ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 1 ਤੋਂ 7 ਅਗਸਤ ਤੱਕ ਵਿਸ਼ਵ ਬ੍ਰੈਸਟਫੀਡਿੰਗ ਹਫ਼ਤਾ 2026 ਮਨਾਏਗਾ


ਇਸ ਦਾ ਉਦੇਸ਼ ਇੱਕ ਸਿਹਤਮੰਦ ਭਾਰਤ ਲਈ ਬ੍ਰੈਸਟਫੀਡਿੰਗ (ਮਾਂ ਦੇ ਦੁੱਧ) ਬਾਰੇ ਪਰਿਵਾਰਾਂ, ਭਾਈਚਾਰਿਆਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ

ਇਸ ਸਾਲ ਦਾ ਥੀਮ ਹੈ: ਜੀਵਨ ਦੀ ਟਿਕਾਊ ਸ਼ੁਰੂਆਤ ਲਈ ਬ੍ਰੈਸਟਫੀਡਿੰਗ: ਜੋ ਕਾਰਗਰ ਹੈ ਉਸ ਨੂੰ ਮਜ਼ਬੂਤ ਕਰੋ

Posted On: 31 JUL 2026 11:11AM by PIB Chandigarh

ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ 1 ਤੋਂ 7 ਅਗਸਤ 2026 ਤੱਕ ਪੂਰੇ ਦੇਸ਼ ਵਿੱਚ ਵਿਸ਼ਵ ਬ੍ਰੈਸਟਫੀਡਿੰਗ ਹਫ਼ਤਾ ਮਨਾਇਆ ਜਾਵੇਗਾ। ਇਸ ਮੁਹਿੰਮ ਦਾ ਉਦੇਸ਼ ਪਰਿਵਾਰਾਂ, ਭਾਈਚਾਰਿਆਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਵਿੱਚ ਬ੍ਰੈਸਟਫੀਡਿੰਗ ਦੀ ਜਲਦੀ ਸ਼ੁਰੂਆਤ, ਪਹਿਲੇ ਛੇ ਮਹੀਨਿਆਂ ਤੱਕ ਕੇਵਲ ਬ੍ਰੈਸਟਫੀਡਿੰਗ ਅਤੇ ਉੱਚਿਤ ਪੂਰਕ ਖ਼ੁਰਾਕ ਦੇ ਨਾਲ-ਨਾਲ ਦੋ ਸਾਲ ਅਤੇ ਉਸ ਤੋਂ ਵੱਧ ਸਮੇਂ ਤੱਕ ਬ੍ਰੈਸਟਫੀਡਿੰਗ ਜਾਰੀ ਰੱਖਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

 

ਬ੍ਰੈਸਟਫੀਡਿੰਗ ਬੱਚੇ ਦੇ ਜਿਉਂਦੇ ਰਹਿਣ, ਸਿਹਤਮੰਦ ਵਿਕਾਸ ਅਤੇ ਗਿਆਨਾਤਮਕ ਵਿਕਾਸ ਲਈ ਸਭ ਤੋਂ ਪ੍ਰਭਾਵਸ਼ਾਲੀ ਉਪਾਵਾਂ ਵਿੱਚੋਂ ਇੱਕ ਹੈ। ਮੰਤਰਾਲਾ ਪਰਿਵਾਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਯਕੀਨੀ ਬਣਾਉਣ ਕਿ ਹਰੇਕ ਨਵਜੰਮੇ ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਦੇ ਅੰਦਰ (ਗੋਲਡਨ ਓਵਰ) ਮਾਂ ਦਾ ਦੁੱਧ ਮਿਲੇ। ਪਹਿਲਾ ਦੁੱਧ, ਕੋਲੋਸਟ੍ਰਮ, ਜਿਸ ਨੂੰ ਅਕਸਰ ਬੱਚੇ ਦਾ ਪਹਿਲਾ ਕੁਦਰਤੀ ਟੀਕਾ ਕਿਹਾ ਜਾਂਦਾ ਹੈ, ਐਂਟੀਬੌਡੀਜ਼ ਅਤੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਨੂੰ ਸੁੱਟਿਆ ਨਹੀਂ ਜਾਣਾ ਚਾਹੀਦਾ।


 

