ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 03 AUG 2026 3:02PM by PIB Chandigarh

ਉਜ਼ਬੇਕਿਸਤਾਨ ਗਣਰਾਜ ਦੇ ਵਿਦੇਸ਼ ਮੰਤਰੀ ਮਹਾਮਹਿਮ ਸ਼੍ਰੀ ਸਈਦੋਵ ਬਖ਼ਤੀਯਾਰ ਓਦਿਲੋਵਿਚ ਨੇ ਅੱਜ 3 ਅਗਸਤ 2026 ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਭਵਨ ਵਿੱਚ ਸ਼੍ਰੀ ਓਦਿਲੋਵਿਚ ਅਤੇ ਉਨ੍ਹਾਂ ਦੇ ਵਫ਼ਦ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਡੂੰਘੇ ਇਤਿਹਾਸਕ, ਸਭਿਆਚਾਰਕ ਅਤੇ ਸੱਭਿਅਤਾਵਾਦੀ ਸੰਬੰਧ ਹਨ, ਜਿਨ੍ਹਾਂ ਦੀਆਂ ਜੜ੍ਹਾਂ ਪ੍ਰਾਚੀਨ ਵਪਾਰਕ ਮਾਰਗਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਵਾਸਤੂਕਲਾ, ਭਾਸ਼ਾ, ਖਾਣ-ਪੀਣ, ਸੰਗੀਤ ਅਤੇ ਧਾਰਮਿਕ ਪਰੰਪਰਾਵਾਂ ਵਰਗੀ ਸਾਂਝੀ ਵਿਰਾਸਤ ਨੇ ਦੋਹਾਂ ਦੇਸ਼ਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦੌਰੇ 'ਤੇ ਆਏ ਵਫ਼ਦ ਵਿੱਚ ਸ਼ਾਮਲ ਮੁੱਖ ਆਗੂਆਂ ਦੀ ਮੌਜੂਦਗੀ ਅਤੇ ਯਾਤਰਾ ਦੌਰਾਨ ਭਾਰਤ-ਉਜ਼ਬੇਕਿਸਤਾਨ ਵਪਾਰ ਮੰਚ ਦਾ ਆਯੋਜਨ ਇਸ ਗੱਲ ਦਾ ਸਬੂਤ ਹੈ ਕਿ ਦੋਹਾਂ ਦੇਸ਼ਾਂ ਦੇ ਉਦਯੋਗ ਜਗਤ ਦਾ ਇੱਕ-ਦੂਜੇ ਦੇ ਬਾਜ਼ਾਰਾਂ 'ਤੇ ਭਰੋਸਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੇ ਮਾਈਨਿੰਗ ਖੇਤਰ, ਵਿਸ਼ੇਸ਼ ਤੌਰ 'ਤੇ ਦੁਰਲੱਭ ਮਿੱਟੀ ਦੇ ਖਣਿਜਾਂ (ਰੇਅਰ ਅਰਥ ਮਿਨਰਲਜ਼), ਖੇਤੀਬਾੜੀ, ਫਾਰਮਾਸਿਊਟੀਕਲ ਅਤੇ ਸੂਚਨਾ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ 'ਤੇ ਵੀ ਚਾਨਣਾ ਪਾਇਆ।

 

ਰਾਸ਼ਟਰਪਤੀ ਨੇ ਇਹ ਜਾਣ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਉਜ਼ਬੇਕਿਸਤਾਨ ਦੇ 3,000 ਤੋਂ ਵੱਧ ਅਧਿਕਾਰੀਆਂ, ਪੇਸ਼ਾਵਰਾਂ ਅਤੇ ਵਿਦਿਆਰਥੀਆਂ ਨੇ ਸਾਡੇ ਆਈਟੀਈਸੀ ਸਿਖਲਾਈ ਪ੍ਰੋਗਰਾਮਾਂ ਅਤੇ ਹੋਰ ਵਜ਼ੀਫ਼ਾ (ਸਕਾਲਰਸ਼ਿਪ) ਪ੍ਰੋਗਰਾਮਾਂ ਦਾ ਲਾਭ ਉਠਾਇਆ ਹੈ। ਨਾਲ ਹੀ, 16,000 ਤੋਂ ਵੱਧ ਭਾਰਤੀ ਵਿਦਿਆਰਥੀ ਉਜ਼ਬੇਕਿਸਤਾਨ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਿਦਿਆਰਥੀ ਦੋਹਾਂ ਦੇਸ਼ਾਂ ਵਿਚਕਾਰ ਇੱਕ ਪੁਲ਼ ਦਾ ਕੰਮ ਕਰ ਰਹੇ ਹਨ ਅਤੇ ਆਪਸੀ ਸਮਝ ਨੂੰ ਵਧਾਉਣ ਦੇਣ ਦੇ ਨਾਲ-ਨਾਲ ਲੋਕਾਂ-ਤੋਂ-ਲੋਕਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ।

ਦੋਹਾਂ ਆਗੂਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਇਸ ਯਾਤਰਾ ਦੌਰਾਨ ਹੋਈਆਂ ਵਿਚਾਰ-ਚਰਚਾਵਾਂ ਨਾਲ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ, ਭਰੋਸੇ ਅਤੇ ਸਹਿਯੋਗ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ।

****

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2295318) ਵਿਜ਼ੀਟਰ ਕਾਊਂਟਰ : 47