ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਦੇਸ਼ ਦੇ ਵਿੱਤੀ ਸਮਾਵੇਸ਼ ਦ੍ਰਿਸ਼ ਨੂੰ ਬਦਲਣ ਦੇ 12 ਵਰ੍ਹੇ ਪੂਰੇ ਕਰ ਲਏ ਹਨ
59.09 ਕਰੋੜ ਪੀਐੱਮਜੇਡੀਵਾਈ ਖਾਤੇ ਖੋਲ੍ਹੇ ਗਏ ਜਿਨ੍ਹਾਂ ਵਿੱਚ 3.17 ਲੱਖ ਕਰੋੜ ਰੁਪਏ ਜਮ੍ਹਾਂ ਕੀਤੇ ਗਏ
ਇਨ੍ਹਾਂ ਵਿੱਚੋਂ 56% ਖਾਤਾਧਾਰਕ ਮਹਿਲਾਵਾਂ ਹਨ ਅਤੇ 78 ਪ੍ਰਤੀਸ਼ਤ ਖਾਤੇ ਪੇਂਡੂ ਅਤੇ ਉਪ-ਸ਼ਹਿਰੀ ਖੇਤਰਾਂ ਵਿੱਚ ਹਨ
ਦੇਸ਼ ਭਰ ਵਿੱਚ ਡਿਜੀਟਲ ਭੁਗਤਾਨ ਅਤੇ ਵਿੱਤੀ ਸੁਰੱਖਿਆ ਤੱਕ ਪਹੁੰਚ ਨੂੰ ਵਧਾਉਂਦੇ ਹੋਏ 41 ਕਰੋੜ ਤੋਂ ਵੱਧ ਰੁਪੇ ਕਾਰਡ ਜਾਰੀ ਕੀਤੇ ਗਏ
ਜੇਏਐੱਮ ਟ੍ਰਿਨਿਟੀ ਵੰਚਿਤਾਂ ਨੂੰ ਭਲਾਈ ਲਾਭਾਂ ਦੀ ਸਿੱਧੀ, ਪਾਰਦਰਸ਼ੀ ਅਤੇ ਹੇਰਾ-ਫੇਰੀ ਰਹਿਤ ਡਿਲੀਵਰੀ ਨੂੰ ਯਕੀਨੀ ਬਣਾਉਂਦੀ ਹੈ
Posted On:
27 AUG 2026 12:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 28 ਅਗਸਤ, 2014 ਨੂੰ ਆਪਣੇ ਪਹਿਲੇ ਪ੍ਰੋਗਰਾਮਾਂ ਵਿੱਚੋਂ ਇੱਕ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਨੇ 12 ਵਰ੍ਹੇ ਪੂਰੇ ਕਰ ਲਏ ਹਨ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਇਨ੍ਹਾਂ 12 ਵਰ੍ਹਿਆਂ ਵਿੱਚ ਦੇਸ਼ ਦੇ ਵਿੱਤੀ ਦ੍ਰਿਸ਼ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਇਹ ਯੋਜਨਾ ਵਿਸ਼ਵ ਪੱਧਰ ‘ਤੇ ਵਿੱਤੀ ਸਮਾਵੇਸ਼ ਦੀ ਦਿਸ਼ਾ ਵਿੱਚ ਇੱਕ ਮਿਸਾਲ ਬਣ ਗਈ ਹੈ। ਵਿਸ਼ਵ ਦੀ ਸਭ ਤੋਂ ਵੱਡੀ ਵਿੱਤੀ ਸਮਾਵੇਸ਼ ਪਹਿਲ ਵਜੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਾਰੇ ਭਾਰਤੀਆਂ ਲਈ ਬੈਂਕਿੰਗ ਤੱਕ ਪਹੁੰਚ ਨੂੰ ਲਗਾਤਾਰ ਨਵਾਂ ਰੂਪ ਦੇ ਰਹੀ ਹੈ।

ਵਿੱਤੀ ਸਮਾਵੇਸ਼ ਦਾ ਵਿਸਥਾਰ
ਵਿੱਤ ਮੰਤਰਾਲਾ ਸਸ਼ਕਤ ਵਿੱਤੀ ਸਮਾਵੇਸ਼ ਯੋਜਨਾਵਾਂ ਅਤੇ ਯਤਨਾਂ ਰਾਹੀਂ ਹਾਸ਼ੀਏ ‘ਤੇ ਪਏ ਅਤੇ ਆਰਥਿਕ ਪੱਖੋਂ ਵਾਂਝੇ ਵਰਗਾਂ ਨੂੰ ਸਹਾਇਤਾ ਕਰਨ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਇਹ ਯਕੀਨੀ ਬਣਾਉਂਦੀ ਹੈ ਕਿ ਹਰੇਕ ਬੈਂਕਿੰਗ ਸਹੂਲਤ ਤੋਂ ਵਾਂਝੇ ਵਿਅਕਤੀਆਂ ਨੂੰ ਬੈਂਕ ਖਾਤਾ ਮਿਲੇ- ਜਿਸ ਵਿੱਚ ਨਿਊਨਤਮ ਬਾਕੀ ਰਾਸ਼ੀ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਕੋਈ ਰੱਖ-ਰਖਾਅ ਚਾਰਜ ਨਹੀਂ ਹੈ।
