ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਸੈਮੀਕੌਨ ਇੰਡੀਆ 2026: ਸਿਲੀਕੌਨ ਤੋਂ ਸਿਸਟਮ ਤੱਕ ਭਾਰਤ ਦੀ ਸੈਮੀਕੰਡਕਟਰ ਵਿਕਾਸ ਯਾਤਰਾ ਦੀ ਪ੍ਰਦਰਸ਼ਨੀ


ਪ੍ਰਦਰਸ਼ਨੀ ਵਿੱਚ ਉਦਯੋਗ, ਸਿੱਖਿਆ ਜਗਤ, ਸਟਾਰਟਅੱਪ ਅਤੇ ਨੀਤੀ ਨਿਰਮਾਤਾ ਪਹੁੰਚੇ ਅਤੇ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ

Posted On: 22 SEP 2026 12:10PM by PIB Chandigarh

ਨਵੀਂ ਦਿੱਲੀ ਸਥਿਤ ਯਸ਼ੋਭੂਮੀ ਤਿੰਨ ਦਿਨਾਂ ਤੱਕ ਭਾਰਤ ਦੀਆਂ ਵਧਦੀਆਂ ਸੈਮੀਕੰਡਕਟਰ ਸਮਰੱਥਾਵਾਂ ਦੇ ਪ੍ਰਦਰਸ਼ਨ ਦਾ ਕੇਂਦਰ ਰਿਹਾ। ਸੈਮੀਕੌਨ ਇੰਡੀਆ 2026 ਨੇ ਚਿੱਪ ਡਿਜ਼ਾਈਨ ਅਤੇ ਅਪਗ੍ਰੇਡ ਪੈਕੇਜਿੰਗ ਤੋਂ ਲੈ ਕੇ ਸਮੱਗਰੀ, ਉਪਕਰਣ, ਆਰਟੀਫਿਸ਼ੀਅਲ ਇੰਟੈਲੀਜੈਂਸ  ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਅਤੇ ਸੈਮੀਕੰਡਕਟਰ ਈਕੋਸਿਸਟਮ ਦੇ ਵੱਖ-ਵੱਖ ਹਿੱਸਿਆਂ ਨੂੰ ਇੱਕ ਛੱਤ ਹੇਠਾਂ ਇਕੱਠੇ ਕੀਤਾ।

17 ਤੋਂ 19 ਸਤੰਬਰ 2026 ਤੱਕ ਆਯੋਜਿਤ ਸੈਮੀਕੌਨ ਇੰਡੀਆ ਦਾ ਇਹ ਪੰਜਵਾਂ ਸੰਸਕਰਣ "ਸਿਲੀਕੌਨ ਤੋਂ ਸਿਸਟਮ ਤੱਕ: ਈਕੋਸਿਸਟਮ ਦਾ ਨਿਰਮਾਣ" ਵਿਸ਼ੇ 'ਤੇ ਅਧਾਰਿਤ ਸੀ। ਇਸ ਆਯੋਜਨ ਵਿੱਚ ਗਲੋਬਲ ਸੈਮੀਕੰਡਕਟਰ ਈਕੋਸਿਸਟਮ ਨੂੰ ਇਕੱਠਾ ਲਿਆਂਦਾ ਗਿਆ, ਜਿਸ ਵਿੱਚ ਉਦਯੋਗ ਜਗਤ ਦੇ ਦਿੱਗਜ, ਨੀਤੀ ਨਿਰਮਾਤਾ, ਨਿਵੇਸ਼ਕ, ਸਿੱਖਿਆ ਸ਼ਾਸਤਰੀ ਅਤੇ ਸਟਾਰਟਅੱਪ ਸ਼ਾਮਲ ਸਨ। 2026 ਦੇ ਇਸ ਸੰਸਕਰਣ ਵਿੱਚ ਵੱਖ-ਵੱਖ ਦੇਸ਼ਾਂ ਦੀਆਂ 600 ਤੋਂ ਵੱਧ ਪ੍ਰਦਰਸ਼ਕ ਕੰਪਨੀਆਂ ਦੇ ਨਾਲ-ਨਾਲ ਇੱਕ ਸਟਾਰਟਅੱਪ ਪਵੇਲੀਅਨ, ਵਰਕਫੋਰਸ ਡਿਵੈਲਪਮੈਂਟ ਪਵੇਲੀਅਨ, ਦੇਸ਼ ਅਤੇ ਰਾਜ ਪਵੇਲੀਅਨ ਅਤੇ ਇੱਕ ਹੈਕਾਥੌਨ ਦਾ ਆਯੋਜਨ ਕੀਤਾ ਗਿਆ ਸੀ।

ਇਸ ਪ੍ਰਦਰਸ਼ਨੀ ਨੇ ਇਸ ਗੱਲ ਦੀ ਝਲਕ ਪੇਸ਼ ਕੀਤੀ ਕਿ ਭਾਰਤ ਦੀ ਸੈਮੀਕੰਡਕਟਰ ਯਾਤਰਾ ਚਿੱਪ ਡਿਜ਼ਾਈਨ ਤੋਂ ਅੱਗੇ ਵਧ ਕੇ ਮੈਨੂਫੈਕਚਰਿੰਗ, ਪੈਕੇਜਿੰਗ, ਖੋਜ, ਸਮੱਗਰੀ, ਪ੍ਰਤਿਭਾ ਅਤੇ ਸਿਸਟਮ-ਪੱਧਰੀ ਐਪਲੀਕੇਸ਼ਨਾਂ ਨੂੰ ਸ਼ਾਮਲ ਕਰਨ ਵਾਲੇ ਇੱਕ ਵਿਆਪਕ ਪ੍ਰਣਾਲੀ ਵੱਲ ਕਿਵੇਂ ਵਿਸਤਾਰਿਤ ਹੋ ਰਹੀ ਹੈ।