ਪਹਿਲੇ ਛੇ ਮਹੀਨਿਆਂ ਤੱਕ ਬੱਚੇ ਨੂੰ ਕੇਵਲ ਬ੍ਰੈਸਟਫੀਡਿੰਗ ਹੀ ਕਰਵਾਉਣੀ ਚਾਹੀਦੀ ਹੈ ਅਤੇ ਪਾਣੀ, ਸ਼ਹਿਦ, ਘੁੱਟੀ, ਗਲੂਕੋਜ਼ ਜਾਂ ਡੱਬਾ ਬੰਦ ਦੁੱਧ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਦੌਰਾਨ ਬੱਚੇ ਦੀਆਂ ਸਾਰੀਆਂ ਪੋਸ਼ਣ ਅਤੇ ਪਾਣੀ ਸਬੰਧੀ ਜ਼ਰੂਰਤਾਂ ਕੇਵਲ ਬ੍ਰੈਸਟਫੀਡਿੰਗ ਤੋਂ ਹੀ ਪੂਰੀਆਂ ਹੁੰਦੀਆਂ ਹਨ। ਛੇ ਮਹੀਨਿਆਂ ਬਾਅਦ, ਪੂਰਕ ਖ਼ੁਰਾਕ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਦੋ ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਬ੍ਰੈਸਟਫੀਡਿੰਗ ਜਾਰੀ ਰੱਖਣੀ ਚਾਹੀਦੀ ਹੈ। ਮਾਵਾਂ ਨੂੰ ਜਨਮ ਤੋਂ ਬਾਅਦ ਬੱਚੇ ਨਾਲ ਨੇੜਲਾ ਸੰਪਰਕ ਬਣਾਏ ਰੱਖਣ, ਵਾਰ-ਵਾਰ ਬ੍ਰੈਸਟਫੀਡਿੰਗ ਕਰਵਾਉਣ ਅਤੇ ਜ਼ਰੂਰਤ ਪੈਣ ’ਤੇ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਜਾਂ ਸਿਹਤ ਸੰਭਾਲ ਪ੍ਰਦਾਤਾਵਾਂ ਤੋਂ ਮਾਰਗਦਰਸ਼ਨ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕੰਮਕਾਜੀ ਮਾਵਾਂ ਆਪਣਾ ਦੁੱਧ ਕੱਢ ਕੇ ਸੁਰੱਖਿਅਤ ਤੌਰ ’ਤੇ ਸਟੋਰ ਕਰ ਸਕਦੀਆਂ ਹਨ। ਬ੍ਰੈਸਟਫੀਡਿੰਗ ਮਾਵਾਂ ਲਈ ਵੀ ਫ਼ਾਇਦੇਮੰਦ ਹੈ, ਜਣੇਪੇ ਤੋਂ ਬਾਅਦ ਸਿਹਤ ਸੁਧਾਰ ਵਿੱਚ ਸਹਾਇਤਾ ਕਰਦੀ ਹੈ ਅਤੇ ਬ੍ਰੈਸਟ ਤੇ ਓਵਰੀ (ਅੰਡੇਦਾਨੀ) ਦੇ ਕੈਂਸਰ, ਟਾਈਪ-2 ਡਾਇਬਟੀਜ਼ ਅਤੇ ਜਣੇਪੇ ਤੋਂ ਬਾਅਦ ਦੇ ਡਿਪ੍ਰੈਸ਼ਨ ਦੇ ਜੋਖ਼ਮ ਨੂੰ ਘਟਾਉਂਦੀ ਹੈ।

ਮੰਤਰਾਲਾ ਸਿਹਤ ਪੇਸ਼ੇਵਰਾਂ, ਭਾਈਚਾਰਕ ਵਰਕਰਾਂ, ਪਰਿਵਾਰਾਂ ਅਤੇ ਨਾਗਰਿਕਾਂ ਨੂੰ ਇੱਕ ਅਜਿਹਾ ਅਨੁਕੂਲ ਵਾਤਾਵਰਣ ਬਣਾਉਣ ਦਾ ਸੱਦਾ ਦਿੰਦਾ ਹੈ ਜਿੱਥੇ ਹਰੇਕ ਮਾਂ ਨੂੰ ਬ੍ਰੈਸਟਫੀਡਿੰਗ ਕਰਵਾਉਣ ਲਈ ਸਸ਼ਕਤ ਬਣਾਇਆ ਜਾ ਸਕੇ ਅਤੇ ਹਰੇਕ ਬੱਚੇ ਨੂੰ ਜੀਵਨ ਵਿੱਚ ਵਧੀਆ ਤੋਂ ਵਧੀਆ ਸੰਭਵ ਸ਼ੁਰੂਆਤ ਮਿਲ ਸਕੇ।

 

************

ਐੱਸਐੱਸ/ਪੀਸੀ


(Release ID: 2294139) ਵਿਜ਼ੀਟਰ ਕਾਊਂਟਰ : 33