ਹਰੇਕ ਖਾਤੇ ਦੇ ਨਾਲ ਇੱਕ ਮੁਫ਼ਤ ਰੁਪੇ ਡੈਬਿਟ ਕਾਰਡ ਮਿਲਦਾ ਹੈ, ਜਿਸ ਵਿੱਚ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਕਵਰ ਸ਼ਾਮਲ ਹੈ, ਜੋ ਡਿਜੀਟਲ ਲੈਣ-ਦੇਣ ਅਤੇ ਵਿੱਤੀ ਸੁਰੱਖਿਆ ਨੂੰ ਹੁਲਾਰਾ ਦਿੰਦਾ ਹੈ। ਖਾਤਾ ਧਾਰਕਾਂ ਨੂੰ 10,000 ਰੁਪਏ ਤੱਕ ਦੀ ਓਵਰ ਡ੍ਰਾਫਟ ਦੀ ਸੁਵਿਧਾ ਵੀ ਮਿਲਦੀ ਹੈ, ਜੋ ਐਮਰਜੈਂਸੀ ਵਿੱਚ ਸੁਰੱਖਿਆ ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤਿਆਂ ਨੇ ਜਨ ਸੁਰੱਖਿਆ ਯੋਜਨਾਵਾਂ, ਜਿਵੇਂ ਪੀਐੱਮ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪੀਐੱਮ ਸੁਰਕਸ਼ਾ ਬੀਮਾ ਯੋਜਨਾ ਰਾਹੀਂ ਅਸੰਗਠਿਤ ਖੇਤਰ ਦੇ ਲੱਖਾਂ ਕਾਮਿਆਂ ਨੂੰ ਜੀਵਨ ਅਤੇ ਦੁਰਘਟਨਾ ਬੀਮਾ ਪ੍ਰਦਾਨ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਮੌਕੇ ‘ਤੇ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ 28 ਅਗਸਤ, 2014 ਨੂੰ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿੱਤੀ ਸਮਾਵੇਸ਼ ਮਿਸ਼ਨ ਦਾ ਉਦਘਾਟਨ ਕੀਤਾ ਸੀ, ਜਿਸ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਆਪਣੀ 12ਵੀਂ ਵਰ੍ਹੇਗੰਢ ਮਨਾ ਰਹੀ ਹੈ। ਸਾਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਸਿਰਫ਼ 59 ਕਰੋੜ ਤੋਂ ਵੱਧ ਖਾਤੇ ਖੋਲ੍ਹਣ, 3.17 ਲੱਖ ਕਰੋੜ ਰੁਪਏ ਦੀ ਜਮ੍ਹਾਂ ਰਾਸ਼ੀ ਪ੍ਰਾਪਤ ਕਰਨ ਜਾਂ 41.29 ਕਰੋੜ ਮੁਫ਼ਤ ਰੁਪੇ ਕਾਰਡ ਜਾਰੀ ਕਰਨ ਦੇ ਸੰਦਰਭ ਵਿੱਚ ਨਹੀਂ ਦੇਖਣਾ ਚਾਹੀਦਾ, ਸਗੋਂ ਦੇਸ਼ ਦੇ ਬੈਂਕਿੰਗ ਅਤੇ ਵਿੱਤੀ ਦ੍ਰਿਸ਼ ਵਿੱਚ ਇਸ ਦੇ ਪਰਿਵਰਤਨ ਦੇ ਸੰਦਰਭ ਵਿੱਚ ਦੇਖਣਾ ਚਾਹੀਦਾ ਹੈ, ਜਿੱਥੇ ਸਮਾਜ ਦੇ ਅੰਤਿਮ ਵਿਅਕਤੀ-ਸਭ ਤੋਂ ਗ਼ਰੀਬ ਵਿਅਕਤੀ-ਤੱਕ ਵਿੱਤੀ ਸੇਵਾਵਾਂ ਦੀ ਪਹੁੰਚ ਬਿਨਾ ਕਿਸੇ ਦੇਰੀ ਜਾਂ ਵਿਚੌਲਿਆਂ ਦੀ ਭਾਈਵਾਲੀ ਦੇ ਸੰਭਵ ਹੋ ਸਕੀ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਸਕੀਮ ਦੇ ਤਹਿਤ 78% ਖਾਤੇ ਪੇਂਡੂ ਅਤੇ ਉਪ-ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਗਏ ਹਨ ਅਤੇ ਲਗਭਗ 56 ਪ੍ਰਤੀਸ਼ਤ ਖਾਤੇ ਮਹਿਲਾਵਾਂ ਦੀ ਮਾਲਕੀ ਵਿੱਚ ਹਨ, ਜੋ ਇਸ ਯੋਜਨਾ ਦੀ ਤਰਜੀਹ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲੇ ਵੰਚਿਤਾਂ ਨੂੰ ਰਸਮੀ ਵਿੱਤੀ ਖੇਤਰ ਵਿੱਚ ਲਿਆਉਣਾ ਸੀ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਲੱਖਾਂ ਲੋਕਾਂ, ਖਾਸ ਕਰਕੇ ਵੰਚਿਤ ਵਰਗਾਂ ਨੂੰ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕੀਤੀ ਹੈ। ਖਾਤਾ ਮਾਲਕ ਨੇ ਆਮ ਆਦਮੀ ਨੂੰ ਬੀਮਾ ਅਤੇ ਪੈਨਸ਼ਨ ਕਵਰੇਜ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਇਆ ਹੈ। ਹਰੇਕ ਰਾਜ ਅਤੇ ਜ਼ਿਲ੍ਹੇ ਵਿੱਚ ਨਿਰੰਤਰ ਚਲਾਏ ਗਏ ਵਿਆਪਕ ਅਭਿਆਨ ਰਾਹੀਂ, ਅਸੀਂ ਬੈਂਕ ਖਾਤਿਆਂ ਦੀ ਲਗਭਗ ਵਿਸ਼ਵਵਿਆਪੀ ਕਵਰੇਜ ਵੱਲ ਕਦਮ ਵਧਾਇਆ ਹੈ ਅਤੇ ਬੀਮਾ ਅਤੇ ਪੈਨਸ਼ਨ ਯੋਜਨਾਵਾਂ ਦੀ ਪਹੁੰਚ ਉਨ੍ਹਾਂ ਲੋਕਾਂ ਤੱਕ ਨਿਰੰਤਰ ਵਧਾਈ ਹੈ ਜਿਨ੍ਹਾਂ ਨੂੰ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ।
12ਵੀਂ ਵਰ੍ਹੇਗੰਢ ਦੇ ਮੌਕੇ ‘ਤੇ, ਮੈਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਸਕੀਮ ਨੂੰ ਆਮ ਆਦਮੀ ਤੱਕ ਪਹੁੰਚਾਉਣ ਅਤੇ ਇਸ ਨੂੰ ਇੱਕ ਵੱਡੀ ਸਫਲਤਾ ਬਣਾਉਣ ਵਿੱਚ ਦੇਸ਼ ਭਰ ਵਿੱਚ ਤਾਇਨਾਤ ਬੈਂਕਰਾਂ ਅਤੇ ਬਿਜ਼ਨਸ ਕੋਰਸਪੌਂਡੈਂਟਸ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ।
ਜੈਮ ਟ੍ਰਿਨਿਟੀ: ਇੱਕ ਗੇਮ ਚੇਂਜਰ
