ਰੇਲ ਮੰਤਰਾਲਾ
azadi ka amrit mahotsav

ਭਾਰਤ ਦੀ ਪਹਿਲੀ ਸਿੱਧੀ ਵਪਾਰਕ ਕੰਟੇਨਰ ਮਾਲ ਗੱਡੀ ਨੇਪਾਲ ਪਹੁੰਚੀ, ਸਰਹੱਦ ਪਾਰ ਵਪਾਰ ਅਤੇ ਸੰਪਰਕ ਦੇ ਖੇਤਰ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ


ਸੋਧੇ ਹੋਏ ਭਾਰਤ-ਨੇਪਾਲ ਰੇਲ ਟਰਾਂਜ਼ਿਟ ਪ੍ਰੋਟੋਕੋਲ ਦੇ ਤਹਿਤ ਕੋਲਕਾਤਾ ਬੰਦਰਗਾਹ ਤੋਂ ਬਿਰਾਟਨਗਰ ਤੱਕ 40 ਡੱਬਿਆਂ ਵਾਲੀ ਮਾਲ ਗੱਡੀ ਦਾ ਸੰਚਾਲਨ ਸ਼ੁਰੂ

ਸਿੱਧੀ ਰੇਲ ਮਾਲ ਢੋਆ-ਢੁਆਈ ਸੇਵਾ ਨਾਲ ਆਵਾਜਾਈ ਸਮੇਂ ਅਤੇ ਲੌਜਿਸਟਿਕ ਲਾਗਤ ਵਿੱਚ ਕਮੀ ਦੇ ਨਾਲ-ਨਾਲ ਮਾਲ ਢੋਣ ਵਿੱਚ ਆਸਾਨੀ ਹੋਈ , ਜਿਸ ਨਾਲ ਭਾਰਤ-ਨੇਪਾਲ ਵਪਾਰਕ ਸਬੰਧ ਮਜ਼ਬੂਤ ਹੋਏ ਹਨ

Posted On: 28 JUL 2026 4:16PM by PIB Chandigarh

ਭਾਰਤੀ ਰੇਲਵੇ ਨੇ ਕੋਲਕਾਤਾ ਬੰਦਰਗਾਹ ਤੋਂ ਨੇਪਾਲ ਦੇ ਬਿਰਾਟਨਗਰ ਸੀਮਾ ਸ਼ੁਲਕ ਯਾਰਡ ਤੱਕ ਪਹਿਲੀ ਸਿੱਧੀ ਵਪਾਰਕ ਕੰਟੇਨਰ ਮਾਲ-ਗੱਡੀ ਦੇ ਸਫਲ ਸੰਚਾਲਨ ਨਾਲ ਭਾਰਤ-ਨੇਪਾਲ ਮਾਲ ਢੋਆ-ਢੁਆਈ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਕੈਨੋਲਾ (ਤੇਲ ਬੀਜ)ਦੀ ਖੇਪ ਲੈ ਕੇ ਜਾਣ ਵਾਲੀ 40 ਡੱਬਿਆਂ ਵਾਲੀ ਇਸ ਰੇਲਗੱਡੀ ਨੇ ਸੋਧੇ ਹੋਏ ਭਾਰਤ-ਨੇਪਾਲ ਰੇਲ ਆਵਾਜਾਈ ਪ੍ਰੋਟੋਕੋਲ ਦੇ ਤਹਿਤ ਆਪਣੀ ਯਾਤਰਾ ਪੂਰੀ ਕੀਤੀ, ਜੋ ਰੇਲ-ਆਧਾਰਤ ਸਰਹੱਦ ਪਾਰ ਮਾਲ ਢੋਆ-ਢੁਆਈ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।

ਇਸ ਸਫਲ ਸੰਚਾਲਨ ਨਾਲ ਕੋਲਕਾਤਾ ਬੰਦਰਗਾਹ ਤੋਂ ਬਿਰਾਟਨਗਰ ਤੱਕ ਕੰਟੇਨਰਾਂ ਵਿੱਚ ਭਰੇ ਮਾਲ ਦੀ ਸਿੱਧੇ ਤੌਰ ’ਤੇ ਰੇਲ ਮਾਰਗ ਰਾਹੀਂ ਢੋਆ-ਢੁਆਈ ਸੰਭਵ ਹੋ ਗਈ ਹੈ, ਜਿਸ ਵਿੱਚ ਸਰਹੱਦ ’ਤੇ ਮਾਲ ਦਾ ਤਬਾਦਲਾ ਨਹੀਂ ਕਰਨਾ ਪਵੇਗਾ। ਇਸ ਨਵੇਂ ਪ੍ਰਬੰਧ ਨਾਲ ਆਵਾਜਾਈ ਦੇ ਸਮੇਂ ਅਤੇ ਲੌਜਿਸਟਿਕ ਲਾਗਤ ਵਿੱਚ ਕਾਫ਼ੀ ਕਮੀ ਆਉਣ ਦੇ ਨਾਲ-ਨਾਲ ਮਾਲ ਢੋਣ ਵਿੱਚ ਆਸਾਨੀ ਹੋਣ ਦੀ ਉਮੀਦ ਹੈ, ਨਾਲ ਹੀ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਸਰਹੱਦ ਪਾਰ ਵਪਾਰ ਦੀ ਕੁਸ਼ਲਤਾ, ਭਰੋਸੇਯੋਗਤਾ ਅਤੇ ਮੁਕਾਬਲੇਬਾਜ਼ੀ ਵਿੱਚ ਸੁਧਾਰ ਹੋਵੇਗਾ। ਇਹ ਪ੍ਰਾਪਤੀ ਸੋਧੇ ਹੋਏ ਭਾਰਤ-ਨੇਪਾਲ ਰੇਲ ਟਰਾਂਜ਼ਿਟ ਪ੍ਰੋਟੋਕੋਲ ਦੇ ਲਾਗੂ ਹੋਣ ਦੇ ਮਾਧਿਅਮ ਨਾਲ ਸੰਭਵ ਹੋਈ ਹੈ, ਜੋ ਦੋਵਾਂ ਦੇਸ਼ਾਂ ਵਿਚਕਾਰ ਮਾਲ ਦੀ ਨਿਰਵਿਘਨ ਰੇਲ ਆਵਾਜਾਈ ਦੀ ਸਹੂਲਤ ਦਿੰਦਾ ਹੈ।

ਇਹ ਪ੍ਰਾਪਤੀ ਜੂਨ 2023 ਵਿੱਚ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਗਏ ਜੋਗਬਾਨੀ (ਭਾਰਤ) ਅਤੇ ਬਿਰਾਟਨਗਰ (ਨੇਪਾਲ) ਵਿਚਕਾਰ ਬ੍ਰੌਡ-ਗੇਜ ਰੇਲ ਲਿੰਕ ’ਤੇ ਅਧਾਰਿਤ ਹੈ। ਨਵੰਬਰ 2025 ਵਿੱਚ ਸੋਧੇ ਹੋਏ ਲੈਟਰ ਆਫ਼ ਐਕਸਚੇਂਜ (ਐੱਲਓਈ) ’ਤੇ  ਦਸਤਖ਼ਤ ਹੋਣ ਤੋਂ ਬਾਅਦ, ਬਿਰਾਟਨਗਰ ਲਈ ਸਿੱਧੀ ਵਪਾਰਕ ਰੇਲ ਸੇਵਾ ਹੁਣ ਸ਼ੁਰੂ ਹੋ ਗਈ ਹੈ, ਜਿਸ ਨਾਲ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਦੇ ਨਵੇਂ ਮੌਕੇ ਖੁੱਲ੍ਹ ਗਏ ਹਨ।

ਸਿੱਧੀ ਮਾਲ ਢੋਆ-ਢੁਆਈ ਸੇਵਾ ਤੋਂ ਦਰਾਮਦ ਅਤੇ ਬਰਾਮਦ ਸਾਮਾਨ ਦੀ ਆਵਾਜਾਈ ਨੂੰ ਕਾਫ਼ੀ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਇਹ ਆਵਾਜਾਈ ਦਾ ਇੱਕ ਤੇਜ਼, ਵਧੇਰੇ ਕਿਫ਼ਾਇਤੀ ਅਤੇ ਵਾਤਾਵਰਣ ਦੇ ਅਨੁਕੂਲ ਢੰਗ ਪ੍ਰਦਾਨ ਕਰੇਗੀ। ਕਈ ਹੈਂਡਲਿੰਗ ਪੁਆਇੰਟਾਂ ਨੂੰ ਘਟਾ ਕੇ ਅਤੇ ਸਪਲਾਈ ਚੇਨ ਦੀ ਕੁਸ਼ਲਤਾ ਵਿੱਚ ਸੁਧਾਰ ਕਰਕੇ, ਇਹ ਪਹਿਲਕਦਮੀ ਨਿਰਯਾਤਕਾਂ, ਆਯਾਤਕਾਂ, ਲੌਜਿਸਟਿਕ ਸੰਚਾਲਕਾਂ ਅਤੇ ਸਰਹੱਦ ਪਾਰ ਵਪਾਰ ਵਿੱਚ ਲੱਗੇ ਉਦਯੋਗਾਂ ਨੂੰ ਲਾਭ ਪਹੁੰਚਾਏਗੀ।

ਇਹ ਪ੍ਰਾਪਤੀ ਭਾਰਤੀ ਰੇਲਵੇ ਦੇ ਅੰਤਰਰਾਸ਼ਟਰੀ ਰੇਲ ਸੰਪਰਕ ਨੂੰ ਵਧਾਉਣ, ਮਾਲ ਢੋਆ-ਢੁਆਈ ਪ੍ਰਬੰਧ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਆਵਾਜਾਈ ਬੁਨਿਆਦੀ ਢਾਂਚੇ ਰਾਹੀਂ ਕਾਰੋਬਾਰ ਕਰਨ ਵਿੱਚ ਆਸਾਨੀ ਦੀ ਸਹੂਲਤ ਲਿਆਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਸਮਰਥਨ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਰੇਲ-ਆਧਾਰਤ ਮਾਲ ਢੋਆ-ਢੁਆਈ ਵਿੱਚ ਵਾਧੇ ਨਾਲ ਲੌਜਿਸਟਿਕ ਲਾਗਤ ਘਟੇਗੀ, ਮਾਲ ਦੀ ਭਰੋਸੇਯੋਗਤਾ ਵਧੇਗੀ ਅਤੇ ਆਵਾਜਾਈ ਵਾਤਾਵਰਣ ਦੇ ਅਨੁਕੂਲ ਹੋਵੇਗੀ, ਨਾਲ ਹੀ ਗੁਆਂਢੀ ਦੇਸ਼ਾਂ ਨਾਲ ਮਜ਼ਬੂਤ ਆਰਥਿਕ ਭਾਈਵਾਲੀ ਨੂੰ ਉਤਸ਼ਾਹ ਮਿਲੇਗਾ।

ਨੇਪਾਲ ਲਈ ਪਹਿਲੀ ਸਿੱਧੀ ਵਪਾਰਕ ਕੰਟੇਨਰ ਮਾਲ-ਗੱਡੀ ਦਾ ਸਫਲ ਸੰਚਾਲਨ ਭਾਰਤੀ ਰੇਲਵੇ ਦੇ ਇੱਕਜੁੱਟ, ਕੁਸ਼ਲ ਅਤੇ ਭਵਿੱਖ ਲਈ ਤਿਆਰ ਮਾਲ ਨੈੱਟਵਰਕ ਦੇ ਨਿਰਮਾਣ ਦੇ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ, ਜੋ ਖੇਤਰੀ ਵਪਾਰ, ਆਰਥਿਕ ਵਿਕਾਸ ਅਤੇ ਨਿਰਵਿਘਨ ਅੰਤਰਰਾਸ਼ਟਰੀ ਸੰਪਰਕ ਦਾ ਸਮਰਥਨ ਕਰਦਾ ਹੈ ।

******

ਮਹੇਸ਼ ਕੁਮਾਰ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(Release ID: 2291061) ਵਿਜ਼ੀਟਰ ਕਾਊਂਟਰ : 47