ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਦੇ 11 ਸਾਲ : ਈ-ਸਰਸ (eSaras) ਔਨਲਾਈਨ ਮਾਰਕਿਟਪਲੇਸ ਅਤੇ ਮੇਲਿਆਂ ਰਾਹੀਂ ਡਿਜੀਟਲ ਵਪਾਰ ਨਾਲ ਗ੍ਰਾਮੀਣ ਆਜੀਵਿਕਾ ਨੂੰ ਮਜ਼ਬੂਤ ਕਰਨਾ
ਈ-ਸਰਸ ਪੋਰਟਲ ‘ਤੇ 8.99 ਕਰੋੜ ਤੋਂ ਵੱਧ ਸਵੈ-ਸਹਾਇਤਾ ਸਮੂਹ (SHG) ਮੈਂਬਰਾਂ ਨੇ ਚਿਪਸ, ਪਾਪੜ, ਸ਼ਹਿਦ, ਦਸਤਕਾਰੀ ਸਮੇਤ 1,400 ਤੋਂ ਵੱਧ ਉਤਪਾਦ ਵੇਚੇ
ਮਹਿਲਾ ਉੱਦਮੀ ਅਤੇ ਖੇਤੀਬਾੜੀ ਉਪਜ ਸੰਗ੍ਰਹਿ ਅਤੇ ਮਾਰਕੀਟਿੰਗ ਵਿੱਚ ਸ਼ਾਮਲ ਕਿਸਾਨ ਉਤਪਾਦਕ ਸੰਗਠਨ (FPO) ਆਤਮ-ਨਿਰਭਰ ਬਣਦੇ ਹੋਏ ਆਮਦਨ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ
ਸਾਲ 2029 ਤੱਕ 6 ਲੱਖ 'ਲਖਪਤੀ ਦੀਦੀਆਂ' ਬਣਾਉਣ ਦੇ ਟੀਚੇ ਨਾਲ, ਡਿਜੀਟਲ ਇੰਡੀਆ ਦੀ ਈ-ਸਰਸ ਪਹਿਲਕਦਮੀ ਨੇ ਮਹਿਲਾਵਾਂ ਅਤੇ ਪੇਂਡੂ ਉੱਦਮੀਆਂ ਨੂੰ ਆਪਣੇ ਉਤਪਾਦ ਵੇਚਣ ਲਈ ਸਮਰੱਥ ਕੀਤਾ
प्रविष्टि तिथि:
11 JUL 2026 6:28PM by PIB Chandigarh
ਡਿਜੀਟਲ ਇੰਡੀਆ ਪ੍ਰੋਗਰਾਮ 11 ਸਾਲ ਪੂਰੇ ਹੋਣ ਦੇ ਨਾਲ ਭਾਰਤ ਵੱਖ-ਵੱਖ ਖੇਤਰਾਂ ਵਿੱਚ ਨਾਗਰਿਕਾਂ ਲਈ ਸਮਾਵੇਸ਼ੀ ਮੌਕੇ ਪੈਦਾ ਕਰਨ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਪ੍ਰਭਾਵਸ਼ਾਲੀ ਵਰਤੋਂ ਕਰ ਰਿਹਾ ਹੈ। ਇਸ ਪਰਿਵਰਤਨ ਦੀ ਇੱਕ ਮੁੱਖ ਉਦਾਹਰਣ ਈ-ਸਰਸ ਹੈ, ਜੋ ਕਿ ਸਰਕਾਰ-ਸਮਰਥਿਤ ਡਿਜੀਟਲ ਕਾਮਰਸ ਪਲੈਟਫਾਰਮ ਅਤੇ ਦੇਸ਼ ਭਰ ਦੇ ਪੇਂਡੂ ਉਤਪਾਦਕਾਂ ਨੂੰ ਗਾਹਕਾਂ ਨਾਲ ਜੋੜਦਾ ਹੈ। ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦੁਆਰਾ ਪੇਂਡੂ ਵਿਕਾਸ ਮੰਤਰਾਲੇ (MoRD) ਦੇ ਸਹਿਯੋਗ ਨਾਲ ਵਿਕਸਿਤ ਈ-ਸਰਸ ਦਾ ਸੰਚਾਲਨ ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਮੰਚ ਸਵੈ-ਸਹਾਇਤਾ ਸਮੂਹਾਂ (SHGs), ਮਹਿਲਾ ਉੱਦਮੀਆਂ, ਉਤਪਾਦਕ ਸਮੂਹਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਇੱਕ ਭਰੋਸੇਯੋਗ ਡਿਜੀਟਲ ਬਜ਼ਾਰ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਉਹ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਲਈ ਲੰਬੇ ਸਮੇਂ ਦੇ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਦਾ ਹੈ ਸਗੋਂ ਸਮਾਵੇਸ਼ੀ ਡਿਜੀਟਲ ਵਿਕਾਸ ਦੇ ਟੀਚੇ ਨੂੰ ਵੀ ਗਤੀ ਮਿਲ ਰਹੀ ਹੈ।
ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਨਤੀਜੇ
ਈ-ਸਰਸ DAY-NRLM ਦੇ ਤਹਿਤ ਪੇਂਡੂ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਪ੍ਰਮੁੱਖ ਡਿਜੀਟਲ ਕਾਮਰਸ ਮੰਚ ਬਣ ਕੇ ਉਭਰਿਆ ਹੈ। ਇਸ ਵਿੱਚ ਵਰਤਮਾਨ ਵਿੱਚ 8.99 ਕਰੋੜ ਤੋਂ ਵੱਧ ਰਜਿਸਟਰਡ ਸਵੈ-ਸਹਾਇਤਾ ਸਮੂਹ (SHG) ਮੈਂਬਰ ਸ਼ਾਮਲ ਹਨ, ਜਿਸ ਨਾਲ ਇਹ ਮਹਿਲਾਵਾਂ ਦੀ ਅਗਵਾਈ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਆਜੀਵਿਕਾ ਈਕੋਸਿਸਟਮ ਵਿੱਚੋਂ ਇੱਕ ਬਣ ਗਿਆ ਹੈ। ਇਸ ਮੰਚ 'ਤੇ 1,400 ਤੋਂ ਵੱਧ ਉਤਪਾਦ ਉਪਲਬਧ ਹਨ, ਜਦਕਿ ONDC-ਅਧਾਰਿਤ ਖਰੀਦਦਾਰ ਐਪਲੀਕੇਸ਼ਨਾਂ ਰਾਹੀਂ 800 ਤੋਂ ਵੱਧ ਖਰੀਦਦਾਰ SHG ਦੇ ਉਤਪਾਦਾਂ ਤੱਕ ਪਹੁੰਚ ਬਣਾ ਰਹੇ ਹਨ। ਪੇਂਡੂ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 50 ਤੋਂ ਵੱਧ ਸਰਸ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, SHG ਦੇ ਉਤਪਾਦ ONDC-ਲਿੰਕਡ 11 ਤੋਂ ਵੱਧ ਖਰੀਦਦਾਰ ਐਪਲੀਕੇਸ਼ਨਾਂ ਰਾਹੀਂ ਉਪਲਬਧ ਹਨ, ਜਿਸ ਨਾਲ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟ ਪਹੁੰਚ ਅਤੇ ਵਿਕਰੀ ਦੀਆੰ ਸੰਭਾਵਨਾਵਾਂ ਵਿੱਚ ਮਹੱਤਵਪੂਰਨ ਤੌਰ 'ਤੇ ਵਾਧਾ ਹੋਇਆ ਹੈ। ਡਿਜੀਟਲ ਤਕਨਾਲੋਜੀ ਨੂੰ ਰੋਜ਼ੀ-ਰੋਟੀ ਪ੍ਰੋਤਸਾਹਨ ਨਾਲ ਜੋੜਦੇ ਹੋਏ ਈ-ਸਰਸ ਪੇਂਡੂ ਮਹਿਲਾ ਉੱਦਮੀਆਂ ਨੂੰ ਪਰਿਵਾਰਕ ਆਮਦਨ ਵਧਾਉਣ, ਰਵਾਇਤੀ ਹੁਨਰਾਂ ਨੂੰ ਸੁਰੱਖਿਅਤ ਰੱਖਣ ਅਤੇ ਇੱਕ ਸਮਾਵੇਸ਼ੀ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦੇ ਟੀਚੇ ਵਿੱਚ ਯੋਗਦਾਨ ਪਾਉਣ ਲਈ ਸਸ਼ਕਤ ਬਣਾ ਰਿਹਾ ਹੈ।
