ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪ੍ਰਭਾਵਸ਼ਾਲੀ ਸ਼ਾਸਨ ਅਤੇ ਲਾਭਾਂ ਨੂੰ ਸਹੀ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਸਹੀ ਅੰਕੜੇ ਜ਼ਰੂਰੀ: ਉਪ-ਰਾਸ਼ਟਰਪਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਨੇ ਡਿਜੀਟਲ ਲੈਣ-ਦੇਣ ਨੂੰ ਤੇਜ਼ ਕੀਤਾ ਅਤੇ ਸਮਾਨਾਂਤਰ ਅਰਥਵਿਵਸਥਾ ਨੂੰ ਘਟਾਉਣ ਵਿੱਚ ਮਦਦ ਕੀਤੀ: ਉਪ-ਰਾਸ਼ਟਰਪਤੀ

ਜ਼ਮੀਨੀ ਹਕੀਕਤਾਂ ਨੂੰ ਸਮਝਣ ਲਈ ਅੰਕੜਾ ਵਿਗਿਆਨੀਆਂ ਲਈ ਖੇਤਰੀ ਤਜਰਬਾ ਬਹੁਤ ਮਹੱਤਵਪੂਰਨ ਹੈ: ਉਪ-ਰਾਸ਼ਟਰਪਤੀ

ਡਾਟਾ-ਆਧਾਰਿਤ ਸ਼ਾਸਨ ਪ੍ਰਣਾਲੀ ਦੇ ਨਿਰਮਾਣ ਵਿੱਚ ਭਾਰਤੀ ਅੰਕੜਾ ਸੇਵਾ ਦੇ ਅਧਿਕਾਰੀਆਂ ਦੀ ਅਹਿਮ ਭੂਮਿਕਾ: ਆਈਐੱਸਐੱਸ ਸਿਖਲਾਈ ਅਧੀਨ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਪ-ਰਾਸ਼ਟਰਪਤੀ

Posted On: 18 AUG 2026 7:27PM by PIB Chandigarh

ਭਾਰਤੀ ਅੰਕੜਾ ਸੇਵਾ ਦੇ 2026 ਬੈਚ ਦੇ ਸਿਖਲਾਈ ਅਧੀਨ ਅਧਿਕਾਰੀਆਂ ਨੇ ਅੱਜ ਉਪ-ਰਾਸ਼ਟਰਪਤੀ ਭਵਨ ਵਿਖੇ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। 16 ਮਹਿਲਾ ਅਧਿਕਾਰੀਆਂ ਸਮੇਤ 34 ਨੌਜਵਾਨ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਪ-ਰਾਸ਼ਟਰਪਤੀ ਨੇ ਇਸ ਵੱਕਾਰੀ ਸੇਵਾ ਵਿੱਚ ਸ਼ਾਮਲ ਹੋਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਮਹਿਲਾਵਾਂ ਦੀ ਵਧਦੀ ਨੁਮਾਇੰਦਗੀ ਭਾਰਤ ਦੀ ਮਹਿਲਾ ਸਸ਼ਕਤੀਕਰਨ ਤੋਂ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਵਧਣ ਦੇ ਸਫ਼ਰ ਨੂੰ ਦਰਸਾਉਂਦੀ ਹੈ।

ਸਹੀ ਅਤੇ ਭਰੋਸੇਯੋਗ ਅੰਕੜਿਆਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦਿਆਂ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ, “ਜੇਕਰ ਅੰਕੜੇ ਸਹੀ ਨਹੀਂ ਹਨ, ਤਾਂ ਕੋਈ ਵੀ ਫ਼ੈਸਲਾ ਸਹੀ ਨਹੀਂ ਹੋ ਸਕਦਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਰੋਸੇਯੋਗ ਅੰਕੜਿਆਂ ਤੋਂ ਬਿਨਾਂ ਪ੍ਰਭਾਵਸ਼ਾਲੀ ਯੋਜਨਾਬੰਦੀ, ਸਰੋਤਾਂ ਦੀ ਵੰਡ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨਾ ਅਸੰਭਵ ਹੋਵੇਗਾ। ਜੇਕਰ ਹੱਕਦਾਰ ਲਾਭਪਾਤਰੀਆਂ ਦੀ ਸਹੀ ਪਛਾਣ ਨਾ ਕੀਤੀ ਗਈ, ਤਾਂ ਸੀਮਤ ਸਰੋਤ ਵੀ ਬਰਬਾਦ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ, “ਅੰਕੜੇ ਸਹੀ ਤਰੀਕੇ ਨਾਲ ਇਕੱਠੇ ਕੀਤੇ ਜਾਣੇ ਚਾਹੀਦੇ ਹਨ ਅਤੇ ਸਹੀ ਸਮੇਂ ’ਤੇ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ।” ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬੁਨਿਆਦੀ ਅੰਕੜੇ ਹੀ ਗ਼ਲਤ ਹੋਣਗੇ, ਤਾਂ ਰਾਸ਼ਟਰੀ ਚੁਣੌਤੀਆਂ ਲਈ ਢੁਕਵੇਂ ਹੱਲ ਲੱਭਣਾ ਔਖਾ ਹੋ ਜਾਵੇਗਾ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਅਧਿਕਾਰਤ ਅੰਕੜੇ ਸਿਰਫ਼ ਗਿਣਤੀਆਂ ਨਹੀਂ ਹਨ, ਸਗੋਂ ਸ਼ਾਸਨ ਦੇ ਅਜਿਹੇ ਸਾਧਨ ਹਨ ਜੋ ਸਰਕਾਰ ਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਦੇਸ਼, ਇਸ ਦੇ ਲੋਕ ਅਤੇ ਸਮਾਜ ਦੇ ਵੱਖ-ਵੱਖ ਵਰਗ ਕਿਸ ਹਾਲਾਤ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਖੇਤਰੀ ਤਜਰਬਾ, ਅੰਕੜਿਆਂ ਦਾ ਸਹੀ ਸੰਗ੍ਰਹਿ, ਉਨ੍ਹਾਂ ਦਾ ਸਹੀ ਰੱਖ-ਰਖਾਅ ਅਤੇ ਸਮੇਂ ਸਿਰ ਪੇਸ਼ਕਾਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਕਿਹਾ, “ਕਿਸੇ ਯੋਜਨਾ ਦੀ ਸਫ਼ਲਤਾ ਜਾਂ ਅਸਫਲਤਾ ਵੱਡੇ ਪੱਧਰ ’ਤੇ ਅੰਕੜਿਆਂ ਦੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ।” ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰੀ ਪ੍ਰੋਗਰਾਮਾਂ ਦੇ ਮਿਥੇ ਗਏ ਲਾਭ ਹੱਕਦਾਰ ਲਾਭਪਾਤਰੀਆਂ ਤੱਕ ਪਹੁੰਚਾਉਣ ਵਿੱਚ ਅੰਕੜਾ ਵਿਗਿਆਨੀਆਂ ਦੀ ਅਹਿਮ ਭੂਮਿਕਾ ਹੈ।

ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਭਾਰਤ ਦੇ ਅੰਕੜਾ ਅਤੇ ਪ੍ਰਸ਼ਾਸਕੀ ਡਾਟਾ ਪ੍ਰਣਾਲੀਆਂ ਨੂੰ ਮਜ਼ਬੂਤ ​​’ਤੇ ਜ਼ੋਰ ਦਿੱਤਾ, ਜਿਸ ਵਿੱਚ ਡਿਜੀਟਲ ਡਾਟਾਬੇਸ, ਜੀ.ਐੱਸ.ਟੀ ਅੰਕੜੇ ਅਤੇ ਉੱਚ-ਆਵਿਰਤੀ ਵਾਲੇ ਆਰਥਿਕ ਅੰਕੜੇ ਸ਼ਾਮਲ ਹਨ । ਡਿਜੀਟਲ ਲੈਣ-ਦੇਣ ਵਿੱਚ ਆਈ ਤਬਦੀਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਨੇ ਇਸ ਦੇ ਵਿਸਥਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਸਮਾਨਾਂਤਰ ਅਰਥਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਆਰਥਿਕ ਗਣਨਾਵਾਂ ਲਈ ਢੁਕਵੇਂ ਆਧਾਰ ਸਾਲਾਂ (Base Years) ਦੇ ਮਹੱਤਵ ਅਤੇ ਦੇਸ਼ ਦੀ ਅਸਲ ਵਿਕਾਸ ਦਰ ਦੇ ਸਹੀ ਮੁਲਾਂਕਣ ’ਤੇ ਵੀ ਚਾਨਣਾ ਪਾਇਆ। ਨਾਲ ਹੀ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਰਫ਼ ਆਰਥਿਕ ਸੰਕੇਤਕ ਹੀ ਮਨੁੱਖੀ ਭਲਾਈ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰ ਸਕਦੇ; ਖ਼ੁਸ਼ਹਾਲੀ ਅਤੇ ਜੀਵਨ ਦੀ ਗੁਣਵੱਤਾ ਵਰਗੇ ਮਾਪਦੰਡ ਵੀ ਮਹੱਤਵਪੂਰਨ ਹਨ ।

