ਖੇਤੀਬਾੜੀ ਮੰਤਰਾਲਾ
azadi ka amrit mahotsav

ਆਂਧਰ ਪ੍ਰਦੇਸ਼, ਤਮਿਲ ਨਾਡੂ, ਕਰਨਾਟਕ ਦੇ ਤੋਤਾਪੁਰੀ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਵੱਡੀ ਪਹਿਲ


ਕਿਸਾਨਾਂ ਦੀ ਸ਼ਿਕਾਇਤ 'ਤੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੇ ਨਿਰਦੇਸ਼ਾਂ 'ਤੇ, ਕਮੇਟੀ ਨੇ ਜ਼ਮੀਨੀ ਸਥਿਤੀ ਦੇਖਣ ਲਈ ਖੇਤਾਂ, ਬਜ਼ਾਰਾਂ ਅਤੇ ਫੈਕਟਰੀਆਂ ਦਾ ਦੌਰਾ ਕੀਤਾ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਲੀ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਮਾਹਰ ਕਮੇਟੀ ਦੀ ਰਿਪੋਰਟ ਦੀ ਬਾਰੀਕੀ ਨਾਲ ਸਮੀਖਿਆ ਕੀਤੀ

ਕਿਸਾਨਾਂ ਅਤੇ ਖਪਤਕਾਰਾਂ ਦੇ ਹਿੱਤ ਵਿੱਚ ਅੰਬ-ਅਧਾਰਿਤ ਪੀਣ ਵਾਲੇ ਪਦਾਰਥਾਂ ਵਿੱਚ 22-25% ਪਲਪ (pulp) ਨੂੰ ਲਾਜ਼ਮੀ ਬਣਾਉਣ ਦੀ ਸਿਫਾਰਸ਼ - ਸ਼੍ਰੀ ਸ਼ਿਵਰਾਜ ਸਿੰਘ

ਤੋਤਾਪੁਰੀ ਦੇ ਬਾਗਾਂ ਵਿੱਚ ਨਵੀਆਂ ਕਿਸਮਾਂ ਅਤੇ ਉੱਚ-ਕਾਰਜਸ਼ੀਲਤਾ ਰਾਹੀਂ ਬਾਗਬਾਨੀ ਸੁਧਾਰ ਦੀ ਇੱਕ ਵੱਡੀ ਯੋਜਨਾ - ਸ਼੍ਰੀ ਸ਼ਿਵਰਾਜ ਸਿੰਘ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਕਿਸਾਨਾਂ ਲਈ ਜ਼ੋਨਲ ਖਰੀਦ, ਫਰੂਟ ਬੈਗ ਅਤੇ FPO ਅਧਾਰਿਤ ਪ੍ਰੋਸੈੱਸਿੰਗ 'ਤੇ ਜ਼ੋਰ ਦਿੰਦੇ ਹਨ

ਕੇਂਦਰ, ਰਾਜ, ICAR ਅਤੇ APEDA ਸਾਂਝੇ ਤੌਰ 'ਤੇ ਤੋਤਾਪੁਰੀ ਦੀ ਮੁੱਲ ਲੜੀ ਨੂੰ ਇੱਕ ਨਵੀਂ ਦਿਸ਼ਾ ਦੇਣਗੇ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 22 JUL 2026 6:26PM by PIB Chandigarh

ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਕਰਨਾਟਕ ਦੇ ਤੋਤਾਪੁਰੀ ਅੰਬ ਉਤਪਾਦਕ ਕਿਸਾਨਾਂ ਦੀ ਆਮਦਨ ਵਿੱਚ ਲਗਾਤਾਰ ਗਿਰਾਵਟ ਅਤੇ ਬਜ਼ਾਰ ਦੀਆਂ ਕੀਮਤਾਂ ਵਿੱਚ ਗਿਰਾਵਟ ਦੀਆਂ ਸ਼ਿਕਾਇਤਾਂ ਦੇ ਵਿਚਕਾਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਦੁਆਰਾ ਗਠਿਤ ਇੱਕ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਅਦ, ਤੋਤਾਪੁਰੀ ਅੰਬ ਦੀ ਕਾਸ਼ਤ, ਪ੍ਰੋਸੈੱਸਿੰਗ ਅਤੇ ਬਜ਼ਾਰ ਵਿਵਸਥਾ ਵਿੱਚ ਵਿਆਪਕ ਸੁਧਾਰਾਂ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਕਰਨਾਟਕ ਦੇ ਤੋਤਾਪੁਰੀ ਅੰਬ ਉਤਪਾਦਕ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਸਮੀਖਿਆ ਕਰਦੇ ਹੋਏ , ਉੱਚ ਪੱਧਰੀ ਮਾਹਰ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਤੋਤਾਪੁਰੀ ਅੰਬ ਦੀ ਪੂਰੀ ਮੁੱਲ ਲੜੀ ਨੂੰ ਮਜ਼ਬੂਤ ​​ਕਰਨ ਲਈ ਮਹੱਤਵਪੂਰਨ ਫੈਸਲੇ ਲਏ। ਫਾਰਮਾਂ, ਬਜ਼ਾਰਾਂ ਅਤੇ ਪਲਪ ਬਣਾਉਣ ਵਾਲੀਆਂ ਇਕਾਈਆਂ ਦਾ ਦੌਰਾ ਕਰਨ ਤੋਂ ਬਾਅਦ ਕਮੇਟੀ ਦੁਆਰਾ ਪੇਸ਼ ਕੀਤੀਆਂ ਗਈਆਂ ਸ਼ਰਤਾਂ ਦੇ ਅਧਾਰ 'ਤੇ, ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਸਪੱਸ਼ਟ ਕੀਤਾ ਕਿ ਫਾਈਲ ਸਿਰਫ਼ ਇੱਕ ਰਿਪੋਰਟ ਤਿਆਰ ਕਰਨ ਨਾਲ ਬੰਦ ਨਹੀਂ ਹੋਵੇਗੀ  ਸਗੋਂ ਨੀਤੀ , ਤਕਨਾਲੋਜੀ ਅਤੇ ਬਜ਼ਾਰ -ਤਿੰਨੋਂ ਪੱਧਰਾਂ 'ਤੇ ਠੋਸ ਕਦਮ ਚੁੱਕੇ ਜਾਣਗੇ।

 

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਕਰਨਾਟਕ ਵਿੱਚ ਤੋਤਾਪੁਰੀ ਅੰਬ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਕਮੇਟੀ ਦੇ ਚੇਅਰਮੈਨ, ਆਈ.ਸੀ.ਏ.ਆਰ.-ਸੀ.ਆਈ.ਐੱਸ.ਐੱਚ (ਸੈਂਟਰਲ ਇੰਸਟੀਟਿਊਟ ਆਫ ਸਬਟ੍ਰੋਪੀਕਲ ਹੋਰਟੀਕਲਚਰ, ਲਖਨਊ) ਦੇ ਡਾਇਰੈਕਟਰ ਡਾ. ਦਾਮੋਦਰਨ ਟੀ. ਨੇ ਰਿਪੋਰਟ ਪੇਸ਼ ਕੀਤੀ। ਮੀਟਿੰਗ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧੀਨ ਗਠਿਤ ਮਾਹਰ ਕਮੇਟੀ ਦੀ ਰਿਪੋਰਟ 'ਤੇ ਕੇਂਦ੍ਰਿਤ ਸੀ, ਜਿਸ ਨੂੰ ਤੋਤਾਪੁਰੀ ਅੰਬ ਦੀ ਕਾਸ਼ਤ ਅਤੇ ਕੀਮਤਾਂ ਵਿੱਚ ਗਿਰਾਵਟ ਨਾਲ ਸਬੰਧਿਤ ਮੁੱਦਿਆਂ ਦੀ ਜਾਂਚ ਕਰਨ ਅਤੇ ਹੱਲ ਸੁਝਾਉਣ ਲਈ ਨਿਯੁਕਤ ਕੀਤਾ ਗਿਆ ਸੀ। ਇਹ ਕਮੇਟੀ 2 ਜੁਲਾਈ, 2026 ਦੇ ਇੱਕ ਆਦੇਸ਼ ਦੇ ਤਹਿਤ ਬਣਾਈ ਗਈ ਸੀ  ਅਤੇ ਇਸ ਵਿੱਚ ICAR-CISH (ਸੈਂਟਰਲ ਇੰਸਟੀਟਿਊਟ ਆਫ ਸਬਟ੍ਰੋਪੀਕਲ ਹਾਰਟੀਕਲਚਰ, ਲਖਨਊ), ICAR-IIHR (ਇੰਡੀਅਨ ਇੰਸਟੀਟਿਊਟ ਆਫ ਹੋਰਟੀਕਲਚਰਲ ਰਿਸਰਚ, ਬੰਗਲੁਰੂ), ICAR-CISH ਦੇ ਵਿਗਿਆਨੀ, ਡਾ. YSR ਹੋਰਟੀਕਲਚਰ ਯੂਨੀਵਰਸਿਟੀ, ਆਂਧਰ ਪ੍ਰਦੇਸ਼ ਦੇ ਮਾਹਿਰ ਅਤੇ ਰਾਜ ਬਾਗਬਾਨੀ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ਾਂ 'ਤੇ, ਕਮੇਟੀ ਨੇ 8 ਤੋਂ 10 ਜੁਲਾਈ ਤੱਕ ਆਂਧਰ ਪ੍ਰਦੇਸ਼ ਦੇ ਤਿਰੂਪਤੀ ਅਤੇ ਚਿਤੂਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ, ਬਜ਼ਾਰ ਪ੍ਰਤੀਨਿਧੀਆਂ, ਪਲਪ ਨਿਰਮਾਣ ਇਕਾਈਆਂ, ਨਿਰਯਾਤਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਅਤੇ ਤੋਤਾਪੁਰੀ ਅੰਬ ਮੁੱਲ ਲੜੀ ਦੇ ਸਾਰੇ ਪੜਾਵਾਂ ਦਾ ਜਾਇਜ਼ਾ ਲਿਆ।

