨ, ਉਨ੍ਹਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਭਾਰਤ ਦੇ ਡਿਜੀਟਲ ਪੇਮੈਂਟਸ ਈਕੋਸਿਸਟਮ ਨੂੰ ਵੀ ਅਜ਼ਮਾ ਕੇ ਦੇਖੋ। ਸਾਡੇ ਇੱਥੇ ਇੱਕ ਰੇੜ੍ਹੀ ਵਾਲੇ ਅਤੇ ਇੱਕ ਵੱਡੇ ਕਾਰ ਸ਼ੋਰੂਮ ਦਾ ਕਾਰੋਬਾਰ ਵੱਖ-ਵੱਖ ਹੈ, ਉਨ੍ਹਾਂ ਦਾ ਪੈਮਾਨਾ ਵੱਖ ਹੈ, ਪਰ ਭਾਰਤ ਵਿੱਚ ਇਹ ਦੋਵੇਂ ਡਿਜੀਟਲ ਪੇਮੈਂਟਸ ਦੇ ਇੱਕ ਹੀ ਈਕੋਸਿਸਟਮ ਦੀ ਵਰਤੋਂ ਕਰ ਰਹੇ ਹਨ। ਇਹੋ ਸਮਾਵੇਸ਼ੀ ਤਕਨਾਲੋਜੀ (Inclusive Technology) ਦੀ ਤਾਕਤ ਹੈ।
ਸਾਥੀਓ,
ਭਾਰਤ ਦੀ ਜੋ ਵੀ ਸਮਰੱਥਾ ਹੈ, ਉਸ ਨੂੰ ਅਸੀਂ ਆਪਣੇ ਘਰ ਵਿੱਚ ਹੀ ਰੱਖਣ ਦੇ ਸਮਰਥਕ ਨਹੀਂ ਹਾਂ, ਉਸ ਨੂੰ ਅਸੀਂ ਗਲੋਬਲ ਸਾਊਥ ਦੇ ਨਾਲ, ਹੋਰ ਸਾਥੀ ਦੇਸ਼ਾਂ ਦੇ ਨਾਲ ਲਗਾਤਾਰ ਸਾਂਝਾ ਕਰਦੇ ਹਾਂ। ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਤਜਰਬੇ ਨੂੰ ਅਸੀਂ ਦੂਜੇ ਦੇਸ਼ਾਂ ਨਾਲ ਸਾਂਝਾ ਕਰ ਰਹੇ ਹਾਂ, ਤਾਂ ਜੋ ਉਹ ਆਪਣੀਆਂ ਲੋੜਾਂ ਅਨੁਸਾਰ ਆਪਣੇ ਡਿਜੀਟਲ ਸਿਸਟਮ ਵਿਕਸਿਤ ਕਰ ਸਕਣ। ਅਸੀਂ ਕੋਵਿਡ ਦੇ ਸਮੇਂ ਵੀ 'ਕੋਵਿਨ' (CoWIN) ਪਲੇਟਫ਼ਾਰਮ ਬਣਾਇਆ ਸੀ, ਜੋ ਓਪਨ ਸੋਰਸ ਸੀ, ਭਾਵ ਸਾਡਾ ਇਹ ਨਿਰੰਤਰ ਯਤਨ ਹੈ ਕਿ ਭਾਰਤ ਦੀ ਸਮਰੱਥਾ ਦੂਜੇ ਦੇਸ਼ਾਂ ਲਈ ਵੀ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹੇ। ਭਾਵ ਸਾਡੀ ਸਮਰੱਥਾ, ਮਨੁੱਖਤਾ ਨੂੰ ਸਮਰੱਥ ਬਣਾਏ।
ਸਾਥੀਓ,
ਇਨੋਵੇਸ਼ਨ ਦੀ ਪਾਵਰ ਵੀ ਅਜਿਹੀ ਹੀ ਹੈ, ਇੱਕ ਵਿਚਾਰ ਨੂੰ ਉਤਪਾਦ ਵਿੱਚ ਬਦਲਣਾ, ਇੱਕ ਸਮੱਸਿਆ ਨੂੰ ਹੱਲ ਵਿੱਚ ਬਦਲਣਾ, ਇਹ ਆਪਣੇ ਆਪ ਵਿੱਚ ਇੱਕ ਵੱਡੀ ਸਮਰੱਥਾ ਹੈ। ਪਰ ਜਦੋਂ ਇਹ ਮੌਕਾ ਸਮਾਜ ਦੇ ਵੱਧ ਤੋਂ ਵੱਧ ਲੋਕਾਂ ਨੂੰ ਮਿਲਦਾ ਹੈ, ਤਾਂ ਤਾਕਤ ਦਾ ਸੰਤੁਲਨ ਬਣਦਾ ਹੈ ਅਤੇ ਇਸ ਦਾ ਪ੍ਰਭਾਵ ਕਈ ਗੁਣਾ ਵਧ ਜਾਂਦਾ ਹੈ। ਭਾਰਤ ਦੀ ਸਟਾਰਟਅੱਪ ਯਾਤਰਾ ਇਸੇ ਬਦਲਾਅ ਦੀ ਉਦਾਹਰਣ ਹੈ। ਸਾਲ 2014 ਤੋਂ ਪਹਿਲਾਂ, ਭਾਰਤ ਵਿੱਚ ਕੁਝ ਸੌ ਸਟਾਰਟਅੱਪਸ ਹੀ ਹੋਇਆ ਕਰਦੇ ਸਨ, ਹੁਣ ਦੇਸ਼ ਵਿੱਚ ਇਨ੍ਹਾਂ ਦੀ ਗਿਣਤੀ ਢਾਈ ਲੱਖ ਤੋਂ ਵੱਧ ਹੋ ਗਈ ਹੈ। ਕਰੀਬ ਅੱਧੇ ਸਟਾਰਟਅੱਪਸ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਆਉਂਦੇ ਹਨ। 