ਪ੍ਰਧਾਨ ਮੰਤਰੀ ਦਫਤਰ
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਸਹਿਯੋਗ 'ਤੇ ਭਾਰਤ-ਜਾਪਾਨ ਦਾ ਸਾਂਝਾ ਬਿਆਨ
प्रविष्टि तिथि:
02 JUL 2026 9:55PM by PIB Chandigarh
ਭਾਰਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇੱਕ ਅਜਿਹੀ ਮਹੱਤਵਪੂਰਨ ਤਕਨਾਲੋਜੀ ਹੈ, ਜੋ ਅਰਥਚਾਰੇ, ਸਮਾਜ, ਵਿਗਿਆਨ ਅਤੇ ਤਕਨੀਕ, ਉਦਯੋਗ ਅਤੇ ਵਪਾਰ, ਸ਼ਾਸਨ ਅਤੇ ਸੁਰੱਖਿਆ ਨੂੰ ਬਦਲ ਰਹੀ ਹੈ। ਉਹਨਾਂ ਨੇ ਸਵੀਕਾਰ ਕੀਤਾ ਕਿ ਏਆਈ ਦੇ ਡਿਜ਼ਾਈਨ, ਵਿਕਾਸ, ਵਰਤੋਂ ਅਤੇ ਸ਼ਾਸਨ ਦੇ ਮਾਮਲੇ ਵਿੱਚ ਅੱਜ ਲਏ ਗਏ ਫ਼ੈਸਲਿਆਂ ਦਾ ਨਵੀਨਤਾ, ਸਮਾਜਿਕ ਭਲਾਈ, ਆਰਥਿਕ ਸੁਰੱਖਿਆ ਅਤੇ ਅੰਤਰਰਾਸ਼ਟਰੀ ਵਿਵਸਥਾ 'ਤੇ ਲੰਬੇ ਸਮੇਂ ਤੱਕ ਅਸਰ ਪਵੇਗਾ। ਇਸੇ ਸਮਝ ਦੇ ਆਧਾਰ 'ਤੇ, ਉਹ ਏਆਈ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੀ ਮਜ਼ਬੂਤੀ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿੱਚ ਨਵੀਨਤਾ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਸਹਿਮਤ ਹੋਏ, ਤਾਂ ਜੋ ਇੱਕ ਸੁਰੱਖਿਅਤ, ਭਰੋਸੇਮੰਦ, ਸਮਾਵੇਸ਼ੀ, ਮਨੁੱਖ-ਕੇਂਦ੍ਰਿਤ, ਟਿਕਾਊ, ਜਵਾਬਦੇਹ ਅਤੇ ਨਵੀਨਤਾ-ਕੇਂਦ੍ਰਿਤ ਏਆਈ ਈਕੋਸਿਸਟਮ ਬਣਾਇਆ ਜਾ ਸਕੇ।
ਦੋਵਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਵਿਵਸਥਾ ਵਿੱਚ ਹੋ ਰਹੇ ਢਾਂਚਾਗਤ ਬਦਲਾਵਾਂ ਦੇ ਅਨੁਸਾਰ ਖ਼ੁਦ ਨੂੰ ਢਾਲਣ ਦੀ ਲੋੜ ਨੂੰ ਸਮਝਿਆ। ਉਹ ਭਾਰਤ ਦੇ 'ਮਹਾਸਾਗਰ' ਅਤੇ ਜਾਪਾਨ ਦੇ ਅਪਡੇਟ ਕੀਤੇ "ਫ੍ਰੀ ਐਂਡ ਓਪਨ ਇੰਡੋ-ਪੈਸੀਫਿਕ (ਐੱਫਓਆਈਪੀ)" ਦੇ ਅਨੁਸਾਰ ਮਜ਼ਬੂਤ ਅਤੇ ਵਿਕਾਸ-ਮੁਖੀ ਆਰਥਿਕ ਈਕੋਸਿਸਟਮ ਬਣਾਉਣ ਲਈ ਸਹਿਯੋਗ ਕਰਨ 'ਤੇ ਸਹਿਮਤ ਹੋਏ। ਇਸਦੇ ਲਈ ਉਹਨਾਂ ਨੇ ਹਿੰਦ-ਪ੍ਰਸ਼ਾਂਤ ਅਤੇ ਗਲੋਬਲ ਸਾਊਥ ਵਿੱਚ ਮਜ਼ਬੂਤ ਅਤੇ ਸਮਾਵੇਸ਼ੀ ਏਆਈ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਮਾਨ ਸੋਚ ਵਾਲੇ ਦੇਸ਼ਾਂ ਅਤੇ ਭਾਈਵਾਲਾਂ ਨਾਲ ਮਿਲ ਕੇ ਭਾਰਤ ਅਤੇ ਜਾਪਾਨ ਵਿਚਕਾਰ ਏਆਈ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।
ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਏਆਈ ਦੇ ਟਿਕਾਊ ਵਿਕਾਸ ਲਈ ਏਆਈ ਤਕਨਾਲੋਜੀਆਂ ਦੀ ਵਰਤੋਂ ਅਤੇ ਪ੍ਰਯੋਗ ਰਾਹੀਂ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਉਸ ਨਾਲ ਜੁੜੇ ਜੋਖਮਾਂ ਨੂੰ ਸਹੀ ਢੰਗ ਨਾਲ ਘੱਟ ਕਰਨਾ ਅਤੇ ਮਜ਼ਬੂਤ, ਵਿਭਿੰਨ ਤੇ ਭਰੋਸੇਮੰਦ ਏਆਈ ਸਪਲਾਈ ਚੇਨ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਸਬੰਧ ਵਿੱਚ, ਉਹਨਾਂ ਨੇ ਨਵੀਂ ਦਿੱਲੀ ਏਆਈ ਇਮਪੈਕਟ ਸਮਿਟ ਦੀਆਂ ਚਰਚਾਵਾਂ ਅਤੇ ਨਤੀਜਿਆਂ ਦਾ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ "ਜਾਪਾਨ-ਭਾਰਤ ਏਆਈ ਸਹਿਯੋਗ ਪਹਿਲਕਦਮੀ (ਜੇਏਆਈ)" ਦੇ ਤਹਿਤ ਹੋਈ ਤਰੱਕੀ ਨੂੰ ਸਵੀਕਾਰ ਕੀਤਾ ਅਤੇ ਵਿਸ਼ੇਸ਼ ਤੌਰ 'ਤੇ ਅਪ੍ਰੈਲ, 2026 ਵਿੱਚ ਆਯੋਜਿਤ ਪਹਿਲੇ ਭਾਰਤ ਅਤੇ ਜਾਪਾਨ ਏਆਈ ਰਣਨੀਤਕ ਸੰਵਾਦ ਵਿੱਚ ਹੋਈ ਚਰਚਾ ਦਾ ਸਵਾਗਤ ਕੀਤਾ। ਉਹਨਾਂ ਨੇ ਏਆਈ ਦੇ ਮੌਕਿਆਂ ਅਤੇ ਚੁਣੌਤੀਆਂ ਦੀ ਆਮ ਸਮਝ ਨੂੰ ਗੂੜ੍ਹਾ ਕਰਨ ਅਤੇ ਹੇਠ ਲਿਖੇ ਤਰਜੀਹੀ ਖੇਤਰਾਂ ਵਿੱਚ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਵਿਹਾਰਕ ਨਤੀਜਿਆਂ ਵਿੱਚ ਬਦਲਣ ਲਈ ਸਬੰਧਤ ਹਿੱਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ ਨਿਯਮਿਤ ਭਾਰਤ ਅਤੇ ਜਾਪਾਨ ਏਆਈ ਰਣਨੀਤਕ ਸੰਵਾਦ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ:
I. ਅੰਤਰਰਾਸ਼ਟਰੀ ਏਆਈ ਗਵਰਨੈਂਸ, ਸੁਰੱਖਿਆ ਅਤੇ ਸਾਈਬਰ ਸੁਰੱਖਿਆ
