ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026’ ਵਿੱਚ ਹਿੱਸਾ ਲੈਣ ਵਾਲਿਆਂ ਦੇ ਸ਼ਲਾਘਾਯੋਗ ਕੰਮਾਂ ਦੀ ਤਾਰੀਫ਼ ਕੀਤੀ
ਇਕੱਲਿਆਂ ਸਫ਼ਰ ਕਰਨਾ ਦੁਨੀਆ ਨੂੰ ਜਾਣਨ ਦੇ ਨਾਲ-ਨਾਲ ਖ਼ੁਦ ਨੂੰ ਵੀ ਜਾਣਨ ਦਾ ਇੱਕ ਤਰੀਕਾ ਹੈ: ਪ੍ਰਧਾਨ ਮੰਤਰੀ
ਦੇਸ਼ ਦੇ ਹਰ ਨੌਜਵਾਨ ਅਤੇ ਹਰ ਧੀ ਨੂੰ ਆਤਮ-ਵਿਸ਼ਵਾਸ ਅਤੇ ਖ਼ੁਦ ’ਤੇ ਭਰੋਸੇ ਨਾਲ ਅੱਗੇ ਵਧਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਸਰਹੱਦੀ ਪਿੰਡ ਭਾਵੇਂ ਭੂਗੋਲਿਕ ਤੌਰ ’ਤੇ ਦੂਰ ਹੋਣ, ਪਰ ਉੱਥੋਂ ਦੇ ਵਸਨੀਕ ਭਾਵਨਾਤਮਕ ਤੌਰ ’ਤੇ ਦੇਸ਼ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ: ਪ੍ਰਧਾਨ ਮੰਤਰੀ
ਜਿਹੜੇ ਲੋਕ ਪਹਿਲਾਂ ਪਹਿਲ ਦੇ ਆਧਾਰ ’ਤੇ ਸਭ ਤੋਂ ਪਿੱਛੇ ਸਨ, ਉਹ ਹੁਣ ਸਭ ਤੋਂ ਅੱਗੇ ਹਨ: ਪ੍ਰਧਾਨ ਮੰਤਰੀ
ਨੌਜਵਾਨ ਭਾਗੀਦਾਰਾਂ ਦਾ ਸਫ਼ਰ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਨਾਗਰਿਕਾਂ ਨੂੰ ਆਪਣੇ ਸਫ਼ਰ ਦੇ ਬਜਟ ਦਾ ਘੱਟੋ-ਘੱਟ ਪੰਜ ਫ਼ੀਸਦੀ ਹਿੱਸਾ ਸਥਾਨਕ ਸਾਮਾਨ ਖਰੀਦਣ ’ਤੇ ਖ਼ਰਚ ਕਰਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
प्रविष्टि तिथि:
26 JUL 2026 10:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026’ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਵਰਚੁਅਲ ਤਰੀਕੇ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ, ‘ਮਾਈਭਾਰਤ’ ਦੇ ਨੌਜਵਾਨ ਵਾਲੰਟੀਅਰਾਂ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਦੇ ਸਰਹੱਦੀ ਪਿੰਡਾਂ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ। ਗੱਲਬਾਤ ਵਿੱਚ ਬਿਹਤਰ ਬੁਨਿਆਦੀ ਢਾਂਚੇ, ਕਨੈਕਟੀਵਿਟੀ ਅਤੇ ਜਨਤਕ ਸੇਵਾਵਾਂ ਰਾਹੀਂ ਇਨ੍ਹਾਂ ਪਿੰਡਾਂ ਵਿੱਚ ਆਏ ਬਦਲਾਅ ਦੇ ਨਾਲ-ਨਾਲ ਔਰਤਾਂ ਦੀ ਅਗਵਾਈ ਹੇਠ ਵਿਕਾਸ, ਸੈਰ-ਸਪਾਟੇ, ਭਾਈਚਾਰਕ ਸ਼ਮੂਲੀਅਤ ਅਤੇ ਮਜ਼ਬੂਤ ਰਾਸ਼ਟਰੀ ਏਕਤਾ ’ਤੇ ਵੀ ਜ਼ੋਰ ਦਿੱਤਾ ਗਿਆ। ਦੇਸ਼ ਭਰ ਦੇ 245 ਜ਼ਿਲ੍ਹਿਆਂ ਤੋਂ 5,000 ਤੋਂ ਵੱਧ ਮਾਈਭਾਰਤ ਵਾਲੰਟੀਅਰ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ ’ਤੇ ਸ਼ਾਮਲ ਹੋਏ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦੇ ਮਾਈਭਾਰਤ ਵਾਲੰਟੀਅਰ ਸ਼੍ਰੀ ਦਿਵਿਆਂਸ਼ ਜੋਸ਼ੀ ਨੇ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ’, ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ’, ‘ਬਜਟ ਟਵਿਸਟ’, ਮੈਂਟਰਸ਼ਿਪ ਅਤੇ ਵਾਲੰਟੀਅਰਿੰਗ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ 2.30 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਮਾਈਭਾਰਤ ਦੀਆਂ ਪਹਿਲਕਦਮੀਆਂ ਤੋਂ ਫਾਇਦਾ ਹੋਇਆ ਹੈ, ਜਦਕਿ 2.86 ਲੱਖ ਨੌਜਵਾਨਾਂ ਨੇ ਦੇਸ਼ ਪੱਧਰੀ ਕੁਇਜ਼ ਵਿੱਚ ਹਿੱਸਾ ਲਿਆ, ਜਿਸ ਰਾਹੀਂ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਲਈ 403 ਵਾਲੰਟੀਅਰਾਂ ਦੀ ਚੋਣ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਲਿਓ ਪਿੰਡ ਦੇ ਆਪਣੇ ਦੌਰੇ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਉੱਥੋਂ ਦੇ ਵਸਨੀਕਾਂ, ਬਜ਼ੁਰਗਾਂ ਅਤੇ ਸਕੂਲੀ ਬੱਚਿਆਂ ਨਾਲ ਗੱਲਬਾਤ, ਸਥਾਨਕ ਨੌਜਵਾਨਾਂ ਲਈ ਕਰੀਅਰ ਕਾਊਂਸਲਿੰਗ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ, ਮਹਿਲਾ ਸਰਪੰਚ ਦੀ ਅਗਵਾਈ ਅਤੇ ‘ਆਯੁਸ਼ਮਾਨ ਆਰੋਗਿਆ ਮੰਦਿਰ’ ਦੇ ਕੰਮਕਾਜ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਮਸਟੇਅ ਦੇ ਤਜ਼ਰਬੇ ਤੋਂ ਪਤਾ ਲੱਗਾ ਕਿ ਆਪਣਾਪਨ ਭਾਸ਼ਾ ਅਤੇ ਸੂਬੇ ਦੀਆਂ ਸਰਹੱਦਾਂ ਤੋਂ ਪਰੇ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਲੰਟੀਅਰਾਂ ਨੇ ਕਾਰਗਿਲ ਵਾਰ ਮੈਮੋਰੀਅਲ ’ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹ ਆਪਣੇ ਤਜਰਬਿਆਂ ਨੂੰ ਇਕੱਠਾ ਕਰਕੇ ਪ੍ਰਧਾਨ ਮੰਤਰੀ ਨੂੰ ਸੌਂਪਣਗੇ, ਅਤੇ ਨਾਲ ਹੀ ‘ਵਿਕਸਿਤ ਭਾਰਤ’ ਦੇ ਵਿਜ਼ਨ ਪ੍ਰਤੀ ਵਚਨਬੱਧ ਰਹਿਣਗੇ।
