ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਸਕੱਤਰਾਂ ਨਾਲ ਦੂਸਰੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਵਿਚਾਰੇ ਗਏ ਖੇਤਰ: ਵਿੱਤ ਅਤੇ ਅਰਥ-ਵਿਵਸਥਾ, ਵਣਜ ਅਤੇ ਉਦਯੋਗ ਅਤੇ ਤਕਨਾਲੋਜੀ

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਅੰਦਰ ਖਿਤਿਜੀ (ਹੋਰੀਜ਼ੋਂਟਲ) ਅਤੇ ਲੰਬਕਾਰੀ (ਵਰਟੀਕਲ) ਦੋਵਾਂ ਤਰ੍ਹਾਂ ਦੀਆਂ ਕਾਰਜਕਾਰੀ ਰੁਕਾਵਟਾਂ ਨੂੰ ਖ਼ਤਮ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਖੇਤਰਾਂ ਵਿੱਚ ਤਕਨੀਕੀ ਆਤਮ-ਨਿਰਭਰਤਾ ਅਤੇ ਘਰੇਲੂ ਸਮਰੱਥਾਵਾਂ ਦੇ ਵਿਕਾਸ ਦੇ ਮਹੱਤਵ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਸਾਈਬਰ ਸੁਰੱਖਿਆ ਈਕੋਸਿਸਟਮ ਵਿੱਚ ਨੌਜਵਾਨ ਨਵੀਨਤਾਕਾਰਾਂ ਅਤੇ ਉੱਦਮੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ

ਪ੍ਰਧਾਨ ਮੰਤਰੀ ਨੇ ਗੁਮਰਾਹਕੁੰਨ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਰਣਨੀਤਕ ਖੇਤਰਾਂ ਵਿੱਚ ਸਰਗਰਮ ਜਨ-ਸੰਪਰਕ ਅਤੇ ਸੰਵਾਦ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਹਮੇਸ਼ਾ ਯੁਵਾ, ਗਤੀਸ਼ੀਲ ਅਤੇ ਦੂਰ-ਦਰਸ਼ੀ ਬਣੇ ਰਹਿਣਾ ਚਾਹੀਦਾ ਹੈ ਅਤੇ ਨਵੀਆਂ ਚੁਣੌਤੀਆਂ ਤੇ ਮੌਕਿਆਂ ਦੇ ਅਨੁਕੂਲ ਚੁਸਤੀ ਅਤੇ ਨਵੀਨਤਾ ਨਾਲ ਨਿਰੰਤਰ ਆਪਣੇ ਆਪ ਨੂੰ ਢਾਲਦੇ ਰਹਿਣਾ ਚਾਹੀਦਾ ਹੈ

ਸਕੱਤਰਾਂ ਨੇ ਮੁੱਖ ਪਹਿਲਕਦਮੀਆਂ, ਉੱਭਰਦੇ ਮੌਕਿਆਂ ਅਤੇ ਲਾਗੂਕਰਨ ਸਬੰਧੀ ਚੁਣੌਤੀਆਂ ’ਤੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ

प्रविष्टि तिथि: 28 JUL 2026 8:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼ 7, ਲੋਕ ਕਲਿਆਣ ਮਾਰਗ ’ਤੇ ਕੇਂਦਰ ਸਰਕਾਰ ਦੇ ਸਕੱਤਰਾਂ ਨਾਲ ਦੂਜੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਵਿੱਤ ਅਤੇ ਅਰਥ-ਵਿਵਸਥਾ, ਵਣਜ ਅਤੇ ਉਦਯੋਗ ਅਤੇ ਤਕਨਾਲੋਜੀ ਖੇਤਰਾਂ ਨਾਲ ਜੁੜੇ ਮੰਤਰਾਲਿਆਂ ਅਤੇ ਵਿਭਾਗਾਂ ਦੀ ਭਵਿੱਖੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ। ਇਹ ਮੀਟਿੰਗ ਵਿਕਸਤ ਭਾਰਤ ਦੇ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਤਰੱਕੀ ਨੂੰ ਹੋਰ ਤੇਜ਼ ਕਰਨ ’ਤੇ ਕੇਂਦ੍ਰਿਤ ਰਹੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਤਰਾਲਿਆਂ ਅਤੇ ਵਿਭਾਗਾਂ ਵਿਚਕਾਰ ਮਜ਼ਬੂਤ ਟੀਮ ਭਾਵਨਾ ਵਿਕਸਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਸਾਂਝੇ ਉਦੇਸ਼ ਦੀ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਰਕਾਰ ਦੇ ਅੰਦਰ ਖਿਤਿਜੀ (ਹੋਰੀਜ਼ੋਂਟਲ) ਅਤੇ ਲੰਬਕਾਰੀ (ਵਰਟੀਕਲ) ਦੋਵਾਂ ਤਰ੍ਹਾਂ ਦੀਆਂ ਕਾਰਜਕਾਰੀ ਰੁਕਾਵਟਾਂ ਨੂੰ ਖ਼ਤਮ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਤਾਂ ਜੋ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਇੱਕਜੁੱਟ ਤੇ ਪ੍ਰਭਾਵਸ਼ਾਲੀ ਨਤੀਜੇ ਯਕੀਨੀ ਬਣਾ ਸਕਣ।

ਜਨ-ਕੇਂਦ੍ਰਿਤ ਸੁਸ਼ਾਸਨ ਦਾ ਮਹੱਤਵ ਦੱਸਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੀ ਹਮੇਸ਼ਾ ਸ਼ਾਸਨ ਵਿਵਸਥਾ ਦੇ ਕੇਂਦਰ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਚੇਤੇ ਕਰਵਾਇਆ ਕਿ ਹਰ ਫ਼ੈਸਲਾ ਅਤੇ ਨੀਤੀ ਆਮ ਨਾਗਰਿਕ ਦੇ ਹਿੱਤਾਂ ਅਤੇ ਉਮੀਦਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਜਿੱਥੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਜ਼ਿਕਰਯੋਗ ਨਿਵੇਸ਼ ਕਰ ਰਿਹਾ ਹੈ, ਉੱਥੇ ਹੀ ਸਵਦੇਸ਼ੀ ਤਕਨਾਲੋਜੀਆਂ ਨੂੰ ਵਿਕਸਤ ਕਰਨ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਮਹੱਤਵਪੂਰਨ ਖੇਤਰਾਂ ਵਿੱਚ ਤਕਨੀਕੀ ਆਤਮ-ਨਿਰਭਰਤਾ ਅਤੇ ਘਰੇਲੂ ਸਮਰੱਥਾਵਾਂ ਦੇ ਨਿਰਮਾਣ ਦੇ ਮਹੱਤਵ ’ਤੇ ਵਿਸ਼ੇਸ਼ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਊਰਜਾ ਸੁਰੱਖਿਆ ਦਾ ਸਿੱਧਾ ਸਬੰਧ ਰਾਸ਼ਟਰੀ ਸੁਰੱਖਿਆ, ਆਰਥਿਕ ਸਥਿਰਤਾ ਅਤੇ ਨਾਗਰਿਕਾਂ ਦੀ ਭਲਾਈ ਨਾਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਨਵੀਨਤਾ, ਵਿਭਿੰਨਤਾ ਅਤੇ ਸਮਰੱਥਾ ਨਿਰਮਾਣ ਵਿੱਚ ਤੇਜ਼ੀ ਲਿਆ ਕੇ ਊਰਜਾ ਖੇਤਰ ਵਿੱਚ ਆਤਮ-ਨਿਰਭਰਤਾ ਹਾਸਲ ਕਰਨੀ ਹੋਵੇਗੀ।