ਪੇਂਡੂ ਮਹਿਲਾਵਾਂ ਲਈ ਡਿਜੀਟਲ ਕਾਰੋਬਾਰ
DAY-NRLM ਦੇ ਤਹਿਤ, ਮਹਿਲਾਵਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹ (SHGs) ਪੇਂਡੂ ਆਰਥਿਕ ਵਿਕਾਸ ਦੇ ਇੱਕ ਮੁੱਖ ਥੰਮ੍ਹ ਵਜੋਂ ਉਭਰੇ ਹਨ। ਈ-ਸਾਰਸ ਇਸ ਈਕੋਸਿਸਟਮ ਨੂੰ ਮਜ਼ਬੂਤ ਕਰਦੇ ਹੋਏ, SHGs ਨੂੰ ਇੱਕ ਸੰਪੂਰਨ ਡਿਜੀਟਲ ਕਾਮਰਸ ਮੰਚ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਉਹ ਦੇਸ਼ ਭਰ ਦੇ ਗਾਹਕਾਂ ਸਾਹਮਣੇ ਆਪਣੇ ਉਤਪਾਦਾਂ ਦਾ ਸੁਤੰਤਰ ਤੌਰ 'ਤੇ ਪ੍ਰਦਰਸ਼ਨ ਅਤੇ ਮਾਰਕੀਟਿੰਗ ਕਰ ਸਕਦੇ ਹਨ। ਇਹ ਮੰਚ LoCoS ਦੇ ਭਰੋਸੇਯੋਗ ਡਿਜੀਟਲ ਸਿਸਟਮ ਰਾਹੀਂ ਡਿਜੀਟਲ ਆਨਬੋਰਡਿੰਗ, ਔਨਲਾਈਨ ਉਤਪਾਦ ਕੈਟਾਲੌਗ, ਵਸਤੂ ਪ੍ਰਬੰਧਨ, ਸੁਰੱਖਿਅਤ ਡਿਜੀਟਲ ਭੁਗਤਾਨ, ਏਕੀਕ੍ਰਿਤ ਲੌਜਿਸਟਿਕਸ, ਆਰਡਰ ਪ੍ਰਬੰਧਨ ਅਤੇ ਭਾਸ਼ਿਣੀ ਰਾਹੀਂ ਬਹੁ-ਭਾਸ਼ਾਈ ਪਹੁੰਚ ਪ੍ਰਦਾਨ ਕਰਦਾ ਹੈ ਵਿਚੋਲਿਆਂ 'ਤੇ ਨਿਰਭਰਤਾ ਘਟਾ ਕੇ ਅਤੇ ਰਾਸ਼ਟਰੀ ਬਜ਼ਾਰ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਵਾਉਣ ਰਾਹੀਂ ਇਹ ਮੰਚ ਪੇਂਡੂ ਮਹਿਲਾਵਾਂ ਨੂੰ ਆਪਣੀ ਆਮਦਨ ਵਧਾਉਣ, ਉੱਦਮ ਸਥਾਪਿਤ ਕਰਨ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਵਿੱਚ ਮਦਦ ਕਰਦਾ ਹੈ। ਨਾਲ ਹੀ, ਇਹ ਮੰਚ ਪ੍ਰਮਾਣਿਤ ਪੇਂਡੂ ਮਹਿਲਾ ਉੱਦਮੀਆਂ ਨੂੰ ਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਕੇ, ਸਾਲ 2029 ਤੱਕ 6 ਕਰੋੜ "ਲਖਪਤੀ ਦੀਦੀਆਂ" ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ।
ਖੇਤੀਬਾੜੀ ਤੋਂ ਵਧ ਕੇ ਪੇਂਡੂ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨਾ
ਦੇਸ਼ ਦੇ ਕਰੋੜਾਂ ਪੇਂਡੂ ਪਰਿਵਾਰਾਂ ਲਈ ਖੇਤੀਬਾੜੀ ਅੱਜ ਵੀ ਆਮਦਨ ਦਾ ਮੁੱਖ ਸਰੋਤ ਬਣੀ ਹੋਈ ਹੈ, ਪਰ ਇਸ ਤੋਂ ਹੋਣ ਵਾਲੀ ਆਮਦਨ ਮੁੱਖ ਤੌਰ 'ਤੇ ਮੌਸਮੀ ਹੁੰਦੀ ਹੈ। ਈ-ਸਾਰਸ ਸਵੈ-ਸਹਾਇਤਾ ਸਮੂਹਾਂ (SHGs) ਅਤੇ ਪੇਂਡੂ ਉਤਪਾਦਕ ਸਮੂਹਾਂ ਨੂੰ ਪੂਰੇ ਸਾਲ ਆਮਦਨ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ । ਇਹ ਮੰਚ ਫੂਡ ਪ੍ਰੋਸੈੱਸਿੰਗ, ਖੇਤੀਬਾੜੀ-ਅਧਾਰਿਤ ਉੱਦਮਾਂ, ਦਸਤਕਾਰੀ, ਸ਼ਿਲਪਕਾਰੀ, ਸ਼ਹਿਦ, ਡੇਅਰੀ ਉਤਪਾਦਾਂ, ਜੜੀ-ਬੂਟੀਆਂ ਉਤਪਾਦਾਂ, ਨਿਜੀ ਦੇਖਭਾਲ ਨਾਲ ਜੁੜੇ ਉਤਪਾਦਾਂ ਅਤੇ ਘਰੇਲੂ ਸਾਜ-ਸਜਾਵਟ ਵਰਗੇ ਕਈ ਆਜੀਵਿਕਾ ਅਧਾਰਿਤ ਖੇਤਰਾਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਨਾਲ ਖਾਸ ਕਰਕੇ ਫਸਲ ਦੀ ਵਾਢੀ ਤੋਂ ਬਾਅਦ ਦੇ ਸਮੇਂ ਦੌਰਾਨ ਪੇਂਡੂ ਪਰਿਵਾਰਾਂ ਲਈ ਵਾਧੂ ਅਤੇ ਟਿਕਾਊ ਆਮਦਨ ਦੇ ਮੌਕੇ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਦੀ ਮੌਸਮੀ ਖੇਤੀਬਾੜੀ ਆਮਦਨ 'ਤੇ ਨਿਰਭਰਤਾ ਘੱਟ ਹੁੰਦੀ ਹੈ।
ਬਿਹਤਰ ਆਮਦਨ ਲਈ ਵੈਲਿਊ ਐਡੀਸ਼ਨ ਨੂੰ ਉਤਸ਼ਾਹਿਤ ਕਰਨਾ
ਈ-ਸਰਸ ਸਿਰਫ਼ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਪੇਂਡੂ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਵਿੱਚ ਵੈਲਿਊ ਐਡੀਸ਼ਨ ਲਈ ਵੀ ਉਤਸ਼ਾਹਿਤ ਕਰਦਾ ਹੈ। ਇਸ ਪਹਿਲ ਦੇ ਤਹਿਤ, ਸਵੈ-ਸਹਾਇਤਾ ਸਮੂਹਾਂ ਨੂੰ ਖੇਤੀਬਾੜੀ ਉਤਪਾਦਾਂ ਦੀ ਪ੍ਰੋਸੈੱਸਿੰਗ ਅਤੇ ਆਕਰਸ਼ਕ ਢੰਗ ਨਾਲ ਪੈਕਿੰਗ ਕਰਕੇ ਉਨ੍ਹਾਂ ਨੂੰ ਵਧੇਰੇ ਕੀਮਤ ਵਾਲੇ ਉਤਪਾਦਾਂ ਵਿੱਚ ਤਬਦੀਲ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਚਿਪਸ, ਪਾਪੜ, ਅਚਾਰ, ਜੈਮ, ਸਕਵੈਸ਼, ਕੈਂਡੀ, ਪੈਕ ਕੀਤੇ ਮਸਾਲੇ, ਪ੍ਰੋਸੈੱਸਡ ਦਾਲਾਂ ਅਤੇ ਬੋਤਲਬੰਦ ਸ਼ਹਿਦ ਵਰਗੇ ਉਤਪਾਦ ਸ਼ਾਮਲ ਹਨ। ਉਦਾਹਰਣ ਵਜੋਂ, ਉਤਪਾਦਕ ਸਮੂਹ ਕੱਚੇ ਆਲੂਆਂ ਜਾਂ ਫਲਾਂ ਨੂੰ ਸਿੱਧੇ ਵੇਚਣ ਦੀ ਬਜਾਏ ਉਨ੍ਹਾਂ ਦੀ ਪ੍ਰੋਸੈੱਸਿੰਗ ਕਰਕੇ ਬਿਹਤਰ ਪੈਕੇਜਿੰਗ ਅਤੇ ਬ੍ਰਾਂਡਿੰਗ ਨਾਲ ਭੋਜਨ ਉਤਪਾਦਾਂ ਵਜੋਂ ਮਾਰਕਿਟ ਵਿੱਚ ਮੁਹੱਈਆ ਕਰਵਾ ਸਕਦੇ ਹਨ। ਇਸੇ ਤਰ੍ਹਾਂ ਵੈਲਿਊ ਐਡੀਸ਼ਨ ਉਤਪਾਦਾਂ ਦੀ ਗੁਣਵੱਤਾ ਅਤੇ ਮਾਰਕਿਟਯੋਗਤਾ ਨੂੰ ਵਧਾਉਂਦਾ ਹੈ ਅਤੇ ਪੇਂਡੂ ਉਤਪਾਦਕਾਂ ਨੂੰ ਉਸੇ ਖੇਤੀਬਾੜੀ ਉਤਪਾਦਨ ਤੋਂ ਵੱਧ ਆਮਦਨ ਕਮਾਉਣ ਦੇ ਯੋਗ ਬਣਾਉਂਦਾ ਹੈ।
ਡਿਜੀਟਲ ਉੱਦਮਤਾ ਲਈ ਸਮਰੱਥਾ ਨਿਰਮਾਣ
ਡਿਜੀਟਲ ਵਪਾਰ ਦੀ ਸਫਲਤਾ ਸਿਰਫ਼ ਤਕਨਾਲੋਜੀ 'ਤੇ ਨਿਰਭਰ ਨਹੀਂ ਕਰਦੀ ਸਗੋਂ ਪੇਂਡੂ ਉੱਦਮੀਆਂ ਦੀਆਂ ਸਮਰੱਥਾਵਾਂ ਦੇ ਵਿਕਾਸ 'ਤੇ ਵੀ ਸਮਾਨ ਰੂਪ ਵਿੱਚ ਨਿਰਭਰ ਕਰਦੀ ਹੈ। DAY-NRLM ਦੇ ਤਹਿਤ, ਸਵੈ-ਸਹਾਇਤਾ ਸਮੂਹਾਂ (SHGs) ਨਾਲ ਜੁੜੀਆਂ ਮਹਿਲਾਵਾਂ ਨੂੰ ਡਿਜੀਟਲ ਆਨਬੋਰਡਿੰਗ, ਉਤਪਾਦ ਸੂਚੀਕਰਣ, ਬ੍ਰਾਂਡਿੰਗ, ਪੈਕੇਜਿੰਗ, ਉਤਪਾਦ ਫੋਟੋਗ੍ਰਾਫੀ, ਡਿਜੀਟਲ ਮਾਰਕੀਟਿੰਗ, ਵਸਤੂ ਪ੍ਰਬੰਧਨ, ਆਰਡਰ ਪ੍ਰੋਸੈੱਸਿੰਗ, ਗਾਹਕ ਸੇਵਾ, ਵਿੱਤੀ ਸਾਖ਼ਰਤਾ ਅਤੇ ਲੌਜਿਸਟਿਕਸ ਪ੍ਰਬੰਧਨ ਦੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਪੇਂਡੂ ਮਹਿਲਾਵਾਂ ਨੂੰ ਔਨਲਾਈਨ ਕਾਰੋਬਾਰ ਦਾ ਸੁਤੰਤਰ ਤੌਰ 'ਤੇ ਸੰਚਾਲਨ ਕਰਨ ਅਤੇ ਵਿਆਪਕ ਬਜ਼ਾਰਾਂ ਵਿੱਚ ਮੁਕਾਬਲਾ ਕਰਨ ਲਈ ਜ਼ਰੂਰੀ ਹੁਨਰ ਪ੍ਰਦਾਨ ਕਰਦੇ ਹਨ। ਟ੍ਰੇਨਿੰਗ ਨੂੰ ਡਿਜੀਟਲ ਬੁਨਿਆਦੀ ਢਾਂਚੇ ਨਾਲ ਜੋੜ ਕੇ, ਈ-ਸਾਰਸ ਮਹਿਲਾ ਉੱਦਮੀਆਂ ਨੂੰ ਭਾਰਤ ਦੀ ਤੇਜ਼ੀ ਨਾਲ ਫੈਲ ਰਹੀ ਡਿਜੀਟਲ ਅਰਥਵਿਵਸਥਾ ਵਿੱਚ ਸਰਗਰਮ ਭਾਗੀਦਾਰ ਬਣਾ ਰਿਹਾ ਹੈ।
ਵੱਖ-ਵੱਖ ਪੇਂਡੂ ਉਤਪਾਦਾਂ ਨੂੰ ਹੁਲਾਰਾ
ਈ-ਸਰਸ ਭਾਰਤ ਦੀ ਪੇਂਡੂ ਅਰਥਵਿਵਸਥਾ ਦੀ ਵਿਭਿੰਨਤਾ ਨੂੰ ਦਰਸਾਉਣ ਵਾਲੇ ਕਈ ਉਤਪਾਦਾਂ ਨੂੰ ਇੱਕ ਮੰਚ ‘ਤੇ ਪ੍ਰਦਾਨ ਕਰਦਾ ਹੈ। ਇਨ੍ਹਾਂ ਵਿੱਚ ਅਚਾਰ, ਪਾਪੜ, ਸ਼ਹਿਦ, ਮਸਾਲੇ, ਮੋਟੇ ਅਨਾਜ (ਸ਼੍ਰੀਅੰਨ)-ਅਧਾਰਿਤ ਭੋਜਨ ਉਤਪਾਦ, ਬਾਂਸ ਅਤੇ ਗੰਨੇ ਨਾਲ ਤਿਆਰ ਦਸਤਕਾਰੀ, ਲੱਕੜ ਦੀ ਦਸਤਕਾਰੀ, ਟੈਰਾਕੋਟਾ ਉਤਪਾਦ, ਹੈਂਡੀਕ੍ਰਾਫਟ ਸਾੜੀਆਂ, ਸ਼ਾਲ, ਸੂਤੀ ਕੱਪੜੇ, ਘਰੇਲੂ ਸਜਾਵਟ ਦੀਆਂ ਵਸਤੂਆਂ, ਹਰਬਲ ਸਾਬਣ, ਜ਼ਰੂਰੀ ਤੇਲ, ਡੇਅਰੀ ਉਤਪਾਦ, ਘੀ ਅਤੇ ਉੱਨੀ ਉਤਪਾਦ ਮੁੱਖ ਤੌਰ ‘ਤੇ ਸ਼ਾਮਲ ਹਨ। ਇਹ ਮੰਤ ਸਵੈ-ਸਹਾਇਤਾ ਸਮੂਹਾਂ ਦੁਆਰਾ ਸੰਚਾਲਿਤ ਪਸ਼ੂ ਪਾਲਣ ਅਤੇ ਹੋਰ ਸਹਾਇਕ ਰੋਜ਼ੀ-ਰੋਟੀ ਗਤੀਵਿਧੀਆਂ ਨਾਲ ਜੁੜੇ ਉਤਪਾਦਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਪੇਂਡੂ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਲਈ ਨਵੇਂ ਬਜ਼ਾਰ ਮੌਕੇ ਉਪਲਬਧ ਹੋ ਰਹੇ ਹਨ।
ਸਮਾਵੇਸ਼ੀ ਵਿਕਾਸ ਨੂੰ ਗਤੀ ਦਿੰਦੀ ਤਕਨਾਲੋਜੀ
ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਿਧਾਂਤਾਂ 'ਤੇ ਅਧਾਰਿਤ, ਈ-ਸਰਸ ਨੂੰ ਉਮੰਗ, ਸੁਰੱਖਿਅਤ ਡਿਜੀਟਲ ਭੁਗਤਾਨ ਪ੍ਰਣਾਲੀਆਂ, ਲੌਜਿਸਟਿਕਸ ਭਾਈਵਾਲਾਂ ਅਤੇ API-ਅਧਾਰਿਤ ਡਿਜੀਟਲ ਤਸਦੀਕ ਸੇਵਾਵਾਂ ਨਾਲ ਜੋੜਿਆ ਗਿਆ ਹੈ। LoCoS ਦੁਆਰਾ ਡਿਜੀਟਲ ਵਿਕ੍ਰੇਤਾ ਤਸਦੀਕ ਖਪਤਕਾਰਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ, ਜਦਕਿ ਭਾਸ਼ਿਣੀ ਦੁਆਰਾ ਸੰਚਾਲਿਤ ਬਹੁ-ਭਾਸ਼ਾਈ ਸੇਵਾਵਾਂ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਉਪਭੋਗਤਾਵਾਂ ਲਈ ਮੰਚ ਦੀ ਪਹੁੰਚ ਨੂੰ ਹੋਰ ਵਧੇਰੇ ਪਹੁੰਚਯੋਗ ਬਣਾਉਂਦੀਆਂ ਹਨ। ਇਹ ਮੰਚ ਟੈਕਸਟ-ਟੂ-ਸਪੀਚ ਸੁਵਿਧਾ, ਫੌਂਟ ਸਾਈਜ਼ ਕਸਟਮਾਈਜ਼ੇਸ਼ਨ ਅਤੇ ਵਿਜ਼ੂਅਲ ਐਕਸੈੱਸਿਬਿਲਟੀ ਵਰਗੇ ਵਿਕਲਪ ਵੀ ਪੇਸ਼ ਕਰਦਾ ਹੈ, ਜਿਸ ਨਾਲ ਦਿਵਯਾਂਗਜਨਾਂ, ਸੀਨੀਅਰ ਨਾਗਰਿਕਾਂ ਅਤੇ ਵਿਸ਼ੇਸ਼ ਪਹੁੰਚਯੋਗਤਾ ਜ਼ਰੂਰਤਾਂ ਵਾਲੇ ਉਪਭੋਗਤਾਵਾਂ ਲਈ ਡਿਜੀਟਲ ਵਪਾਰ ਹੋਰ ਵਧੇਰੇ ਸਮਾਵੇਸ਼ੀ ਬਣਦਾ ਹੈ। ਤਕਨਾਲੋਜੀ-ਅਧਾਰਿਤ ਇਹ ਸਹੂਲਤਾਂ ਈ-ਸਾਰਸ ਨੂੰ ਇੱਕ ਪਾਰਦਰਸ਼ੀ, ਸੁਰੱਖਿਅਤ ਅਤੇ ਨਾਗਰਿਕ-ਅਨੁਕੂਲ ਡਿਜੀਟਲ ਮਾਰਕਿਟਪਲੇਸ ਵਜੋਂ ਸਥਾਪਿਤ ਕਰਦੀਆਂ ਹਨ, ਜੋ ਦੇਸ਼ ਭਰ ਦੇ ਪੇਂਡੂ ਉਤਪਾਦਕਾਂ ਨੂੰ ਸਿੱਧੇ ਖਪਤਕਾਰਾਂ ਨਾਲ ਜੋੜ ਰਿਹਾ ਹੈ।
