ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਾਈਲ ਤੋਂ ਫੀਲਡ ਤੱਕ ਯੋਜਨਾਵਾਂ ਦੇ ਸਫਰ ਵਿੱਚ ਹਿੰਦੀ ਪੱਤਰਕਾਰਿਤਾ ਨੂੰ ਇੱਕ ਅਸਰਦਾਰ ਪੁਲ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ
ਸਿਰਫ਼ ਅਨੁਵਾਦ ਹੀ ਨਹੀਂ, ਸਗੋਂ ਸਰਕਾਰੀ ਯੋਜਨਾਵਾਂ ਦੀ ਭਾਵਨਾ ਅਤੇ ਮਕਸਦ ਵੀ ਜਨਤਾ ਤੱਕ ਪਹੁੰਚਣਾ ਚਾਹੀਦਾ ਹੈ: ਸੁਧਾ ਸ਼੍ਰੀਮਾਲੀ
‘ਵਿਕਸਿਤ ਭਾਰਤ 2047’ ਦੇ ਸੰਕਲਪ ਨੂੰ ਜਨਤਕ ਭਾਗੀਦਾਰੀ ਨਾਲ ਜੋੜਨ ਵਿੱਚ ਹਿੰਦੀ ਅਤੇ ਡਿਜੀਟਲ ਮੀਡੀਆ ਦੀ ਅਹਿਮ ਭੂਮਿਕਾ ਹੈ
Posted On:
28 SEP 2026 6:18PM by PIB Chandigarh
ਕਿਸੇ ਵੀ ਸਰਕਾਰੀ ਯੋਜਨਾ ਦਾ ਐਲਾਨ ਹੋਣ ਤੋਂ ਬਾਅਦ, ਉਸ ਦਾ ਅਸਲੀ ਅਸਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਸ ਦੀ ਜਾਣਕਾਰੀ ਸਹੀ ਲਾਭਪਾਤਰੀ ਤੱਕ ਪਹੁੰਚਦੀ ਹੈ। ਯੋਜਨਾ ਦੀ ਗੁੰਝਲਦਾਰ ਭਾਸ਼ਾ ਨੂੰ ਆਮ ਆਦਮੀ ਦੀ ਸਮਝ ਵਿੱਚ ਆਉਣ ਵਾਲੀ ਸਰਲ ਭਾਸ਼ਾ ਵਿੱਚ ਬਦਲਣਾ ਅਤੇ ਉਸ ਨੂੰ ਸਹੀ ਸੰਦਰਭ ਤੱਕ ਪਹੁੰਚਾਉਣਾ ਹੀ ਉਹ ਅਹਿਮ ਕੜੀ ਹੈ ਜੋ ਸਰਕਾਰੀ ਯੋਜਨਾਵਾਂ ਦੀ ‘ਫਾਈਲ ਤੋਂ ਫੀਲਡ ਤੱਕ’ ਦੀ ਯਾਤਰਾ ਨੂੰ ਪੂਰਾ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਹਿੰਦੀ ਪੱਤਰਕਾਰਿਤਾ ਇੱਕ ਪ੍ਰਭਾਵਸ਼ਾਲੀ ਪੁਲ ਦੀ ਭੂਮਿਕਾ ਨਿਭਾ ਸਕਦੀ ਹੈ। ਇਹ ਵਿਚਾਰ ‘ਹਿੰਦੀ ਮਹੀਨੇ’ ਦੇ ਮੌਕੇ ‘ਤੇ ਆਯੋਜਿਤ ਇੱਕ ਵਿਸ਼ੇਸ਼ ਲੈਕਚਰ ਦੌਰਾਨ ਨਵਭਾਰਤ ਟਾਈਮਜ਼ ਦੀ ਬਿਜ਼ਨੇਸ ਐਡੀਟਰ ਸੁਸ਼੍ਰੀ ਸੁਧਾ ਸ਼੍ਰੀਮਾਲੀ ਨੇ ਪ੍ਰਗਟ ਕੀਤੇ।
_20260928181947_1f5b2c.jpeg)
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀ ਸਿੱਧਾਰਥ ਬੋਡਕੇ ਨੇ ਸੁਸ਼੍ਰੀ ਸੁਧਾ ਸ਼੍ਰੀਮਾਲੀ ਦਾ ਸੁਆਗਤ ਕੀਤਾ ਅਤੇ ਵਿਸ਼ੇਸ਼ ਲੈਕਚਰ ਲਈ ਸਨਮਾਨਿਤ ਕੀਤਾ।
