ਪੰਚਾਇਤੀ ਰਾਜ ਮੰਤਰਾਲਾ
ਦਾਨਵੀਰ: ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮ ਪੰਚਾਇਤਾਂ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਨਤਕ ਭਾਗੀਦਾਰੀ ਦਾ ਸੱਦਾ ਦਿੱਤਾ
ਸਰਲ, ਸੁਰੱਖਿਅਤ ਅਤੇ ਪਾਰਦਰਸ਼ੀ ਡਿਜੀਟਲ ਪ੍ਰਕਿਰਿਆ ਵਿੱਚ ‘ਮੇਰੀ ਪੰਚਾਇਤ’ ਐਪ ਰਾਹੀ ਕਿਸੇ ਵੀ ਯੋਗ ਗ੍ਰਾਮ ਪੰਚਾਇਤ ਨੂੰ ਸਿੱਧੇ ਕੰਪਿਊਟਰ ਰਾਹੀ ਦਾਨ ਦੇਣਾ ਸੰਭਵ ਹੋ ਜਾਂਦਾ ਹੈ
Posted On:
27 AUG 2026 12:57PM by PIB Chandigarh
ਪੰਚਾਇਤੀ ਰਾਜ ਮੰਤਰਾਲੇ ਨੇ ਜ਼ਮੀਨੀ ਪੱਧਰ ’ਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਲਈ ਜਨਤਾ ਨੂੰ ‘ਦਾਨਵੀਰ’ ਬਣਨ ਲਈ ਸੱਦਾ ਦਿੱਤਾ ਹੈ। ਦਾਨਵੀਰ, ਇੱਕ ਲੋਕਾਂ ਦੀ ਭਾਈਵਾਲੀ ਵਾਲੀ ਕੰਪਿਊਟਰ ਕ੍ਰਾਊਡਸੋਰਸਿੰਗ ਪਹਿਲ ਹੈ। ਇਹ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇੱਕ ਸਰਲ, ਪਾਰਦਰਸ਼ੀ ਅਤੇ ਤਕਨਾਲੋਜੀ-ਆਧਾਰਿਤ ਢਾਂਚੇ ਰਾਹੀ ਪ੍ਰਮਾਣਿਤ ਗ੍ਰਾਮ ਪੰਚਾਇਤਾਂ ਨੂੰ ਸਿੱਧੇ ਡੈਸਕਟੌਪ ਕੰਪਿਊਟਰ ਦਾਨ ਕਰਨ ਦੇ ਯੋਗ ਬਣਾਉਂਦੀ ਹੈ। ਇਹ ਪਹਿਲ ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ (ਆਰਜੀਐੱਸਏ) ਸਮੇਤ ਸਰਕਾਰੀ ਪ੍ਰੋਗਰਾਮਾਂ ਦੇ ਤਹਿਤ ਬਣਾਏ ਗਏ ਬੁਨਿਆਦੀ ਢਾਂਚੇ ਦੇ ਸਹਿਯੋਗ ਨੂੰ ਪੂਰਾ ਕਰਦੀ ਹੈ। ਇਹ ਪਹਿਲ ਜ਼ਮੀਨੀ ਪੱਧਰ ’ਤੇ ਡਿਜੀਟਲ ਸ਼ਾਸਨ ਅਤੇ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਸਵੈ-ਇੱਛੁਕ ਜਨਤਕ ਭਾਈਵਾਲੀ ਦਾ ਲਾਭ ਉਠਾਉਣ ਦਾ ਯਤਨ ਕਰਦੀ ਹੈ।