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦੀ ਮਾਈਭਾਰਤ ਵਾਲੰਟੀਅਰ ਨਿਕਿਤਾ ਪ੍ਰਵੀਣ ਸੋਲੰਕੀ ਨੇ ਦੱਸਿਆ ਕਿ ਮਾਈਭਾਰਤ ਕੁਇਜ਼ ਰਾਹੀਂ ਹੋਈ ਉਨ੍ਹਾਂ ਦੀ ਚੋਣ ਕਾਰਨ ਹੀ ਉਹ ਕਿਨੌਰ ਜ਼ਿਲ੍ਹੇ ਦੇ ਧਾਰ ਚਾਂਗੋ ਨਿਚਲਾ ਪਿੰਡ ਦਾ ਆਪਣਾ ਪਹਿਲਾ ਆਜ਼ਾਦ ਦੌਰਾ ਕਰ ਸਕੀ। ਪਿੰਡ ਵਾਸੀਆਂ ਵੱਲੋਂ ਪਿਆਰ ਭਰੇ ਸਵਾਗਤ ਨੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਇਆ ਅਤੇ ਔਰਤਾਂ ਪ੍ਰਤੀ ਸਮਾਜ ਦੀ ਬਦਲਦੀ ਸੋਚ ਨੂੰ ਵੀ ਦਿਖਾਇਆ। ਮਹਿਲਾ ਸਰਪੰਚ, ਪੰਚਾਇਤ ਨੁਮਾਇੰਦਿਆਂ, ਕਿਸਾਨਾਂ, ਬਜ਼ੁਰਗਾਂ ਅਤੇ ਬੱਚਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਪੇਂਡੂ ਔਰਤਾਂ ਦੀਆਂ ਕਈ ਜ਼ਿੰਮੇਵਾਰੀਆਂ ਨੂੰ ਦੇਖਿਆ। ਇਸ ਦੇ ਨਾਲ ਹੀ ਆਪਣੀ ਪੁਰਾਣੀ ਸੋਚ ਦੇ ਉਲਟ, ਉਨ੍ਹਾਂ ਨੇ ਉੱਥੇ ਵਧੀਆ ਸੜਕਾਂ, ਲਗਾਤਾਰ ਬਿਜਲੀ, ਪੀਣ ਵਾਲੇ ਪਾਣੀ ਦੇ ਕਨੈਕਸ਼ਨ ਅਤੇ ਡਿਜੀਟਲ ਕਨੈਕਟੀਵਿਟੀ ਦੇਖੀ; ਸਥਾਨਕ ਲੋਕਾਂ ਨੇ ਇਨ੍ਹਾਂ ਸਹੂਲਤਾਂ ਦਾ ਸਿਹਰਾ ‘ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ’, ‘ਜਲ ਜੀਵਨ ਮਿਸ਼ਨ’ ਅਤੇ ‘ਆਯੁਸ਼ਮਾਨ ਭਾਰਤ’ ਨੂੰ ਦਿੱਤਾ। ਉਨ੍ਹਾਂ ਨੇ ਸਫਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ, ਪਿੰਡ ਦੇ ਬੱਚਿਆਂ ਦੀ ਉਨ੍ਹਾਂ ਦੇ ਆਪਣੇ ਇਲਾਕੇ ਬਾਰੇ ਉਤਸੁਕਤਾ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਉਹ ਆਪਣੇ ਮੇਜ਼ਬਾਨ ਪਰਿਵਾਰ ਦੇ ਸੰਪਰਕ ਵਿੱਚ ਬਣੀ ਹੋਈ ਹੈ।
ਸਾਲ 2016 ਵਿੱਚ ਚਾਂਗੋ ਇਲਾਕੇ ਦੀ ਆਪਣੀ ਦੀਵਾਲੀ ਫੇਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਲੰਕੀ ਦਾ ਦੌਰਾ ਭਾਰਤ ਦੀਆਂ ਧੀਆਂ ਦੇ ਵਧਦੇ ਆਤਮ-ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ‘ਮਾਈਭਾਰਤ’ ਨੇ ਨਿੱਜੀ ਸਫ਼ਰਾਂ ਨੂੰ ਇੱਕ ਰਾਸ਼ਟਰੀ ਪਰਿਵਾਰ ਵਿੱਚ ਬਦਲ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਕੱਲਿਆਂ ਸਫ਼ਰ ਕਰਨਾ ਦੁਨੀਆ ਨੂੰ ਜਾਣਨ ਦੇ ਨਾਲ-ਨਾਲ ਖ਼ੁਦ ਨੂੰ ਵੀ ਜਾਣਨ ਦਾ ਇੱਕ ਤਰੀਕਾ ਹੈ।”
ਰਾਜਸਥਾਨ ਦੇ ਜਾਲੌਰ ਤੋਂ ਆਏ ਮਾਈਭਾਰਤ ਵਾਲੰਟੀਅਰ ਸ਼੍ਰੀ ਸੁਨੀਲ ਕੁਮਾਰ ਕੇਲਾ ਨੇ ਦੱਸਿਆ ਕਿ ਖ਼ੁਦ ਇੱਕ ਸਰਹੱਦੀ ਪਿੰਡ ਤੋਂ ਹੋਣ ਕਰਕੇ, ਉਹ ਹਿਮਾਚਲ ਪ੍ਰਦੇਸ਼ ਦੇ ਧਾਰ ਚਾਂਗੋ ਉਪਰੇਲਾ ਪਿੰਡ ਦੇ ਲੋਕਾਂ ਨਾਲ ਆਸਾਨੀ ਨਾਲ ਜੁੜ ਸਕੇ। ਭੂਗੋਲਿਕ ਅਤੇ ਮੌਸਮ ਦੇ ਫਰਕ ਦੇ ਬਾਵਜੂਦ, ਉਨ੍ਹਾਂ ਪਾਇਆ ਕਿ ਦੋਵਾਂ ਇਲਾਕਿਆਂ ਦੇ ਲੋਕ ਹਿੰਮਤ, ਦੇਸ਼ ਭਗਤੀ ਅਤੇ ਆਪਣੇਪਣ ਵਰਗੀਆਂ ਭਾਵਨਾਵਾਂ ਨਾਲ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਉਹ ਵੀਡੀਓ ਕਾਲ ਰਾਹੀਂ ਆਪਣੇ ਪਰਿਵਾਰ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੂੰ ਸਤਲੁਜ ਨਦੀ, ਸਕੂਲ, ਜਨ ਔਸ਼ਧੀ ਕੇਂਦਰ, ਹਸਪਤਾਲ ਅਤੇ ਖੇਡ ਸਹੂਲਤਾਂ ਦਿਖਾਈਆਂ; ਇਸ ਦੇ ਨਾਲ ਹੀ, ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਨ੍ਹਾਂ ਨੇ ਦੋਸਤਾਂ ਨੂੰ ਮਾਈਭਾਰਤ ਬਾਰੇ ਜਾਣਨ ਅਤੇ ਇਸ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਸੜਕਾਂ, ਰਹਿਣ ਦੀ ਥਾਂ, ਬਿਜਲੀ ਅਤੇ ਮੋਬਾਈਲ ਕਨੈਕਟੀਵਿਟੀ ਨੂੰ ਲੈ ਕੇ ਉਨ੍ਹਾਂ ਦੀਆਂ ਸ਼ੁਰੂਆਤੀ ਚਿੰਤਾਵਾਂ ਉਦੋਂ ਦੂਰ ਹੋ ਗਈਆਂ ਜਦੋਂ ਉਨ੍ਹਾਂ ਨੇ ਹੋਮਸਟੇਅ ਤੱਕ ਜਾਣ ਵਾਲੀਆਂ ਵਧੀਆ ਸੜਕਾਂ, ਸੂਰਜੀ ਊਰਜਾ ਸਿਸਟਮ ਅਤੇ ਬਿਹਤਰ ਬੁਨਿਆਦੀ ਢਾਂਚਾ ਦੇਖਿਆ, ਜਿਸ ਨੇ ਉੱਥੋਂ ਦੇ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣੇ ਮੇਜ਼ਬਾਨ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਰਾਜਸਥਾਨ ਆਉਣ ਦਾ ਸੱਦਾ ਵੀ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ, ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਦੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਦੀ ਸੋਚ ਇੱਕੋ ਜਿਹੀ ਹੈ ਅਤੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਭੂਗੋਲਿਕ ਤੌਰ ’ਤੇ ਦੂਰ ਹੋਣ ਦੇ ਬਾਵਜੂਦ ਦੇਸ਼ ਨਾਲ ਭਾਵਨਾਤਮਕ ਤੌਰ ’ਤੇ ਡੂੰਘਾਈ ਨਾਲ ਜੁੜੇ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ, “ਜਿਹੜੇ ਲੋਕ ਪਹਿਲਾਂ ਪਹਿਲ ਦੇ ਆਧਾਰ ’ਤੇ ਸਭ ਤੋਂ ਪਿੱਛੇ ਸਨ, ਉਹ ਹੁਣ ਸਭ ਤੋਂ ਅੱਗੇ ਹਨ।”
ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੀ ਮਾਈਭਾਰਤ ਵਾਲੰਟੀਅਰ ਭਵਿਆ ਸ਼੍ਰੀ ਨੇ ਦੱਸਿਆ ਕਿ ਪੜ੍ਹਾਈ-ਲਿਖਾਈ ਤੋਂ ਹਟ ਕੇ ਕੁਝ ਨਵਾਂ ਸਿੱਖਣ ਦੀ ਇੱਛਾ ਉਨ੍ਹਾਂ ਨੂੰ ਮਾਈਭਾਰਤ ਅਤੇ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੀ ਹਰਸ਼ਿਲ ਘਾਟੀ ਤੱਕ ਲੈ ਗਈ। ਉੱਥੋਂ ਦੇ ਅਣਜਾਣ ਮੌਸਮ, ਖਾਣ-ਪੀਣ, ਸੱਭਿਆਚਾਰ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਉਨ੍ਹਾਂ ਦੀਆਂ ਸ਼ੁਰੂਆਤੀ ਚਿੰਤਾਵਾਂ ਸਥਾਨਕ ਲੋਕਾਂ ਅਤੇ ਅਧਿਕਾਰੀਆਂ ਦੇ ਵਧੀਆ ਵਿਹਾਰ ਨਾਲ ਦੂਰ ਹੋ ਗਈਆਂ। ਇਸ ਦੇ ਨਾਲ ਹੀ, ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨਾਲ ਗੱਲਬਾਤ ਨੇ ਉਨ੍ਹਾਂ ਦੇ ਅਨੁਸ਼ਾਸਨ, ਨਿਮਰਤਾ, ਲਗਨ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਲਈ ਉਨ੍ਹਾਂ ਦੇ ਮਨ ਵਿੱਚ ਸਤਿਕਾਰ ਹੋਰ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਆਏ ਭਾਗੀਦਾਰ ਅਜਨਬੀਆਂ ਵਾਂਗ ਆਏ ਸਨ, ਪਰ ਇੱਕ ਪਰਿਵਾਰ ਬਣ ਕੇ ਪਰਤੇ, ਜੋ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦਾ ਹੈ। ਨੇਲਾਂਗ ਅਤੇ ਜਾਡੁੰਗ ਘਾਟੀਆਂ ਅਤੇ ਸੇਬਾਂ ਦੇ ਬਾਗਾਂ ਦੀਆਂ ਤਸਵੀਰਾਂ ਨੇ ਉਨ੍ਹਾਂ ਦੇ ਦੋਸਤਾਂ ਵਿੱਚ ਕਾਫੀ ਦਿਲਚਸਪੀ ਪੈਦਾ ਕੀਤੀ, ਜਿਨ੍ਹਾਂ ਵਿੱਚੋਂ ਕਈ ਲੋਕਾਂ ਨੇ ਬਾਅਦ ਵਿੱਚ ਮਾਈਭਾਰਤ ’ਤੇ ਰਜਿਸਟ੍ਰੇਸ਼ਨ ਵੀ ਕਰਵਾਈ। ਉਨ੍ਹਾਂ ਨੇ ਉਨ੍ਹਾਂ ਸਾਜ਼ੋ-ਸਾਮਾਨ ਨੂੰ ਵੀ ਯਾਦ ਕੀਤਾ ਜੋ ਭਾਗੀਦਾਰਾਂ ਨੂੰ ਠੰਡੇ ਮੌਸਮ ਵਿੱਚ ਢਲਣ ਵਿੱਚ ਮਦਦ ਕਰਨ ਲਈ ਦਿੱਤੇ ਗਏ ਸਨ; ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਆਪਣੇ ਜੱਦੀ ਪਿੰਡ ਵਿੱਚ ਮੁਸ਼ਕਿਲਾਂ ਦੇ ਬਾਵਜੂਦ ਰਹਿਣ ਦਾ ਫੈਸਲਾ ਕਰਨ ਵਾਲੇ ਇੱਕ ਵਸਨੀਕ ਦਾ ਜਜ਼ਬਾ; ਅਤੇ ਗੜ੍ਹਵਾਲੀ ਨਾਚ ਦਾ ਸ਼ਾਂਤ ਅਤੇ ਧਿਆਨਮਗਨ ਕਰਨ ਵਾਲਾ ਅੰਦਾਜ਼, ਜੋ ਉਨ੍ਹਾਂ ਦੇ ਆਪਣੇ ਸੂਬੇ ਦੇ ਜੋਸ਼ੀਲੇ ਲੋਕ ਨਾਚਾਂ ਤੋਂ ਬਿਲਕੁਲ ਵੱਖਰਾ ਸੀ।
ਉੱਤਰਾਖੰਡ ਦੇ ਮੁਖਵਾ ਪਿੰਡ ਦੀ ਆਪਣੀ ਫੇਰੀ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗੱਲਬਾਤ ਨੇ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਹੋਰ ਪੱਕਾ ਕਰ ਦਿੱਤਾ ਹੈ ਕਿ ਭਾਰਤ ਦੇ ਨੌਜਵਾਨ ਦੇਸ਼ ਨੂੰ ਸਭ ਤੋਂ ਉੱਪਰ ਰੱਖਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਤੁਸੀਂ ਸਾਰਿਆਂ ਨੇ ਜਿਸ ਤਰ੍ਹਾਂ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਅਪਣਾਇਆ ਹੈ, ਉਹ ਹੋਰ ਵੀ ਕਈ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ।”