‘ਵਿਕਸਿਤ ਭਾਰਤ 2047 ਦੇ ਸੰਦਰਭ ਵਿੱਚ-ਸਰਕਾਰੀ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਹਿੰਦੀ ਪੱਤਰਕਾਰਿਤਾ ਦੀ ਭੂਮਿਕਾ’ ਵਿਸ਼ੇ ਬਾਰੇ ਬੋਲਦੇ ਹੋਏ, ਸੁਸ਼੍ਰੀ ਸ਼੍ਰੀਮਾਲੀ ਨੇ ਕਿਹਾ ਕਿ ਸਰਕਾਰੀ ਜਾਣਕਾਰੀ ਨੂੰ ਹਿੰਦੀ ਵਿੱਚ ਪੇਸ਼ ਕਰਨਾ ਸਿਰਫ਼ ਸ਼ਬਦਾਂ ਦਾ ਅਨੁਵਾਦ ਕਰਨ ਦਾ ਕੰਮ ਨਹੀਂ ਹੈ। ਜਾਣਕਾਰੀ ਦੇ ਪਿਛਲੇ ਉਦੇਸ਼, ਭਾਵਨਾ ਅਤੇ ਸੰਦਰਭ ਨੂੰ ਸਮਝਣਾ ਅਤੇ ਉਸ ਨੂੰ ਜਨਤਾ ਦੀਆਂ ਜ਼ਰੂਰਤਾਂ ਮੁਤਾਬਕ ਪੇਸ਼ ਕਰਨਾ ਕਿਤੇ ਵਧੇਰੇ ਮਹੱਤਵਪੂਰਨ ਹੈ। ਜਦੋਂ ਸਟੀਕ ਜਾਣਕਾਰੀ ਲੋਕਾਂ ਤੱਕ ਅਸਾਨ ਅਤੇ ਉਪਯੋਗੀ ਰੂਪ ਵਜੋਂ ਪਹੁੰਚਦੀ ਹੈ ਤਾਂ ਉਹ ਸਿਰਫ਼ ਜਾਣਕਾਰੀ ਨਹੀਂ ਰਹਿ ਜਾਂਦੀ, ਸਗੋਂ ਜਨਤਕ ਭਾਗੀਦਾਰੀ ਦਾ ਜ਼ਰੀਆ ਬਣ ਜਾਂਦੀ ਹੈ।
_20260928182005_6e4496.jpeg)
ਸੁਸ਼੍ਰੀ ਸ਼੍ਰੀਮਾਲੀ ਨੇ ਕਿਹਾ ਕਿ ਜਦੋਂ ਵੀ ਕਿਸੇ ਯੋਜਨਾ ਦਾ ਐਲਾਨ ਹੁੰਦਾ ਹੈ, ਤਾਂ ਆਮ ਨਾਗਰਿਕ ਦੇ ਮਨ ਵਿੱਚ ਬੁਨਿਆਦੀ ਸੁਆਲ ਉੱਠਦੇ ਹਨ-ਯੋਜਨਾ ਕੀ ਹੈ, ਇਸ ਨਾਲ ਕਿਸ ਨੂੰ ਲਾਭ ਹੋਵੇਗਾ, ਯੋਗਤਾ ਦੇ ਮਾਪਦੰਡ ਕੀ ਹਨ ਅਤੇ ਇਸ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ? ਇਨ੍ਹਾਂ ਸੁਆਲਾਂ ਦੇ ਸਿੱਧੇ ਅਤੇ ਸਪਸ਼ਟ ਜਵਾਬ ਦੇਣਾ ਪੱਤਰਕਾਰਿਤਾ ਦੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (PM SVANidhi) ਯੋਜਨਾ ਵਰਗੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਚਾਰ ਦੀ ਹੈੱਡਲਾਈਨ ਅਤੇ ਪੇਸ਼ਕਾਰੀ ਅਜਿਹੀ ਹੋਣੀ ਚਾਹੀਦੀ ਹੈ ਕਿ ਪਾਠਕ ਇੱਕ ਨਜ਼ਰ ਵਿੱਚ ਹੀ ਸਮਝ ਸਕੇ ਕਿ ਯੋਜਨਾ ਉਸ ਲਈ ਕਿਉਂ ਪ੍ਰਾਸੰਗਿਕ ਹੈ ਅਤੇ ਉਹ ਇਸ ਤੋਂ ਲਾਭ ਕਿਵੇਂ ਲੈ ਸਕਦਾ ਹੈ।
_20260928182021_ad99df.jpeg)
ਉਨ੍ਹਾਂ ਅੱਗੇ ਕਿਹਾ ਕਿ ਅੱਜ ਸੂਚਨਾ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਅਖਬਾਰਾਂ ਦੇ ਨਾਲ-ਨਾਲ ਆਡੀਓ ਪ੍ਰੋਗਰਾਮਿੰਗ, ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੈਟਫਾਰਮਾਂ ਵਿੱਚ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਦੀ ਜਾਣਕਾਰੀ ਨੂੰ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਵਿਆਪਕ ਰੂਪ ਵਿੱਚ ਫੈਲਾਉਣ ਦੀ ਸਮਰੱਥਾ ਵਿਕਸਿਤ ਹੋਈ ਹੈ। ਅਜਿਹੇ ਸਮੇਂ ਵਿੱਚ, ਮੀਡੀਆ ਦੀ ਸਭ ਨਾਲੋਂ ਵੱਡੀ ਜ਼ਿੰਮੇਵਾਰੀ ਆਪਣੀ ਭਰੋਸੇਯੋਗਤਾ ਨੂੰ ਬਣਾਈ ਰੱਖਣਾ ਹੈ। ਸਰਲ ਅਤੇ ਤੱਥਾਂ ‘ਤੇ ਅਧਾਰਿਤ ਜਾਣਕਾਰੀ ਨਾਲ ਗੱਲਬਾਤ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਅਫਵਾਹਾਂ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇ ਪ੍ਰਸਾਰ ਨੂੰ ਘਟਾਇਆ ਜਾ ਸਕਦਾ ਹੈ।
