ਰਾਸ਼ਟਰਪਤੀ ਸਕੱਤਰੇਤ
ਭਾਰਤੀ ਵਿਦੇਸ਼ ਸੇਵਾ ਦੇ ਸਿਖਲਾਈ ਅਧੀਨ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਭਾਰਤ ਦਾ ਵਿਸ਼ਵ-ਵਿਆਪੀ ਸਹਿਯੋਗ ਹਮੇਸ਼ਾ ਦੇਸ਼ ਵਾਸੀਆਂ ਦੀਆਂ ਇੱਛਾਵਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ
Posted On:
27 AUG 2026 4:22PM by PIB Chandigarh
ਭਾਰਤੀ ਵਿਦੇਸ਼ ਸੇਵਾ ਦੇ ਸਿਖਲਾਈ ਅਧੀਨ ਅਧਿਕਾਰੀਆਂ (2025 ਬੈਚ) ਅਤੇ ਭੂਟਾਨ ਦੇ ਦੋ ਰਾਜਦੂਤਾਂ ਨੇ, ਜੋ ਇਸ ਸਮੇਂ ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ ਵਿੱਚ ਆਪਣੀ ਆਰੰਭਿਕ ਸਿਖਲਾਈ ਪ੍ਰਾਪਤ ਕਰ ਰਹੇ ਹਨ, ਅੱਜ (27 ਅਗਸਤ, 2026) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਭਾਰਤੀ ਵਿਦੇਸ਼ ਸੇਵਾ ਦੇ ਸਿਖਲਾਈ ਅਧੀਨ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ, ਰਾਸ਼ਟਰੀ ਹਿੱਤਾਂ ਲਈ ਕੰਮ ਕਰਨ, ਅਤੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਮਾਣ ਅਤੇ ਜ਼ਿੰਮੇਵਾਰੀ ਮਿਲੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਰੱਕੀ ਨਾਲ ਵਿਸ਼ਵ ਨਾਲ ਸਾਡੇ ਸਬੰਧਾਂ ਲਈ ਨਵੀਂਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਨੇ ਡਿਪਲੋਮੈਟਸ ਨੂੰ ਸਲਾਹ ਦਿੱਤੀ ਕਿ ਉਹ ਨਿਵੇਸ਼, ਤਕਨਾਲੋਜੀ, ਨਿਰਮਾਣ , ਨਵਿਆਉਣਯੋਗ ਊਰਜਾ ਅਤੇ ਨਵੀਨਤਾ ਵਰਗੇ ਖੇਤਰਾਂ ਵਿੱਚ ਉੱਭਰ ਰਹੇ ਮੌਕਿਆਂ ਪ੍ਰਤੀ ਸੁਚੇਤ ਰਹਿਣ, ਅਤੇ ਅਜਿਹੀਆਂ ਭਾਈਵਾਲੀਆਂ ਕਾਇਮ ਕਰਨ, ਜਿਨ੍ਹਾਂ ਨਾਲ ਭਾਰਤ ਦੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਹੁੰਦੀ ਹੋਵੇ। ਉਨ੍ਹਾਂ ਕਿਹਾ ਕਿ ਕੂਟਨੀਤੀ ਤੋਂ ਭਾਰਤ ਦੀ ਖ਼ੁਸ਼ਹਾਲੀ ਵਿੱਚ ਸਿੱਧਾ ਯੋਗਦਾਨ ਮਿਲਣਾ ਚਾਹੀਦਾ ਹੈ ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਗਲੋਬਲ ਭਾਈਵਾਲੀ ਹਮੇਸ਼ਾ ਦੇਸ਼ ਵਾਸੀਆਂ ਦੀਆਂ ਇੱਛਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ: ਭਾਵ ਕਿ ਰਾਸ਼ਟਰੀ ਹਿੱਤ ਸਰਬਉੱਚ ਹੋਣਾ ਚਾਹੀਦਾ ਹੈ। ਇਹ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀਆਂ ਦੇ ਪੇਸ਼ੇਵਰ ਜੀਵਨ ਵਿੱਚ ਇੱਕ ਸਥਾਈ ਸਿਧਾਂਤ ਬਣਿਆ ਰਹਿਣਾ ਚਾਹੀਦਾ ਹੈ। ਜਿਵੇਂ-ਜਿਵੇਂ ਭਾਰਤ ਸਾਲ 2047 ਤੱਕ ਵਿਕਸਤ ਭਾਰਤ ਬਣਨ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ, ਕੂਟਨੀਤੀ ਦੀ ਭੂਮਿਕਾ ਵਧਦੀ ਜਾ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਰਾਜਦੂਤਾਂ ਨੂੰ ਆਪਣੀ ਸਾਂਝ ਸਿਰਫ਼ ਸਰਕਾਰੀ ਦਫ਼ਤਰਾਂ ਅਤੇ ਅਧਿਕਾਰਤ ਬੈਠਕਾਂ ਤੱਕ ਹੀ ਸੀਮਤ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਨੂੰ ਯੂਨੀਵਰਸਿਟੀਆਂ, ਕਾਰੋਬਾਰੀ ਜਗਤ, ਖੋਜਕਰਤਾਵਾਂ, ਨਵੀਨਤਾਕਾਰਾਂ , ਸਭਿਆਚਾਰਕ ਸੰਸਥਾਵਾਂ, ਸਿਵਲ ਸੁਸਾਇਟੀ ਅਤੇ ਸਥਾਨਕ ਭਾਈਚਾਰਿਆਂ ਨਾਲ ਵੀ ਸ਼ਮੂਲੀਅਤ ਵਧਾਉਣੀ ਚਾਹੀਦੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਵਾਸੀ ਭਾਰਤੀ ਭਾਈਚਾਰੇ ਨਾਲ ਸਾਰਥਕ ਰੂਪ ਵਿੱਚ ਜੁੜਨ ਅਤੇ ਖ਼ਾਸ ਤੌਰ ’ਤੇ, ਪ੍ਰਵਾਸੀ ਭਾਰਤੀ ਭਾਈਚਾਰੇ ਦੇ ਨੌਜਵਾਨ ਮੈਂਬਰਾਂ ਨੂੰ ਭਾਰਤ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਲਈ ਅਜਿਹੇ ਮੌਕਿਆਂ ਦੀ ਭਾਲ ਕਰਨ ਜਿਨ੍ਹਾਂ ਰਾਹੀ ਉਹ ਭਾਰਤ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਪਾ ਸਕਣ।

ਰਾਸ਼ਟਰਪਤੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੂਟਨੀਤੀ ਦੇ ਸਰੂਪ ਵਿੱਚ ਵੀ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ। ਤਕਨਾਲੋਜੀ ਨੇ ਰਾਸ਼ਟਰਾਂ ਵਿਚਕਾਰ ਸੰਵਾਦ, ਕਾਰੋਬਾਰ ਦੇ ਸੰਚਾਲਨ ਅਤੇ ਨਾਗਰਿਕਾਂ ਤੱਕ ਜਨਤਕ ਸੇਵਾਵਾਂ ਦੀ ਪਹੁੰਚ ਦੇ ਢੰਗ-ਤਰੀਕਿਆਂ ਨੂੰ ਬਦਲ ਦਿੱਤਾ ਹੈ। ਵਿਦੇਸ਼ਾਂ ਵਿੱਚ ਭਾਰਤ ਦੇ ਮਿਸ਼ਨਾਂ (ਰਾਜਦੂਤ ਘਰਾਂ) ਨੂੰ ਵੀ ਇਸ ਤਬਦੀਲੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹੋਵੇਗਾ। ਤਕਨਾਲੋਜੀ ਦੀ ਵਰਤੋਂ ਸਿਰਫ਼ ਸੰਚਾਰ ਦੇ ਸਾਧਨ ਵਜੋਂ ਹੀ ਨਹੀਂ, ਸਗੋਂ ਚੰਗੇ ਸ਼ਾਸਨ ਅਤੇ ਹੋਰ ਡੂੰਘੀ ਭਾਈਵਾਲੀ ਦੇ ਮਾਧਿਅਮ ਵਜੋਂ ਵੀ ਕੀਤੀ ਜਾਣੀ ਚਾਹੀਦੀ ਹੈ, ਪਰ ਤਕਨਾਲੋਜੀ ਕਦੇ ਵੀ ਮਨੁੱਖੀ ਸੰਵੇਦਨਸ਼ੀਲਤਾ ਦੀ ਥਾਂ ਨਹੀਂ ਲੈ ਸਕਦੀ। ਉਨ੍ਹਾਂ ਨੇ ਰਾਜਦੂਤਾਂ ਨੂੰ ਇਹ ਯਕੀਨੀ ਬਣਾਉਣ ਲਈ ਅਪੀਲ ਕੀਤੀ ਕਿ ਲੋੜ ਦੇ ਸਮੇਂ ਭਾਰਤੀ ਰਾਜਦੂਤ ਘਰਾਂ ਦੇ ਦਰਵਾਜ਼ੇ ਸਾਡੇ ਦੇਸ਼ ਵਾਸੀਆਂ ਲਈ ਹਮੇਸ਼ਾ ਖੁੱਲ੍ਹੇ ਅਤੇ ਪਹੁੰਚਯੋਗ ਰਹਿਣ। ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਸਾਡੇ ਦੇਸ਼ ਵੱਲੋਂ ਵੱਡੇ ਪੱਧਰ ’ਤੇ ਚਲਾਏ ਗਏ ਬਚਾਅ ਅਤੇ ਮਨੁੱਖੀ ਸਹਾਇਤਾ ਮੁਹਿੰਮਾਂ ਰਾਹੀ ਦਰਸਾਈ ਗਈ ਪਰੰਪਰਾ ਨੂੰ ਨਿਰੰਤਰ ਅੱਗੇ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਨੂੰ, ਜਿਸ ਨੂੰ ਮਦਦ ਦੀ ਲੋੜ ਹੈ, ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਮਿਸ਼ਨ ਸਹਿਜ-ਸੁਲੱਭ, ਸੰਵੇਦਨਸ਼ੀਲ ਅਤੇ ਭਰੋਸੇਯੋਗ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਨਾ ਸਿਰਫ਼ ਅਜਿਹੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ, ਜਿਸ ਦੀ ਸਭਿਅਤਾ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਸਗੋਂ ਉਹ ਇੱਕ ਨੌਜਵਾਨ, ਗਤੀਸ਼ੀਲ ਅਤੇ ਅਭਿਲਾਸ਼ੀ ਭਾਰਤ ਦੀ ਵੀ ਨੁਮਾਇੰਦਗੀ ਕਰਦੇ ਹਨ। ਸ਼ਾਂਤੀ, ਬਹੁਲਵਾਦ, ਸੰਵਾਦ, ਸਹਿ-ਹੋਂਦ ਅਤੇ ਵਿਭਿੰਨਤਾ ਪ੍ਰਤੀ ਸਤਿਕਾਰ, ‘ਵਸੁਧੈਵ ਕੁਟੁੰਬਕਮ’ ਦੇ ਭਾਰਤ ਦੇ ਸਭਿਆਚਾਰਕ ਸੰਸਕਾਰਾਂ ਵਿੱਚ ਡੂੰਘਾਈ ਨਾਲ ਸਮਾਏ ਹੋਏ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਨਿਰੰਤਰ ਅਨਿਸ਼ਚਿਤ ਅਤੇ ਗੁੰਝਲਦਾਰ ਹੁੰਦੇ ਵਿਸ਼ਵ ਵਿੱਚ ਰਾਜਦੂਤਾਂ ਨੂੰ ਸੁਚੇਤ, ਉਤਸੁਕ ਅਤੇ ਨਿਰੰਤਰ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਭ ਤੋਂ ਵੱਧ, ਉਨ੍ਹਾਂ ਨੂੰ ਹਮੇਸ਼ਾ ਨਿਮਰ ਬਣੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨ ਸਿਖਲਾਈ ਅਧੀਨ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਵਿਦੇਸ਼ ਯਾਤਰਾ ਦੌਰਾਨ ਉਹ ਹਮੇਸ਼ਾ ਇਹ ਯਾਦ ਰੱਖਣ ਕਿ ਉਹ ਸਿਰਫ਼ ਭਾਰਤ ਸਰਕਾਰ ਦਾ ਹੀ ਨਹੀਂ, ਸਗੋਂ 140 ਕਰੋੜ ਭਾਰਤੀਆਂ ਅਤੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ਦੀ ਵੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਇਮਾਨਦਾਰੀ, ਸਚਾਈ ਅਤੇ ਪੇਸ਼ੇਵਰ ਆਚਰਣ ਦੇ ਉੱਚਤਮ ਮਿਆਰਾਂ ਨੂੰ ਬਣਾਏ ਰੱਖਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2305352)
ਵਿਜ਼ੀਟਰ ਕਾਊਂਟਰ : 21