ਰੇਲ ਮੰਤਰਾਲਾ
ਰੇਲਵੇ ਨਾਲ ਸਬੰਧਿਤ ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਸਫ਼ਾਈ ਨੂੰ ਸੰਸਥਾਗਤ ਰੂਪ ਦੇਣ ਲਈ ਵਿਸ਼ੇਸ਼ ਮੁਹਿੰਮ 6 ਦੀਆਂ ਤਿਆਰੀਆਂ ਜਾਰੀ
ਈ-ਕੂੜਾ, ਸਕ੍ਰੈਪ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੇ ਨਾਲ-ਨਾਲ ਜਗ੍ਹਾ ਦੇ ਪ੍ਰਬੰਧਨ ’ਤੇ ਜ਼ੋਰ
ਮੁਹਿੰਮ ਗਤੀਵਿਧੀਆਂ ਦੀ ਨਿਗਰਾਨੀ ਅਤੇ ਤਾਲਮੇਲ ਲਈ 150 ਤੋਂ ਵੱਧ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ
Posted On:
21 SEP 2026 1:32PM by PIB Chandigarh
ਕੇਂਦਰ ਸਰਕਾਰ ਨੇ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮ 6 ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਦੋ ਪੜਾਆਂ ਵਿੱਚ ਚੱਲੇਗੀ: ਪਹਿਲੇ ਪੜਾਅ ਦੀ ਮਿਆਦ 15 ਤੋਂ 30 ਸਤੰਬਰ, 2026 ਤੱਕ ਰਹੇਗੀ, ਜਿਸ ਵਿੱਚ ਟੀਚੇ ਮਿਥੇ ਜਾਣਗੇ। ਇਸ ਤੋਂ ਬਾਅਦ, ਮੁੱਖ ਲਾਗੂਕਰਨ ਪੜਾਅ 2 ਤੋਂ 31 ਅਕਤੂਬਰ, 2026 ਤੱਕ ਨੇਪਰੇ ਚੜ੍ਹੇਗਾ।
ਪਿਛਲੀ ਮੁਹਿੰਮ 5.0 ਦੌਰਾਨ, ਰੇਲ ਮੰਤਰਾਲੇ ਨੇ ਜਨਤਕ ਸ਼ਿਕਾਇਤਾਂ, ਵੀਆਈਪੀ ਮਾਮਲਿਆਂ ਅਤੇ ਹੋਰ ਲੰਬਿਤ ਮਾਮਲਿਆਂ ਦੇ ਹੱਲ ਲਈ ਮਿਥੇ ਗਏ ਟੀਚਿਆਂ ਨੂੰ 100% ਪੂਰਾ ਕਰਕੇ ਅਹਿਮ ਪ੍ਰਗਤੀ ਦਿਖਾਈ। ਇਸ ਦੌਰਾਨ ਜ਼ਿਕਰਯੋਗ ਪ੍ਰਾਪਤੀਆਂ ਵਿੱਚ 6.06 ਲੱਖ ਵਰਗ ਫੁੱਟ ਜਗ੍ਹਾ ਦੀ ਵਰਤੋਂ ਅਤੇ 570 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨਾ ਸ਼ਾਮਲ ਹੈ।
ਰੇਲ ਮੰਤਰਾਲਾ ਆਪਣੀਆਂ ਸਾਰੀਆਂ ਖੇਤਰੀ ਇਕਾਈਆਂ, ਸਬੰਧਿਤ ਅਤੇ ਅਧੀਨ ਦਫ਼ਤਰਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਖੁਦਮੁਖਤਿਆਰ ਸੰਸਥਾਵਾਂ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 