ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਜੁਲਾਈ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਲਗਭਗ 25,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਜੀਂਦ ਵਿੱਚ ਲਗਭਗ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਜੀਂਦ ਅਤੇ ਸੋਨੀਪਤ ਵਿਚਾਲੇ ਭਾਰਤ ਦੀ ਪਹਿਲੀ ਹਾਈਡ੍ਰੋਜਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ

ਇਹ ਰੇਲ ਦੁਨੀਆ ਦੀਆਂ ਸਭ ਤੋਂ ਲੰਬੀਆਂ ਅਤੇ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਰੇਲਾਂ 'ਚੋਂ ਇੱਕ ਹੈ

ਇੱਕ ਹਾਈਡ੍ਰੋਜਨ ਫਿਊਲ ਸੈੱਲ-ਸੰਚਾਲਿਤ ਰੇਲ ਸਿਫ਼ਰ ਕਾਰਬਨ ਨਿਕਾਸ ਨੂੰ ਯਕੀਨੀ ਬਣਾਉਂਦੀ ਹੈ, ਜਿਸ ਵਿੱਚ ਸਿਰਫ਼ ਪਾਣੀ ਦੀ ਭਾਫ਼ ਹੀ ਉਪ-ਉਤਪਾਦ ਹੈ

ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿੱਚ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਗੇ, ਜੋ ਕਿ ਸਿੱਖ ਗੁਰੂਆਂ ਦੀ ਵਿਰਾਸਤ ਅਤੇ ਸਿੱਖ ਵਿਰਸੇ ਨੂੰ ਸਮਰਪਿਤ ਹੈ

ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ 'ਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਦਾ ਵਿਸਥਾਰ ਸ਼ਾਮਲ ਹੈ

ਪ੍ਰਧਾਨ ਮੰਤਰੀ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਪੂਰੀ ਤਰ੍ਹਾਂ ਐਕਸੈੱਸ-ਕੰਟ੍ਰੋਲਡ ਪੈਕੇਜ 1 ਤੋਂ 6 ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਜਲੰਧਰ ਵਿੱਚ ₹5,470 ਕਰੋੜ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ 20 ਰਾਜਾਂ ਵਿੱਚ 75 ਮੁੜ-ਵਿਕਸਿਤ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ

प्रविष्टि तिथि: 15 JUL 2026 6:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੁਲਾਈ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ। ਸਵੇਰੇ 11 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਜੀਂਦ ਰੇਲਵੇ ਸਟੇਸ਼ਨ 'ਤੇ ਜੀਂਦ ਅਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡ੍ਰੋਜਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਸਵੇਰੇ 11:30 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਜੀਂਦ ਦੇ ਏਕਲਵਯ ਸਟੇਡੀਅਮ ਵਿਖੇ ਲਗਭਗ ₹14,700 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਚੰਡੀਗੜ੍ਹ ਜਾਣਗੇ ਜਿੱਥੇ ਦੁਪਹਿਰ 1:45 ਵਜੇ, ਉਹ ₹4,700 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਮਗਰੋਂ, ਪ੍ਰਧਾਨ ਮੰਤਰੀ ਜਲੰਧਰ ਜਾਣਗੇ, ਜਿੱਥੇ ਉਹ ₹5,470 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਜੀਂਦ ਵਿੱਚ

