ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਦੱਖਣ ਮੱਧ ਰੇਲਵੇ ਦੇ ਨਾਂਦੇੜ ਡਿਵੀਜ਼ਨ ਦੇ ਪਰਭਣੀ-ਮੁਦਖੇੜ ਰੇਲ ਸੈਕਸ਼ਨ ’ਤੇ ਇਲੈਕਟ੍ਰਿਕ ਟ੍ਰੈਕਸ਼ਨ ਪ੍ਰਣਾਲੀ ਦੇ ਸੁਧਾਰ ਲਈ 163 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ
ਵਧਦੀ ਮਾਲ ਢੋਆ-ਢੁਆਈ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਦੇ ਨਿਰਵਿਘਨ ਸੰਚਾਲਨ ਨੂੰ ਬਿਹਤਰ ਸਮਰਥਨ ਦੇਣ ਦੇ ਮਕਸਦ ਨਾਲ 164 ਕਿਲੋਮੀਟਰ ਤੋਂ ਵੱਧ ਲੰਬੇ ਰੇਲ ਸੈਕਸ਼ਨ ’ਤੇ ਟ੍ਰੈਕਸ਼ਨ ਸਿਸਟਮ ਦਾ ਸੁਧਾਰ ਕੀਤਾ ਗਿਆ
प्रविष्टि तिथि:
28 JUL 2026 1:39PM by PIB Chandigarh
ਭਾਰਤੀ ਰੇਲਵੇ ਨੇ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਨੈੱਟਵਰਕ ਸਮਰੱਥਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਦੇ ਤਹਿਤ ਦੱਖਣ ਮੱਧ ਰੇਲਵੇ ਦੇ ਨਾਂਦੇੜ ਡਿਵੀਜ਼ਨ ਦੇ ਪਰਭਣੀ-ਮੁਦਖੇੜ ਦੋਹਰੀ (ਡਬਲ) ਲਾਈਨ ਸੈਕਸ਼ਨ ’ਤੇ ਬਿਜਲਈ ਟ੍ਰੈਕਸ਼ਨ ਪ੍ਰਣਾਲੀ ਦੇ ਸੁਧਾਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ ਸਬੰਧਤ ਬਿਜਲੀ ਸਪਲਾਈ ਸਥਾਪਨਾ ਕਾਰਜ ਵੀ ਸ਼ਾਮਲ ਹਨ, ਜਿਸ ਨੂੰ 163 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਦੇ ਤਹਿਤ 164 ਟ੍ਰੈਕ ਕਿਲੋਮੀਟਰ ਖੇਤਰ ਵਿੱਚ ਮੌਜੂਦਾ 1x25 ਕੇ.ਵੀ. ਬਿਜਲਈ ਟ੍ਰੈਕਸ਼ਨ ਪ੍ਰਣਾਲੀ ਨੂੰ ਉੱਨਤ 2x25 ਕੇ.ਵੀ. ਪ੍ਰਣਾਲੀ ਵਿੱਚ ਬਦਲਿਆ ਜਾਵੇਗਾ। ਇਸ ਦੇ ਲਈ ਵਧੇ ਹੋਏ ਬਿਜਲੀ ਦੇ ਲੋਡ ਨੂੰ ਸੰਭਾਲਣ ਵਾਸਤੇ ਆਧੁਨਿਕ ਬਿਜਲੀ ਸਪਲਾਈ ਬੁਨਿਆਦੀ ਢਾਂਚਾ ਵੀ ਵਿਕਸਿਤ ਕੀਤਾ ਜਾਵੇਗਾ।
ਪਰਭਣੀ–ਮੁਦਖੇੜ ਰੇਲ ਸੈਕਸ਼ਨ ਰਣਨੀਤਕ ਤੌਰ ’ਤੇ ਮਹੱਤਵਪੂਰਨ ‘ਹਾਈ ਯੂਟਿਲਾਈਜ਼ਡ (ਉੱਚ ਉਪਯੋਗੀ) ਨੈੱਟਵਰਕ ਰੂਟ-9’ ਦਾ ਹਿੱਸਾ ਹੈ, ਜੋ ਅਜਮੇਰ–ਇੰਦੌਰ–ਖੰਡਵਾ–ਅਕੋਲਾ–ਪੂਰਣਾ–ਮੁਦਖੇੜ–ਸਿਕੰਦਰਾਬਾਦ–ਮਹਿਬੂਬਨਗਰ–ਧੋਨ ਵਰਗੇ ਪ੍ਰਮੁੱਖ ਖੇਤਰਾਂ ਨੂੰ ਜੋੜਦਾ ਹੈ ।
ਅੱਪਗ੍ਰੇਡ ਕੀਤੀ ਗਈ ਟ੍ਰੈਕਸ਼ਨ ਪ੍ਰਣਾਲੀ ਨਾਲ ਰੇਲਗੱਡੀਆਂ ਦੇ ਸੰਚਾਲਨ ਲਈ ਬਿਜਲੀ ਸਪਲਾਈ ਵਧੇਰੇ ਮਜ਼ਬੂਤ ਹੋਵੇਗੀ। ਇਸ ਨਾਲ ਇਸ ਰੇਲ ਸੈਕਸ਼ਨ ਦੀ ਮਾਲ ਢੋਆ-ਢੁਆਈ ਦੀ ਸਮਰੱਥਾ ਵਧੇਗੀ ਅਤੇ ਵੰਦੇ ਭਾਰਤ ਐਕਸਪ੍ਰੈਸ ਵਰਗੀਆਂ ਤੇਜ਼ ਰਫ਼ਤਾਰ ਵਾਲੀਆਂ ਰੇਲਗੱਡੀਆਂ ਦੇ ਸੰਚਾਲਨ ਨੂੰ ਬਿਹਤਰ ਸਮਰਥਨ ਮਿਲੇਗਾ। ਇਹ ਪ੍ਰੋਜੈਕਟ ਭਾਰਤੀ ਰੇਲਵੇ ਦੇ ਸਾਲ 2029-30 ਤੱਕ 3,000 ਮਿਲੀਅਨ ਟਨ ਮਾਲ ਢੋਆ-ਢੁਆਈ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਵੀ ਮਦਦਗਾਰ ਹੋਵੇਗਾ।
ਇਹ ਪਹਿਲਕਦਮੀ ਭਾਰਤੀ ਰੇਲਵੇ ਵੱਲੋਂ ਦੇਸ਼ ਭਰ ਦੇ ਜ਼ਿਆਦਾ ਆਵਾਜਾਈ ਵਾਲੇ ਰੇਲ ਲਾਂਘਿਆਂ ਵਿੱਚ ਬਿਜਲੀ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਸੰਚਾਲਨ ਕੁਸ਼ਲਤਾ ਵਧਾਉਣ ਅਤੇ ਭਵਿੱਖ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
*******
ਮਹੇਸ਼ ਕੁਮਾਰ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2291066)
आगंतुक पटल : 4