ਚਿੱਪ ਡਿਜ਼ਾਈਨ ਤੋਂ ਲੈ ਕੇ ਐਡਵਾਂਸਡ ਕੰਪਿਊਟਿੰਗ ਤੱਕ

ਇਸ ਪ੍ਰਦਰਸ਼ਨੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸਵਦੇਸ਼ੀ ਸੈਮੀਕੰਡਕਟਰ ਅਤੇ ਕੰਪਿਊਟਿੰਗ ਸਮਰੱਥਾਵਾਂ ਦੀ ਵਿਸਤ੍ਰਿਤ ਲੜੀ ਦਾ ਪ੍ਰਦਰਸ਼ਨ ਸੀ।

ਸੀ-ਡੈਕ ਨੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਅਤੇ ਏਆਈ ਦੇ ਖੇਤਰ ਵਿੱਚ ਆਪਣੇ ਕਾਰਜਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਏਯੂਐੱਮ ਐੱਚਪੀਸੀ-ਏਆਈ ਪ੍ਰੋਸੈਸਰ ਅਤੇ ਰੁਦਰਾ-ਏਯੂਐੱਮ ਕੰਪਿਊਟ ਨੋਡ ਸ਼ਾਮਲ ਹਨ। ਇਹ ਯਤਨ ਨਾ ਸਿਰਫ਼ ਚਿੱਪ ਪੱਧਰ ‘ਤੇ ਸਗੋਂ ਕੰਪਿਊਟਿੰਗ ਪ੍ਰਣਾਲੀਆਂ ਵਿੱਚ ਸਵਦੇਸ਼ੀ ਸਮਰੱਥਾਵਾਂ ਦੇ ਵਿਕਾਸ ‘ਤੇ ਵਧਦੇ ਜ਼ੋਰ ਨੂੰ ਦਰਸਾਉਂਦੇ ਹਨ।

ਇਸ ਪ੍ਰਦਰਸ਼ਨੀ ਵਿੱਚ ਸਵਦੇਸ਼ੀ ਪ੍ਰੋਸੈੱਸਰ ਡਿਜ਼ਾਈਨ ਦੀ ਦਿਸ਼ਾ ਵਿੱਚ ਵਿਆਪਕ ਬਦਲਾਅ ਨੂੰ ਵੀ ਉਜਾਗਰ ਕੀਤਾ ਗਿਆ। ਦੇਸ਼ ਦੇ ਸੈਮੀਕੰਡਕਟਰ ਈਕੋਸਿਸਟਮ ਵਿੱਚ ਘਰੇਲੂ ਸਟਾਰਟਅੱਪ ਅਤੇ ਸੰਸਥਾਨ ਤੇਜ਼ੀ ਨਾਲ ਪ੍ਰੋਸੈੱਸਰ ਤਕਨਾਲੌਜੀਆਂ, ਐਪਲੀਕੇਸ਼ਨ-ਵਿਸ਼ੇਸ਼ ਚਿੱਪਸ ਅਤੇ ਸਿਸਟਮ ਸਮਾਧਾਨਾਂ ਦਾ ਵਿਕਾਸ ਕਰ ਰਹੇ ਹਨ, ਜੋ ਦੂਰਸੰਚਾਰ ਅਤੇ ਆਟੋਮੋਟਿਵ ਐਪਲੀਕੇਸ਼ਨਾਂ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਨਿਗਰਾਨੀ ਤੱਕ ਦੇ ਖੇਤਰਾਂ ਲਈ ਉਪਯੋਗੀ ਹਨ।

ਰੋਜ਼ਾਨਾ ਐਪਲੀਕੇਸ਼ਨਾਂ ਲਈ ਚਿੱਪਸ

ਇਸ ਪ੍ਰਦਰਸ਼ਨੀ ਨੇ ਵਿਜ਼ਿਟਰਾਂ ਨੂੰ ਇਹ ਵੀ ਦਿਖਾਇਆ ਕਿ ਕਿਵੇਂ ਸੈਮੀਕੰਡਕਟਰ ਤਕਨਾਲੌਜੀਆਂ ਲੈਬਸ ਅਤੇ ਡਿਜ਼ਾਈਨ ਸੈਂਟਰਾਂ ਤੋਂ ਨਿਕਲ ਕੇ ਰੋਜ਼ਾਨਾ ਦੇ ਉਤਪਾਦਾਂ ਵਿੱਚ ਸ਼ਾਮਲ ਹੋ ਸਕਦੀਆਂ ਹਨ।