45 ਫ਼ੀਸਦੀ ਤੋਂ ਵੱਧ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਜਾਂ ਪਾਰਟਨਰ ਹੈ। ਭਾਵ ਨਵੀਨਤਾ ਦੇ ਮੌਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਰਹੇ ਹਨ, ਨਵੀਂਆਂ ਪ੍ਰਤਿਭਾਵਾਂ ਸਾਹਮਣੇ ਆ ਰਹੀਆਂ ਹਨ, ਨਵੇਂ ਹੱਲ ਬਣ ਰਹੇ ਹਨ।
ਸਾਥੀਓ,
ਤਾਕਤ ਦੇ ਉਦੇਸ਼ 'ਤੇ ਜੋ ਫੋਕਸ ਹੈ, ਇਹੋ ਸੋਚ ਸ਼ਾਸਨ ਪ੍ਰਣਾਲੀ ਵਿੱਚ ਵੀ ਜ਼ਰੂਰੀ ਹੈ। ਸਰਕਾਰ ਕੋਲ ਅਧਿਕਾਰ ਹੈ, ਪਰ ਇਸ ਦਾ ਉਦੇਸ਼ ਇਹ ਨਹੀਂ ਹੋਣਾ ਚਾਹੀਦਾ ਕਿ ਦੇਸ਼ ਦਾ ਨਾਗਰਿਕ ਸਿਸਟਮ 'ਤੇ ਹੀ ਨਿਰਭਰ ਹੋ ਜਾਵੇ, ਸਗੋਂ ਇਸ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦੇ ਨਾਗਰਿਕ ਸਮਰੱਥ ਹੋਣ, ਸ਼ਕਤੀਸ਼ਾਲੀ ਹੋਣ ਅਤੇ ਭਾਰਤ ਇਸੇ ਰਸਤੇ 'ਤੇ ਚੱਲ ਰਿਹਾ ਹੈ। ਇਸੇ ਰਸਤੇ 'ਤੇ ਚੱਲਦਿਆਂ ਭਾਰਤ ਨੇ ਬੀਤੇ ਇੱਕ ਦਹਾਕੇ ਵਿੱਚ 25 ਕਰੋੜ ਲੋਕਾਂ ਨੂੰ, ਦੁਨੀਆ ਦੇ ਕਈ ਦੇਸ਼ਾਂ ਦੀ ਆਬਾਦੀ ਤੋਂ ਵੀ ਜ਼ਿਆਦਾ, 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ।
ਸਾਥੀਓ,
ਤੁਸਾਂ ਜੇਏਐੱਮ ਟ੍ਰਿਨਿਟੀ ਅਤੇ ਡਾਇਰੈਕਟ ਬੈਨੀਫਿਟ ਟਰਾਂਸਫਰ ਬਾਰੇ ਵੀ ਸੁਣਿਆ ਹੋਵੇਗਾ। ਅਸੀਂ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਲਾਭਪਾਤਰੀਆਂ ਦੇ ਬੈਂਕ ਖਾਤਿਆਂ ਤੱਕ ਸਰਕਾਰੀ ਮਦਦ ਸਿੱਧੀ ਪਹੁੰਚਾਉਣ ਦਾ ਪ੍ਰਬੰਧ ਬਣਾਇਆ ਹੈ। ਇਸ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ ਹੈ, ਦੇਸ਼ ਦੇ ਨਾਗਰਿਕ ਦੀ ਸਹੂਲਤ ਵਧੀ ਹੈ, ਸਰਕਾਰ ਅਤੇ ਨਾਗਰਿਕ ਵਿਚਕਾਰ ਸਿੱਧਾ ਰਸਤਾ ਬਣਿਆ ਹੈ।
ਸਾਥੀਓ,