ਮੀਟਿੰਗ ਵਿੱਚ ਆਪਣੀ ਰਿਪੋਰਟ ਪੇਸ਼ ਕਰਦੇ ਹੋਏ, ਕਮੇਟੀ ਨੇ ਦੱਸਿਆ ਕਿ ਇਸ ਸਾਲ ਤੋਤਾਪੁਰੀ ਅੰਬ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨਾਂ ਵਿੱਚ ਪ੍ਰੋਸੈੱਸਿੰਗ ਸਮਰੱਥਾ ਅਤੇ ਖਰੀਦ ਦਰਮਿਆਨ ਸਮੇਂ ਸਿਰ ਤਾਲਮੇਲ ਦੀ ਘਾਟ, ਘਰੇਲੂ ਬਜ਼ਾਰ ਵਿੱਚ ਅੰਬ-ਅਧਾਰਿਤ ਪੀਣ ਵਾਲੇ ਪਦਾਰਥਾਂ ਵਿੱਚ ਕੱਚੇ ਗੁੱਦੇ ਦੀ ਘੱਟ ਮਾਤਰਾ ਅਤੇ ਆਲਮੀ ਬਜ਼ਾਰ ਵਿੱਚ ਉਤਰਾਅ-ਚੜ੍ਹਾਅ ਸ਼ਾਮਲ ਹਨ। ਕਮੇਟੀ ਨੇ ਇਹ ਵੀ ਉਜਾਗਰ ਕੀਤਾ ਕਿ ਬਹੁਤ ਸਾਰੀਆਂ ਥਾਵਾਂ 'ਤੇ, ਫੈਕਟਰੀਆਂ ਸੀਜ਼ਨ ਦੀ ਸ਼ੁਰੂਆਤ ਵਿੱਚ ਸਮੇਂ ਸਿਰ ਅੰਬ ਖਰੀਦਣ ਵਿੱਚ ਅਸਮਰੱਥ ਹੁੰਦੀਆਂ ਹਨ ਜਦੋਂ ਕਿ ਕਿਸਾਨਾਂ ਦੀ ਉਪਜ ਬਜ਼ਾਰਾਂ ਅਤੇ ਪ੍ਰੋਸੈੱਸਿੰਗ ਯੂਨਿਟਾਂ ਵਿੱਚ ਇੱਕੋ ਸਮੇਂ ਪਹੁੰਚਦੀ ਹੈ, ਜਿਸ ਕਾਰਨ ਕੀਮਤਾਂ ਵਿੱਚ ਅਚਾਨਕ ਗਿਰਾਵਟ ਆਉਂਦੀ ਹੈ ਅਤੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ।