ਭਾਰਤੀ ਸੈਮੀਕੰਡਕਟਰ ਕੰਪਨੀਆਂ ਅਤੇ ਸਟਾਰਟਅੱਪਸ ਨੇ ਸਮਾਰਟ ਉਪਕਰਣਾਂ, ਕਨੈਕਟੀਵਿਟੀ, ਨਿਗਰਾਨੀ, ਉਦਯੋਗਿਕ ਪ੍ਰਣਾਲੀਆਂ, ਊਰਜਾ ਪ੍ਰਬੰਧਨ ਅਤੇ ਆਟੋਮੋਟਿਵ ਤਕਨਾਲੌਜੀਆਂ ਜਿਹੀਆਂ ਐਪਲੀਕੇਸ਼ਨਾਂ ਲਈ ਸਮਾਧਾਨ ਪ੍ਰਦਰਸ਼ਿਤ ਕੀਤੇ।

ਭਾਰਤੀ ਚਿੱਪ-ਡਿਜ਼ਾਈਨ ਈਕੋਸਿਸਟਮ ਵਿੱਚ ਜਿਨ੍ਹਾਂ ਕੰਪਨੀਆਂ ਦਾ ਵਿਸ਼ੇਸ਼ ਮਹੱਤਵ ਹੈ, ਉਨ੍ਹਾਂ ਵਿੱਚ ਵਰਵੇਸੇਮੀ ਮਾਈਕ੍ਰੋਇਲੈਕਟ੍ਰੌਨਿਕਸ ਵੀ ਸ਼ਾਮਲ ਹੈ, ਜੋ ਮੋਟਰ ਕੰਟਰੋਲ, ਊਰਜਾ ਮੀਟਰ ਅਤੇ ਡੇਟਾ ਪ੍ਰਾਪਤੀ ਐਪਲੀਕੇਸ਼ਨਾਂ ਲਈ ਸੈਮੀਕੰਡਕਟਰ ਸਮਾਧਾਨ ਵਿਕਸਿਤ ਕਰ ਰਹੀ ਹੈ। ਇਸ ਦੇ ਕਾਰਜਾਂ ਵਿੱਚ ਉਪਭੋਗਤਾ ਉਪਕਰਣ, ਇਲੈਕਟ੍ਰਿਕ ਮੋਬਿਲਿਟੀ ਅਤੇ ਡ੍ਰੋਨ ਜਿਹੀਆਂ ਐਪਲੀਕੇਸ਼ਨਾਂ ਲਈ ਚਿੱਪਸ ਸ਼ਾਮਲ ਹਨ।

ਇਸ ਤਰ੍ਹਾਂ ਦੀਆਂ ਐਪਲੀਕੇਸ਼ਨ-ਵਿਸ਼ੇਸ਼ ਸੈਮੀਕੰਡਕਟਰ ਉਤਪਾਦ ਇੱਕ ਵਿਆਪਕ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਈਕੋਸਿਸਟਮ ਦੇ ਨਿਰਮਾਣ ਵਿੱਚ ਸਵਦੇਸ਼ੀ ਚਿੱਪ ਡਿਜ਼ਾਈਨ ਦੇ ਮਹੱਤਵ ਨੂੰ ਪ੍ਰਦਰਸ਼ਿਤ ਕਰਦੇ ਹਨ।

ਆਰਆਈਐੱਸਸੀ- V: ਸਵਦੇਸ਼ੀ ਪ੍ਰੋਸੈੱਸਰ ਸਮਰੱਥਾਵਾਂ ਦਾ ਨਿਰਮਾਣ

ਸੀ-ਡੈਕ ਦਾ ਸਵਦੇਸ਼ੀ 64-ਬਿਟ ਆਰਆਈਐੱਸਸੀ-ਵੀ ਪ੍ਰੋਸੈੱਸਰ, ਸਵਦੇਸ਼ੀ ਪ੍ਰੋਸੈੱਸਰ ਡਿਜ਼ਾਈਨ ਅਤੇ ਸੈਮੀਕੰਡਕਟਰ ਤਕਨਾਲੌਜੀਆਂ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਦਾ ਹੈ। ਓਪਨ ਆਰਆਈਐੱਸਸੀ- V ਆਰਕੀਟੈਕਚਰ ‘ਤੇ ਅਧਾਰਿਤ ਇਹ ਪ੍ਰੋਸੈੱਸਰ ਉੱਚ-ਪ੍ਰਦਰਸ਼ਨ ਕੰਪਿਊਟਿੰਗ ਅਤੇ ਉਭਰਦੀਆਂ ਡਿਜੀਟਲ ਐਪਲੀਕੇਸ਼ਨਾਂ ਨੂੰ ਸਪੋਰਟ ਕਰਦਾ ਹੈ। ਸਵਦੇਸ਼ੀ ਸਮਾਧਾਨਾਂ ਵਿੱਚ ਇਸ ਦੀ ਵਰਤੋਂ ਅਗਲੀ ਪੀੜ੍ਹੀ ਦੀ ਕੰਪਿਊਟਿੰਗ, ਕਨੈਕਟੀਵਿਟੀ ਅਤੇ ਡਿਜੀਟਲ ਬੁਨਿਆਦੀ ਢਾਂਚੇ ਲਈ ਐਡਵਾਂਸਡ ਪ੍ਰੋਸੈੱਸਰ ਤਕਨਾਲੌਜੀਆਂ ਦੇ ਵਿਕਾਸ ਵਿੱਚ ਦੇਸ਼ ਦੀ ਵਧਦੀ ਮੁਹਾਰਤ ਨੂੰ ਦਰਸਾਉਂਦਾ ਹੈ।