ਪਾਵਰ ਟੂ ਇੰਪਾਵਰ ਦੀ ਇਹੋ ਸੋਚ ਭਾਰਤ ਦੀ ਗਲੋਬਲ ਐਂਗੇਜਮੈਂਟ ਵਿੱਚ ਵੀ ਦਿਖਾਈ ਦਿੰਦੀ ਹੈ। ਕੋਵਿਡ ਮਹਾਮਾਰੀ ਦੌਰਾਨ ਵੈਕਸੀਨ ਨਿਰਮਾਣ ਸਮਰੱਥਾ ਦਾ ਬਹੁਤ ਵੱਡਾ ਮਹੱਤਵ ਸੀ। ਉਦੋਂ ਸਵਾਲ ਸੀ ਕਿ, ਕੀ ਇਸ ਤਾਕਤ ਦਾ ਫ਼ਾਇਦਾ ਵੀ ਕੁਝ ਹੀ ਦੇਸ਼ਾਂ ਤੱਕ ਸੀਮਤ ਰਹਿ ਜਾਵੇਗਾ? ਜਾਂ ਫਿਰ ਜਿਨ੍ਹਾਂ ਕੋਲ ਇਹ ਸਹੂਲਤ ਅਤੇ ਇਹ ਸਮਰੱਥਾ ਨਹੀਂ ਹੈ, ਉਨ੍ਹਾਂ ਦੇਸ਼ਾਂ, ਉਨ੍ਹਾਂ ਲੋਕਾਂ ਤੱਕ ਵੀ ਵੈਕਸੀਨ ਪਹੁੰਚਣਗੀਆਂ? ਭਾਰਤ ਨੇ ਮਨੁੱਖਤਾ ਨੂੰ ਇੰਪਾਵਰ ਕਰਨ ਵਾਲਾ ਰਸਤਾ ਚੁਣਿਆ। ਅਸੀਂ 100 ਤੋਂ ਵੱਧ ਦੇਸ਼ਾਂ ਨੂੰ ਵੈਕਸੀਨਾਂ ਦੀ ਸਪਲਾਈ ਕੀਤੀ। ਸਾਡੀ ਨਿਰਮਾਣ ਸਮਰੱਥਾ ਦੂਜੇ ਦੇਸ਼ਾਂ ਲਈ ਵੀ ਸਹਾਇਤਾ ਦਾ ਜ਼ਰੀਆ ਬਣੀ। ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਉਦਾਹਰਣ ਦੇਵਾਂਗਾ। ਕੁਝ ਮਹੀਨੇ ਪਹਿਲਾਂ, ਭਾਰਤ ਵਿੱਚ ਏਆਈ ਇੰਪੈਕਟ ਸਮਿਟ ਹੋਈ, ਅਤੇ ਸ਼੍ਰੀਮਾਨ ਬਲੂਮਬਰਗ ਜੀ ਨੇ ਵੀ ਉਸ ਏਆਈ ਸਮਿਟ ਦੀ ਹੁਣੇ ਬਹੁਤ ਸ਼ਲਾਘਾ ਵੀ ਕੀਤੀ। ਇਸ ਵਿੱਚ ਅਸੀਂ ਮਨੁੱਖਤਾ ਲਈ ਏਆਈ ਦੇ ਉਪਯੋਗ ਦੇ ਨਾਲ ਹੀ ਜਾਨਵਰਾਂ ਨੂੰ ਕਿਵੇਂ ਏਆਈ ਦਾ ਫ਼ਾਇਦਾ ਹੋਵੇ, ਇਸ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ। ਨੰਦਨ ਇੱਥੇ ਬੈਠੇ ਹਨ, ਤੁਹਾਨੂੰ ਬਾਅਦ ਵਿੱਚ ਕਾਫ਼ੀ ਜਾਣਕਾਰੀ ਉਹ ਦੇ ਸਕਦੇ ਹਨ, ਇਹ ਕਿਵੇਂ ਕੀਤਾ। ਭਾਵ ਭਾਰਤ ਜਿੰਨਾ ਸਮਰੱਥ ਹੋਵੇਗਾ, ਮਨੁੱਖਤਾ ਲਈ, ਦੁਨੀਆ ਲਈ ਉਨ੍ਹਾਂ ਹੀ ਫ਼ਾਇਦੇਮੰਦ ਹੋਵੇਗਾ।
ਦੋਸਤੋ,
ਤਾਕਤ ਸਿਰਫ਼ ਅੱਗੇ ਵਧਣ ਦੀ ਯੋਗਤਾ ਨਹੀਂ ਹੈ। ਇਹ ਦੂਜਿਆਂ ਨੂੰ ਵੀ ਅੱਗੇ ਵਧਣ ਲਈ ਸਮਰੱਥ ਬਣਾਉਣ ਦੀ ਸਮਰੱਥਾ ਹੈ। ਭਾਰਤ ਦਾ ਮੰਨਣਾ ਹੈ ਕਿ ਮੁਕਾਬਲਾ ਜ਼ਰੂਰੀ ਹੈ, ਪਰ ਹਮਦਰਦੀ ਵੀ ਹੋਣੀ ਚਾਹੀਦੀ ਹੈ। ਨਵੀਨਤਾ ਜ਼ਰੂਰੀ ਹੈ, ਪਰ ਇਸ ਦੇ ਲਾਭ ਦਾ ਵਿਸਥਾਰ ਵੀ ਹੋਣਾ ਚਾਹੀਦਾ ਹੈ। ਰਾਸ਼ਟਰੀ ਤਾਕਤ ਜ਼ਰੂਰੀ ਹੈ, ਪਰ ਆਲਮੀ ਚੁਣੌਤੀਆਂ ਲਈ ਹੱਲ ਵਿੱਚ ਵੀ ਯੋਗਦਾਨ ਦੇਣਾ ਹੋਵੇਗਾ। ਜਲਵਾਯੂ ਪਰਿਵਰਤਨ ਹੋਵੇ, ਜਲ ਸ਼ਾਸਨ ਹੋਵੇ, ਜਨਤਕ ਸਿਹਤ ਹੋਵੇ, ਜਾਂ ਉੱਭਰ ਰਹੀਆਂ ਤਕਨਾਲੋਜੀਆਂ ਦੀ ਜ਼ਿੰਮੇਵਾਰ ਵਰਤੋਂ ਹੋਵੇ, ਦੁਨੀਆ ਨੂੰ ਅਜਿਹੀ ਸਮਰੱਥਾ ਚਾਹੀਦੀ ਹੈ, ਜੋ ਹੱਲ ਦੇਵੇ ਅਤੇ ਨਵੇਂ ਮੌਕੇ ਪੈਦਾ ਕਰੇ।
ਸਾਥੀਓ,