6 (ਐੱਸਸੀਡੀਪੀਐੱਮ 6) ਦੇ ਸਫਲ ਲਾਗੂਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰੇਲਵੇ ਬੋਰਡ ਇਸ ਮੁਹਿੰਮ ਨੂੰ ਸਰਵਉੱਚ ਪਹਿਲ ਦੇਣ ਲਈ ਤਿਆਰੀਆਂ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਵੱਲੋਂ ਜਾਰੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਸਾਰੀਆਂ ਖੇਤਰੀ ਇਕਾਈਆਂ ਨੂੰ ਜ਼ਮੀਨੀ ਪੱਧਰ 'ਤੇ ਕਰਮਚਾਰੀਆਂ ਨੂੰ ਲਾਮਬੰਦ ਕਰਨ, ਮੁਹਿੰਮ ਲਈ ਥਾਵਾਂ ਦੀ ਪਛਾਣ ਕਰਨ ਅਤੇ ਜਗ੍ਹਾ ਦੇ ਪ੍ਰਬੰਧਨ ਦੀ ਯੋਜਨਾ ਬਣਾਉਣ ਲਈ ਭੇਜ ਦਿੱਤੇ ਗਏ ਹਨ। ਇਸ ਸਬੰਧ ਵਿੱਚ ਰੇਲਵੇ ਬੋਰਡ ਦੇ ਸਕੱਤਰ ਵੱਲੋਂ ਸਾਰੇ ਜਨਰਲ ਮੈਨੇਜਰਾਂ ਅਤੇ ਹੋਰ ਇਕਾਈਆਂ ਦੇ ਮੁਖੀਆਂ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਸਾਰੇ ਜ਼ੋਨਲ ਰੇਲਵੇ, ਡਿਵੀਜ਼ਨਲ ਦਫ਼ਤਰਾਂ, ਜਨਤਕ ਖੇਤਰ ਦੇ ਅਦਾਰਿਆਂ (ਪੀਯੂਐੱਸ), ਉਤਪਾਦਨ ਇਕਾਈਆਂ (ਪੀਯੂ) ਅਤੇ ਕੇਂਦਰੀ ਸਿਖਲਾਈ ਸੰਸਥਾਵਾਂ ਨੂੰ ਵਿਆਪਕ ਪੱਧਰ ’ਤੇ ਭਾਗੀਦਾਰੀ ਯਕੀਨੀ ਬਣਾਉਣ ਲਈ ਵਿਸਤ੍ਰਿਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਰਤੀ ਰੇਲਵੇ ਵਿੱਚ 150 ਤੋਂ ਵੱਧ ਨੋਡਲ ਅਧਿਕਾਰੀਆਂ ਨੂੰ ਇਸ ਯਤਨ ਦੇ ਤਾਲਮੇਲ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਅਧਿਕਾਰੀ ਰੋਜ਼ਾਨਾ ਦੇ ਆਧਾਰ ’ਤੇ ਪ੍ਰਗਤੀ ਸਬੰਧੀ ਜਾਣਕਾਰੀ ਇਕੱਠੀ ਕਰਨਗੇ ਅਤੇ ਇਸ ਨੂੰ ਰੇਲਵੇ ਬੋਰਡ ਨੂੰ ਭੇਜਣਗੇ, ਜਿਸ ਨਾਲ ਬੋਰਡ ਇਸ ਨੂੰ ਸਿੱਧੇ ਡੀਏਆਰਪੀਜੀ ਦੇ ਕੇਂਦਰੀ ਐੱਸਸੀਡੀਪੀਐੱਮ ਨਿਗਰਾਨੀ ਪੋਰਟਲ ਵਿੱਚ ਦਰਜ ਕਰ ਸਕੇਗਾ। ਇਸ ਨਾਲ ਅਸਲ ਸਮੇਂ ਵਿੱਚ ਨਿਗਰਾਨੀ ਅਤੇ ਹਫ਼ਤਾਵਾਰੀ ਉੱਚ ਪੱਧਰੀ ਸਮੀਖਿਆ ਸੰਭਵ ਹੋ ਸਕੇਗੀ।