ਇਨਕੋਰ ਸੈਮੀਕੰਡਕਟਰਸ ਨੇ ਸਵਦੇਸ਼ੀ ਆਰਆਈਐੱਸਸੀ- V ਪ੍ਰੋਸੈੱਸਰ ਆਈਪੀ ਅਤੇ ਐੱਸਓਸੀ ਡਿਜ਼ਾਈਨ ਆਟੋਮੋਸ਼ਨ ਉਪਕਰਣਾਂ ਦੇ ਸਬੰਧ ਵਿੱਚ ਆਪਣੇ ਕੰਮ ਦਾ ਪ੍ਰਦਰਸ਼ਨ ਕੀਤਾ।

ਇਸ ਦੇ ਪੋਰਟਫੋਲੀਓ ਵਿੱਚ ਵੱਖ-ਵੱਖ ਕੰਪਿਊਟਿੰਗ ਜ਼ਰੂਰਤਾਂ ਲਈ ਡਿਜ਼ਾਈਨ ਕੀਤੇ ਗਏ ਪ੍ਰੋਸੈੱਸਰ ਪਲੈਟਫਾਰਮ ਸ਼ਾਮਲ ਹਨ, ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਏਮਬੈਡਡ ਸਿਸਟਮ ਅਤੇ ਐਜ-ਏਆਈ ਉਪਯੋਗ ਦੇ ਮਾਮਲਿਆਂ ਤੱਕ ਫੈਲੀਆਂ ਹੋਈਆਂ ਹਨ। ਇਨਕੋਰ ਦੇ ਪ੍ਰੋਸੈੱਸਰ ਆਈਪੀ ਨੂੰ ਕਈ ਗ੍ਰਾਹਕ ਚਿੱਪਸ ਅਤੇ 180 ਐੱਨਐੱਮ ਤੋਂ 16 ਐੱਨਐੱਮ ਤੱਕ ਦੀ ਤਕਨਾਲੌਜੀ ਨੋਡਸ ਵਿੱਚ ਸਿਲੀਕੌਨ-ਪ੍ਰਮਾਣਿਤ ਕੀਤਾ ਗਿਆ ਹੈ।

ਇਸ ਤਰ੍ਹਾਂ ਦੀ ਪ੍ਰੋਸੈੱਸਰ ਤਕਨਾਲੌਜੀਆਂ ਦਾ ਵਿਕਾਸ ਵਿਆਪਕ ਸੈਮੀਕੰਡਕਟਰ ਡਿਜ਼ਾਈਨ ਈਕੋਸਿਸਟਮ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ, ਜੋ ਭਾਰਤੀ ਕੰਪਨੀਆਂ ਨੂੰ ਘਰੇਲੂ ਪੱਧਰ ‘ਤੇ ਵਿਕਸਿਤ ਬੌਧਿਕ ਸੰਪਦਾ ਦੇ ਅਧਾਰ ‘ਤੇ ਉਤਪਾਦ ਵਿਕਸਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

ਅਹੀਸਾ ਟੈਕਨੋਲੋਜੀ ਨੇ ਇੱਕ ਸਵਦੇਸ਼ੀ ਇੰਟਰਨੈੱਟ ਕਨੈਕਟੀਵਿਟੀ ਡਿਵਾਈਸ ਵਿਕਸਿਤ ਕੀਤਾ ਹੈ ਜੋ 1 ਜੀਬੀਪੀਐੱਸ ਤੱਕ ਦੀ ਗਤੀ ਪ੍ਰਦਾਨ ਕਰਨ ਵਿੱਚ ਸਮਰੱਥ ਹੈ। ਇਸ ਦੀ ਮਦਦ ਨਾਲ ਇੰਟਰਨੈੱਟ ਸਰਵਿਸ ਪ੍ਰੋਵਾਈਡਰ (ਆਈਐੱਸਪੀ) ਇੱਕ ਹੀ ਔਪਟੀਕਲ ਲਾਈਨ ਟਰਮੀਨਲ (ਓਐੱਲਟੀ) ਰਾਹੀਂ ਲਗਭਗ 64 ਘਰਾਂ ਨੂੰ ਇੰਟਰਨੈੱਟ ਨਾਲ ਜੋੜ ਸਕਦੇ ਹਨ। ਇਹ ਡਿਵਾਈਸ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਵਿਕਸਿਤ ਸੌਫਟਵੇਅਰ ਪਲੈਟਫਾਰਮ ਵਿਹਾਨ ‘ਤੇ ਚਲਦੀ ਹੈ ਅਤੇ ਸੀ-ਡੈਕ ਦੇ 64-ਬਿਟ ਆਰਆਈਐੱਸਸੀ- V ਪ੍ਰੋਸੈੱਸਰ ਦੁਆਰਾ ਸੰਚਾਲਿਤ ਹੈ। ਇਹ ਸਮਾਧਾਨ ਭਾਰਤ ਦੀ ਸਵਦੇਸ਼ੀ ਤਕਨਾਲੌਜੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਪੂਰੀ ਤਰ੍ਹਾਂ ਨਾਲ ਭਾਰਤੀ ਤਕਨਾਲੌਜੀ ਰਾਹੀਂ ਹਾਈ-ਸਪੀਡ ਬ੍ਰਾਡਬੈਂਡ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਏਆਈ, ਵਿਜ਼ਨ ਅਤੇ ਸਮਾਰਟ ਨਿਗਰਾਨੀ

ਸੈਮੀਕੰਡਕਟਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਧਦੇ ਤਾਲਮੇਲ ਨੇ ਪ੍ਰਦਰਸ਼ਨੀ ਵਿੱਚ ਇੱਕ ਹੋਰ ਮਹੱਤਵਪੂਰਨ ਭੂਮਿਕਾ ਨਿਭਾਈ।

ਭਾਰਤੀ ਸੈਮੀਕੰਡਕਟਰ ਸਟਾਰਟਅੱਪਸ ਨੇਟ੍ਰਾਸੇਮੀ ਨੇ ਸੁਰੱਖਿਅਤ ਨਿਗਰਾਨੀ, ਸਮਾਰਟ ਸੈਂਸਰ, ਰੋਬੋਟਿਕਸ, ਡ੍ਰੋਨ ਅਤੇ ਮੋਬਿਲਿਟੀ ਸਮੇਤ ਵੱਖ-ਵੱਖ ਐਪਲੀਕੇਸ਼ਨਾਂ ਲਈ ਏਆਈ-ਸਮਰੱਥ ਸਿਸਟਮ-ਔਨ-ਚਿੱਪਸ (ਐੱਸਓਸੀ) ਵਿੱਚ ਆਪਣੇ ਕੰਮ ਦਾ ਪ੍ਰਦਸ਼ਨ ਕੀਤਾ

ਕੰਪਨੀ ਨੇ ਸੀਸੀਟੀਵੀ ਨਿਗਰਾਨੀ ਲਈ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤੇ ਗਏ ਏਆਈ ਐੱਸਓਸੀ ਦਾ 12 ਐੱਨਐੱਮ ਪ੍ਰੋਸੈੱਸ ਨੋਡ ‘ਤੇ ਪ੍ਰੀਖਣ ਕੀਤਾ ਹੈ, ਜਿਸ ਵਿੱਚ ਏਆਈ/ਐੱਮਐੱਲ ਐਕਸਲੇਰੇਟਰ, ਵਿਜ਼ਨ ਪ੍ਰੋਸੈੱਸਿੰਗ ਅਤੇ ਵੀਡੀਓ ਇੰਜਣ ਏਕੀਕ੍ਰਿਤ ਹਨ। ਇਸ ਦੀਆਂ ਤਕਨੀਕਾਂ ਉਨ੍ਹਾਂ ਐਪਲੀਕੇਸ਼ਨਾਂ ਲਈ ਲਕਸ਼ਿਤ ਹਨ ਜਿਨ੍ਹਾਂ ਵਿੱਚ ਬੁੱਧੀਮਾਨ ਦ੍ਰਿਸ਼ਟੀ ਅਤੇ ਐਜ ਪ੍ਰੋਸੈੱਸਿੰਗ ਦੀ ਜ਼ਰੂਰਤ ਹੁੰਦੀ ਹੈ।

ਇਸ ਪ੍ਰਦਰਸ਼ਨੀ ਵਿੱਚ ਇਹ ਦਿਖਾਇਆ ਗਿਆ ਕਿ ਸੈਮੀਕੰਡਕਟਰ ਡਿਜ਼ਾਈਨ ਵਿੱਚ ਹੋ ਰਹੀ ਤਰੱਕੀ ਕਿਸ ਤਰ੍ਹਾਂ ਮਸ਼ੀਨ ਵਿਜ਼ਨ, ਸਮਾਰਟ ਇਨਫ੍ਰਾਸਟ੍ਰਕਚਰ, ਖੁਦਮੁਖਤਿਆਰ ਪ੍ਰਣਾਲੀਆਂ ਅਤੇ ਨਿਗਰਾਨੀ ਜਿਹੇ ਖੇਤਰਾਂ ਵਿੱਚ ਐਪਲੀਕੇਸ਼ਨਾਂ ਨੂੰ ਤੇਜ਼ੀ ਨਾਲ ਸਮਰੱਥ ਬਣਾ ਰਹੀ ਹੈ।

ਮੁੱਲ ਲੜੀ ਵਿੱਚ ਸੈਮੀਕੰਡਕਟਰ ਇਨੋਵੇਸ਼ਨ

ਇਹ ਪ੍ਰਦਰਸ਼ਨੀ ਸਿਰਫ਼ ਚਿੱਪਸ ਤੱਕ ਹੀ ਸੀਮਿਤ ਨਹੀਂ ਸੀ। ਇਸ ਨੇ ਸੈਮੀਕੰਡਕਟਰ ਉਤਪਾਦਾਂ ਦੇ ਵਿਕਾਸ ਅਤੇ ਨਿਰਮਾਣ ਲਈ ਜ਼ਰੂਰੀ ਵਿਆਪਕ ਈਕੋਸਿਸਟਮ ਨੂੰ ਦਰਸਾਉਂਦਾ ਹੈ।