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ 21 ਸਾਲਾ ਮਾਈਭਾਰਤ ਵਾਲੰਟੀਅਰ ਸਾਇੰਤਿਕਾ ਮਿਸਤਰੀ ਨੇ ਪ੍ਰਧਾਨ ਮੰਤਰੀ ਦਾ ਮਾਈਭਾਰਤ ਵਰਗਾ ਪਲੇਟਫਾਰਮ ਬਣਾਉਣ ਲਈ ਧੰਨਵਾਦ ਕੀਤਾ, ਜਿਸ ਨਾਲ ਕਰੋੜਾਂ ਨੌਜਵਾਨ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਨ। ਸਮੁੰਦਰੀ ਤਲ ਤੋਂ ਲੱਦਾਖ ਦੇ ‘ਮਾਨ’ ਪਿੰਡ (ਜੋ ਲਗਭਗ 17,000 ਫੁੱਟ ਦੀ ਉਚਾਈ ’ਤੇ ਹੈ) ਤੱਕ ਦੇ ਆਪਣੇ ਸਫ਼ਰ ਬਾਰੇ ਦੱਸਦਿਆਂ, ਉਨ੍ਹਾਂ ਨੇ ‘ਐਕਿਊਟ ਮਾਊਂਟੇਨ ਸਿਕਨੈੱਸ’ (ਉਚਾਈ ’ਤੇ ਹੋਣ ਵਾਲੀ ਬਿਮਾਰੀ) ਨਾਲ ਜੂਝਣ ਅਤੇ ਮਾਈਭਾਰਤ ਟੀਮ ਅਤੇ ਆਈਟੀਬੀਪੀ ਦੇ ਜਵਾਨਾਂ ਤੋਂ ਮਿਲੀ ਦੇਖਭਾਲ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਆਪਣੇ ਜਵਾਨਾਂ ਦਾ ਇਲਾਜ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਮਹਿਮਾਨ ਮੰਨ ਕੇ ਉਨ੍ਹਾਂ ਦਾ ਇਲਾਜ ਕਰਨ ਨੂੰ ਪਹਿਲ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਜਰਬੇ ਤੋਂ ਪਤਾ ਲੱਗਾ ਕਿ ਆਈਟੀਬੀਪੀ ਦੇ ਜਵਾਨ ਨਾ ਸਿਰਫ਼ ਸਰਹੱਦਾਂ ਦੀ ਰਾਖੀ ਕਰਦੇ ਹਨ, ਸਗੋਂ ਨਾਗਰਿਕਾਂ ਦਾ ਵੀ ਬਹੁਤ ਖਿਆਲ ਰੱਖਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਉਚਾਈ ਵਾਲੇ ਇਲਾਕਿਆਂ ਵਿੱਚ ਰਹਿਣ ਲਈ ਜ਼ਰੂਰੀ ਹਿੰਮਤ ਅਤੇ ਸਹਿਣਸ਼ੀਲਤਾ ਦਾ ਵੀ ਅਹਿਸਾਸ ਹੋਇਆ। ਉਨ੍ਹਾਂ ਦੇ ਪਰਿਵਾਰ ਨੂੰ ਲੱਗ ਰਿਹਾ ਸੀ ਕਿ ਉੱਥੇ ਕਨੈਕਟੀਵਿਟੀ ਖਰਾਬ ਹੋਵੇਗੀ, ਪਰ ਇਸ ਦੇ ਉਲਟ ਉਨ੍ਹਾਂ ਨੂੰ ਸਰਹੱਦੀ ਇਲਾਕੇ ਵਿੱਚ ਭਰੋਸੇਮੰਦ ਇੰਟਰਨੈੱਟ, ਕਿਊਆਰ-ਕੋਡ, ਯੂਪੀਆਈ ਪੇਮੈਂਟ ਦੀਆਂ ਸਹੂਲਤਾਂ ਅਤੇ ਵਾਈ-ਫਾਈ ਮਿਲਿਆ। ਉਨ੍ਹਾਂ ਨੇ ਸਥਾਨਕ ਬੱਚਿਆਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਵਿੱਚੋਂ ਇੱਕ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਘੁੰਮਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਉੱਥੋਂ ਦੇ ਲੋਕਾਂ ਦੀ ਆਪਸੀ ਏਕਤਾ ਅਤੇ ਸਹਿਯੋਗ ਦੀ ਭਾਵਨਾ ਦਾ ਵੀ ਜ਼ਿਕਰ ਕੀਤਾ, ਜਿਸ ਰਾਹੀਂ ਉਹ ਮਿਲ ਕੇ ਵਿਆਹ ਅਤੇ ਮੱਠ ਦੇ ਪ੍ਰੋਗਰਾਮ ਆਯੋਜਿਤ ਕਰਦੇ ਹਨ, ਖਰਾਬ ਹੋਏ ਮੋਬਾਈਲ ਟਾਵਰ ਨੂੰ ਠੀਕ ਕਰਦੇ ਹਨ ਅਤੇ ਉਸ ਦੀ ਬੈਟਰੀ ਰੱਖਣ ਲਈ ਥਾਂ ਬਣਾਉਂਦੇ ਹਨ।