ਸੁਧਾਰਾਂ ਨੂੰ ਸਿਰਫ਼ ਇੱਕ ਚਲਨ ਜਾਂ ਫੈਸ਼ਨੇਬਲ ਸ਼ਬਦ ਨਾ ਮੰਨ ਕੇ ਪ੍ਰਭਾਵਸ਼ਾਲੀ ਸ਼ਾਸਨ ਲਈ ਇੱਕ ਨਿਰੰਤਰ ਜ਼ਰੂਰਤ ਦੱਸਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਰਜ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਣ, ਕਾਰਜ ਸੱਭਿਆਚਾਰ ਨੂੰ ਬਿਹਤਰ ਬਣਾਉਣ ਅਤੇ ਸੰਸਥਾਗਤ ਕੁਸ਼ਲਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਦੀ ਵਧਦੀ ਵਰਤੋਂ ਦੇ ਨਾਲ-ਨਾਲ ਡਿਜੀਟਲ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਰੱਖਣ ਲਈ ਸਾਈਬਰ ਸੁਰੱਖਿਆ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉੱਭਰਦੇ ਸਾਈਬਰ ਖ਼ਤਰਿਆਂ ਪ੍ਰਤੀ ਨਿਰੰਤਰ ਚੌਕਸੀ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਈਬਰ ਸੁਰੱਖਿਆ ਈਕੋਸਿਸਟਮ ਵਿੱਚ ਨੌਜਵਾਨ ਨਵੀਨਤਾਕਾਰਾਂ ਅਤੇ ਉੱਦਮੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਅਤੇ ਇਸ ਦਿਸ਼ਾ ਵਿੱਚ ਇਸ ਨੂੰ ਇੱਕ ਰਾਸ਼ਟਰ-ਵਿਆਪੀ ਜਨ-ਅੰਦੋਲਨ ਦੇ ਰੂਪ ਵਿੱਚ ਵਿਕਸਤ ਕਰਨ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਰਣਨੀਤਕ ਖੇਤਰਾਂ ਵਿੱਚ ਸਰਗਰਮ ਸੰਵਾਦ ਅਤੇ ਜਨ-ਸੰਪਰਕ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ, ਜਿੱਥੇ ਦੇਸ਼ ਮਹੱਤਵਪੂਰਨ ਪਹਿਲਕਦਮੀਆਂ ਕਰ ਰਿਹਾ ਹੈ, ਤਾਂ ਜੋ ਇਨ੍ਹਾਂ ਯਤਨਾਂ ਨਾਲ ਜੁੜੀ ਗੁਮਰਾਹਕੁੰਨ ਜਾਣਕਾਰੀ ਅਤੇ ਬੇਬੁਨਿਆਦ ਖ਼ਦਸ਼ਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਾਰਜਬਲ ਨੂੰ ਉੱਭਰਦੇ ਅਤੇ ਭਵਿੱਖ ਦੇ ਉਦਯੋਗਾਂ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨ ਲਈ ਨਵੇਂ ਅਕਾਦਮਿਕ ਕੋਰਸਾਂ ਦੀ ਯੋਜਨਾ ਉਦਯੋਗ ਜਗਤ ਨਾਲ ਭਾਈਵਾਲੀ ਵਿੱਚ ਬਣਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਹਮੇਸ਼ਾ ਯੁਵਾ, ਗਤੀਸ਼ੀਲ ਅਤੇ ਦੂਰ-ਦਰਸ਼ੀ ਬਣੇ ਰਹਿਣਾ ਚਾਹੀਦਾ ਹੈ ਅਤੇ ਨਵੀਆਂ ਚੁਣੌਤੀਆਂ ਤੇ ਮੌਕਿਆਂ ਦੇ ਅਨੁਕੂਲ ਚੁਸਤੀ ਅਤੇ ਨਵੀਨਤਾ ਨਾਲ ਨਿਰੰਤਰ ਆਪਣੇ ਆਪ ਨੂੰ ਢਾਲਦੇ ਰਹਿਣਾ ਚਾਹੀਦਾ ਹੈ।

ਮੀਟਿੰਗ ਵਿੱਚ ਸਕੱਤਰਾਂ ਨੇ ਆਪਣੇ-ਆਪਣੇ ਖੇਤਰਾਂ ਨਾਲ ਸਬੰਧਿਤ ਤਰੱਕੀ, ਤਰਜੀਹ ਅਤੇ ਲਾਗੂਕਰਨ ਨਾਲ ਜੁੜੇ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਮੀਟਿੰਗ ਵਿੱਚ ਕੈਬਨਿਟ ਸਕੱਤਰ, ਮੁੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2290985) आगंतुक पटल : 5
इस विज्ञप्ति को इन भाषाओं में पढ़ें: Assamese , English , Khasi , Urdu , Marathi , हिन्दी , Manipuri , Bengali , Gujarati , Odia , Tamil , Telugu , Kannada , Malayalam