ਸਮੱਗਰੀ ਅਤੇ ਉਪਕਰਣਾਂ ਤੋਂ ਲੈ ਕੇ ਪ੍ਰੀਖਣ, ਪੈਕੇਜਿੰਗ ਅਤੇ ਸਿਸਟਮ ਏਕੀਕਰਣ ਤੱਕ, ਪ੍ਰਦਰਸ਼ਨਾਂ ਨੇ ਸੈਮੀਕੰਡਕਟਰ ਮੁੱਲ ਲੜੀ ਦੀ ਆਪਸ ਵਿੱਚ ਜੁੜੀ ਪ੍ਰਕਿਰਿਤੀ ਨੂੰ ਉਜਾਗਰ ਕੀਤਾ।

ਇਹ ਵਿਆਪਕ ਦ੍ਰਿਸ਼ਟੀਕੋਣ ਸੈਮੀਕੌਨ 2.0 ਦਾ ਮੂਲ ਅਧਾਰ ਹੈ ਜਿਸ ਨੂੰ ਕੇਂਦਰੀ ਕੈਬਨਿਟ ਨੇ ਜੁਲਾਈ 2026 ਵਿੱਚ 1,27,500 ਕਰੋੜ ਰੁਪਏ ਦੇ ਖਰਚੇ ਨਾਲ ਮਨਜ਼ੂਰੀ ਦਿੱਤੀ ਸੀ। ਇਹ ਪ੍ਰੋਗਰਾਮ ਸੈਮੀਕੌਨ 1.0 ਦੀ ਰੱਖੀ ਗਈ ਨੀਂਹ ‘ਤੇ ਅਧਾਰਿਤ ਹੈ ਅਤੇ 6 ਰਣਨੀਤਕ ਥੰਮ੍ਹਾਂ ਡਿਜ਼ਾਈਨ; ਮਸ਼ੀਨਾਂ ਅਤੇ ਸਮੱਗਰੀ; ਜ਼ਿਆਦਾ ਨਿਰਮਾਣ ਇਕਾਈਆਂ; ਐਡਵਾਂਸਡ ਪੈਕੇਜਿੰਗ, ਖੋਜ ਅਤੇ ਵਿਕਾਸ; ਅਤੇ ਪ੍ਰਤਿਭਾ ਵਿਕਾਸ ‘ਤੇ ਕੇਂਦ੍ਰਿਤ ਹੈ।

ਸਟਾਰਟਅੱਪਸ ਤੋਂ ਖੋਜ ਸੰਸਥਾਨਾਂ ਤੱਕ

ਸਟਾਰਟਅੱਪਸ ਪਵੇਲੀਅਨ ਨੇ ਭਾਰਤ ਦੇ ਉਭਰਦੇ ਸੈਮੀਕੰਡਕਟਰ ਡਿਜ਼ਾਈਨ ਈਕੋਸਿਸਟਮ ਦੀ ਇੱਕ ਹੋਰ ਝਲਕ ਪੇਸ਼ ਕੀਤੀ।

ਸਰਕਾਰ ਦੀ ਡਿਜ਼ਾਈਨ ਲਿੰਕਡ ਇੰਸੈਂਟਿਵ (ਡੀਐੱਲਆਈ) ਯੋਜਨਾ ਨੇ ਵੀਡੀਓ ਨਿਗਰਾਨੀ, ਡ੍ਰੋਨ ਦਾ ਪਤਾ ਲਗਾਉਣ, ਊਰਜਾ ਮੀਟਰ, ਮਾਈਕ੍ਰੋਪ੍ਰੋਸੈੱਸਰ, ਸੈਟੇਲਾਈਟ ਸੰਚਾਰ, ਬ੍ਰਾਡਬੈਂਡ ਅਤੇ ਆਈਓਟੀ ਐੱਸਓਸੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਘਰੇਲੂ ਚਿੱਪ-ਡਿਜ਼ਾਈਨ ਪ੍ਰੋਜੈਕਟਾਂ ਨੂੰ ਸਮਰਥਨ ਦਿੱਤਾ ਹੈ।

ਚਿੱਪਸ ਟੂ ਸਟਾਰਟਅੱਪ (ਸੀ2ਐੱਸ) ਪ੍ਰੋਗਰਾਮ ਵਿਦਿਆਰਥੀਆਂ, ਖੋਜਕਰਤਾਵਾਂ, ਸੰਸਥਾਨਾਂ ਅਤੇ ਸਟਾਰਟਅੱਪਸ ਦਰਮਿਆਨ ਸੈਮੀਕੰਡਕਟਰ ਡਿਜ਼ਾਈਨ ਸਮਰੱਥਾਵਾਂ ਦੇ ਵਿਕਾਸ ਵਿੱਚ ਵੀ ਸਹਿਯੋਗ ਕਰ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਕੁਸ਼ਲ ਚਿੱਪ ਡਿਜ਼ਾਈਨਰਾਂ ਦਾ ਇੱਕ ਵੱਡਾ ਸਮੂਹ ਤਿਆਰ ਕਰਨਾ ਅਤੇ ਦੇਸ਼ ਦੀ ਇਲੈਕਟ੍ਰੌਨਿਕ ਸਿਸਟਮ ਡਿਜ਼ਾਈਨ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।

ਦੇਸ਼ ਭਰ ਦੇ 500 ਤੋਂ ਵੱਧ ਸੰਗਠਨਾਂ (ਜਿਨ੍ਹਾਂ ਵਿੱਚ 400 ਵਿਦਿਅਕ ਸੰਸਥਾਨ ਅਤੇ 100 ਸਟਾਰਟਅੱਪਸ ਸ਼ਾਮਲ ਹਨ) ਦੇ ਇੱਕ ਲੱਖ ਤੋਂ ਵੱਧ ਇੰਜੀਨੀਅਰ ਸੀ2ਐੱਸ ਪ੍ਰੋਗਰਾਮ ਅਤੇ ਡੀਐੱਲਆਈ ਯੋਜਨਾ ਦੇ ਤਹਿਤ ਚਿੱਪਇਨ ਕੇਂਦਰ ਨਾਲ ਜੁੜੇ ਹਨ। ਉਨ੍ਹਾਂ ਨੂੰ ਐਡਵਾਂਸਡ ਚਿੱਪ-ਡਿਜ਼ਾਈਨ ਉਪਕਰਣ, ਚਿੱਪ-ਡਿਜ਼ਾਈਨ ਅਤੇ ਨਿਰਮਾਣ ਸੇਵਾਵਾਂ ਅਤੇ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਸੰਸਥਾਨਾਂ ਅਤੇ ਸਟਾਰਟਅੱਪਸ ਨੇ ਮਿਲ ਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਫਾਊਂਡ੍ਰੀ ਵਿੱਚ ਨਿਰਮਾਣ ਦੇ ਲਈ 300 ਤੋਂ ਵੱਧ ਚਿੱਪ ਡਿਜ਼ਾਈਨ ਵਿਕਸਿਤ ਕੀਤੇ ਹਨ ਅਤੇ ਚਿੱਪ-ਡਿਜ਼ਾਈਨ ਉਪਕਰਣਾਂ ਦੀ ਵਰਤੋਂ ਵਿੱਚ ਚਾਰ ਕਰੋੜ ਘੰਟਿਆਂ ਤੋਂ ਵੱਧ ਦਾ ਰਿਕਾਰਡ ਬਣਾਇਆ ਹੈ। ਇਸ ਬੇਮਿਸਾਲ ਪੈਮਾਨੈ ਨੇ ਚਿੱਪਇਨ ਕੇਂਦਰ ਵਿੱਚ ਸਭ ਤੋਂ ਵੱਡਾ ਕੇਂਦਰੀਕ੍ਰਿਤ ਚਿੱਪ-ਡਿਜ਼ਾਈਨ ਉਪਯੋਗਕਰਤਾ ਅਧਾਰ ਬਣਾਉਣ ਵਿੱਚ ਮਦਦ ਕੀਤੀ ਹੈ।

 

ਨੀਤੀ ਤੋਂ ਉਤਪਾਦਨ ਤੱਕ

ਇਹ ਪ੍ਰਦਰਸ਼ਨੀ ਅਜਿਹੇ ਸਮੇਂ ਵਿੱਚ ਆਯੋਜਿਤ ਕੀਤੀ ਗਈ ਜਦੋਂ ਦੇਸ਼ ਦਾ ਸੈਮੀਕੰਡਕਟਰ ਈਕੋਸਿਸਟਮ ਬੁਨਿਆਦੀ ਨੀਤੀਗਤ ਸਮਰਥਨ ਤੋਂ ਮੈਨੂਫੈਕਚਰਿੰਗ ਅਤੇ ਵਪਾਰਕ ਉਤਪਾਦਨ ਵੱਲ ਵਧ ਰਿਹਾ ਸੀ।

ਸੈਮੀਕੌਨ ਇੰਡੀਆ ਪ੍ਰੋਗਰਾਮ ਤਹਿਤ, ਛੇ ਰਾਜਾਂ ਵਿੱਚ 12 ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ 1.64 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀਆਂ ਵਚਨਬੱਧਤਾਵਾਂ ਹਨ। ਤਿੰਨ ਪਲਾਂਟਾਂ ਵਿੱਚ ਪਹਿਲਾਂ ਹੀ ਵਪਾਰਕ ਉਤਪਾਦਨ ਸ਼ੁਰੂ ਹੋ ਚੁੱਕਾ ਹੈ।

ਇਸ ਲਈ, ਸੈਮੀਕੌਨ ਇੰਡੀਆ 2026 ਵਿੱਚ ਨਾ ਸਿਰਫ਼ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਕੀ ਬਣਾਉਣਾ ਚਾਹੁੰਦਾ ਹੈ, ਸਗੋਂ ਉਨ੍ਹਾਂ ਸਮਰੱਥਾਵਾਂ 'ਤੇ ਵੀ ਜ਼ੋਰ ਦਿੱਤਾ ਗਿਆ ਜੋ ਡਿਜ਼ਾਈਨ, ਮੈਨੂਫੈਕਚਰਿੰਗ, ਪੈਕੇਜਿੰਗ ਅਤੇ ਸੰਬੰਧਿਤ ਤਕਨਾਲੌਜੀਆਂ ਵਿੱਚ ਪਹਿਲਾਂ ਹੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਸੰਪੂਰਨ ਈਕੋਸਿਸਟਮ ਦਾ ਨਿਰਮਾਣ