ਦੋਵਾਂ ਨੇਤਾਵਾਂ ਨੇ ਇੱਕ ਅਜਿਹੇ ਅੰਤਰਰਾਸ਼ਟਰੀ ਗਵਰਨੈਂਸ ਫਰੇਮਵਰਕ ਨੂੰ ਉਤਸ਼ਾਹਿਤ ਕਰਨ ਦੀ ਅਹਿਮੀਅਤ ਨੂੰ ਫਿਰ ਤੋਂ ਦੁਹਰਾਇਆ ਜੋ ਸੁਰੱਖਿਅਤ, ਭਰੋਸੇਮੰਦ, ਮਜ਼ਬੂਤ ਅਤੇ ਸਮਾਵੇਸ਼ੀ ਏਆਈ 'ਤੇ ਕੇਂਦਰਿਤ ਹੋਵੇ। ਇਹ ਫਰੇਮਵਰਕ ਜ਼ੁੰਮੇਵਾਰਾਨਾ ਨਵੀਨਤਾ ਦਾ ਸਮਰਥਨ ਕਰੇ ਅਤੇ ਨਾਲ ਹੀ ਰਾਸ਼ਟਰੀ ਕਾਨੂੰਨਾਂ, ਤਰਜੀਹਾਂ ਅਤੇ ਹਾਲਾਤ ਦਾ ਸਨਮਾਨ ਕਰੇ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਏਆਈ ਗਵਰਨੈਂਸ ਜੋਖਮ ਨੂੰ ਸੰਤੁਲਿਤ ਕਰਨ ਵਾਲਾ, ਸਭ ਦੀ ਭਾਗੀਦਾਰੀ ਵਾਲਾ, ਜਾਣਕਾਰੀ 'ਤੇ ਅਧਾਰਿਤ, ਉਚਿਤ, ਇੰਟਰਓਪਰੇਬਲ ਅਤੇ ਹਾਲਾਤ ਦੇ ਅਨੁਸਾਰ ਬਦਲਣ ਵਾਲਾ ਹੋਣਾ ਚਾਹੀਦਾ ਹੈ। ਇਸ ਸਬੰਧ ਵਿੱਚ, ਉਹਨਾਂ ਨੇ ਹਿਰੋਸ਼ੀਮਾ ਏਆਈ ਪ੍ਰੋਸੈਸ (ਐੱਚਏਆਈਪੀ) ਦੇ ਮਹੱਤਵ ਨੂੰ ਫਿਰ ਤੋਂ ਦੁਹਰਾਇਆ, ਜਿਸ ਵਿੱਚ ਇਸਦੇ ਇੰਟਰਨੈਸ਼ਨਲ ਗਾਈਡਿੰਗ ਪ੍ਰਿੰਸੀਪਲਜ਼ ਅਤੇ ਐਡਵਾਂਸਡ ਏਆਈ ਸਿਸਟਮਾਂ ਲਈ ਕੋਡ ਆਫ਼ ਕੰਡਕਟ ਸ਼ਾਮਲ ਹਨ। ਉਹਨਾਂ ਨੇ 'ਸੇਫ ਐਂਡ ਟਰਸਟਿਡ ਏਆਈ ਵਰਕਿੰਗ ਗਰੁੱਪ' ਵੱਲੋਂ 'ਇੰਡੀਆ ਏਆਈ ਇੰਪੈਕਟ ਸਮਿਟ' ਦੌਰਾਨ ਤਿਆਰ ਕੀਤੇ ਗਏ ਏਆਈ ਗਵਰਨੈਂਸ 'ਤੇ ਗਾਈਡੈਂਸ ਨੋਟ ਦੇ ਸਿਧਾਂਤਾਂ 'ਤੇ ਵੀ ਚਾਨਣਾ ਪਾਇਆ; ਇਸ ਵਰਕਿੰਗ ਗਰੁੱਪ ਦੀ ਸਹਿ-ਪ੍ਰਧਾਨਗੀ ਜਾਪਾਨ ਨੇ ਕੀਤੀ ਸੀ। ਉਹਨਾਂ ਨੇ ਜੀ20, ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ), ਗਲੋਬਲ ਪਾਰਟਨਰਸ਼ਿਪ ਆਨ ਏਆਈ (ਜੀਪੀਏਆਈ) ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਦੋਵਾਂ ਦੇਸ਼ਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਸਬੰਧ ਵਿੱਚ ਏਆਈ ਗਵਰਨੈਂਸ 'ਤੇ ਪਹਿਲੇ ਯੂਐੱਨ ਗਲੋਬਲ ਡਾਇਲਾਗ ਦਾ ਸਵਾਗਤ ਕੀਤਾ। ਉਹਨਾਂ ਨੇ 'ਹਿਰੋਸ਼ੀਮਾ ਏਆਈ ਪ੍ਰੋਸੈਸ ਫ੍ਰੈਂਡਜ਼ ਗਰੁੱਪ' ਅਤੇ 'ਪਾਰਟਨਰਜ਼ ਕਮਿਊਨਿਟੀ' ਦੇ ਅੰਦਰ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਫਿਰ ਤੋਂ ਦੁਹਰਾਇਆ - ਜਿਸ ਵਿੱਚ ਗਲੋਬਲ ਸਾਊਥ ਅਤੇ ਪ੍ਰਾਈਵੇਟ ਸੈਕਟਰ ਦੀ ਵਧੇਰੇ ਭਾਗੀਦਾਰੀ ਸ਼ਾਮਲ ਹੈ - ਅਤੇ 'ਹਿਰੋਸ਼ੀਮਾ ਏਆਈ ਪ੍ਰੋਸੈਸ ਫ੍ਰੈਂਡਜ਼ ਗਰੁੱਪ ਐਕਸ਼ਨ ਪਲਾਨ 2026' ਦੇ ਲਾਗੂਕਰਨ ਨੂੰ ਹੁਲਾਰਾ ਦੇਣ ਦਾ ਸੰਕਲਪ ਲਿਆ।
ਦੋਵਾਂ ਨੇਤਾਵਾਂ ਨੇ ਏਆਈ ਦੇ ਸੰਪੂਰਨ ਜੀਵਨ-ਚੱਕਰ ਵਿੱਚ ਸੁਰੱਖਿਅਤ ਡਿਜ਼ਾਈਨ, ਵਿਕਾਸ, ਤੈਨਾਤੀ ਅਤੇ ਵਰਤੋਂ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜਿਸ ਵਿੱਚ ਏਆਈ ਮਾਡਲ ਮੁਲਾਂਕਣ, ਸਮਰੱਥਾ ਦਾ ਅੰਦਾਜ਼ਾ, ਦਿਸ਼ਾ-ਨਿਰਦੇਸ਼, ਉਪਕਰਨ ਅਤੇ ਮਿਆਰ ਸ਼ਾਮਲ ਹਨ। ਉਹਨਾਂ ਨੇ ਸਬੰਧਤ ਸੰਸਥਾਵਾਂ ਨੂੰ 'ਟਰਸਟਿਡ ਏਆਈ ਕਾਮਨਜ਼' ਦੇ ਮਾਧਿਅਮ ਰਾਹੀਂ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨ ਲਈ ਉਤਸ਼ਾਹਿਤ ਕੀਤਾ, ਜਿਸਦੀ ਘੋਸ਼ਣਾ 'ਇੰਡੀਆ ਏਆਈ ਇੰਪੈਕਟ ਸਮਿਟ' ਦੌਰਾਨ ਤਕਨੀਕੀ ਸਰੋਤਾਂ, ਟੂਲਜ਼, ਮਿਆਰਾਂ ਅਤੇ ਸਰਬੋਤਮ ਅਭਿਆਸਾਂ ਨੂੰ ਇਕੱਠਾ ਕਰਨ ਵਾਲੇ ਇੱਕ ਸਹਿਯੋਗੀ ਮੰਚ ਵਜੋਂ ਕੀਤੀ ਗਈ ਸੀ।
ਦੋਵਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਅਤਿ-ਆਧੁਨਿਕ ਏਆਈ ਮਾਡਲ ਉੱਨਤ ਸਾਈਬਰ ਸਮਰੱਥਾਵਾਂ ਵਾਲੇ ਹਨ, ਜੋ ਸੁਰੱਖਿਆ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਨਾਲ ਹੀ ਇਸਦੀ ਦੁਰਵਰਤੋਂ ਦੇ ਜੋਖਮ ਵੀ ਪੈਦਾ ਕਰ ਸਕਦੇ ਹਨ। ਸਾਈਬਰਸਪੇਸ ਨੂੰ ਇੱਕ ਗਲੋਬਲ ਜਨਤਕ ਹਿੱਤ ਮੰਨਦੇ ਹੋਏ, ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਸਿਸਟਮਾਂ ਦੇ ਮੁਲਾਂਕਣ, ਨਿਯੰਤਰਿਤ ਰਿਲੀਜ਼ ਅਤੇ ਭਰੋਸੇਮੰਦ ਪਹੁੰਚ ਦੀ ਵਿਵਸਥਾ ਜੋਖਮ-ਅਧਾਰਿਤ ਹੋਣੀ ਚਾਹੀਦੀ ਹੈ ਅਤੇ ਜ਼ੁੰਮੇਵਾਰ ਭਾਈਵਾਲਾਂ ਦੀਆਂ ਜਾਇਜ਼ ਸਾਈਬਰ-ਰੱਖਿਆ ਲੋੜਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਏਆਈ-ਸਮਰੱਥ ਸਾਈਬਰ ਸੁਰੱਖਿਆ ਅਤੇ ਏਆਈ ਸਿਸਟਮਾਂ ਦੀ ਸੁਰੱਖਿਆ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ, ਜਿਸ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਦੋਵਾਂ ਨੇਤਾਵਾਂ ਨੇ ਏਆਈ ਦੇ ਵਿਕਾਸ ਅਤੇ ਵਰਤੋਂ ਦੌਰਾਨ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਜ਼ੁੰਮੇਵਾਰ ਡਿਜ਼ਾਈਨ, ਗਵਰਨੈਂਸ ਅਤੇ ਜੋਖਮ-ਅਧਾਰਿਤ ਸੁਰੱਖਿਆ ਉਪਾਅ ਜ਼ਰੂਰੀ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਏਆਈ ਬੱਚਿਆਂ ਲਈ ਨੁਕਸਾਨ ਦਾ ਜ਼ਰੀਆ ਬਣਨ ਦੀ ਬਜਾਏ ਸਿੱਖਣ ਅਤੇ ਵਿਕਾਸ ਦਾ ਜ਼ਰੀਆ ਬਣੇ।
II. ਬੁਨਿਆਦੀ ਢਾਂਚੇ ਦਾ ਵਿਕਾਸ, ਮਾਡਲ ਦਾ ਵਿਕਾਸ ਅਤੇ ਮਨੁੱਖੀ ਸਰੋਤਾਂ ਦਾ ਆਦਾਨ-ਪ੍ਰਦਾਨ ਅਤੇ ਹੱਲਾਂ ਨੂੰ ਮਿਲ ਕੇ ਤਿਆਰ ਕਰਨਾ
ਦੋਵਾਂ ਨੇਤਾਵਾਂ ਨੇ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਏਆਈ ਈਕੋਸਿਸਟਮ ਬਣਾਉਣ ਦੇ ਮਹੱਤਵ ਨੂੰ ਫਿਰ ਤੋਂ ਦੁਹਰਾਇਆ - ਜਿਸ ਵਿੱਚ ਇੰਡੋ-ਪੈਸੀਫਿਕ ਖੇਤਰ ਵੀ ਸ਼ਾਮਲ ਹੈ - ਅਤੇ ਜੋ ਏਆਈ ਤਕਨਾਲੋਜੀ ਸਟੈਕ ਦੀ ਮਜ਼ਬੂਤ, ਵਿਭਿੰਨ ਅਤੇ ਭਰੋਸੇਮੰਦ ਸਪਲਾਈ ਚੇਨ 'ਤੇ ਅਧਾਰਿਤ ਹੋਵੇ। ਇਸ ਦਿਸ਼ਾ ਵਿੱਚ, ਉਹਨਾਂ ਨੇ ਏਆਈ ਦੇ ਖੇਤਰ ਵਿੱਚ ਭਾਰਤ ਅਤੇ ਜਾਪਾਨ ਨੂੰ ਰਣਨੀਤਕ ਖੋਜ ਅਤੇ ਵਿਕਾਸ ਭਾਈਵਾਲ ਵਜੋਂ ਅੱਗੇ ਵਧਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਏਆਈ ਲਈ ਸੁਰੱਖਿਅਤ ਡਿਜੀਟਲ ਬੁਨਿਆਦੀ ਢਾਂਚੇ (ਜਿਵੇਂ ਕਿ ਡੇਟਾ ਸੈਂਟਰ, ਜੀਪੀਯੂ, ਹੋਰ ਕੰਪਿਊਟ ਸਰੋਤ ਅਤੇ ਸੈਮੀਕੰਡਕਟਰ) 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਥਿਕ-ਸੁਰੱਖਿਆ ਦੇ ਨਜ਼ਰੀਏ ਤੋਂ ਏਆਈ ਤਕਨਾਲੋਜੀ ਸਟੈਕ ਵਿੱਚ ਸੰਭਾਵਿਤ ਮੌਕਿਆਂ ਅਤੇ ਕਮਜ਼ੋਰੀਆਂ ਦਾ ਸਾਂਝੇ ਤੌਰ 'ਤੇ ਮੁਲਾਂਕਣ ਕਰਨ ਦਾ ਫੈਸਲਾ ਕੀਤਾ। ਇਸਦੇ ਨਾਲ ਹੀ, ਉਹਨਾਂ ਨੇ ਡਿਜੀਟਲ ਕਨੈਕਟੀਵਿਟੀ ਅਤੇ ਮਜ਼ਬੂਤ ਏਆਈ ਸਪਲਾਈ ਚੇਨ ਨੂੰ ਹੁਲਾਰਾ ਦੇਣ ਲਈ ਐੱਫਓਆਈਪੀ ਡਿਜੀਟਲ ਕੌਰੀਡੋਰ ਪਹਿਲਕਦਮੀ ਨੂੰ ਅੱਗੇ ਵਧਾਉਣ 'ਤੇ ਵੀ ਜ਼ੋਰ ਦਿੱਤਾ।