ਪ੍ਰਧਾਨ ਮੰਤਰੀ ਜੀਂਦ ਅਤੇ ਸੋਨੀਪਤ ਵਿਚਾਲੇ ਭਾਰਤ ਦੀ ਪਹਿਲੀ ਹਾਈਡ੍ਰੋਜਨ-ਸੰਚਾਲਿਤ ਰੇਲ ਨੂੰ ਹਰੀ ਝੰਡੀ ਦਿਖਾਉਣਗੇ, ਜੋ ਕਿ ਰੇਲਵੇ ਖੇਤਰ ਵਿੱਚ ਸਾਫ਼ ਅਤੇ ਟਿਕਾਊ ਗਤੀਸ਼ੀਲਤਾ ਨੂੰ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਵਿੱਚ ਡਿਜ਼ਾਈਨ, ਇੰਜੀਨੀਅਰਿੰਗ ਅਤੇ ਏਕੀਕ੍ਰਿਤ, ਇਹ ਰੇਲਗੱਡੀ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਈ ਗਈ ਹੈ, ਜੋ ਕਿ ਉੱਨਤ ਰੇਲਵੇ ਇੰਜੀਨੀਅਰਿੰਗ ਵਿੱਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦੀ ਹੈ।ਇਸਦੀ ਸ਼ੁਰੂਆਤ ਦੇ ਨਾਲ, ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਜਾਵੇਗਾ ਜਿੱਥੇ ਹਾਈਡ੍ਰੋਜਨ-ਸੰਚਾਲਿਤ ਰੇਲਗੱਡੀਆਂ ਚੱਲ ਰਹੀਆਂ ਹਨ।

ਇਹ ਰੇਲ ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਨਾਲ ਸੰਚਾਲਿਤ ਹੈ, ਜੋ ਰੇਲ ਨੂੰ ਅੱਗੇ ਵਧਾਉਣ ਲਈ ਹਾਈਡ੍ਰੋਜਨ ਨੂੰ ਬਿਜਲੀ ਵਿੱਚ ਬਦਲਦੀ ਹੈ। ਇਹ ਪ੍ਰਕਿਰਿਆ ਉਪ-ਉਤਪਾਦ ਵਜੋਂ ਸਿਰਫ਼ ਪਾਣੀ ਦੀ ਭਾਫ਼ ਪੈਦਾ ਕਰਦੀ ਹੈ, ਜਿਸਦੇ ਨਤੀਜੇ ਵਜੋਂ ਕਾਰਜ ਦੌਰਾਨ ਸਿਫ਼ਰ ਕਾਰਬਨ ਨਿਕਾਸ ਹੁੰਦਾ ਹੈ।

ਡੀਜ਼ਲ ਰੇਲਾਂ ਦੇ ਮੁਕਾਬਲੇ, ਉਹ ਟੇਲਪਾਈਪ ਨਿਕਾਸ ਨੂੰ ਖ਼ਤਮ ਕਰਦੀ ਹੈ, ਜੈਵਿਕ ਈਂਧਨ ਅਤੇ ਜੈਵਿਕ ਈਂਧਨ ਆਯਾਤ 'ਤੇ ਘੱਟ ਨਿਰਭਰਤਾ ਹੁੰਦੀ ਹੈ ਅਤੇ ਸੰਚਾਲਨ ਦੌਰਾਨ ਬਹੁਤ ਘੱਟ ਸ਼ੋਰ ਕਰਦੀ ਹੈ। ਰਵਾਇਤੀ ਇਲੈਕਟ੍ਰਿਕ ਰੇਲਾਂ ਦੇ ਉਲਟ, ਇਸ ਨੂੰ ਨਿਰੰਤਰ ਓਵਰਹੈੱਡ ਬਿਜਲੀਕਰਨ ਬੁਨਿਆਦੀ ਢਾਂਚੇ ਦੀ ਲੋੜ ਨਹੀਂ ਹੁੰਦੀ ਹੈ, ਕਿਉਂਕਿ ਹਾਈਡ੍ਰੋਜਨ ਫਿਊਲ ਸੈੱਲਾਂ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ, ਜੋ ਇਸ ਨੂੰ ਇੱਕ ਸਵੱਛ ਅਤੇ ਕੁਸ਼ਲ ਹੱਲ ਬਣਾਉਂਦਾ ਹੈ। ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਜੈਵਿਕ ਬਾਲਣ-ਅਧਾਰਤ ਥਰਮਲ ਪਾਵਰ ਪਲਾਂਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ 'ਤੇ ਨਿਰਭਰਤਾ ਨੂੰ ਵੀ ਘਟਾਉਂਦੀ ਹੈ, ਜਿਸ ਨਾਲ ਭਾਰਤ ਨੂੰ ਟਿਕਾਊ ਆਵਾਜਾਈ ਵੱਲ ਤਬਦੀਲੀ ਦਾ ਸਮਰਥਨ ਮਿਲਦਾ ਹੈ।