ਮੈਂ ਆਪ ਸਭ ਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। ਪੈਰਿਸ ਸਮਝੌਤੇ ਤਹਿਤ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਨੇ ਇੱਕ ਵੱਡੀ ਵਚਨਬੱਧਤਾ ਕੀਤੀ ਸੀ। ਸਾਲ 2015 ਵਿੱਚ ਅਸੀਂ ਟੀਚਾ ਰੱਖਿਆ ਸੀ, ਕਿ 2030 ਤੱਕ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 40 ਫ਼ੀਸਦੀ ਗੈਰ-ਜੀਵਾਸ਼ਮ ਸਰੋਤ ਤੋਂ ਹਾਸਲ ਕਰਾਂਗੇ ਅਤੇ ਭਾਰਤ ਨੇ ਇਹ ਪ੍ਰਾਪਤੀ ਨਵੰਬਰ 2021 ਵਿੱਚ ਹੀ ਹਾਸਲ ਕਰ ਲਈ। ਭਾਵ ਤੈਅ ਸਮੇਂ ਤੋਂ ਨੌਂ ਸਾਲ ਪਹਿਲਾਂ। ਭਾਰਤ ਅਜਿਹਾ ਕਰਨ ਵਾਲਾ ਪਹਿਲਾ ਜੀ20 ਦੇਸ਼ ਬਣਿਆ। ਇਹ ਕੇਵਲ ਇੱਕ ਵਚਨਬੱਧਤਾ ਪੂਰੀ ਕਰਨ ਦੀ ਗੱਲ ਨਹੀਂ ਸੀ, ਇਹ ਭਾਰਤ ਦੀ ਬਦਲਦੀ ਹੋਈ ਊਰਜਾ ਯਾਤਰਾ ਦਾ ਸੰਕੇਤ ਵੀ ਸੀ।
ਸਾਥੀਓ,
2014 ਵਿੱਚ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ, ਕਰੀਬ 75 ਗੀਗਾਵਾਟ ਸੀ। ਅੱਜ ਇਹ ਕਰੀਬ 300 ਗੀਗਾਵਾਟ ਹੋ ਚੁੱਕੀ ਹੈ। ਭਾਵ ਅਸੀਂ ਲਗਭਗ ਚਾਰ ਗੁਣਾ ਤੋਂ ਵੱਧ ਸਮਰੱਥਾ ਜੋੜੀ ਹੈ।
ਸਾਥੀਓ,
ਭਾਰਤ ਵਿੱਚ ਹੋ ਰਹੇ ਇਸ ਐਨਰਜੀ ਟ੍ਰਾਂਜ਼ਿਸ਼ਨ ਦੇ ਨਵੇਂ ਮੌਕੇ ਵੀ ਬਣ ਰਹੇ ਹਨ। ਅੱਜ ਸਾਡੇ ਇੱਥੇ 'ਪੀਐੱਮ ਸੂਰਿਆ ਘਰ' ਅਤੇ 'ਪੀਐੱਮ-ਕੁਸੁਮ' ਜਿਹੀਆਂ ਸਕੀਮਾਂ ਚੱਲ ਰਹੀਆਂ ਹਨ। ਇੱਕ ਯੋਜਨਾ ਘਰਾਂ ਨੂੰ ਸੋਲਰ ਪਾਵਰ ਨਾਲ ਜੋੜ ਰਹੀ ਹੈ, ਦੂਜੀ ਯੋਜਨਾ ਕਿਸਾਨਾਂ ਨੂੰ ਸੋਲਰ ਐਨਰਜੀ ਪੈਦਾ ਕਰਨ ਅਤੇ ਉਸ ਦੀ ਵਰਤੋਂ ਨਾਲ ਇਨਪੁੱਟ ਕੋਸਟ ਘੱਟ ਕਰਨ ਦੀ ਸਮਰੱਥਾ ਦੇ ਰਹੀ ਹੈ। ਇਹਨਾਂ ਦੋਵਾਂ ਯੋਜਨਾਵਾਂ ਦੇ ਮਾਧਿਅਮ ਨਾਲ, ਭਾਰਤ ਨੂੰ 30 ਗੀਗਾਵਾਟ ਤੋਂ ਵੱਧ ਸੋਲਰ ਕੈਪੈਸਿਟੀ ਹਾਸਲ ਹੋਈ ਹੈ। ਇਹਨਾਂ ਤੋਂ ਹਰ ਸਾਲ ਕਰੀਬ 30 ਮਿਲੀਅਨ ਟਨ ਤੋਂ ਵੱਧ ਕਾਰਬਨ ਐਮਿਸ਼ਨ (Carbon Emission) ਘੱਟ ਹੋਣ ਦਾ ਅਨੁਮਾਨ ਹੈ। ਭਾਵ ਸੋਲਰ ਪਾਵਰ ਕੁਦਰਤ ਦੀ ਰੱਖਿਆ ਕਰਨ ਦਾ ਮਾਧਿਅਮ ਵੀ ਬਣ ਰਿਹਾ ਹੈ, ਅਤੇ ਲੋਕਾਂ ਨੂੰ ਸਮਰੱਥ ਵੀ ਕਰ ਰਹੀ ਹੈ।
ਸਾਥੀਓ,