ਅੰਬ-ਅਧਾਰਿਤ ਪੀਣ ਵਾਲੇ ਪਦਾਰਥਾਂ ਦੇ ਮੁੱਦੇ 'ਤੇ, ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਅਜਿਹੇ ਸਾਰੇ ਉਤਪਾਦਾਂ ਵਿੱਚ 22-25 ਪ੍ਰਤੀਸ਼ਤ ਅਸਲੀ ਕੁਦਰਤੀ ਅੰਬ ਦਾ ਗੁੱਦਾ ਲਾਜ਼ਮੀ ਬਣਾਇਆ ਜਾਵੇ। ਕਮੇਟੀ ਦੀ ਰਾਏ ਵਿੱਚ, ਜੇਕਰ ਸਿਰਫ਼ ਉਨ੍ਹਾਂ ਪੀਣ ਵਾਲੇ ਪਦਾਰਥਾਂ ਨੂੰ 5 ਪ੍ਰਤੀਸ਼ਤ ਰਿਆਇਤੀ ਵਸਤੂਆਂ ਅਤੇ ਸੇਵਾਵਾਂ ਟੈਕਸ ( ਜੀਐੱਸਟੀ) ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਗੁੱਦਾ ਹੋਵੇ  ਅਤੇ ਘੱਟ ਗੁੱਦੇ ਵਾਲੇ ਉਤਪਾਦਾਂ 'ਤੇ ਉੱਚ ਜੀਐੱਸਟੀ ਦਰ ਲਗਾਈ ਜਾਵੇ, ਤਾਂ ਇੱਕ ਪਾਸੇ, ਤੋਤਾਪੁਰੀ ਅੰਬ ਦੇ ਗੁੱਦੇ ਦੀ ਖਪਤ ਵਧੇਗੀ, ਜਦੋਂ ਕਿ ਦੂਜੇ ਪਾਸੇ, ਖਪਤਕਾਰਾਂ ਨੂੰ ਵਧੇਰੇ ਪੌਸ਼ਟਿਕ ਅਤੇ ਅਸਲੀ ਫਲ-ਅਧਾਰਿਤ ਪੀਣ ਵਾਲੇ ਪਦਾਰਥ ਉਪਲਬਧ ਹੋਣਗੇ।

ਇਸ ਪ੍ਰਸਤਾਵ 'ਤੇ ਵਿਚਾਰ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਜ਼ਰੂਰੀ ਮਾਪਦੰਡਾਂ ਅਤੇ ਟੈਕਸ ਢਾਂਚੇ 'ਤੇ ਸਹਿਮਤੀ ਬਣਾਉਣ ਲਈ ਸਬੰਧਿਤ ਮੰਤਰਾਲਿਆਂ - ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (FSSAI), GST ਕੌਂਸਲ, ਵਿੱਤ ਮੰਤਰਾਲਾ, ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰਾਲਾ, ਖੇਤੀਬਾੜੀ ਮੰਤਰਾਲਾ ਅਤੇ ਸਿਹਤ ਮੰਤਰਾਲੇ ਦਰਮਿਆਨ ਇੱਕ ਅੰਤਰ-ਮੰਤਰਾਲਾ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ।

ਤੋਤਾਪੁਰੀ ਅੰਬ ਮੁੱਲ ਲੜੀ ਨੂੰ ਸਥਿਰ ਅਤੇ ਸੁਚਾਰੂ ਬਣਾਉਣ ਲਈ, ਕਮੇਟੀ ਨੇ ਇੱਕ ਕੇਂਦਰੀ ਤਾਲਮੇਲ ਅਤੇ ਕੀਮਤ ਸਥਿਰਤਾ ਕਮੇਟੀ ਦੇ ਗਠਨ ਦੀ ਸਿਫਾਰਸ਼ ਕੀਤੀ, ਜੋ ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਕਰਨਾਟਕ ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ਲਈ ਇੱਕ ਸਿਖਰ ਸੰਸਥਾਗਤ ਵਿਧੀ ਵਜੋਂ ਕੰਮ ਕਰੇਗੀ। ਇਹ ਕਮੇਟੀ ਹਰ ਸਾਲ ਅੰਬ ਦੇ ਸੀਜ਼ਨ ਤੋਂ ਪਹਿਲਾਂ ਫਸਲ ਅਨੁਮਾਨਾਂ, ਪ੍ਰੋਸੈੱਸਿੰਗ ਅਤੇ ਨਿਰਯਾਤ ਮੰਗ, ਖੇਤੀਬਾੜੀ ਲਾਗਤਾਂ ਅਤੇ ਬਜ਼ਾਰ ਦੀਆਂ ਸਥਿਤੀਆਂ ਦੀ ਸਮੀਖਿਆ ਕਰੇਗੀ ਤਾਂ ਜੋ ਕਿਸਾਨਾਂ ਲਈ ਸੰਕੇਤਕ ਲਾਭਕਾਰੀ ਫਾਰਮ-ਗੇਟ ਖਰੀਦ ਕੀਮਤਾਂ ਅਤੇ ਅੰਬ ਦੇ ਗੁੱਦੇ ਲਈ ਹਵਾਲਾ ਕੀਮਤਾਂ ਨਿਰਧਾਰਿਤ ਕਰਨ ਵਿੱਚ ਮਦਦ ਕੀਤੀ ਜਾ ਸਕੇ, ਇਸ ਤਰ੍ਹਾਂ ਕਿਸਾਨਾਂ ਅਤੇ ਉਦਯੋਗ ਦੋਵਾਂ ਨੂੰ ਸਪੱਸ਼ਟ ਅਗਾਊਂ ਸੰਕੇਤ ਪ੍ਰਦਾਨ ਕੀਤੇ ਜਾ ਸਕਣ।  