ਦੋਵਾਂ ਨੇਤਾਵਾਂ ਨੇ ਮਜ਼ਬੂਤ, ਨਵੀਨਤਾਕਾਰੀ ਅਤੇ ਕੁਸ਼ਲ ਏਆਈ 'ਤੇ ਸਹਿਯੋਗ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ 'ਇੰਡੀਆ ਏਆਈ ਇਮਪੈਕਟ ਸਮਿਟ' ਵਿੱਚ ਚਰਚਾ ਕੀਤੇ ਗਏ 'ਮਜ਼ਬੂਤ, ਨਵੀਨਤਾਕਾਰੀ ਅਤੇ ਕੁਸ਼ਲ ਏਆਈ ਲਈ ਸਵੈ-ਇੱਛਤ ਮਾਰਗਦਰਸ਼ਕ ਸਿਧਾਂਤਾਂ' ਅਤੇ 'ਮਜ਼ਬੂਤ ਏਆਈ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ ਪਲੇਬੁੱਕ' ਨੂੰ ਧਿਆਨ ਵਿੱਚ ਰੱਖਿਆ। ਇਸ ਵਿੱਚ ਕੁਸ਼ਲ ਮਾਡਲ, ਓਪਟੀਮਾਈਜ਼ਡ ਇਨਫਰੈਂਸ ,ਊਰਜਾ-ਕੁਸ਼ਲ ਕੰਪਿਊਟ ਅਤੇ ਗ੍ਰੀਨ ਤੇ ਸੁਰੱਖਿਅਤ ਡੇਟਾ ਬੁਨਿਆਦੀ ਢਾਂਚੇ 'ਤੇ ਕੰਮ ਕਰਨਾ ਸ਼ਾਮਲ ਹੈ।
ਦੋਵਾਂ ਨੇਤਾਵਾਂ ਨੇ ਬਹੁ-ਭਾਸ਼ਾਈ, ਓਪਨ-ਸੋਰਸ, ਡੋਮੇਨ-ਸਪੈਸੀਫਿਕ ਅਤੇ ਵਰਟੀਕਲ ਏਆਈ ਮਾਡਲਾਂ (ਜਿਨ੍ਹਾਂ ਵਿੱਚ ਸਥਾਨਕ ਭਾਸ਼ਾਵਾਂ ਅਤੇ ਜਨਹਿਤ ਵਾਲੀਆਂ ਐਪਲੀਕੇਸ਼ਨਾਂ ਦੇ ਮਾਡਲ ਸ਼ਾਮਲ ਹਨ) 'ਤੇ ਸਰਕਾਰ, ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ। ਇਸ ਸੰਦਰਭ ਵਿੱਚ, ਦੋਵਾਂ ਨੇਤਾਵਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਗੂੜ੍ਹੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਕਈ ਅਹਿਮ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ। ਇਨ੍ਹਾਂ ਵਿੱਚ ਸ਼ਾਮਲ ਹਨ:ਲਾਰਜ ਲੈਂਗੁਏਜ ਮਾਡਲ (ਐੱਲਐੱਲਐੱਮ) ਦੇ ਸਾਂਝੇ ਖੋਜ ਅਤੇ ਵਿਕਾਸ ਲਈ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਬੰਬਈ, ਭਾਰਤਜੇਨ ਟੈਕਨਾਲੋਜੀ ਫਾਊਂਡੇਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੋਰਮੈਟਿਕਸ (ਐੱਨਆਈਆਈ/ਆਰਓਆਈਐੱਸ) ਵਿਚਕਾਰ ਇੱਕ ਸਮਝੌਤਾ ਪੱਤਰ (ਐੱਮਓਯੂ);ਪੂਰੇ ਏਆਈ ਤਕਨਾਲੋਜੀ ਸਟੈਕ ਵਿੱਚ ਸਹਿਯੋਗ ਲਈ 'ਸਰਵਮ' ਅਤੇ 'ਪ੍ਰੈਫਰਡ ਨੈੱਟਵਰਕਸ' (Preferred Networks) ਵਿਚਕਾਰ ਇੱਕ ਐੱਮਓਯੂ;ਅਤੇ ਦੋਵਾਂ ਦੇਸ਼ਾਂ ਦੀਆਂ ਏਆਈ ਵਿਕਾਸ ਕੰਪਨੀਆਂ ਨੂੰ ਸਮਰਥਨ ਦੇਣ ਲਈ 'ਇੰਡੀਆ ਏਆਈ' ਅਤੇ ਐੱਮਈਟੀਆਈ (ਅਰਥਚਾਰੇ, ਵਪਾਰ ਅਤੇ ਉਦਯੋਗ ਮੰਤਰਾਲੇ) ਵਿਚਕਾਰ ਸਹਿਯੋਗ ਪੱਤਰ (ਐੱਮਓਸੀ)।
ਦੋਵਾਂ ਨੇਤਾਵਾਂ ਨੇ ਏਆਈ-ਅਧਾਰਿਤ ਵਿਗਿਆਨਕ ਖੋਜ ਅਤੇ ਆਧੁਨਿਕ ਰਿਸਰਚ ਦੇ ਮਹੱਤਵ ਨੂੰ ਸਮਝਿਆ ਅਤੇ ਸਬੰਧਤ ਸੰਸਥਾਵਾਂ ਨੂੰ ਇਸ ਦਿਸ਼ਾ ਵਿੱਚ ਸਹਿਯੋਗ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਵਿੱਚ 'ਇੰਡੀਆ ਏਆਈ ਇੰਪੈਕਟ ਸਮਿਟ' ਦੌਰਾਨ ਸਥਾਪਿਤ 'ਨੈੱਟਵਰਕ ਆਫ਼ ਏਆਈ ਫਾਰ ਸਾਇੰਸ (ਏਆਈ4ਐੱਸ) ਇੰਸਟੀਚਿਊਸ਼ਨਜ਼' ਦੇ ਤਹਿਤ ਸਹਿਯੋਗ ਵੀ ਸ਼ਾਮਲ ਹੈ।
ਦੋਵਾਂ ਨੇਤਾਵਾਂ ਨੇ ਖੋਜ ਵਿੱਚ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦੇ ਰਣਨੀਤਕ ਮਹੱਤਵ ਨੂੰ ਫਿਰ ਤੋਂ ਦੁਹਰਾਇਆ, ਜਿਸ ਵਿੱਚ ਸਾਂਝੇ ਖੋਜ ਪ੍ਰੋਜੈਕਟਾਂ ਨੂੰ ਹੁਲਾਰਾ ਦੇਣਾ ਅਤੇ ਖੋਜਾਰਥੀਆਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਇਸ ਸੰਦਰਭ ਵਿੱਚ ਦੋਵਾਂ ਨੇਤਾਵਾਂ ਨੇ ਸੈਮੀਕੰਡਕਟਰ ਤੋਂ ਲੈ ਕੇ ਪੂਰੇ ਏਆਈ ਸਟੈਕ ਵਿੱਚ ਐਪਲੀਕੇਸ਼ਨਾਂ ਤੱਕ, ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਰਾਹੀਂ ਮਨੁੱਖੀ ਸਰੋਤਾਂ ਦੇ ਆਦਾਨ-ਪ੍ਰਦਾਨ ਵਿੱਚ ਸ਼ਾਮਲ ਹੋ ਕੇ ਦੋਵਾਂ ਦੇਸ਼ਾਂ ਦੀ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।