ਤਿਆਰੀ ਦਾ ਪੜਾਅ ਹੁਣ ਸ਼ੁਰੂ ਹੋ ਗਿਆ ਹੈ ਅਤੇ ਮੁੱਖ ਮੁਹਿੰਮ ਮਾਪਦੰਡਾਂ ਦੇ ਸਬੰਧ ਵਿੱਚ ਟੀਚੇ ਨਿਰਧਾਰਤ ਕੀਤੇ ਜਾ ਰਹੇ ਹਨ। ਇਸ ਸਾਲ ਦੇ ਫੋਕਸ ਦੇ ਅਨੁਸਾਰ, ਈ-ਕੂੜਾ (ਪ੍ਰਬੰਧਨ) ਨਿਯਮ, 2022 ਦੇ ਅਨੁਸਾਰ "ਈ-ਕੂੜੇ ਦਾ ਪ੍ਰਭਾਵਸ਼ਾਲੀ ਇਕੱਠਾ ਕਰਨਾ, ਵੱਖਰਾ ਕਰਨਾ ਅਤੇ ਨਿਪਟਾਰਾ", ਆਮ ਵਿੱਤੀ ਨਿਯਮਾਂ (ਜੀਐੱਫਆਰ) ਦੇ ਤਹਿਤ ਸਕ੍ਰੈਪ ਦਾ ਨਿਪਟਾਰਾ, ਦਫ਼ਤਰੀ ਕੰਪਲੈਕਸਾਂ ਦਾ ਸੁੰਦਰੀਕਰਨ, ਪ੍ਰਕਿਰਿਆ/ਨਿਯਮਾਂ ਦਾ ਸਰਲੀਕਰਨ ਅਤੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਵਰਗੇ ਵਿਸ਼ਿਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਰੇਲ ਚੌਪਾਲ (ਐੱਸਸੀਡੀਪੀਐੱਮ 4.0) ਅਤੇ ਅੰਮ੍ਰਿਤ ਸੰਵਾਦ (ਐੱਸਸੀਡੀਪੀਐੱਮ 5.0) ਦੇ ਸਫਲ ਸੰਚਾਲਨ ਤੋਂ ਬਾਅਦ, ਮੰਤਰਾਲਾ ਐੱਸਸੀਡੀਪੀਐੱਮ 6 ਦੇ ਦੌਰਾਨ "ਰੇਲ ਜਨ ਸੰਵਾਦ" ਦਾ ਆਯੋਜਨ ਕਰੇਗਾ ਤਾਂ ਜੋ ਜਨਤਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਨਾਗਰਿਕਾਂ ਨਾਲ ਸਾਰਥਕ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਸਫ਼ਾਈ ਨੂੰ ਨਿਯਮਤ ਸੰਚਾਲਨ ਮਾਪਦੰਡ ਵਜੋਂ ਸਥਾਪਤ ਕਰਨ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਰੇਲ ਮੰਤਰਾਲਾ ਜਨਤਕ ਸਹਿਯੋਗ ਨੂੰ ਹੋਰ ਸੁਖਾਲਾ ਬਣਾਉਣ ਅਤੇ ਲੰਬਿਤ ਮਾਮਲਿਆਂ ਦੇ ਤੁਰੰਤ ਨਿਪਟਾਰੇ ਨੂੰ ਪਹਿਲ ਦੇਣਾ ਜਾਰੀ ਰੱਖੇਗਾ। ਤਾਲਮੇਲ ਵਾਲੀ ਯੋਜਨਾਬੰਦੀ ਅਤੇ ਸਾਰੀਆਂ ਇਕਾਈਆਂ ਦੀ ਸਮਰਪਿਤ ਭਾਗੀਦਾਰੀ ਦੇ ਮਾਧਿਅਮ ਨਾਲ, ਮੰਤਰਾਲੇ ਦਾ ਉਦੇਸ਼ ਵਿਸ਼ੇਸ਼ ਮੁਹਿੰਮ 6 ਨੂੰ ਇੱਕ ਵੱਡੀ ਸਫਲਤਾ ਵਜੋਂ ਸਥਾਪਿਤ ਕਰਨਾ ਹੈ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਮਾਨਿਕ ਸ਼ਰਮਾ
(Release ID: 2313478)
ਵਿਜ਼ੀਟਰ ਕਾਊਂਟਰ : 24