 

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਆਂਧਰ ਪ੍ਰਦੇਸ਼ ਦੇ ਚਿਤੂਰ, ਤਿਰੂਪਤੀ, ਅੰਨਮਾਇਆ ਅਤੇ ਕਡਾਪਾ ਜ਼ਿਲ੍ਹਿਆਂ ਵਿੱਚ ਤੋਤਾਪੁਰੀ ਅੰਬਾਂ ਦੇ ਬਾਗਾਂ ਦੇ ਇੱਕ ਵੱਡੇ ਖੇਤਰ ਵਿੱਚ ਪੁਰਾਣੇ ਬਾਗ ਹਨ ਜਿਨ੍ਹਾਂ ਦੀ ਉਤਪਾਦਕਤਾ ਅਤੇ ਗੁਣਵੱਤਾ ਦੋਵਾਂ ਵਿੱਚ ਗਿਰਾਵਟ ਆਈ ਹੈ। ਇਸ ਸਥਿਤੀ ਨੂੰ ਹੱਲ ਕਰਨ ਲਈ, ਕਮੇਟੀ ਨੇ ਉੱਚ- ਕਾਰਜਸ਼ੀਲ ਤਕਨੀਕਾਂ ਰਾਹੀਂ ਬਾਗਾਂ ਨੂੰ ਮੁੜ ਸੁਰਜੀਤ ਕਰਨ ਦੀ ਸਿਫਾਰਸ਼ ਕੀਤੀ, ਜਿਸ ਨਾਲ ਮੌਜੂਦਾ ਰੁੱਖਾਂ ਨੂੰ ਨੀਲਮ, ਅਲਫੋਂਸੋ, ਹਿੰਮਾਯਤ, ਬੰਗਨਾਪੱਲੀ ਅਤੇ ਹੋਰ ਉੱਚ-ਮੁੱਲ ਵਾਲੀਆਂ ਕਿਸਮਾਂ ਦੇ ਕਲਮ (scion) ਨਾਲ ਕਲਮਬੱਧ ਕੀਤਾ ਜਾ ਸਕਦਾ ਹੈ ਤਾਂ ਜੋ ਦੋ ਤੋਂ ਤਿੰਨ ਵਰ੍ਹਿਆਂ ਦੇ ਅੰਦਰ ਇੱਕ ਨਵੀਂ, ਵਧੇਰੇ ਕੀਮਤੀ ਫਸਲ ਪੈਦਾ ਕੀਤੀ ਜਾ ਸਕੇ। ਕਲੱਸਟਰ ਪੱਧਰ 'ਤੇ ਚੰਗੇ ਖੇਤੀਬਾੜੀ ਅਭਿਆਸਾਂ (GAP) ਨੂੰ ਲਾਗੂ ਕਰਨ, ਕਿਸਾਨ ਸਿਖਲਾਈ, ਪ੍ਰਦਰਸ਼ਨੀ ਬਾਗ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ।

ਫਲਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਪ੍ਰੀਮੀਅਮ ਘਰੇਲੂ ਬਜ਼ਾਰਾਂ ਤੱਕ ਪਹੁੰਚ ਵਧਾਉਣ ਲਈ, ਕਮੇਟੀ ਨੇ ਚਿਤੂਰ, ਤਿਰੂਪਤੀ, ਅੰਨਮਾਇਆ ਅਤੇ ਕਡਾਪਾ ਜ਼ਿਲ੍ਹਿਆਂ ਵਿੱਚ ਲਗਭਗ 23,333 ਹੈਕਟੇਅਰ ਦੇ ਖੇਤਰ ਵਿੱਚ ਸ਼ੁਰੂਆਤੀ ਪੜਾਅ ਵਿੱਚ ਫਲਾਂ ਦੇ ਕਵਰ ਪ੍ਰਦਾਨ ਕਰਨ ਦੀ ਸਿਫਾਰਸ਼ ਕੀਤੀ ਤਾਂ ਜੋ ਫਲਾਂ ਦੀ ਦਿੱਖ ਨੂੰ ਬਿਹਤਰ ਬਣਾਇਆ ਜਾ ਸਕੇ, ਕੀੜਿਆਂ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਤੋਤਾਪੁਰੀ ਅੰਬਾਂ ਦੀ ਉੱਚ-ਕੀਮਤ ਵਾਲੇ ਬਜ਼ਾਰਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। ਇਸ ਨੇ ਇੱਕ ਜ਼ੋਨਲ ਖਰੀਦ ਅਤੇ ਪ੍ਰੀ-ਪ੍ਰੋਸੈੱਸਿੰਗ ਪ੍ਰਣਾਲੀ ਵਿਕਸਿਤ ਕਰਨ ਦੀ ਵੀ ਸਿਫਾਰਸ਼ ਕੀਤੀ, ਜਿਸ ਦੇ ਤਹਿਤ ਸਲਾਨਾ ਖਰੀਦ ਯੋਜਨਾ ਬਾਗਬਾਨੀ ਵਿਭਾਗ, ਪ੍ਰੋਸੈੱਸਿੰਗ ਉਦਯੋਗਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਜਾਵੇਗੀ।

ਆਂਧਰ ਪ੍ਰਦੇਸ਼ ਸਰਕਾਰ ਨੂੰ ਇਹ ਵੀ ਸਿਫਾਰਸ਼ ਕੀਤੀ ਗਈ ਸੀ ਕਿ ਉਹ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਜਾਰੀ ਕਰੇ ਜਿਸ ਨਾਲ ਸਾਰੀਆਂ ਰਜਿਸਟਰਡ ਪ੍ਰੋਸੈੱਸਿੰਗ ਯੂਨਿਟਾਂ ਲਈ ਹਰ ਸਾਲ 15 ਮਈ ਤੋਂ ਖਰੀਦ ਅਤੇ ਪਲਪ ਉਤਪਾਦਨ ਸ਼ੁਰੂ ਕਰਨਾ ਲਾਜ਼ਮੀ ਹੋ ਜਾਵੇ।

ਮੀਟਿੰਗ ਦੌਰਾਨ ਕਿਸਾਨ-ਅਗਵਾਈ ਵਾਲੀਆਂ ਪ੍ਰੋਸੈੱਸਿੰਗ ਇਕਾਈਆਂ ਅਤੇ FPO (ਕਿਸਾਨ ਉਤਪਾਦਕ ਸੰਗਠਨ) ਅਧਾਰਿਤ ਮੁੱਲ ਵਾਧੇ ਮਾਡਲਾਂ 'ਤੇ ਵੀ ਚਰਚਾ ਕੀਤੀ ਗਈ। ICAR-CISH ਅਤੇ IIHR ਦੁਆਰਾ ਵਿਕਸਿਤ ਤਕਨਾਲੋਜੀਆਂ ਦੀ ਵਰਤੋਂ ਕਰਦੇ ਹੋਏ ਬੀਜ ਕਰਨੇਲ ਤੋਂ "ਮੈਂਗੋ ਬਟਰ" ਅਤੇ ਹੋਰ ਮੁੱਲ ਵਾਧੇ ਵਾਲੇ ਉਤਪਾਦਾਂ ਦੇ ਉਤਪਾਦਨ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਤੋਤਾਪੁਰੀ ਅੰਬ ਦੇ ਬੀਜ ਅਤੇ ਉਪ-ਉਤਪਾਦ ਵੀ ਕਿਸਾਨਾਂ ਲਈ ਵਾਧੂ ਆਮਦਨ ਦਾ ਸਰੋਤ ਬਣ ਸਕਣ।