ਦੁਨੀਆ ਵਿੱਚ ਤਾਕਤ ਦੀ ਇਸ ਭੱਜ-ਦੌੜ ਵਿੱਚ, ਭਾਰਤ ਇੱਕ ਵੱਖਰਾ ਮਿਜ਼ਾਜ ਲੈ ਕੇ ਚੱਲ ਰਿਹਾ ਹੈ ਅਤੇ ਉਸ ਦਾ ਗਵਾਹ ਇਹ ਦਹਾਕਾ ਵੀ ਹੈ।
ਸਾਥੀਓ,
21ਵੀਂ ਸਦੀ ਦਾ ਇਹ ਦਹਾਕਾ, ਬੇਮਿਸਾਲ ਆਲਮੀ ਚੁਣੌਤੀਆਂ ਲੈ ਕੇ ਆਇਆ ਹੈ। ਅਸੀਂ ਜੇਕਰ ਪਿਛਲੇ ਛੇ ਸਾਲਾਂ ਨੂੰ ਦੇਖੀਏ, ਅਸੀਂ ਵਿਸ਼ਵ-ਵਿਆਪੀ ਮਹਾਮਾਰੀ ਦੇਖੀ, ਫਿਰ ਵੱਖ-ਵੱਖ ਖੇਤਰਾਂ ਵਿੱਚ ਜੰਗਾਂ ਛਿੜ ਗਈਆਂ, ਜਿਵੇਂ ਇੰਨਾ ਹੀ ਕਾਫ਼ੀ ਨਹੀਂ ਸੀ, ਫਿਰ ਵਪਾਰ ਹੋਵੇ, ਕ੍ਰਿਟੀਕਲ ਮਿਨਰਲਜ਼ ਹੋਣ ਜਾਂ ਐਨਰਜੀ ਸਪਲਾਈ ਹੋਵੇ, ਉਸ ਵਿੱਚ ਵੀ ਰੁਕਾਵਟਾਂ ਆ ਰਹੀਆਂ ਹਨ। ਦੁਨੀਆ ਇੱਕ ਸੰਕਟ ਤੋਂ ਬਾਹਰ ਨਿਕਲਣ ਦਾ ਰਸਤਾ ਤਲਾਸ਼ਦੀ ਹੈ, ਉਦੋਂ ਤੱਕ ਇੱਕ ਨਵਾਂ ਸੰਕਟ ਸਾਹਮਣੇ ਆ ਜਾਂਦਾ ਹੈ। ਜਿਨ੍ਹਾਂ ਚੀਜ਼ਾਂ ਨੇ ਕਦੇ ਦੁਨੀਆ ਨੂੰ ਜੋੜਿਆ ਸੀ, ਉਹੋ ਅੱਜ ਹਥਿਆਰ ਬਣ ਰਹੇ ਹਨ। ਸਪਲਾਈ ਚੇਨਜ਼ ਹੋਣ, ਐਨਰਜੀ ਹੋਵੇ, ਮਿਨਰਲਜ਼ ਹੋਣ, ਪੇਮੈਂਟਸ ਹੋਣ, ਜਾਂ ਤਕਨਾਲੋਜੀ—ਇਹ ਦਬਾਅ ਅਤੇ ਦਬਦਬੇ ਦਾ ਮਾਧਿਅਮ ਬਣ ਰਹੇ ਹਨ। ਬੀਤੇ ਦਹਾਕਿਆਂ ਵਿੱਚ ਗਲੋਬਲਾਈਜ਼ੇਸ਼ਨ ਨੇ ਜੋ ਰਸਤੇ ਬਣਾਏ, ਉਹ ਕਦੋਂ ਅਤੇ ਕਿੱਥੇ ਰੁਕਾਵਟ ਵਾਲੇ ਤੰਗ ਸਥਾਨ (Chokepoints) ਬਣ ਗਏ, ਇਹ ਅਸੀਂ ਸਾਰੇ ਦੇਖ ਰਹੇ ਹਾਂ। ਇਹਨਾਂ ਸਭ ਦੇ ਵਿਚਕਾਰ, ਆਰਟੀਫੀਸ਼ੀਅਲ ਇੰਟੈਲੀਜੈਂਸ, ਹਰ ਸੈਕਟਰ ਵਿੱਚ ਕੰਮ ਕਰਨ ਦੇ ਤਰੀਕੇ ਬਦਲ ਰਹੀ ਹੈ। ਅਨੇਕਾਂ ਦੇਸ਼ਾਂ ਵਿੱਚ, ਉਮਰ ਵਧਣ ਨਾਲ ਜੁੜੀਆਂ ਚੁਣੌਤੀਆਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਅਜਿਹੇ ਵਿੱਚ, ਅੱਜ ਦੁਨੀਆ ਦੇ ਸਾਹਮਣੇ ਇੱਕ ਵੱਡਾ ਸਵਾਲ, ਭਰੋਸੇ ਦਾ ਹੈ। ਭਰੋਸਾ ਇਹ, ਕਿ ਲੋੜ ਦੇ ਸਮੇਂ ਸਪਲਾਈ ਜਾਰੀ ਰਹੇਗੀ। ਭਰੋਸਾ ਇਹ, ਕਿ ਜੋ ਵਾਅਦੇ ਕੀਤੇ ਹਨ, ਉਹ ਨਿਭਾਏ ਵੀ ਜਾਣਗੇ। ਭਰੋਸਾ ਇਹ, ਕਿ ਸੰਕਟ ਦੇ ਸਮੇਂ ਸਾਡਾ ਸਹਿਯੋਗੀ ਦੇਸ਼ ਨਾਲ ਖੜ੍ਹਾ ਰਹੇਗਾ ਅਤੇ ਇੱਥੇ ਹੀ, ਭਾਰਤ ਇੱਕ ਵੱਖਰੇ ਮਿਜ਼ਾਜ, ਇੱਕ ਵੱਖਰੀ ਸੋਚ ਦੇ ਨਾਲ ਤੁਹਾਡੇ ਸਾਹਮਣੇ ਹੈ।
ਸਾਥੀਓ,