ਭਾਰਤ ਦੀ ਹਾਈਡ੍ਰੋਜਨ ਰੇਲ ਵਿੱਚ 10 ਡੱਬੇ ਹਨ, ਜੋ ਇਸਨੂੰ ਹੁਣ ਤੱਕ ਬਣੀਆਂ ਸਭ ਤੋਂ ਲੰਬੀਆਂ ਹਾਈਡ੍ਰੋਜਨ-ਸੰਚਾਲਿਤ ਯਾਤਰੀ ਰੇਲਾਂ 'ਚੋਂ ਇੱਕ ਬਣਾਉਂਦੇ ਹਨ। ਇਹ 3,200 ਐੱਚਪੀ ਪ੍ਰੋਪਲਸ਼ਨ ਸਿਸਟਮ ਨਾਲ ਸੰਚਾਲਿਤ ਹੈ, ਜੋ ਇਸਨੂੰ ਚਾਲੂ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ-ਸੰਚਾਲਿਤ ਟ੍ਰੇਨਸੈਟਾਂ ਵਿੱਚੋਂ ਇੱਕ ਬਣਾਉਂਦੀ ਹੈ।

ਪ੍ਰਧਾਨ ਮੰਤਰੀ ਹਰਿਆਣਾ ਵਿੱਚ ₹12,470 ਕਰੋੜ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਲਗਭਗ ₹9,680 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ 157.92 ਕਿੱਲੋਮੀਟਰ ਲੰਬੇ ਚਾਰ-ਮਾਰਗੀ, ਪੂਰੀ ਤਰ੍ਹਾਂ ਅਕਸੈੱਸ-ਕੰਟ੍ਰੋਲਡ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 1 ਤੋਂ 5) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਗ੍ਰੀਨਫੀਲਡ ਕੌਰੀਡੋਰ 667 ਕਿੱਲੋਮੀਟਰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਹਿੱਸਾ ਹੈ। ਇਹ ਐਕਸਪ੍ਰੈਸਵੇਅ ਦਿੱਲੀ ਅਤੇ ਕਟੜਾ ਵਿਚਾਲੇ ਯਾਤਰਾ ਦੇ ਸਮੇਂ ਨੂੰ ਲਗਭਗ 14 ਘੰਟਿਆਂ ਤੋਂ ਘਟਾ ਕੇ ਲਗਭਗ 6 ਘੰਟੇ ਕਰ ਦੇਵੇਗਾ, ਜਦਕਿ ਦਿੱਲੀ-ਅੰਮ੍ਰਿਤਸਰ ਯਾਤਰਾ ਨੂੰ ਲਗਭਗ 8 ਘੰਟਿਆਂ ਤੋਂ ਘਟਾ ਕੇ 4 ਘੰਟੇ ਕਰ ਦੇਵੇਗਾ। ਇਸ ਪ੍ਰੋਜੈਕਟ ਨਾਲ ਐੱਨਐੱਚ-44 (ਜੀਟੀ ਰੋਡ) 'ਤੇ ਭੀੜ-ਭੜੱਕੇ ਨੂੰ ਕਾਫ਼ੀ ਹੱਦ ਤੱਕ ਘਟਾਉਣ, ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਆਵਾਜਾਈ ਨੂੰ ਵਧਾਉਣ ਅਤੇ ਕੌਰੀਡੋਰ ਦੇ ਨਾਲ-ਨਾਲ ਉਦਯੋਗਿਕ ਅਤੇ ਲੌਜਿਸਟਿਕਸ ਵਿਕਾਸ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਐੱਨਐੱਚ-7 ਅਤੇ ਐੱਨਐੱਚ-344 'ਤੇ 33.81 ਕਿੱਲੋਮੀਟਰ ਲੰਬੇ ਚਾਰ-ਮਾਰਗੀ, ਅੰਸ਼ਕ ਤੌਰ 'ਤੇ ਅਕਸੈੱਸ-ਕੰਟ੍ਰੋਲਡ ਅੰਬਾਲਾ-ਕਾਲਾ ਅੰਬ ਹਾਈਵੇਅ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਹਾਈਵੇਅ ਅੰਬਾਲਾ ਸ਼ਹਿਰ ਅਤੇ ਕਾਲਾ ਅੰਬ ਉਦਯੋਗਿਕ ਪੱਟੀ ਦਰਮਿਆਨ ਸੰਪਰਕ ਨੂੰ ਮਜ਼ਬੂਤ ​​ਬਣਾਏਗਾ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਸੜਕੀ ਸੰਪਰਕਾਂ ਨੂੰ ਬਿਹਤਰ ਬਣਾਏਗਾ, ਪਹਾੜੀ ਖੇਤਰਾਂ ਵਿੱਚ ਸੈਲਾਨੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਅਤੇ ਕਾਲਾ ਅੰਬ ਖੇਤਰ ਵਿੱਚ ਉਦਯੋਗਾਂ ਲਈ ਲੌਜਿਸਟਿਕਸ ਲਾਗਤਾਂ ਨੂੰ ਘਟਾਏਗਾ।