ਲਾਭਪਾਤਰੀ ਦੀ ਕਹਾਣੀ: ਫਲਕ ਸਵੈ-ਸਹਾਇਤਾ ਸਮੂਹ ਨੇ ਖੁਰਜਾ ਪੌਟਰੀ ਨੂੰ ਦੇਸ਼ ਭਰ ਦੇ ਗਾਹਕਾਂ ਤੱਕ ਪਹੁੰਚਾਇਆ ਹੈ
ਈ-ਸਰਸ ਦਾ ਪ੍ਰਭਾਵ ਉੱਤਰ ਪ੍ਰਦੇਸ਼ ਦੇ ਖੁਰਜਾ ਵਿੱਚ ਫਲਕ ਸਵੈ-ਸਹਾਇਤਾ ਸਮੂਹ (SHG) ਦੀ ਸਫਲਤਾ ਦੀ ਕਹਾਣੀ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ। ਇਹ ਸਮੂਹ ਰਵਾਇਤੀ GI (ਭੂਗੋਲਿਕ ਸੰਕੇਤ) ਟੈਗ ਕੀਤੇ ਖੁਰਜਾ ਪੌਟਰੀ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਡਿਜੀਟਲ ਵਪਾਰ ਦੁਆਰਾ ਆਪਣੇ ਉਤਪਾਦਾਂ ਲਈ ਬਜ਼ਾਰ ਦਾ ਨਿਰੰਤਰ ਵਿਸਤਾਰ ਕਰ ਰਿਹਾ ਹੈ।
ਈ-ਸਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਸਮੂਹ ਦੁਆਰਾ ਤਿਆਰ ਹੱਥ ਨਾਲ ਬਣੇ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਵੱਡੇ ਪੱਧਰ 'ਤੇ ਸਥਾਨਕ ਬਜ਼ਾਰਾਂ, ਪ੍ਰਦਰਸ਼ਨੀਆਂ ਅਤੇ ਖੇਤਰੀ ਮੇਲਿਆਂ ਤੱਕ ਹੀ ਸੀਮਿਤ ਸੀ, ਜਿਸ ਨਾਲ ਉਨ੍ਹਾਂ ਦੇ ਉਤਪਾਦਾਂ ਦੀ ਮਾਰਕਿਟ ਪਹੁੰਚ ਸੀਮਤ ਰਹਿੰਦੀ ਸੀ। ਈ-ਸਾਰਸ ਨਾਲ ਜੁੜਨ ਤੋਂ ਬਾਅਦ, ਪਿਛਲੇ ਸਾਢੇ ਤਿੰਨ ਵਰ੍ਹਿਆਂ ਵਿੱਚ ਫਲਕ ਸਵੈ-ਸਹਾਇਤਾ ਸਮੂਹ ਦੇਸ਼ ਭਰ ਦੇ ਗਾਹਕਾਂ ਨੂੰ ਆਪਣੇ ਹੱਥ ਨਾਲ ਬਣੇ ਮਿੱਟੀ ਦੇ ਭਾਂਡ ਸਫਲਤਾਪੂਰਵਕ ਵੇਚ ਰਿਹਾ ਹੈ। ਇਸ ਮੰਚ ਨੇ ਸਮੂਹ ਨੂੰ ਭੂਗੋਲਿਕ ਸੀਮਾਵਾਂ ਨੂੰ ਪਾਰ ਕਰਦੇ ਹੋਏ, ਰਾਸ਼ਟਰੀ ਪੱਧਰ 'ਤੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਨਾਲ ਹੀ, ਭਰੋਸੇਯੋਗ ਲੌਜਿਸਟਿਕ ਸਹੂਲਤਾਂ ਕਾਰਨ ਨਾਜ਼ੁਕ ਹੱਥ ਨਾਲ ਬਣੇ ਉਤਪਾਦਾਂ ਦੀ ਸੁਰੱਖਿਅਤ ਡਿਲੀਵਰੀ ਨੂੰ ਵੀ ਯਕੀਨੀ ਬਣਾਇਆ ਹੈ। ਇਸ ਪਹਿਲਕਦਮੀ ਨਾਲ ਸਮੂਹ ਦੇ ਰੋਜ਼ੀ-ਰੋਟੀ ਦੇ ਮੌਕੇ ਮਜ਼ਬੂਤ ਹੋਏ ਹਨ, ਖੁਰਜਾ ਪੌਟਰੀ (ਮਿੱਟੀ ਦੇ ਭਾਂਡਿਆਂ) ਦੀ ਪਛਾਣ ਅਤੇ ਪ੍ਰਸਿੱਧੀ ਵਧੀ ਹੈ ਅਤੇ ਇਹ ਸਿੱਧ ਹੋਇਆ ਹੈ ਕਿ ਡਿਜੀਟਲ ਵਣਜ ਰਵਾਇਤੀ ਭਾਰਤੀ ਦਸਤਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ ਪੇਂਡੂ ਮਹਿਲਾ ਉੱਦਮੀਆਂ ਨੂੰ ਸਸ਼ਕਤ ਬਣਾਉਣ ਦਾ ਪ੍ਰਭਾਵਸ਼ਾਲੀ ਜ਼ਰੀਆ ਬਣ ਸਕਦਾ ਹੈ।
ਦੇਸ਼ ਭਰ ਵਿੱਚ ਮਾਰਕਿਟ ਤੱਕ ਪਹੁੰਚ ਦਾ ਵਿਸਥਾਰ
ਸ਼ੁਰੂਆਤ ਤੋਂ ਹੀ ਈ-ਸਰਸ ਆਪਣੇ ਡਿਜ਼ੀਟਲ ਈਕੋਸਿਸਟਮ ਨੂੰ ਲਗਾਤਾਰ ਮਜ਼ਬੂਤ ਬਣਾ ਕੇ ਗ੍ਰਾਮੀਣ ਉਤਪਾਦਕਾਂ ਲਈ ਮਾਰਕਿਟ ਪਹੁੰਚ ਦਾ ਵਿਸਤਾਰ ਕਰ ਰਿਹਾ ਹੈ। ਇਸ ਦਾ ਵੈੱਬ ਪੋਰਟਲ 28 ਅਕਤੂਬਰ 2022 ਨੂੰ ਲਾਂਚ ਕੀਤਾ ਗਿਆ ਸੀ, ਜਦਕਿ 28 ਜੂਨ 2023 ਨੂੰ ਇਸਦੀ ਐਂਡਰੌਇਡ ਮੋਬਾਈਲ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC), ਲੌਜਿਸਟਿਕ ਪਾਰਟਨਰਜ਼, ਸੁਰੱਖਿਅਤ ਡਿਜੀਟਲ ਭੁਗਤਾਨ ਪ੍ਰਣਾਲੀਆਂ, ਪਾਵਰ BI ਅਧਾਰਿਤ ਵਿਸ਼ਲੇਸ਼ਣ ਪ੍ਰਣਾਲੀ, ਡਿਜੀਟਲ ਵਿਕ੍ਰੇਤਾ ਤਸਦੀਕ ਅਤੇ UMANG ਨਾਲ ਜੁੜਨ ਨਾਲ ਇਸ ਮੰਚ ਦੀ ਪਹੁੰਚ ਅਤੇ ਸੰਚਾਲਨ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਅੱਜ, ਹੈਂਡੀਕ੍ਰਾਫਟ, ਟੈਕਸਟਾਈਲ, ਪ੍ਰੋਸੈੱਸਡ ਫੂਡ ਉਤਪਾਦ ਅਤੇ ਹੋਰ ਪੇਂਡੂ ਉਤਪਾਦ ਦਾ ਨਿਰਮਾਣ ਕਰਨ ਵਾਲੇ ਮਹਿਲਾਵਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹ ਦੇਸ਼ ਭਰ ਦੇ ਗਾਹਕਾਂ ਤੱਕ ਸਿੱਧੇ ਪਹੁੰਚ ਰਹੇ ਹਨ। ਇਸ ਨਾਲ ਉਹ ਰਵਾਇਤੀ ਮੇਲਿਆਂ ਅਤੇ ਪ੍ਰਦਰਸ਼ਨੀਆਂ 'ਤੇ ਨਿਰਭਰ ਰਹਿਣ ਦੀ ਬਜਾਏ ਸਾਲ ਭਰ ਡਿਜੀਟਲ ਵਪਾਰ ਰਾਹੀਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੇ ਯੋਗ ਬਣ ਰਹੇ ਹਨ।
ਵਧੇਰੇ ਜਾਣਕਾਰੀ ਲਈ ਦੇਖੋ : https://www.esaras.in/
****
ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ / ਕਨਿਸ਼ਕ ਸ਼ਰਮਾ / ਵਨਸ਼ਿਤਾ ਜੈਸਵਾਲ/ ਏਕੇ
(रिलीज़ आईडी: 2283981)
आगंतुक पटल : 10