21ਵੀਂ ਸਦੀ ਵਿੱਚ, ਭਾਰਤ ਦੀ ਤਰੱਕੀ, ਸਭ ਦੇ ਨਾਲ ਮਿਲ ਕੇ, ਸਭ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਕਹਾਣੀ ਹੈ। ਜਦੋਂ ਦੁਨੀਆ ਨੂੰ ਕਿਫ਼ਾਇਤੀ ਦਵਾਈਆਂ ਦੀ ਲੋੜ ਹੁੰਦੀ ਹੈ, ਤਾਂ ਹਰ ਪੰਜ ਵਿੱਚੋਂ ਇੱਕ ਜੈਨੇਰਿਕ ਦਵਾਈ ਭਾਰਤ ਤੋਂ ਆਉਂਦੀ ਹੈ। ਜਦੋਂ ਡਿਜੀਟਲ ਪਛਾਣ ਅਤੇ ਪੇਮੈਂਟਸ ਦੇ ਹੱਲ ਚਾਹੀਦੇ ਹੁੰਦੇ ਹਨ, ਤਾਂ ਭਾਰਤ ਵਿੱਚ ਵਿਕਸਿਤ ਮਾਡਲ ਦਿਖਾਈ ਦਿੰਦਾ ਹੈ। ਜਦੋਂ ਦੁਨੀਆ ਨੂੰ ਟੈਲੇਂਟ ਦੀ ਲੋੜ ਹੁੰਦੀ ਹੈ, ਤਾਂ ਭਾਰਤ ਦੇ ਹੁਨਰਮੰਦ ਨੌਜਵਾਨਾਂ 'ਤੇ ਭਰੋਸਾ ਹੁੰਦਾ ਹੈ। ਅੱਜ ਭਾਰਤ ਵਿੱਚ 2,000 ਤੋਂ ਵੱਧ ਗਲੋਬਲ ਕੈਪੇਬਿਲਟੀ ਸੈਂਟਰਜ਼ ਹਨ, ਜੋ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਸਾਥੀਓ,
ਇਹ ਸਪੱਸ਼ਟ ਹੈ, ਕਿ ਜਦੋਂ ਵੀ ਦੁਨੀਆ ਨੂੰ ਇੱਕ ਮਜ਼ਬੂਤ ਥੰਮ੍ਹ ਦੀ ਲੋੜ ਹੁੰਦੀ ਹੈ, ਤਾਂ ਭਾਰਤ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹੱਥ ਅੱਗੇ ਵਧਾਉਂਦਾ ਹੈ। We do not grow at anyone's cost. We grow with the world, and for the world.
ਅਤੇ ਸਾਥੀਓ,
ਭਾਰਤ ਜੋ ਕਰਦਾ ਹੈ, ਉਸ ਦਾ ਕ੍ਰੈਡਿਟ ਵੀ ਨਹੀਂ ਚਾਹੁੰਦਾ। ਦੁਨੀਆ ਮਾਣ ਨਾਲ ਕਹਿੰਦੀ ਹੈ, ਕਿ ਭਾਰਤ ਨੇ ਦੁਨੀਆ ਨੂੰ ਜ਼ੀਰੋ (Zero - ਸਿਫ਼ਰ) ਦਿੱਤਾ। ਇਸ ਜ਼ੀਰੋ ਨੇ ਪੂਰੀ ਮਨੁੱਖਤਾ ਦਾ ਭਲਾ ਕੀਤਾ। ਪਰ ਭਾਰਤ ਨੇ ਇਸ ਦੇ ਲਈ ਕਦੇ ਵੀ ਰੋਇਲਟੀ ਨਹੀਂ ਮੰਗੀ ਅਤੇ ਅੱਜ ਵੀ ਭਾਰਤ ਇਸੇ ਭਾਵਨਾ ਨਾਲ ਕੰਮ ਕਰਦਾ ਹੈ ਅਤੇ ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ, ਸਾਡੇ ਜੋ ਵਿਚਾਰ ਹਨ ਉਨ੍ਹਾਂ ਵਿੱਚ ਵੀ ਉਹ ਸਾਰੀਆਂ ਗੱਲਾਂ ਦਿਖਾਈ ਦਿੰਦੀਆਂ ਹਨ। ਇਤਿਹਾਸ ਵਿੱਚ ਅਨੇਕਾਂ ਆਲਮੀ ਸੰਗਠਨ ਬਣੇ ਹਨ, ਉਨ੍ਹਾਂ ਦੇ ਆਪਣੇ-ਆਪਣੇ ਹਿੱਤ ਰਹੇ ਹਨ। ਪਰ ਭਾਰਤ ਨੇ ਕਿਸ ਤਰ੍ਹਾਂ ਦੇ ਆਲਮੀ ਪਲੇਟਫ਼ਾਰਮ ਬਣਾਏ, ਤੁਸੀਂ ਵੀ ਗ਼ੌਰ ਕਰਨਾ, ਅਸੀਂ ਕਿਹੋ-ਜਿਹੀਆਂ ਸੰਸਥਾਵਾਂ ਨੂੰ ਜਨਮ ਦਿੱਤਾ, ਅਤੇ ਦੁਨੀਆ ਵਿੱਚ ਕੀ-ਕੀ ਹੋਇਆ ਹੈ, ਉਸ ਦੀ ਜ਼ਰਾ ਇੱਕ ਵਾਰ ਤੁਲਨਾ ਕਰਕੇ ਦੇਖ ਲੈਣਾ। ਅਸੀਂ ਕੀ ਦਿੱਤਾ—ਇੰਟਰਨੈਸ਼ਨਲ ਸੋਲਰ ਅਲਾਇੰਸ, ਅਸੀਂ ਕੀ ਦਿੱਤਾ—ਕੋਅਲੀਸ਼ਨ ਫੌਰ ਡਿਜ਼ਾਸਟਰ ਰੇਜ਼ੀਲੀਐਂਟ ਇਨਫਰਾਸਟ੍ਰਕਚਰ, ਅਸੀਂ ਕੀ ਦਿੱਤਾ—ਬਿਗ ਕੈਟ ਅਲਾਇੰਸ, ਗਲੋਬਲ ਬਾਇਓਫਿਊਲ ਅਲਾਇੰਸ, ਇੰਡੀਆ ਮਿਡਲ ਈਸਟ ਯੂਰਪ ਇਕੋਨੋਮਿਕ ਕੌਰੀਡੋਰ - ਆਈ-ਮੈਕ (IMEEC), ਮਿਸ਼ਨ ਲਾਈਫ - ਲਾਈਫਸਟਾਈਲ ਫੌਰ ਇਨਵਾਇਰਨਮੈਂਟ (Mission LiFE), ਭਾਵ ਜਿਨ੍ਹਾਂ ਨਾਲ ਸਭ ਦਾ ਭਲਾ ਹੋਵੇ, ਹਰ ਜੀਵਨ ਦਾ ਭਲਾ ਹੋਵੇ, ਅਜਿਹੇ ਪਹਿਲਕਦਮੀਆਂ ਭਾਰਤ ਨੇ ਲਈਆਂ ਹਨ।
ਸਾਥੀਓ,
ਭਾਰਤ ਕਿਹੜੇ ਵਿਚਾਰਾਂ ਨੂੰ ਲੈ ਕੇ ਸਾਹਮਣੇ ਆਇਆ ਹੈ, ਇਹ ਵੀ ਆਪ ਦੇ ਸਾਹਮਣੇ ਹੈ। 'ਵਨ ਸਨ, ਵਨ ਵਰਲਡ, ਵਨ ਗ੍ਰਿੱਡ' ਦਾ ਵਿਜ਼ਨ। 'ਵਨ ਅਰਥ, ਵਨ ਫੈਮਲੀ, ਵਨ ਫਿਊਚਰ', ਇਹ ਸਾਡੀ ਸੋਚ ਹੈ। 'ਵਨ ਅਰਥ, ਵਨ ਹੈਲਥ', ਇਹ ਸਾਡੀ ਦੂਰ-ਦ੍ਰਿਸ਼ਟੀ ਹੈ, ਭਾਵ ਭਾਰਤ ਜੋੜਨ 'ਤੇ ਅਤੇ ਜੁੜਨ 'ਤੇ ਜ਼ੋਰ ਦਿੰਦਾ ਹੈ ਅਤੇ ਇਸ ਵਿੱਚ ਵੀ, ਤਾਕਤ ਦੀ ਵਰਤੋਂ ਦੂਜਿਆਂ ਨੂੰ ਸਮਰੱਥ ਕਰਨ ਲਈ ਹੀ ਹੈ।
ਸਾਥੀਓ,
ਅਨਿਸ਼ਚਿਤਤਾਵਾਂ ਨਾਲ ਭਰੀ ਇਸ ਦੁਨੀਆ ਵਿੱਚ ਭਾਰਤ, ਭਰੋਸੇਯੋਗਤਾ ਅਤੇ ਸਥਿਰਤਾ ਦਾ ਵਿਸ਼ਵਾਸ ਦਿੰਦਾ ਹੈ। ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਵਿੱਚ, ਭਾਰਤ ਦੀ ਵਿਕਾਸ ਦਰ, 7.8 ਫ਼ੀਸਦੀ ਰਹੀ ਹੈ ਅਤੇ ਇਹ ਵਿਕਾਸ ਮਜ਼ਬੂਤ ਨੀਂਹ 'ਤੇ ਖੜ੍ਹਾ ਹੈ। 12-13 ਸਾਲ ਪਹਿਲਾਂ, ਭਾਰਤ ਦਾ ਚਾਲੂ ਖਾਤਾ ਘਾਟਾ, ਜੀਡੀਪੀ ਦੇ 4 ਫ਼ੀਸਦੀ ਤੋਂ ਵੀ ਵੱਧ ਸੀ। ਪਿਛਲੇ ਸਾਲ ਇਹ ਘੱਟ ਕੇ, ਲਗਭਗ ਅੱਧਾ ਫ਼ੀਸਦੀ, ਭਾਵ 0.61 ਫ਼ੀਸਦੀ ਰਹਿ ਗਿਆ ਹੈ। ਅੱਜ ਸਾਡੇ ਵਿਦੇਸ਼ੀ ਮੁਦਰਾ ਭੰਡਾਰ, 700 ਬਿਲੀਅਨ ਡਾਲਰ ਤੋਂ ਵੱਧ ਹਨ। ਸਾਡਾ ਬੈਂਕਿੰਗ ਸਿਸਟਮ, ਕਈ ਦਹਾਕਿਆਂ ਵਿੱਚ ਸਭ ਤੋਂ ਮਜ਼ਬੂਤ ਸਥਿਤੀ ਵਿੱਚ ਹੈ।
ਸਾਥੀਓ,