ਐੱਨਐੱਚ-352ਏ 'ਤੇ 40.60 ਕਿੱਲੋਮੀਟਰ ਲੰਬਾ ਜੀਂਦ-ਗੋਹਾਣਾ ਗ੍ਰੀਨਫੀਲਡ ਹਾਈਵੇਅ ਦਾ ਇੱਕ ਹੋਰ ਵੱਡਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਨਵਾਂ ਹਾਈਵੇਅ ਜੀਂਦ ਅਤੇ ਗੋਹਾਣਾ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ ਦੋ ਘੰਟਿਆਂ ਤੋਂ ਘਟਾ ਕੇ ਸਿਰਫ਼ 40 ਮਿੰਟ ਕਰ ਦੇਵੇਗਾ, ਜਿਸ ਨਾਲ ਯਾਤਰੀਆਂ, ਮਾਲ ਢੋਆ-ਢੁਆਈ ਅਤੇ ਖੇਤੀਬਾੜੀ ਤੌਰ 'ਤੇ ਮਹੱਤਵਪੂਰਨ ਜੀਂਦ-ਗੋਹਾਣਾ ਖੇਤਰ ਨੂੰ ਲਾਭ ਹੋਵੇਗਾ ਅਤੇ ਨਾਲ ਹੀ ਰੋਹਤਕ, ਪਾਣੀਪਤ ਅਤੇ ਦਿੱਲੀ-ਐੱਨਸੀਆਰ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ 24.27 ਕਿੱਲੋਮੀਟਰ ਲੰਬੇ ਹਾਂਸੀ-ਬਰਵਾਲਾ ਬ੍ਰਾਊਨਫੀਲਡ ਹਾਈਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਮੌਜੂਦਾ ਮੁੱਖ ਮਾਰਗ ਨੂੰ ਪੱਕੇ ਕੰਢਿਆਂ ਵਾਲੇ 2/4-ਮਾਰਗੀ ਢਾਂਚੇ ਵਿੱਚ ਅਪਗ੍ਰੇਡ ਕਰੇਗਾ।

ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਐਲੀਵੇਟਿਡ ਰੇਲਵੇ ਟ੍ਰੈਕ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਇੱਕ ਪ੍ਰਮੁੱਖ ਸ਼ਹਿਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ ਜੋ ਸ਼ਹਿਰ ਵਿੱਚ ਰੇਲਵੇ ਕਰਾਸਿੰਗਾਂ 'ਤੇ ਲੰਬੇ ਸਮੇਂ ਤੋਂ ਟ੍ਰੈਫਿਕ ਭੀੜ ਨੂੰ ਖ਼ਤਮ ਕਰੇਗਾ। ਇਹ ਪ੍ਰੋਜੈਕਟ ਵਾਹਨਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਏਗਾ, ਸੜਕ ਸੁਰੱਖਿਆ ਵਿੱਚ ਸੁਧਾਰ ਕਰੇਗਾ ਅਤੇ ਰੇਲ ਅਤੇ ਸੜਕੀ ਆਵਾਜਾਈ ਪ੍ਰਣਾਲੀਆਂ ਦੋਵਾਂ ਦੀ ਸੰਚਾਲਨ ਕੁਸ਼ਲਤਾ ਨੂੰ ਵਧਾਏਗਾ।

ਪ੍ਰਧਾਨ ਮੰਤਰੀ ਪ੍ਰਮੁੱਖ ਮੈਡੀਕਲ ਸੰਸਥਾਵਾਂ - ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ, ਭਿਵਾਨੀ, ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਅਤੇ ਰਾਓ ਤੁਲਾ ਰਾਮ ਹਸਪਤਾਲ, ਕੋਰੀਆਵਾਸ, ਨਾਰਨੌਲ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸੰਸਥਾਵਾਂ ਹਰਿਆਣਾ ਵਿੱਚ ਮਿਆਰੀ ਡਾਕਟਰੀ ਸਿੱਖਿਆ ਤੱਕ ਪਹੁੰਚ ਦਾ ਵਿਸਤਾਰ ਕਰਨਗੀਆਂ, ਐੱਮਬੀਬੀਐੱਸ ਸੀਟਾਂ ਦੀ ਗਿਣਤੀ ਵਧਾਉਣਗੀਆਂ, ਮਾਹਰ ਸਿਹਤ ਸੰਭਾਲ ਪੇਸ਼ੇਵਰਾਂ ਦੀ ਉਪਲਬਧਤਾ ਵਿੱਚ ਸੁਧਾਰ ਕਰਨਗੀਆਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਡਾਕਟਰੀ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਣਗੀਆਂ, ਜਿਸ ਨਾਲ ਸੂਬੇ ਦੇ ਸਿਹਤ ਸੰਭਾਲ ਤੰਤਰ ਨੂੰ ਮਜ਼ਬੂਤ ​​ਬਣਾਇਆ ਜਾਵੇਗਾ।

ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਖੇਤਰ ਦੇ ਸੱਭਿਆਚਾਰਕ ਬੁਨਿਆਦੀ ਢਾਂਚੇ ਨੂੰ ਹੋਰ ਅਮੀਰ ਬਣਾਉਂਦੇ ਹੋਏ, ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਗੇ। ਇਹ ਅਜਾਇਬ ਘਰ ਸਿੱਖ ਧਰਮ ਦੇ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਉਨ੍ਹਾਂ ਦੀ ਹਿੰਮਤ, ਕੁਰਬਾਨੀਆਂ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਭਾਰਤ ਦੀ ਸੱਭਿਅਤਾ ਅਤੇ ਸੱਭਿਆਚਾਰ ਵਿੱਚ ਸਿੱਖ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗਾ।

ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ

ਪ੍ਰਧਾਨ ਮੰਤਰੀ 4,700 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਚੰਡੀਗੜ੍ਹ ਵਿਖੇ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ ਕਰਨਗੇ।

ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਨੂੰ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ, ਗੰਭੀਰ ਰੂਪ ਵਿੱਚ ਬਿਮਾਰ ਨਵਜੰਮੇ ਬੱਚਿਆਂ ਅਤੇ ਵਿਸ਼ੇਸ਼ ਇਲਾਜ ਦੀ ਲੋੜ ਵਾਲੇ ਬੱਚਿਆਂ ਲਈ ਵਿਆਪਕ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। 300 ਬਿਸਤਰਿਆਂ ਅਤੇ ਅਤਿ-ਆਧੁਨਿਕ ਡਾਕਟਰੀ ਸਹੂਲਤਾਂ ਨਾਲ ਲੈਸ, ਇਹ ਕੇਂਦਰ ਜੱਚਾ ਅਤੇ ਬੱਚਾ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ​​ਬਣਾਏਗਾ ਅਤੇ ਖੇਤਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਪਹੁੰਚਾਏਗਾ।