ਜਨ-ਧਨ-ਆਧਾਰ-ਮੋਬਾਈਲ (ਜੇਏਐੱਮ) ਦੀ ਤ੍ਰਿਕੜੀ, ਜਿਸ ਕੇਂਦਰ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਹੈ, ਵਿੱਤੀ ਸਹਾਇਤਾ ਦੀ ਸਿੱਧੀ ਵੰਡ ਲਈ ਇੱਕ ਨੁਕਸ-ਰਹਿਤ ਵਿਧੀ ਸਾਬਤ ਹੋਈ ਹੈ। ਜੇਏਐੱਮ ਰਾਹੀਂ, ਸਰਕਾਰ ਨੇ ਵੰਚਿਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭਲਾਈ ਲਾਭ ਟ੍ਰਾਂਸਫਰ ਕਰਕੇ ਵਿਚੌਲਿਆਂ ਅਤੇ ਦੇਰੀ ਨੂੰ ਖਤਮ ਕਰ ਦਿੱਤਾ ਹੈ।
ਮਹੱਤਵਪੂਰਨ ਪ੍ਰਾਪਤੀਆਂ ਅਤੇ ਸਫਲਤਾਵਾਂ
ਕ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤੇ : 59.09 ਕਰੋੜ (ਮਿਤੀ 19 ਅਗਸਤ 2026 ਤੱਕ)
19 ਅਗਸਤ 2026 ਤੱਕ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤਿਆਂ ਦੀ ਕੁੱਲ ਸੰਖਿਆ 59.09 ਕਰੋੜ ਹੈ; ਜਨ ਧਨ ਖਾਤਾ ਧਾਰਕਾਂ ਵਿੱਚੋਂ 55.7 ਪ੍ਰਤੀਸ਼ਤ (32.92 ਕਰੋੜ) ਮਹਿਲਾਵਾਂ ਹਨ ਅਤੇ ਜਨ ਧਨ ਖਾਤਿਆਂ ਵਿੱਚੋਂ 77.8 ਪ੍ਰਤੀਸ਼ਤ (45.95 ਕਰੋੜ) ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ।
ਖ ਪੀਐੱਮਜੇਡੀਵਾਈ ਖਾਤਿਆਂ ਦੇ ਤਹਿਤ ਜਮ੍ਹਾਂ ਰਾਸ਼ੀ -3.17 ਲੱਖ ਕਰੋੜ ਰੁਪਏ (ਮਿਤੀ 19 ਅਗਸਤ 2026 ਤੱਕ)
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤਰਿਆਂ ਦੇ ਤਹਿਤ ਕੁੱਲ ਜਮ੍ਹਾਂ ਰਾਸ਼ੀ 3,16,514 ਕਰੋੜ ਰੁਪਏ ਹੈ। ਪਿਛਲੇ 12 ਵਰ੍ਹਿਆਂ (ਅਗਸਤ 26/ਅਗਸਤ 15) ਵਿੱਚ ਰਾਸ਼ੀ ਲਗਭਗ 12.8 ਗੁਣਾ ਵਧੀ ਹੈ, ਜਦਕਿ ਖਾਤਿਆਂ ਦੀ ਗਿਣਤੀ 2.3 ਗੁਣਾ ਵਧੀ ਹੈ।
ਗ ਪ੍ਰਤੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤੇ ਵਿੱਚ ਔਸਤ ਜਮ੍ਹਾਂ ਰਾਸ਼ੀ -5,356 ਰੁਪਏ (ਮਿਤੀ 19 ਅਗਸਤ 2026 ਤੱਕ)
19 ਅਗਸਤ, 2026 ਤੱਕ ਪ੍ਰਤੀ ਖਾਤਾ ਔਸਤ ਜਮ੍ਹਾਂ ਰਾਸ਼ੀ 5,356 ਰੁਪਏ ਹੈ। ਪਿਛਲੇ 12 ਵਰ੍ਹਿਆਂ (ਅਗਸਤ 2026/ਅਗਸਤ 2015) ਵਿੱਚ ਪ੍ਰਤੀ ਖਾਤਾ ਔਸਤ ਜਮ੍ਹਾਂ ਰਾਸ਼ੀ ਵਿੱਚ 3.4 ਗੁਣਾ ਦਾ ਵਾਧਾ ਹੋਇਆ ਹੈ। ਔਸਤ ਜਮ੍ਹਾਂ ਰਾਸ਼ੀ ਵਿੱਚ ਇਹ ਵਾਧਾ ਖਾਤਿਆਂ ਦੀ ਵਧ ਰਹੀ ਵਰਤੋਂ ਅਤੇ ਖਾਤਾਧਾਰਕਾਂ ਦੇ ਵਿਚਕਾਰ ਬੱਚਤ ਦੀ ਆਦਤ ਵਿਕਸਿਤ ਹੋਣ ਦਾ ਇੱਕ ਹੋਰ ਸੰਕੇਤ ਹੈ।
ਘ ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ 41.29 ਕਰੋੜ ਰੁਪਏ ਕਾਰਡ ਜਾਰੀ ਕੀਤੇ ਗਏ (19 ਅਗਸਤ 2026 ਤੱਕ)