_20260928182033_43e9c5.jpeg)
ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜਾਣਕਾਰੀ ਦਾ ਪ੍ਰਵਾਹ ਸਿਰਫ਼ ਸਰਕਾਰ ਤੋਂ ਮੀਡੀਆ ਅਤੇ ਫਿਰ ਜਨਤਾ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਮੀਡੀਆ ਤੋਂ ਮਿਲਣ ਵਾਲੀ ਪ੍ਰਤੀਕਿਰਿਆ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ‘ਪ੍ਰੈੱਸ ਇਨਫਰਮੇਸ਼ਨ ਬਿਊਰੋ’ (PIB) ਦੀ ਭੂਮਿਕਾ ਵੀ ਓਨੀ ਹੀ ਮਹੱਤਵਪੂਰਨ ਹੈ। ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ ਤੋਂ ਮਿਲਣ ਵਾਲੇ ਸੁਆਲਾਂ, ਪ੍ਰਤੀਕਿਰਿਆਵਾਂ ਅਤੇ ਜ਼ਮੀਨੀ ਪੱਧਰ ਦੀਆਂ ਜਾਣਕਾਰੀਆਂ ਰਾਹੀਂ ਸੂਚਨਾ ਦੇ ਪਾੜੇ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਪੱਤਰਕਾਰਿਤਾ ਦੀ ਭੂਮਿਕਾ ਬਾਰੇ ਉਨ੍ਹਾਂ ਨੇ ਕਿਹਾ ਕਿ ਏਆਈ ਨੂੰ ਸਿਰਫ਼ ਇੱਕ ਚੁਣੌਤੀ ਵਜੋਂ ਦੇਖਣ ਦੀ ਬਜਾਏ, ਇਸ ਨੂੰ ਇੱਕ ਸਹਾਇਕ ਉਪਕਰਣ ਵਜੋਂ ਅਪਣਾਉਣਾ ਚਾਹੀਦਾ ਹੈ ਜੋ ਪੱਤਰਕਾਰ ਦੇ ਕੰਮ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦਾ ਹੈ। ਤਕਨਾਲੋਜੀ ਜਾਣਕਾਰੀ ਦੇ ਵਿਸ਼ਲੇਸ਼ਣ, ਪੇਸ਼ਕਾਰੀ ਅਤੇ ਵਿਆਪਕ ਪ੍ਰਸਾਰ ਵਿੱਚ ਮਦਦ ਕਰ ਸਕਦੀ ਹੈ, ਪਰ ਜਾਣਕਾਰੀ ਦੀ ਸੱਚਾਈ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਦੀ ਅੰਤਿਮ ਜ਼ਿੰਮੇਵਾਰੀ ਹਮੇਸ਼ਾ ਪੱਤਰਕਾਰਿਤਾ ਦੀ ਹੀ ਰਹੇਗੀ।
ਸੁਸ਼੍ਰੀ ਸ਼੍ਰੀਮਾਲੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਆਕਰਸ਼ਕ ਅਤੇ ਉਪਯੋਗੀ ਤਾਂ ਹੋਣੀ ਚਾਹੀਦੀ ਹੈ, ਪਰ ਇਸ ਦਾ ਮਕਸਦ ਯੋਜਨਾਵਾਂ ਦਾ ਗੁਣਗਾਨ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਦਾ ਮੁੱਖ ਉਦੇਸ਼ ਅਤੇ ਫਾਇਦਿਆਂ ਨੂੰ ਅਸਾਨ ਭਾਸ਼ਾ ਵਿੱਚ ਜਨਤਾ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਹਿੰਦੀ ਦੀ ਵਿਆਪਕ ਸਮਝ ਅਤੇ ਡਿਜੀਟਲ ਮੀਡੀਆ ਦੀ ਵਧ ਰਹੀ ਪਹੁੰਚ ਇਸ ਦ੍ਰਿਸ਼ਟੀਕੋਣ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ। ਇਸ ਨਜ਼ਰੀਏ ਪੱਖੋਂ, ਹਿੰਦੀ ਪੱਤਰਕਾਰਿਤਾ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਨੂੰ ਜਨਤਕ ਭਾਗੀਦਾਰੀ ਦੇ ਵਿਆਪਕ ਅਭਿਆਨ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੱਛਮੀ ਖੇਤਰ) ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘ਅੱਜ ਦੇ ਡਿਜੀਟਲ ਯੁੱਗ ਵਿੱਚ ਜਾਣਕਾਰੀ ਬੇਸ਼ੁਮਾਰ ਹੈ। ਇਸ ਲਈ, ਸਾਡੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਪੱਤਰਕਾਰਾਂ ਦੇ ਲਈ ਡੇਟਾ ਅਤੇ ਜਾਣਕਾਰੀ ਨੂੰ ਯੋਜਨਾਬੱਧ ਕੀਤਾ ਜਾਵੇ ਅਤੇ ਉਸ ਨੂੰ ਬਹੁਤ ਸਰਲ ਢੰਗ ਨਾਲ ਪੇਸ਼ ਕੀਤਾ ਜਾਵੇ। ਪੱਤਰਕਾਰਾਂ ਦੀ ਸਹੂਲਤ ਲਈ, ਅਸੀਂ ਪ੍ਰੈੱਸ ਰਿਲੀਜ਼ ਦੇ ਨਾਲ ਪੀਆਈਬੀ ਬੈਕਗ੍ਰਾਉਂਡਰ ਵੀ ਜੋੜਦੇ ਹਾਂ ਅਤੇ ਤਸਵੀਰਾਂ ਲਈ ਵਿਸਤ੍ਰਿਤ ਕੈਪਸ਼ਨਾਂ ਲਿਖਦੇ ਹਾਂ ਤਾਂ ਜੋ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਅਸਾਨੀ ਨਾਲ ਪਿਛੋਕੜ ਨੂੰ ਸਮਝ ਸਕਣ। ਇਸ ਤੋਂ ਇਲਾਵਾ, ਵਿਸ਼ੇ ਦੀ ਵਿਆਪਕ ਸਮਝ ਨੂੰ ਯਕੀਨੀ ਬਣਾਉਣ ਲਈ ਰਿਲੀਜ਼ ਦੇ ਨਾਲ ਸੋਸ਼ਲ ਮੀਡੀਆ ਲਿੰਕ ਅਤੇ ਲਾਈਵ-ਸਟ੍ਰੀਮਿੰਗ ਲਿੰਕ ਵੀ ਸਾਂਝੇ ਕੀਤੇ ਜਾਂਦੇ ਹਨ।”
ਇਹ ਵਿਸ਼ੇਸ਼ ਲੈਕਚਰ ਪ੍ਰੈੱਸ ਇਨਫਰਮੇਸ਼ਨ ਬਿਊਰੋ, ਮੁੰਬਈ ਦੁਆਰਾ ‘ਹਿੰਦੀ ਮਹੀਨੇ’ ਦੇ ਮੌਕੇ ‘ਤੇ ਡਾਇਰੈਕਟਰ ਜਨਰਲ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ‘ਤੇ, ਪੂਰੇ ਜ਼ੋਨ ਨੂੰ ਪ੍ਰੈੱਸ ਇਨਫਰਮੇਸ਼ਨ ਬਿਊਰੋ ਅਤੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਔਨਲਾਈਨ ਲੈਕਚਰ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਦੇ ਅੰਤ ਵਿੱਚ ਪੀਆਈਬੀ ਭੋਪਾਲ ਦੇ ਡਾਇਰੈਕਟਰ ਸ਼੍ਰੀ ਮਨੀਸ਼ ਗੌਤਮ ਨੇ ਸੁਸ਼੍ਰੀ ਸੁਧਾਰ ਸ਼੍ਰੀਮਾਲੀ ਦਾ ਧੰਨਵਾਦ ਪ੍ਰਗਟ ਕੀਤਾ।
*******
ਆਰਡੀਜੇ/ਕੇਵੀ/ਪੀਜੇ/ ਬਲਜੀਤ ਸਿੰਘ
(Release ID: 2317604)
ਵਿਜ਼ੀਟਰ ਕਾਊਂਟਰ : 7