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ “ਅੰਕੜਾ ਵਿਗਿਆਨ ਦਾ ਮੁੱਲ ਵਿਸ਼ਵਾਸ ਨਾਲ ਤੈਅ ਹੁੰਦਾ ਹੈ”, ਉਪ-ਰਾਸ਼ਟਰਪਤੀ ਨੇ ਨੌਜਵਾਨ ਅਧਿਕਾਰੀਆਂ ਨੂੰ ਪੇਸ਼ੇਵਰ ਅਤੇ ਨੈਤਿਕ ਇਮਾਨਦਾਰੀ, ਸਿਆਸੀ ਨਿਰਪੱਖਤਾ, ਗੁਪਤਤਾ ਅਤੇ ਨਿਰਪੱਖਤਾ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਰਸਮੀ ਸ਼ਿਸ਼ਟਾਚਾਰ ਨਿਭਾਉਣ ਦੀ ਬਜਾਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਕੁਸ਼ਲਤਾ ਅਤੇ ਇਮਾਨਦਾਰੀ ਨਾਲ ਨਿਭਾਉਣਾ ਹੀ ਉਹ ਅਸਲ ਸਤਿਕਾਰ ਹੈ, ਜੋ ਅਧਿਕਾਰੀ ਆਪਣੇ ਸੀਨੀਅਰ ਪ੍ਰਤੀ ਪ੍ਰਗਟ ਕਰ ਸਕਦੇ ਹਨ। ਉਨ੍ਹਾਂ ਨੇ ਸਿਖਲਾਈ ਅਧੀਨ ਅਧਿਕਾਰੀਆਂ ਨੂੰ ਨਿਰੰਤਰ ਸਿੱਖਣ ਦੀ ਆਦਤ ਵਿਕਸਤ ਕਰਨ, ਖੇਤਰੀ ਤਜਰਬੇ ਤੋਂ ਸਬਕ ਲੈਣ ਅਤੇ ਸੀਨੀਅਰ, ਸਹਿਯੋਗੀਆਂ ਤੇ ਛੋਟੇ ਮੁਲਾਜ਼ਮਾਂ ਤੋਂ ਸਿੱਖਣ ਲਈ ਹਮੇਸ਼ਾ ਤਿਆਰ ਰਹਿਣ ਦਾ ਸੱਦਾ ਦਿੱਤਾ।

ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਨੌਜਵਾਨ ਅਧਿਕਾਰੀਆਂ ਨੂੰ ਜਿਗਿਆਸੂ, ਮਿਹਨਤੀ ਅਤੇ ਨਵੀਨਤਾ ਲਈ ਖੁੱਲ੍ਹੇ ਵਿਚਾਰਾਂ ਵਾਲੇ ਬਣੇ ਰਹਿਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਪੇਸ਼ੇਵਰ ਆਜ਼ਾਦੀ ਨਾਲ ਕਦੇ ਵੀ ਸਮਝੌਤਾ ਨਾ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ‘ਵਿਕਾਸ ਲਈ ਅੰਕੜੇ’ ਅਤੇ ਅੰਕੜਾ-ਆਧਾਰਿਤ ਫ਼ੈਸਲੇ ਵਿਕਸਿਤ ਭਾਰਤ@2047 ਲਈ ਇੱਕ ਮਜ਼ਬੂਤ ਅੰਕੜਾ ਪ੍ਰਣਾਲੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਹੋਣਗੇ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ 2026 ਬੈਚ ਦੇ ਅਧਿਕਾਰੀ ਭਾਰਤੀ ਅੰਕੜਾ ਸੇਵਾ  ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਕਾਇਮ ਰੱਖਣਗੇ ਅਤੇ ਅਜਿਹੀ ਅੰਕੜਾ-ਆਧਾਰਿਤ ਪ੍ਰਣਾਲੀ ਦੇ ਨਿਰਮਾਣ ਵਿੱਚ ਸਾਰਥਕ ਯੋਗਦਾਨ ਪਾਉਣਗੇ, ਜੋ ਲੋਕਾਂ ਨੂੰ ਠੋਸ ਲਾਭ ਪਹੁੰਚਾਉਣ ਵਿੱਚ ਸਮਰੱਥ ਹੋਵੇ।

ਇਸ ਮੌਕੇ ’ਤੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਸਕੱਤਰ ਡਾ. ਸੌਰਭ ਗਰਗ, ਡਾਟਾ ਗਵਰਨੈਂਸ ਦੇ ਡਾਇਰੈਕਟਰ ਜਨਰਲ ਸ਼੍ਰੀ ਪੀ. ਆਰ. ਮੇਸ਼ਰਾਮ, ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਸਿਖਲਾਈ ਅਧੀਨ ਅਧਿਕਾਰੀ ਮੌਜੂਦ ਸਨ।

*****

ਪੀਆਰ/ਏਐਸਐਮ/ਵੀਐਮਜੇ


(Release ID: 2305350) ਵਿਜ਼ੀਟਰ ਕਾਊਂਟਰ : 13