ਇਸੇ ਮਜ਼ਬੂਤੀ ਦਾ ਨਤੀਜਾ ਹੈ, ਕਿ ਭਾਰਤ ਦੀ ਸੋਵਰਨ ਰੇਟਿੰਗਸ ਅੱਪਗ੍ਰੇਡ ਕੀਤੀਆਂ ਜਾ ਰਹੀਆਂ ਹਨ। ਅੱਜ ਭਾਰਤ ਦਾ ਆਤਮ-ਵਿਸ਼ਵਾਸ ਬੇਮਿਸਾਲ ਉਚਾਈ 'ਤੇ ਹੈ। ਅਸੀਂ ਇੱਕ ਸਪੱਸ਼ਟ ਨੀਤੀਗਤ ਦਿਸ਼ਾ ਦੇ ਨਾਲ ਸੁਧਾਰ ਕਰ ਰਹੇ ਹਾਂ। ਜੀਐੱਸਟੀ ਰਾਹੀਂ, ਅਸੀਂ ਕਰਾਂ ਦੇ ਇੱਕ ਗੁੰਝਲਦਾਰ ਤਾਣੇ-ਬਾਣੇ (Complex Web) ਨੂੰ, ਰਾਸ਼ਟਰੀ ਬਾਜ਼ਾਰ ਵਿੱਚ ਬਦਲਿਆ ਹੈ। ਅਸੀਂ ਦਿਵਾਲੀਆਪਨ ਕਾਨੂੰਨ (Insolvency Law) ਬਣਾਇਆ ਹੈ। 29 ਲੇਬਰ ਕੋਡਜ਼, ਹੁਣ ਚਾਰ ਸਰਲ ਕੋਡਾਂ ਵਿੱਚ ਸਿਮਟ ਚੁੱਕੇ ਹਨ। ਕਾਰੋਬਾਰ ਨਾਲ ਜੁੜੀਆਂ ਸੈਂਕੜੇ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਗ਼ੈਰ-ਅਪਰਾਧਿਕ ਕੀਤਾ ਗਿਆ ਹੈ ਅਤੇ ਅਸੀਂ ਇੱਥੇ ਰੁਕੇ ਨਹੀਂ ਹਾਂ, ਭਾਰਤ ਦੀ ਸੁਧਾਰ ਐਕਸਪ੍ਰੈੱਸ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ। ਸਾਡੇ ਲਈ ਸੁਧਾਰ, ਕੋਈ ਮਜਬੂਰੀ ਨਹੀਂ ਹਨ। ਸੁਧਾਰ ਸਾਡਾ ਵਿਸ਼ਵਾਸ ਹੈ।
ਸਾਥੀਓ,
ਹਜ਼ਾਰਾਂ ਸਾਲ ਪਹਿਲਾਂ, ਸਾਡੇ ਵੇਦਾਂ ਨੇ ਸਾਨੂੰ ਇੱਕ ਮੰਤਰ ਦਿੱਤਾ ਸੀ, ‘संगच्छध्वं संवदध्वं सं वो मनांसि जानताम्।’ ਆਓ, ਅੱਜ ਫਿਰ ਉਸ ਮੰਤਰ ਨੂੰ ਦੋਹਰਾਈਏ, Let us walk together. Let us speak together. Let us strive to understand one another. ਕਿਉਂਕਿ ਨਾਲ ਚੱਲਣ ਨਾਲ ਸਾਡੀ ਸ਼ਕਤੀ ਵਧਦੀ ਹੈ। ਗੱਲਬਾਤ ਨਾਲ ਸਾਡੀ ਸਮਝ ਵਧਦੀ ਹੈ ਅਤੇ ਇੱਕ-ਦੂਜੇ ਨੂੰ ਸਮਝਣ ਨਾਲ, ਅਸੀਂ ਮਿਲ ਕੇ ਵੱਡੀਆਂ ਚੁਣੌਤੀਆਂ ਦਾ ਹੱਲ ਕਰ ਸਕਦੇ ਹਾਂ। ਇਹੋ ਹੈ Power to Empower. ਆਪਣੀ ਤਾਕਤ ਨੂੰ ਕੇਵਲ ਆਪਣੀ ਤਰੱਕੀ ਤੱਕ ਸੀਮਤ ਨਾ ਰੱਖਣਾ। ਸਗੋਂ ਉਸ ਨਾਲ ਦੂਜਿਆਂ ਲਈ ਵੀ ਨਵੇਂ ਮੌਕੇ ਬਣਾਉਣਾ। ਮੈਨੂੰ ਵਿਸ਼ਵਾਸ ਹੈ ਕਿ ਬਲੂਮਬਰਗ ਇਕੋਨੋਮਿਕ ਫੋਰਮ ਦਾ ਇਹੋ ਮੰਚ, ਇਸੇ ਭਾਵਨਾ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਪਲੇਟਫ਼ਾਰਮ ਬਣੇਗਾ। ਇੱਕ ਵਾਰ ਫਿਰ, ਤੁਹਾਨੂੰ ਸਾਰੇ ਭਾਗੀਦਾਰਾਂ ਨੂੰ, ਇਸ ਪ੍ਰੋਗਰਾਮ ਲਈ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
Thank you.
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(Release ID: 2322788)
ਵਿਜ਼ੀਟਰ ਕਾਊਂਟਰ : 2