ਮੀਟਿੰਗ ਵਿੱਚ, ਏਪੀਈਡੀਏ (APEDA) ਦੇ ਨੁਮਾਇੰਦਿਆਂ ਨੇ ਤੋਤਾਪੁਰੀ ਅਤੇ ਹੋਰ ਭਾਰਤੀ ਅੰਬਾਂ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਦਾ ਵਿਸਥਾਰ ਕਰਨ ਦੇ ਯਤਨਾਂ ਬਾਰੇ ਖਾਸ ਕਰਕੇ ਸਮੁੰਦਰੀ ਰਸਤੇ ਰਾਹੀਂ, ਲਾਗਤਾਂ ਨੂੰ ਘਟਾਉਣ ਅਤੇ ਨਵੇਂ ਸਥਾਨਾਂ ਤੱਕ ਪਹੁੰਚ ਵਧਾਉਣ ਲਈ ਜਾਣਕਾਰੀ ਦਿੱਤੀ । ਇਸ ਸੰਦਰਭ ਵਿੱਚ, ਸ਼੍ਰੀ ਚੌਹਾਨ ਨੇ ਕਿਹਾ ਕਿ ਏਪੀਈਡੀਏ, ਆਈਸੀਏਆਰ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਤੋਤਾਪੁਰੀ-ਅਧਾਰਿਤ ਪ੍ਰੋਸੈੱਸਡ ਉਤਪਾਦਾਂ ਅਤੇ  ਫ਼੍ਰੇਸ਼ ਟੇਬਲ ਅੰਬਾਂ ਲਈ ਇੱਕ ਤਾਲਮੇਲ ਨਿਰਯਾਤ ਅਤੇ ਮਾਰਕੀਟਿੰਗ ਰਣਨੀਤੀ ਵਿਕਸਿਤ ਕੀਤੀ ਜਾਵੇਗੀ।

 

ਮੀਟਿੰਗ ਵਿੱਚ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਤੋਤਾਪੁਰੀ ਅੰਬ ਦੀ ਪੂਰੀ ਮੁੱਲ ਲੜੀ ਨੂੰ ਕਿਸਾਨ-ਕੇਂਦ੍ਰਿਤ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ , ਆਈਸੀਏਆਰ, ਏਪੀਈਡੀਏ, ਕਿਸਾਨ ਉਤਪਾਦਕ ਸੰਗਠਨ ਅਤੇ ਪ੍ਰੋਸੈੱਸਿੰਗ ਉਦਯੋਗ ਸਾਰੇ ਜ਼ਿੰਮੇਵਾਰੀ ਸਾਂਝੀ ਕਰਨਗੇ ਅਤੇ ਜੀਐੱਸਟੀ, ਖੁਰਾਕ ਸੁਰੱਖਿਆ ਮਾਪਦੰਡਾਂ ਅਤੇ ਰਾਜ ਨੀਤੀਆਂ ਦਾ ਤਾਲਮੇਲ ਕਰਦੇ ਹੋਏ ਇੱਕ ਸਪੱਸ਼ਟ ਰੋਡਮੈਪ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਜੇਕਰ ਸੁਝਾਏ ਗਏ ਉਪਾਵਾਂ ਨੂੰ ਵਿਆਪਕ ਤੌਰ 'ਤੇ ਲਾਗੂ ਕੀਤਾ ਜਾਂਦਾ ਹੈ , ਤਾਂ ਆਂਧਰ ਪ੍ਰਦੇਸ਼ , ਤਮਿਲ ਨਾਡੂ ਅਤੇ ਕਰਨਾਟਕ ਵਿੱਚ ਤੋਤਾਪੁਰੀ ਅੰਬ ਕਿਸਾਨਾਂ ਦੀ ਆਮਦਨ ਸਥਿਰਤਾ ਨਾਲ ਵਧੇਗੀ, ਅਤੇ ਭਾਰਤੀ ਅੰਬ ਵਿਸ਼ਵ ਬਜ਼ਾਰ ਵਿੱਚ ਇੱਕ ਮਜ਼ਬੂਤ ​​ਮੌਜੂਦਗੀ ਸਥਾਪਿਤ ਕਰਨ ਦੇ ਯੋਗ ਹੋਣਗੇ।

 

*********

ਆਰਸੀ/ਐੱਮਐੱਸ/ਐੱਮਕੇ/ਏਕੇ


(Release ID: 2288200) ਵਿਜ਼ੀਟਰ ਕਾਊਂਟਰ : 43