ਸ਼੍ਰੀ ਮੋਦੀ ਨੇ ਮਿਸਤਰੀ ਨੂੰ ਆਪਣੇ ਤਜਰਬੇ ਨੂੰ ਲੇਖਾਂ ਜਾਂ ਕਿਤਾਬ ਰਾਹੀਂ ਦਰਜ ਕਰਨ ਲਈ ਉਤਸ਼ਾਹਿਤ ਕੀਤਾ, ਤਾਂ ਜੋ ਦੂਜੇ ਲੋਕ ਦੇਸ਼ ਦੀ ਵਿਸ਼ਾਲਤਾ, ਇੱਥੋਂ ਦੇ ਲੋਕਾਂ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਬਿਹਤਰ ਢੰਗ ਨਾਲ ਸਮਝ ਸਕਣ। ਉਨ੍ਹਾਂ ਕਿਹਾ, “ਜਦੋਂ ਤੁਸੀਂ ਖ਼ੁਸ਼ੀਆਂ ਵੰਡਦੇ ਹੋ, ਤਾਂ ਉਹ ਵਧਦੀਆਂ ਹਨ।”
ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਮਾਈਭਾਰਤ ਵਾਲੰਟੀਅਰ ਸ਼੍ਰੀ ਆਸ਼ੀਸ਼ ਸੋਨੀ, ਜੋ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਨੇ ਬਜਟ ਬਣਾਉਣ ਦੀ ਪ੍ਰਕਿਰਿਆ ਦੌਰਾਨ ਨੌਜਵਾਨਾਂ ਨੂੰ ਸੁਝਾਅ ਦੇਣ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਹਿਮਾਚਲ ਪ੍ਰਦੇਸ਼ ਦੇ ਸਪਿਤੀ ਇਲਾਕੇ ਦੇ ਕਾਜ਼ਾ ਖਾਸ ਦਾ ਆਪਣਾ ਤਜਰਬਾ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ, ਜਿਨ੍ਹਾਂ ਨੂੰ ਯਾਦ ਸੀ ਕਿ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਮੋਬਾਈਲ ਕਨੈਕਟੀਵਿਟੀ ਕਿੰਨੀ ਮੁਸ਼ਕਿਲ ਹੁੰਦੀ ਸੀ, ਇਹ ਦੇਖ ਕੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਲਗਭਗ 14,000 ਫੁੱਟ ਦੀ ਉਚਾਈ ਤੋਂ ਉਨ੍ਹਾਂ ਨੂੰ ਵੀਡੀਓ-ਕਾਲ ਕੀਤੀ। ਮਾਈਭਾਰਤ ਨੂੰ ਸੰਘਰਸ਼ ਦੇਖਣ ਵਾਲੀ ਪੀੜ੍ਹੀ ਅਤੇ ਬਦਲਾਅ ਦੇਖਣ ਵਾਲੀ ਪੀੜ੍ਹੀ ਵਿਚਕਾਰ ਇੱਕ ਪੁਲ ਦੱਸਦਿਆਂ, ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਹਿੱਕਿਮ ਤੋਂ ਪ੍ਰਧਾਨ ਮੰਤਰੀ, ਆਪਣੇ ਪਰਿਵਾਰ, ਯੁਵਾ ਮਾਮਲਿਆਂ ਦੇ ਮੰਤਰਾਲੇ, ਰੱਖਿਆ ਮੰਤਰੀ ਅਤੇ ਆਪਣੇ ਜ਼ਿਲ੍ਹਾ ਅਧਿਕਾਰੀ (ਡੀਸੀ) ਨੂੰ ਚਿੱਠੀ ਲਿਖਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਮੈਟਰੋ ਅਤੇ ਹਵਾਈ ਅੱਡੇ ਨਾਲ ਜੁੜਿਆ ਹੈ, ਸਗੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਲਗਭਗ 14,500 ਫੁੱਟ ਦੀ ਉਚਾਈ ’ਤੇ ਕਿਊਆਰ-ਕੋਡ ਪੇਮੈਂਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਡਿਜੀਟਲ ਇੰਡੀਆ ਪੂਰੇ ਦੇਸ਼ ਵਿੱਚ ਭਰੋਸੇ ਦਾ ਜ਼ਰੀਆ ਬਣ ਗਿਆ ਹੈ। ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ (ਸੈਲਫ-ਹੈਲਪ ਗਰੁੱਪਾਂ) ਨਾਲ ਗੱਲਬਾਤ ਤੋਂ ਉਨ੍ਹਾਂ ਨੂੰ ਹੋਮਸਟੇਅ, ਡਿਜੀਟਲ ਪਲੇਟਫਾਰਮਾਂ ਅਤੇ ਸੀ-ਬਕਥੌਰਨ ਆਧਾਰਿਤ ਉਤਪਾਦਾਂ ਰਾਹੀਂ ਉੱਦਮਤਾ (ਕਾਰੋਬਾਰ) ਬਾਰੇ ਪਤਾ ਲੱਗਾ, ਜਦਕਿ ‘ਪੀਐੱਮ ਮੁਦਰਾ ਯੋਜਨਾ’ ਅਤੇ ‘ਦੀਨਦਿਆਲ ਅੰਤੋਦਿਆ ਯੋਜਨਾ’ ਬਾਰੇ ਚਰਚਾ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਕਨੈਕਟੀਵਿਟੀ, ਸੈਰ-ਸਪਾਟੇ ਅਤੇ ਆਰਥਿਕ ਗਤੀਵਿਧੀਆਂ ਨੂੰ ਬਿਹਤਰ ਬਣਾਉਣ ਵਿੱਚ ‘ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ’ (ਬੀਆਰਓ) ਵੱਲੋਂ ਬਣਾਏ ਗਏ ਚਿਚਮ ਪੁਲ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ ਅਤੇ ਨਾਲ ਹੀ ਇਸ ਇਲਾਕੇ ਵਿੱਚ ਰਾਤ ਦੇ ਸੈਰ-ਸਪਾਟੇ (ਨਾਈਟ ਟੂਰਿਜ਼ਮ) ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ।
ਇਹ ਦੇਖਦਿਆਂ ਕਿ ਤਕਨਾਲੋਜੀ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਗਈ ਹੈ ਅਤੇ ਸਥਾਨਕ ਸਾਮਾਨ ਖਰੀਦਣ ਨਾਲ ਰੁਜ਼ਗਾਰ ਪੈਦਾ ਹੋਵੇਗਾ, ਆਮਦਨ ਨੂੰ ਸਹਾਰਾ ਮਿਲੇਗਾ ਅਤੇ ਖੇਤਰੀ ਪਛਾਣ ਪੂਰੇ ਭਾਰਤ ਵਿੱਚ ਫੈਲੇਗੀ, ਸ਼੍ਰੀ ਮੋਦੀ ਨੇ ਅਪੀਲ ਕੀਤੀ, “ਤੁਸੀਂ ਜਿੱਥੇ ਵੀ ਜਾਓ, ਆਪਣੇ ਸਫ਼ਰ ਦੇ ਬਜਟ ਦਾ ਘੱਟੋ-ਘੱਟ ਪੰਜ ਫ਼ੀਸਦੀ ਸਥਾਨਕ ਲੋਕਾਂ ਤੋਂ ਸਾਮਾਨ ਖਰੀਦਣ ’ਤੇ ਖ਼ਰਚ ਕਰੋ।”
ਗੱਲਬਾਤ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਨੌਜਵਾਨ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਪ੍ਰੋਗਰਾਮ ਵਿੱਚ ‘ਮਾਈਭਾਰਤ’ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ, ਜਿਸ ਨੇ ਨੌਜਵਾਨਾਂ ਨੂੰ ਭਾਰਤ ਦੇ ਸਰਹੱਦੀ ਪਿੰਡਾਂ ਵਿੱਚ ਆਏ ਬਦਲਾਅ ਨੂੰ ਖ਼ੁਦ ਮਹਿਸੂਸ ਕਰਨ, ਪੁਰਾਣੀ ਸੋਚ ਨੂੰ ਬਦਲਣ ਅਤੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ, ਵਿਕਾਸ ਦੀ ਤਰੱਕੀ, ਭਾਈਚਾਰਕ ਸ਼ਮੂਲੀਅਤ ਅਤੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਬਾਰੇ ਆਪਣੀ ਸਮਝ ਨੂੰ ਡੂੰਘਾ ਕਰਨ ਵਿੱਚ ਮਦਦ ਕੀਤੀ।
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2289869)
आगंतुक पटल : 2