 “ਸਿਲੀਕੌਨ ਤੋਂ ਸਿਸਟਮ ਤੱਕ: ਈਕੋਸਿਸਟਮ ਦਾ ਨਿਰਮਾਣ” ਵਿਸ਼ਾ ਭਾਰਤ ਦੀਆਂ ਸੈਮੀਕੰਡਕਟਰ ਇੱਛਾਵਾਂ ਦੇ ਬਦਲਦੇ ਦਾਇਰੇ ਨੂੰ ਦਰਸਾਉਂਦਾ ਹੈ।

ਸੈਮੀਕੰਡਕਟਰ ਈਕੋਸਿਸਟਮ ਵਿੱਚ ਸਿਰਫ਼ ਨਿਜੀ ਚਿੱਪਸ ਦੇ ਨਿਰਮਾਣ ਤੋਂ ਕਿਤੇ ਵੱਧ ਦੀ ਜ਼ਰੂਰਤ ਹੁੰਦੀ ਹੈ। ਇਸ ਵਿੱਚ ਚਿੱਪ ਡਿਜ਼ਾਈਨਰ, ਫੈਬ੍ਰਿਕੇਟਰ, ਪੈਕੇਜਿੰਗ ਅਤੇ ਪ੍ਰੀਖਣ ਸੁਵਿਧਾਵਾਂ, ਉਪਕਰਣ ਅਤੇ ਸਮੱਗਰੀ ਸਪਲਾਇਰ, ਖੋਜ ਸੰਸਥਾਨ, ਸਟਾਰਟਅੱਪਸ, ਸਿਸਟਮ ਕੰਪਨੀਆਂ ਅਤੇ ਕੁਸ਼ਲ ਵਰਕਫੋਰਸ ਸ਼ਾਮਲ ਹੁੰਦੇ ਹਨ।

ਸੈਮੀਕੌਨ ਇੰਡੀਆ 2026 ਨੇ ਇਨ੍ਹਾਂ ਵੱਖ-ਵੱਖ ਤੱਤਾਂ ਨੂੰ ਇਕੱਠੇ ਲਿਆਂਦਾ, ਜਿਸ ਨਾਲ ਮੁੱਲ ਲੜੀ ਵਿੱਚ ਵਿਕਸਿਤ ਹੋ ਰਹੇ ਇੱਕ ਈਕੋਸਿਸਟਮ ਦਾ ਦ੍ਰਿਸ਼ਟੀਕੋਣ ਪੇਸ਼ ਹੋਇਆ ਅਤੇ ਸਵਦੇਸ਼ੀ ਨਵੀਨਤਾ ਨੂੰ ਗਲੋਬਲ ਸੈਮੀਕੰਡਕਟਰ ਮੌਕਿਆਂ ਨਾਲ ਜੋੜਿਆ ਗਿਆ।

ਪ੍ਰੋਸੈੱਸਰ ਡਿਜ਼ਾਈਨ ਅਤੇ ਆਰਆਈਐੱਸਸੀ- V ਤਕਨਾਲੌਜੀਆਂ ਤੋਂ ਲੈ ਕੇ ਏਆਈ-ਸਮਰੱਥ ਐੱਸਓਸੀ ਮੋਟਰ-ਕੰਟਰੋਲ ਚਿੱਪਸ, ਐਡਵਾਂਸਡ ਕੰਪਿਊਟਿੰਗ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਤੱਕ, ਪ੍ਰਦਰਸ਼ਨੀ ਨੇ ਭਾਰਤ ਦੀ ਸੈਮੀਕੰਡਕਟਰ ਯਾਤਰਾ ਦੇ ਕਈ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ।

ਯਸ਼ੋਭੂਮੀ ਵਿੱਚ ਪ੍ਰਦਰਸ਼ਿਤ ਕਹਾਣੀ ਸਿਰਫ਼ ਚਿੱਪ ਬਾਰੇ ਨਹੀਂ ਸੀ। ਇਹ ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸੀ ਜੋ ਇਸ ਦੇ ਆਲੇ-ਦੁਆਲੇ ਮੌਜੂਦ ਹਨ: ਸਿਲੀਕੌਨ, ਸਿਸਟਮ, ਲੋਕ, ਖੋਜ, ਮੈਨੂਫੈਕਚਰਿੰਗ ਸਮਰੱਥਾਵਾਂ ਅਤੇ ਸਾਂਝੇਦਾਰੀਆਂ, ਜੋ ਕਿ ਇੱਕ ਸੰਪੂਰਨ ਸੈਮੀਕੰਡਕਟਰ ਈਕੋਸਿਸਟਮ ਦੇ ਨਿਰਮਾਣ ਲਈ ਜ਼ਰੂਰੀ ਹਨ।

 

*****

ਵਿਨੋਦ ਕੁਮਾਰ/ਵਿਨੀਤ ਨਰਾਇਣ/ਵੰਸ਼ਿਤਾ ਜੈਸਵਾਲ/ਕਨਿਸ਼ਕ ਸ਼ਰਮਾ/ਬਲਜੀਤ
 


(Release ID: 2313847) ਵਿਜ਼ੀਟਰ ਕਾਊਂਟਰ : 2