ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਭਾਰਤ-ਮੋਲਦੋਵਾ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ
ਮੋਲਦੋਵਾ ਕੰਪਨੀਆਂ ਨੂੰ ਭਾਰਤ ਵਿੱਚ ਵਪਾਰ ਅਤੇ ਨਿਵੇਸ਼ ਲਈ ਚੰਗੇ ਮੌਕੇ ਮਿਲਣਗੇ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
20 JUL 2026 7:07PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮੋਲਦੋਵਾ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀਮਤੀ ਮਾਈਆ ਸਾਂਡੂ ਦੇ ਨਾਲ ਅੱਜ 20 ਜੁਲਾਈ, 2026 ਨੂੰ ਮੋਲਦੋਵਾ ਦੇ ਚਿਸੀਨਾਉ ਵਿੱਚ ਭਾਰਤ-ਮੋਲਦੋਵਾ ਵਪਾਰ ਫੋਰਮ ਨੂੰ ਸੰਬੋਧਨ ਕੀਤਾ।

ਆਪਣੇ ਉਦਘਾਟਨੀ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਮੋਲਦੋਵਾ ਦੇ ਵਿਚਕਾਰ ਸਾਲ 1992 ਵਿੱਚ ਰਣਨੀਤਕ ਸਬੰਧ ਸਥਾਪਿਤ ਹੋਣ ਤੋਂ ਬਾਅਦ ਤੋਂ ਨਿੱਘੇ ਅਤੇ ਦੋਸਤਾਨਾ ਸਬੰਧ ਰਹੇ ਹਨ। ਸਾਡੇ ਸਬੰਧ ਆਪਸੀ ਸਤਿਕਾਰ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸ਼ਾਂਤੀ, ਵਿਕਾਸ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਤੀ ਸਾਂਝੀ ਵਚਨਬੱਧਤਾ ’ਤੇ ਅਧਾਰਿਤ ਹਨ।
ਰਾਸ਼ਟਰਪਤੀ ਨੇ ਕਿਹਾ ਕਿ 2047 ਤੱਕ ਵਿਕਸਤ ਰਾਸ਼ਟਰ ਬਣਨ ਦੇ ਟੀਚੇ ਵੱਲ ਵਧ ਰਿਹਾ ਭਾਰਤ ਅਜਿਹੀਆਂ ਭਾਈਵਾਲੀਆਂ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ, ਜੋ ਵਿਸ਼ਵਾਸ ਅਤੇ ਸਾਂਝੀ ਖ਼ੁਸ਼ਹਾਲੀ 'ਤੇ ਅਧਾਰਿਤ ਹੋਣ। ਭਾਰਤ ਵਿਸ਼ਵ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥ-ਵਿਵਸਥਾਵਾਂ ਵਿੱਚੋਂ ਇੱਕ ਹੈ। ਇਹ ਤਰੱਕੀ ਉੱਦਮਤਾ, ਡਿਜੀਟਲ ਪਰਿਵਰਤਨ, ਨਿਰਮਾਣ ਖੇਤਰ ਦੀ ਉੱਤਮਤਾ ਅਤੇ ਨੌਜਵਾਨ ਅਤੇ ਹੁਨਰਮੰਦ ਕਾਰਜਬਲ ਦੀ ਤਾਕਤ ਨਾਲ ਸੰਭਵ ਹੋਈ ਹੈ। ਦੂਜੇ ਪਾਸੇ, ਮੋਲਦੋਵਾ ਦਾ ਸੁਧਾਰ-ਮੁਖੀ ਦ੍ਰਿਸ਼ਟੀਕੋਣ, ਮਹੱਤਵਪੂਰਨ ਭੂਗੋਲਿਕ ਸਥਿਤੀ, ਪ੍ਰਤਿਭਾਸ਼ਾਲੀ ਮਨੁੱਖੀ ਸਰੋਤ ਅਤੇ ਯੂਰਪੀ ਬਾਜ਼ਾਰਾਂ ਨਾਲ ਵਧਦਾ ਏਕੀਕਰਨ ਉਸਨੂੰ ਭਾਰਤੀ ਕਾਰੋਬਾਰਾਂ ਲਈ ਇੱਕ ਮਹੱਤਵਪੂਰਨ ਮੰਜ਼ਿਲ ਬਣਾਉਂਦਾ ਹੈ।

ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੱਖ-ਵੱਖ ਖੇਤਰਾਂ, ਜਿਵੇਂ ਕਿ ਡਿਜੀਟਲ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ-ਸੁਰੱਖਿਆ, ਫਿਨ-ਟੈਕ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਬੁਨਿਆਦੀ ਢਾਂਚਾ ਵਿਕਾਸ, ਨਵਿਆਉਣਯੋਗ ਊਰਜਾ , ਉੱਨਤ ਨਿਰਮਾਣ, ਲੌਜਿਸਟਿਕਸ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਫਾਰਮਾਸਿਊਟੀਕਲ, ਬਾਇਓ-ਟੈਕਨਾਲੋਜੀ ਅਤੇ ਸਿਹਤ ਸੰਭਾਲ ਸੇਵਾਵਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ। ਉਹਨਾਂ ਨੇ ਕਿਹਾ ਕਿ ਭਾਰਤੀ ਕੰਪਨੀਆਂ ਮੋਲਦੋਵਾ ਵਿੱਚ ਨਵਿਆਉਣਯੋਗ ਊਰਜਾ ਖੇਤਰ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਵਿੱਚ ਦਿਲਚਸਪੀ ਰੱਖਦੀਆਂ ਹਨ, ਜਿਨ੍ਹਾਂ ਵਿੱਚ ਸੂਰਜੀ ਊਰਜਾ, ਬੈਟਰੀ ਸਟੋਰੇਜ, ਸਮਾਰਟ ਗ੍ਰਿਡ, ਗ੍ਰੀਨ ਹਾਈਡ੍ਰੋਜਨ ਅਤੇ ਹੋਰ ਸਾਫ਼-ਸੁਥਰੀਆਂ ਤਕਨਾਲੋਜੀਆਂ ਸ਼ਾਮਲ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਮੋਲਦੋਵਾ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਵਪਾਰ ਅਤੇ ਨਿਵੇਸ਼ ਦੇ ਚੰਗੇ ਮੌਕੇ ਮਿਲਣਗੇ। ਅਸੀਂ ਪਾਰਦਰਸ਼ੀ, ਭਰੋਸੇਮੰਦ ਅਤੇ ਨਿਵੇਸ਼ਕਾਂ ਦੇ ਅਨੁਕੂਲ ਕਾਰੋਬਾਰੀ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ। ਉਹਨਾਂ ਨੇ ਮੋਲਦੋਵਾ ਦੇ ਉਦਯੋਗ ਜਗਤ ਨੂੰ ਭਾਰਤ ਆ ਕੇ ਇੱਥੇ ਉਪਲਬਧ ਮੌਕਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ।
ਰਾਸ਼ਟਰਪਤੀ ਨੇ ਭਾਰਤੀ ਉਦਯੋਗ ਜਗਤ ਨੂੰ ਮੋਲਦੋਵਾ ਵਿੱਚ ਮੁਹੱਈਆ ਵਪਾਰਕ ਮੌਕਿਆਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਉੱਦਮਤਾ, ਦ੍ਰਿੜ੍ਹਤਾ ਅਤੇ ਵਚਨਬੱਧਤਾ ਭਾਰਤ ਅਤੇ ਮੋਲਦੋਵਾ ਦੇ ਵਿਚਕਾਰ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਆਰਥਿਕ ਭਾਈਵਾਲੀਆਂ ਕਾਇਮ ਕਰਨ ਵਿੱਚ ਸਹਾਇਕ ਹੋਣਗੀਆਂ। ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਵਪਾਰ ਮੰਚ ਵਿੱਚ ਹੋਣ ਵਾਲੀ ਚਰਚਾ ਅਤੇ ਗੱਲਬਾਤ ਨਵੀਂਆਂ ਭਾਈਵਾਲੀਆਂ ਅਤੇ ਨਵੀਨਤਾਕਾਰੀ ਸਹਿਯੋਗ ਦਾ ਅਧਾਰ ਬਣਨਗੀਆਂ, ਜਿਸ ਨਾਲ ਭਾਰਤ ਅਤੇ ਮੋਲਦੋਵਾ ਦੇ ਵਿਚਕਾਰ ਆਰਥਿਕ ਸਹਿਯੋਗ ਨਵੀਆਂ ਉਚਾਈਆਂ ’ਤੇ ਪਹੁੰਚੇਗਾ।
ਦੋਵਾਂ ਦੇਸ਼ਾਂ ਦੇ ਪ੍ਰਮੁੱਖ ਕਾਰੋਬਾਰੀ ਨੁਮਾਇੰਦੇ ਇਸ ਫੋਰਮ ਵਿੱਚ ਹਿੱਸਾ ਲੈ ਰਹੇ ਹਨ। ਇਹ ਨੁਮਾਇੰਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਸੂਚਨਾ ਤਕਨਾਲੋਜੀ (ਆਈ.ਟੀ.), ਫਾਰਮਾਸਿਊਟੀਕਲ, ਸਿਹਤ ਸੰਭਾਲ, ਨਵਿਆਉਣਯੋਗ ਊਰਜਾ, ਸਿੱਖਿਆ, ਲੌਜਿਸਟਿਕਸ ਅਤੇ ਡਿਜੀਟਲ ਤਕਨਾਲੋਜੀ ਵਰਗੇ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2287724)
ਵਿਜ਼ੀਟਰ ਕਾਊਂਟਰ : 60