ਐਡਵਾਂਸਡ ਨਿਊਰੋਸਾਇੰਸ ਸੈਂਟਰ ਇੱਕ ਛੱਤ ਹੇਠ ਨਿਊਰੋਲੋਜੀ, ਨਿਊਰੋਸਰਜਰੀ, ਨਿਊਰੋ-ਕ੍ਰਿਟੀਕਲ ਕੇਅਰ ਅਤੇ ਐਡਵਾਂਸਡ ਡਾਇਗਨੌਸਟਿਕ ਸਹੂਲਤਾਂ ਵਿੱਚ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰੇਗਾ। ਇਹ ਨਿਊਰੋਸਾਇੰਸ ਵਿੱਚ ਡਾਕਟਰੀ ਖੋਜ, ਸਿੱਖਿਆ ਅਤੇ ਸਿਖਲਾਈ ਨੂੰ ਮਜ਼ਬੂਤ ​​ਕਰਦੇ ਹੋਏ ਗੁੰਝਲਦਾਰ ਨਿਊਰੋਲੋਜੀਕਲ ਵਿਕਾਰਾਂ ਤੋਂ ਪੀੜਤ ਮਰੀਜ਼ਾਂ ਲਈ ਸਮੇਂ ਸਿਰ ਅਤੇ ਵਿਸ਼ਵ ਪੱਧਰੀ ਇਲਾਜ ਨੂੰ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਦੇ ਤਹਿਤ 150 ਬਿਸਤਰਿਆਂ ਵਾਲੇ ਅਤਿ-ਆਧੁਨਿਕ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਸਹੂਲਤ ਖੇਤਰ ਦੇ ਸਮੁੱਚੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਦੇ ਹੋਏ ਐਮਰਜੈਂਸੀ ਤਿਆਰੀ, ਇੰਟੈਂਸਿਵ ਕੇਅਰ ਸੇਵਾਵਾਂ ਅਤੇ ਆਫ਼ਤ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਵਧਾਏਗੀ।

ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਵਿੱਦਿਅਕ ਸੰਸਥਾਵਾਂ ਨਾਲ ਸਬੰਧਤ ਕਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਲੜਕਿਆਂ ਦੇ ਕੁਰੂਕਸ਼ੇਤਰ ਹੋਸਟਲ ਅਤੇ ਮੈਸ; ਸਰਕਾਰੀ ਕਾਲਜ, ਸੈਕਟਰ 46 ਵਿੱਚ ਹੋਸਟਲ ਬਲਾਕ ਦਾ ਉਦਘਾਟਨ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਰਿਸਰਚ ਸਕਾਲਰਜ਼ ਹੋਸਟਲ ਦਾ ਨੀਂਹ ਪੱਥਰ ਸ਼ਾਮਲ ਹੈ। ਇਹ ਸਹੂਲਤਾਂ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਗੀਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਰਿਹਾਇਸ਼ੀ ਸਹੂਲਤਾਂ ਵਿੱਚ ਸੁਧਾਰ ਕਰਨਗੀਆਂ ਅਤੇ ਉੱਚ ਸਿੱਖਿਆ ਲਈ ਇੱਕ ਬਿਹਤਰ ਮਾਹੌਲ ਸਿਰਜਣਗੀਆਂ।

ਪ੍ਰਧਾਨ ਮੰਤਰੀ ਖੇਤਰ ਵਿੱਚ ਸੰਪਰਕ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਪ੍ਰਮੁੱਖ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਮੋਹਾਲੀ ਜ਼ਿਲ੍ਹੇ ਵਿੱਚ ਆਈਟੀ ਸਿਟੀ ਤੋਂ ਕੁਰਾਲੀ ਤੱਕ 6-ਮਾਰਗੀ ਗ੍ਰੀਨਫੀਲਡ ਹਾਈਵੇਅ ਦਾ ਉਦਘਾਟਨ ਕਰਨਗੇ, ਜੋ ਕਿ ਖੇਤਰ ਲਈ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਇਹ ਹਾਈਵੇਅ ਮੋਹਾਲੀ, ਖਰੜ ਅਤੇ ਕੁਰਾਲੀ ਦਰਮਿਆਨ ਯਾਤਰਾ ਦਾ ਸਮਾਂ ਘਟਾਏਗਾ ਅਤੇ ਨਾਲ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚਕਾਰ ਬਿਹਤਰ ਸੰਪਰਕ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ 6-ਮਾਰਗੀ ਜ਼ੀਰਕਪੁਰ ਗ੍ਰੀਨਫੀਲਡ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਪ੍ਰੋਜੈਕਟ ਨਾਲ ਜ਼ੀਰਕਪੁਰ-ਪੰਚਕੂਲਾ ਹਿੱਸੇ 'ਤੇ ਯਾਤਰਾ ਦਾ ਸਮਾਂ ਘਟਣ ਦੀ ਉਮੀਦ ਹੈ ਅਤੇ ਨਾਲ ਹੀ ਯਾਤਰੀਆਂ ਲਈ ਸੁਚਾਰੂ, ਤੇਜ਼ ਅਤੇ ਸੁਰੱਖਿਅਤ ਯਾਤਰਾ ਪ੍ਰਦਾਨ ਕੀਤੀ ਜਾਵੇਗੀ। ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ (ਐੱਨਐੱਚ-205ਏ) ਦੇ ਪੀਆਰ-7 ਹਿੱਸੇ ਲਈ ਵੀ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ 10.3 ਕਿੱਲੋਮੀਟਰ ਲੰਬਾ ਗ੍ਰੀਨਫੀਲਡ ਕੌਰੀਡੋਰ ਹੈ, ਜੋ ਲੰਬੀ ਦੂਰੀ ਦੀ ਆਵਾਜਾਈ ਨੂੰ ਜ਼ੀਰਕਪੁਰ ਦੇ ਸ਼ਹਿਰੀ ਖੇਤਰਾਂ ਨੂੰ ਬਾਈਪਾਸ ਕਰਨ ਅਤੇ ਜ਼ੀਰਕਪੁਰ ਬਾਈਪਾਸ ਨੂੰ ਸਿੱਧੇ ਐਰੋਸਿਟੀ, ਚੰਡੀਗੜ੍ਹ ਨਾਲ ਜੋੜਨ ਦੇ ਯੋਗ ਬਣਾਏਗਾ।

ਪ੍ਰਧਾਨ ਮੰਤਰੀ ਜਲੰਧਰ ਵਿੱਚ

ਪ੍ਰਧਾਨ ਮੰਤਰੀ ₹5,470 ਕਰੋੜ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ, ਜਿਸਦਾ ਮੰਤਵ ਸੰਪਰਕ ਨੂੰ ਮਜ਼ਬੂਤ ​​ਕਰਨਾ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ।

ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਲੰਧਰ ਛਾਉਣੀ ਸਮੇਤ 75 ਮੁੜ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। 20 ਸੂਬਿਆਂ ਵਿੱਚ 75 ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ, ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਮੁੜ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਹੈ, ਜੋ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ। ਲਗਭਗ ₹1,570 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ, ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ, ਯਾਤਰੀ-ਅਨੁਕੂਲ ਸਹੂਲਤਾਂ ਵਿੱਚ ਬਦਲ ਦਿੱਤਾ ਗਿਆ ਹੈ। 'ਵਿਰਾਸਤ ਭੀ, ਵਿਕਾਸ ਭੀ' ਦੀ ਭਾਵਨਾ ਨਾਲ ਮੁੜ ਵਿਕਸਿਤ ਕੀਤੇ ਗਏ, ਸਟੇਸ਼ਨਾਂ ਵਿੱਚ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਨੂੰ ਦਰਸਾਉਣ ਵਾਲੇ ਤੱਤ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਲਗਭਗ ₹830 ਕਰੋੜ ਦੀ ਲਾਗਤ ਨਾਲ ਬਣੀ ਦੌਲਤਪੁਰ ਚੌਕ-ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ। ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ​​ਕਰੇਗਾ, ਜਿਸ ਨਾਲ ਹੁਸ਼ਿਆਰਪੁਰ ਅਤੇ ਊਨਾ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ। ਨਵੀਂ ਰੇਲ ਲਾਈਨ ਸ਼੍ਰੀ ਆਨੰਦਪੁਰ ਸਾਹਿਬ ਅਤੇ ਮਾਂ ਚਿੰਤਪੂਰਨੀ ਮੰਦਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜਦਕਿ ਯਾਤਰੀਆਂ ਨੂੰ ਆਵਾਜਾਈ ਦਾ ਇੱਕ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਢੰਗ ਪ੍ਰਦਾਨ ਕਰਕੇ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ।

ਪ੍ਰਧਾਨ ਮੰਤਰੀ ਕਰਤੋਲੀ-ਅੰਬਾਲਾ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਪਰਕ ਵਿੱਚ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ (ਛੇਹਰਟਾ)-ਵਾਰਾਨਸੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਕ ਅਤੇ ਸੱਭਿਆਚਾਰਕ ਕੇਂਦਰਾਂ ਵਿਚਾਲੇ ਸਿੱਧਾ ਰੇਲ ਸੰਪਰਕ ਸਥਾਪਤ ਹੋਵੇਗਾ।

ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰਦੇ ਹੋਏ, ਪ੍ਰਧਾਨ ਮੰਤਰੀ ₹3,070 ਕਰੋੜ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਚਾਰ-ਮਾਰਗੀ ਗ੍ਰੀਨਫੀਲਡ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ 30.9 ਕਿੱਲੋਮੀਟਰ ਲੰਬੇ ਪੈਕੇਜ-6 ਦਾ ਉਦਘਾਟਨ ਕਰਨਗੇ। ਇਹ ਸੈਕਸ਼ਨ ਖ਼ਾਸ ਕਰਕੇ ਭਾਰੀ ਵਾਹਨਾਂ ਲਈ ਸੌਖੀ ਅਤੇ ਤੇਜ਼ ਯਾਤਰਾ ਦੀ ਸਹੂਲਤ ਦੇਵੇਗਾ, ਜਦਕਿ ਈਂਧਨ ਦੀ ਖਪਤ ਅਤੇ ਵਾਹਨ ਸੰਚਾਲਨ ਲਾਗਤਾਂ ਨੂੰ ਘਟਾਏਗਾ।

ਪ੍ਰਧਾਨ ਮੰਤਰੀ 25.2 ਕਿੱਲੋਮੀਟਰ ਲੰਬੇ ਛੇ-ਮਾਰਗੀ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਲੁਧਿਆਣਾ ਅਤੇ ਬਠਿੰਡਾ ਵਿਚਾਲੇ ਯਾਤਰਾ ਦੀ ਦੂਰੀ ਅਤੇ ਸਮੇਂ ਨੂੰ ਘਟਾਏਗਾ, ਜਦਕਿ ਹੋਰ ਪ੍ਰਮੁੱਖ ਆਰਥਿਕ ਕੇਂਦਰਾਂ ਨਾਲ ਸੰਪਰਕ ਵਿੱਚ ਵੀ ਸੁਧਾਰ ਕਰੇਗਾ।

************

ਐਮਜੇਪੀਐਸ/ਐਸਐਸ/ਵੀਜੇ 


(रिलीज़ आईडी: 2285125) आगंतुक पटल : 28
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Gujarati , Tamil , Kannada