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤਾਧਾਰਕਾਂ ਨੂੰ 41.29 ਕਰੋੜ ਰੁਪਏ ਕਾਰਡ ਜਾਰੀ ਕੀਤੇ ਗਏ ਹਨ। ਰੁਪੇ ਕਾਰਡਾਂ ਦੀ ਗਿਣਤੀ ਅਤੇ ਵਰਤੋਂ ਵਿੱਚ ਸਮੇਂ ਦੇ ਨਾਲ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਸਫਲਤਾ ਦਾ ਕ੍ਰੈਡਿਟ ਇਸ ਦੇ ਮਿਸ਼ਨ-ਅਧਾਰਿਤ ਦ੍ਰਿਸ਼ਟੀਕੋਣ, ਰੈਗੂਲੇਟਰੀ ਸਮਰਥਨ, ਜਨਤਕ-ਨਿਜੀ ਭਾਈਵਾਲੀ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਆਧਾਰ ਜਿਵੇਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਏਕੀਕਰਣ ਨੂੰ ਜਾਂਦਾ ਹੈ। ਇਹ ਵਿੱਤੀ ਸਮਾਵੇਸ਼ ਦੀ ਦਿਸ਼ਾ ਵਿੱਚ ਪਹਿਲਾ ਕਦਮ ਬਣਿਆ ਹੋਇਆ ਹੈ, ਅਤੇ ਰਸਮੀ ਵਿੱਤ ਤੋਂ ਵੰਚਿਤ ਲੋਕਾਂ ਲਈ ਬੱਚਤ ਅਤੇ ਲੋਨ ਤੱਕ ਪਹੁੰਚ ਨੂੰ ਸਮਰੱਥ ਬਣਾ ਕੇ ਅੱਗੇ ਦੀ ਪ੍ਰਗਤੀ ਹਾਸਲ ਕੀਤੀ ਜਾ ਰਹੀ ਹੈ। ਬੱਚਤ ਦੇ ਸਪਸ਼ਟ ਰੁਝਾਨ ਦੇ ਨਾਲ, ਖਾਤਾਧਾਰਕ ਹੁਣ ਮੁਦਰਾ ਲੋਨ ਸਮੇਤ ਲੋਨਸ ਲਈ ਯੋਗ ਹਨ, ਜਿਸ ਨਾਲ ਵਿਅਕਤੀਆਂ ਨੂੰ ਆਪਣੀ ਆਮਦਨ ਵਧਾਉਣ ਅਤੇ ਵਿੱਤੀ ਤੌਰ ‘ਤੇ ਮਜ਼ਬੂਤ ਬਣਨ ਵਿੱਚ ਮਦਦ ਮਿਲਦੀ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਆਪਣੇ 13ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੀ ਹੈ ਅਤੇ ਸਮਾਵੇਸ਼ੀ ਵਿਕਾਸ, ਡਿਜੀਟਲ ਇਨੋਵੇਸ਼ਨ ਅਤੇ ਆਰਥਿਕ ਸਸ਼ਕਤੀਕਰਣ ਦੀ ਇੱਕ ਉੱਤਮ ਉਦਾਹਰਣ ਬਣਿਆ ਹੋਇਆ ਹੈ। ਇਸ ਦੀ ਨਿਰੰਤਰ ਸਫਲਤਾ ਦੇਸ਼ ਦੀ ਇਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਵਿੱਤੀ ਸਮ੍ਰਿੱਧੀ ਦੀ ਰਾਹ ਵਿੱਚ ਕੋਈ ਵੀ ਨਾਗਰਿਕ ਪਿੱਛੇ ਨਾ ਰਹਿ ਜਾਵੇ।
***
ਐੱਸਆਰ/ਏਡੀ/ਏਕੇ
(Release ID: 2303868)
ਵਿਜ਼ੀਟਰ ਕਾਊਂਟਰ : 10
Read this release in:
English
,
Urdu
,
हिन्दी
,
Bengali-TR
,
Assamese
,
Bengali
,
Gujarati
,
Tamil
,
Telugu
,
Kannada
,
Malayalam