ਦਾਨਵੀਰ ਰਾਹੀ ਗ੍ਰਾਮ ਪੰਚਾਇਤ ਨੂੰ ਕੰਪਿਊਟਰ ਦਾਨ ਕਰਨਾ ਆਨਲਾਈਨ ਖ਼ਰੀਦਦਾਰੀ ਜਿੰਨਾ ਹੀ ਸਰਲ ਅਤੇ ਸੁਵਿਧਾਜਨਕ ਹੈ। ‘ਮੇਰੀ ਪੰਚਾਇਤ’ ਐਪ ਰਾਹੀ ਨਾਗਰਿਕ, ਸੰਬੰਧਿਤ ਰਾਜ ਸਰਕਾਰਾਂ ਵੱਲੋਂ ਪ੍ਰਮਾਣਿਤ ਉਨ੍ਹਾਂ ਗ੍ਰਾਮ ਪੰਚਾਇਤਾਂ ਦੀ ਸੂਚੀ ਦੇਖ ਸਕਦੇ ਹਨ। ਜਿਨ੍ਹਾਂ ਪੰਚਾਇਤਾਂ ਨੂੰ ਡੈਸਕਟੌਪ ਕੰਪਿਊਟਰ ਦੀ ਲੋੜ ਹੈ, ਉਨ੍ਹਾਂ ਲਈ ਤੁਸੀਂ ਆਪਣੇ ਫ਼ੋਨ ਤੋਂ ਹੀ ਆਪਣੀ ਜਾਂ ਕਿਸੇ ਹੋਰ ਯੋਗ ਗ੍ਰਾਮ ਪੰਚਾਇਤ ਨੂੰ ਦਾਨ ਕਰਨ ਦੀ ਚੋਣ ਕਰ ਸਕਦੇ ਹੋ। “ਕੰਪਿਊਟਰ ਦਾਨ ਕਰੋ" ’ਤੇ ਕਲਿੱਕ ਕਰਦੇ ਹੀ, ਦਾਨਕਰਤਾ ਨੂੰ ਬਿਨਾਂ ਕਿਸੇ ਵੱਖਰੀ ਰਜਿਸਟ੍ਰੇਸ਼ਨ ਦੇ ਸਿੱਧੇ ਓਐੱਨਡੀਸੀ ਵੱਲੋਂ ਸਮਰਥਿਤ ਡਿਜੀਟਲ ਬਾਜ਼ਾਰ ‘ਡਿਜੀ-ਹਾਟ’ ’ਤੇ ਭੇਜ ਦਿੱਤਾ ਜਾਂਦਾ ਹੈ। ਚੁਣੀ ਗਈ ਪੰਚਾਇਤ ਦਾ ਡਿਲੀਵਰੀ ਪਤਾ ਅਤੇ ਪ੍ਰਾਪਤਕਰਤਾ ਦੇ ਵੇਰਵੇ ਆਪਣੇ ਆਪ ਭਰੇ ਜਾਂਦੇ ਹਨ, ਜਿਸ ਨਾਲ ਡਾਟਾ ਨੂੰ ਹੱਥੀਂ ਦਰਜ ਕਰਨ ਦੀ ਲੋੜ ਨਹੀਂ ਪੈਂਦੀ। ਦਾਨੀ ਨਿਰਧਾਰਤ ਤਕਨੀਕੀ ਵਿਸ਼ੇਸ਼ਤਾਵਾਂ ਦੇ ਅਨੁਸਾਰ ਮਿਆਰੀ ਕੰਪਿਊਟਰ ਬੰਡਲਾਂ ਵਿੱਚੋਂ ਚੋਣ ਕਰ ਸਕਦੇ ਹਨ, ਡਿਜੀਟਲ ਰੂਪ ਵਿੱਚ ਭੁਗਤਾਨ ਕਰ ਸਕਦੇ ਹਨ ਅਤੇ ਪੁਸ਼ਟੀਕਰਨ ਅਤੇ ਡਿਸਪੈਚ ਤੋਂ ਡਿਲੀਵਰੀ ਅਤੇ ਰਸੀਦ ਤੱਕ ਆਰਡਰ ਨੂੰ ਟਰੈਕ ਕਰ ਸਕਦੇ ਹਨ। ਗ੍ਰਾਮ ਪੰਚਾਇਤ ਸਕੱਤਰ ਵੱਲੋਂ ਪਹੁੰਚ-ਰਸੀਦ ਮਿਲਣ ਤੋਂ ਬਾਅਦ, ਦਾਨੀ ਨੂੰ ਡਿਜੀਟਲ ਰੂਪ ਵਿੱਚ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ, ਇਸ ਪਹਿਲਕਦਮੀ ਦੇ ਤਹਿਤ, ਆਰਡਰ ਦੇਣ ਤੋਂ ਲੈ ਕੇ ਵੰਡ ਤੱਕ, ਦਾਨ ਪ੍ਰਕਿਰਿਆ ਦੇ ਹਰ ਪੜਾਅ ਨੂੰ ਅਸਲ ਸਮੇਂ ਵਿੱਚ ਟਰੈਕ ਕੀਤਾ ਜਾ ਸਕਦਾ ਹੈ। ਇਸ ਨਾਲ ਪੂਰੀ ਪਾਰਦਰਸ਼ਤਾ ਯਕੀਨੀ ਹੁੰਦੀ ਹੈ।

ਦਾਨਵੀਰ ਪਹਿਲਕਦਮੀ ਰਾਹੀ ਦਾਨ ਕੀਤਾ ਗਿਆ ਇੱਕ ਕੰਪਿਊਟਰ ਗ੍ਰਾਮ ਪੰਚਾਇਤ ਦੀ ਯੋਜਨਾਬੰਦੀ, ਵਿੱਤੀ ਪ੍ਰਬੰਧਨ, ਰਿਕਾਰਡ-ਸੰਭਾਲ ਅਤੇ ਨਾਗਰਿਕ ਸੇਵਾ ਪ੍ਰਦਾਨ ਲਈ ਡਿਜੀਟਲ ਸ਼ਾਸਨ ਪਲੇਟਫ਼ਾਰਮਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰ ਸਕਦਾ ਹੈ। ਇਹ ਪਹਿਲਕਦਮੀ ਇਸ ਪ੍ਰਭਾਵ ਨੂੰ ਇੱਕ ਪਾਰਦਰਸ਼ੀ ਦਾਨ ਪ੍ਰਕਿਰਿਆ ਨਾਲ ਜੋੜਦੀ ਹੈ। ਇਸ ਨਾਲ ਜਨਤਾ ਆਪਣੀ ਗ੍ਰਾਮ ਪੰਚਾਇਤ ਦੀ ਦਾਨ ਸਥਿਤੀ ਦੇਖ ਸਕਦੀ ਹੈ ਅਤੇ ਦਾਨੀ ਆਪਣੇ ਯੋਗਦਾਨ ਨੂੰ ਡਿਜੀਟਲ ਤੌਰ ’ਤੇ ਟਰੈਕ ਕਰ ਸਕਦੇ ਹਨ। ਇਹ ਆਪਣੇ ਜੱਦੀ ਪਿੰਡਾਂ ਤੋਂ ਦੂਰ ਰਹਿਣ ਵਾਲੇ ਨਾਗਰਿਕਾਂ ਨੂੰ ਜ਼ਮੀਨੀ ਪੱਧਰ ’ਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਪਿੰਡਾਂ ਨਾਲ ਮੁੜ ਜੁੜਨ ਦਾ ਇੱਕ ਭਰੋਸੇਯੋਗ ਜ਼ਰੀਆ ਵੀ ਪ੍ਰਦਾਨ ਕਰਦਾ ਹੈ। ਇਹਨਾਂ ਵਿੱਚ ਭਾਰਤੀ ਪ੍ਰਵਾਸੀ, ਪਰਉਪਕਾਰੀ ਸੰਗਠਨ ਅਤੇ ਸੀ.ਐੱਸ.ਆਰ. ਭਾਈਵਾਲ ਸ਼ਾਮਲ ਹਨ। ਹੋਰ ਰਾਜਾਂ ਵਿੱਚ ਯੋਗ ਗ੍ਰਾਮ ਪੰਚਾਇਤਾਂ ਨੂੰ ਸ਼ਾਮਲ ਕਰਨ ਦੇ ਨਾਲ, ‘ਦਾਨਵੀਰ’ ਵਿੱਚ ਮਜ਼ਬੂਤ ਅਤੇ ਡਿਜੀਟਲ ਤੌਰ ਤੇ ਸਸ਼ਕਤ ਪੰਚਾਇਤਾਂ ਲਈ ਇੱਕ ਦੇਸ਼-ਵਿਆਪੀ ਲਹਿਰ ਵਿੱਚ ਵਧਣ ਦੀ ਸਮਰੱਥਾ ਹੈ।27 ਅਗਸਤ 2026 ਤੱਕ, 75 ਕੰਪਿਊਟਰ ਪਹਿਲਾਂ ਹੀ ਦਾਨ ਕੀਤੇ ਜਾ ਚੁੱਕੇ ਹਨ। ਇਸ ਤੋਂ, ਇਸ ਪਹਿਲਕਦਮੀ ਪ੍ਰਤੀ ਉਤਸ਼ਾਹੀ ਹੁੰਗਾਰੇ ਅਤੇ ਵਧਦੀ ਜਨਤਕ ਪ੍ਰਵਾਨਗੀ ਦਾ ਪਤਾ ਲੱਗਦਾ ਹੈ। ਸਫਲਤਾਪੂਰਵਕ ਪੂਰਾ ਹੋਣ ’ਤੇ, ਦਾਨੀਆਂ ਨੂੰ ਸਥਾਨਕ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਇੱਕ ਪ੍ਰਸ਼ੰਸਾ ਪੱਤਰ ਪ੍ਰਾਪਤ ਹੁੰਦਾ ਹੈ। ‘ਦਾਨਵੀਰ’ ਭਾਗੀਦਾਰੀ ਸ਼ਾਸਨ ਦਾ ਇੱਕ ਨਵੀਨਤਾਕਾਰੀ ਮਾਡਲ ਪੇਸ਼ ਕਰਦਾ ਹੈ। ਇਹ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਸਰਕਾਰੀ ਯਤਨਾਂ ਦੇ ਪੂਰਕ ਵਜੋਂ ਸਵੈ-ਇੱਛਤ ਜਨਤਕ ਭਾਗੀਦਾਰੀ ਨੂੰ ਸਮਰੱਥ ਬਣਾਉਂਦਾ ਹੈ। ਨਾਗਰਿਕਾਂ, ਪਰਉਪਕਾਰੀਆਂ, ਸੰਗਠਨਾਂ, ਸੀ.ਐੱਸ.ਆਰ. ਭਾਈਵਾਲਾਂ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਨੂੰ ਅੱਗੇ ਆ ਕੇ 'ਦਾਨਵੀਰ' ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
QR ਕੋਡ ਨੂੰ ਸਕੈਨ ਕਰੋ ਅਤੇ My Panchayat ਐਪ ’ਤੇ ਰਜਿਸਟਰ ਕਰੋ। ਵਧੇਰੇ ਜਾਣਕਾਰੀ ਲਈ, https://egramswaraj.gov.in/danveer/ ’ਤੇ ਜਾਓ।
ਦਾਨਵੀਰ ਨਾਲ ਸਬੰਧਤ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਲਈ: ਇੱਥੇ ਕਲਿੱਕ ਕਰੋ
ਦਾਨੀ ਮਾਡਿਊਲ ਲਈ: ਇੱਥੇ ਕਲਿੱਕ ਕਰੋ

****
ਅਦਿਤੀ ਅਗਰਵਾਲ
(Release ID: 2305354)
ਵਿਜ਼ੀਟਰ ਕਾਊਂਟਰ : 12