ਭਾਰਤ ਦੀ ਮਜ਼ਬੂਤ ਏਆਈ ਮਨੁੱਖੀ ਪੂੰਜੀ ਨੂੰ ਡੂੰਘੇ ਸਹਿਯੋਗ ਦੇ ਆਧਾਰ ਵਜੋਂ ਪਛਾਣਦੇ ਹੋਏ, ਉਹਨਾਂ ਨੇ ਭਾਰਤ ਦੇ ਪ੍ਰਮੁੱਖ ਉੱਚ ਵਿੱਦਿਅਕ ਅਦਾਰਿਆਂ ਅਤੇ ਤਕਨਾਲੋਜੀ ਨਾਲ ਜੁੜੀਆਂ ਪ੍ਰਤਿਭਾਵਾਂ ਨਾਲ ਜਾਪਾਨੀ ਕੰਪਨੀਆਂ ਦੀ ਵਧਦੀ ਭਾਗੀਦਾਰੀ ਦਾ ਸਵਾਗਤ ਕੀਤਾ। ਦੋਵਾਂ ਪੱਖਾਂ ਨੇ ਜਾਪਾਨੀ ਕੰਪਨੀਆਂ ਨੂੰ ਭਾਰਤ ਵਿੱਚ ਏਆਈ ਨਾਲ ਜੁੜੇ ਆਰ ਐਂਡ ਡੀ, ਨਵੀਨਤਾ ਅਤੇ ਉਦਯੋਗਿਕ ਭਾਗੀਦਾਰੀ ਦਾ ਵਿਸਤਾਰ ਕਰਨ ਲਈ ਉਤਸ਼ਾਹਿਤ ਕਰਨ ਦੇ ਉਪਾਵਾਂ 'ਤੇ ਸਹਿਮਤੀ ਪ੍ਰਗਟਾਈ। ਇਸਦੇ ਨਾਲ ਹੀ ਉਹਨਾਂ ਨੇ ਸਾਂਝੀ ਖੋਜ, ਇੰਟਰਨਸ਼ਿਪ, ਰੁਜ਼ਗਾਰ ਦੇ ਮੌਕਿਆਂ ਅਤੇ ਹੋਰ ਸਾਧਨਾਂ ਰਾਹੀਂ ਭਾਰਤੀ ਪ੍ਰਤਿਭਾਵਾਂ ਦੇ ਜਾਪਾਨ ਜਾਣ ਅਤੇ ਉਹਨਾਂ ਦੇ ਪੇਸ਼ਾਵਰ ਵਿਕਾਸ ਦਾ ਸਮਰਥਨ ਕਰਨ 'ਤੇ ਵੀ ਸਹਿਮਤੀ ਜਤਾਈ, ਤਾਂ ਜੋ ਜਾਪਾਨੀ ਕੰਪਨੀਆਂ ਅਤੇ ਭਾਰਤ ਦੇ ਏਆਈ ਟੈਲੇਂਟ ਈਕੋਸਿਸਟਮ ਵਿਚਕਾਰ ਮਜ਼ਬੂਤ ਸਬੰਧ ਬਣ ਸਕਣ।
ਇਸ ਸੰਦਰਭ ਵਿੱਚ ਉਹਨਾਂ ਨੇ ਜਨਵਰੀ, 2026 ਵਿੱਚ ਭਾਰਤ-ਜਾਪਾਨ ਵਿਦੇਸ਼ ਮੰਤਰੀਆਂ ਦੀ ਰਣਨੀਤਕ ਗੱਲਬਾਤ ਵਿੱਚ ਤੈਅ ਕੀਤੇ ਗਏ ਉਸ ਟੀਚੇ ਨੂੰ ਫਿਰ ਤੋਂ ਦੁਹਰਾਇਆ, ਜਿਸ ਦੇ ਤਹਿਤ 2030 ਤੱਕ ਭਾਰਤ ਤੋਂ 500 ਬਹੁਤ ਹੀ ਕੁਸ਼ਲ ਏਆਈ ਪੇਸ਼ਾਵਰਾਂ ਨੂੰ ਜਾਪਾਨ ਸੱਦਾ ਦੇਣ ਅਤੇ ਸਾਂਝੀ ਖੋਜ ਨੂੰ ਹੁਲਾਰਾ ਦੇਣ ਦੀ ਗੱਲ ਕਹੀ ਗਈ ਸੀ।
ਦੋਵਾਂ ਨੇਤਾਵਾਂ ਨੇ ਇਹ ਵੀ ਮੰਨਿਆ ਕਿ ਏਆਈ ਦੇ ਜ਼ੁੰਮੇਵਾਰਾਨਾ ਵਿਕਾਸ, ਵਰਤੋਂ ਅਤੇ ਸ਼ਾਸਨ ਲਈ ਮਨੁੱਖੀ ਸਰੋਤ ਬਹੁਤ ਜ਼ਰੂਰੀ ਹਨ। ਇਸ ਸਿਲਸਿਲੇ ਵਿੱਚ ਉਹਨਾਂ ਨੇ 'ਇੰਡੀਆ ਏਆਈ ਇੰਪੈਕਟ ਸਮਿਟ' ਦੌਰਾਨ ਤਿਆਰ ਕੀਤੇ ਗਏ 'ਏਆਈ ਦੇ ਦੌਰ ਵਿੱਚ ਹੁਨਰ ਵਿਕਾਸ ਅਤੇ ਮੁੜ-ਹੁਨਰ ਵਿਕਾਸ ਲਈ ਸਵੈ-ਇੱਛਤ ਮਾਰਗ-ਦਰਸ਼ਕ ਸਿਧਾਂਤਾਂ' ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।
ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੀਆਂ ਰਣਨੀਤਕ, ਆਰਥਿਕ ਅਤੇ ਸਮਾਜਿਕ ਤਰਜੀਹਾਂ ਨੂੰ ਪੂਰਾ ਕਰਨ ਲਈ ਮਿਲ ਕੇ ਏਆਈ ਹੱਲ ਤਿਆਰ ਕਰਨ ਦੀ ਅਹਿਮੀਅਤ ਨੂੰ ਫਿਰ ਤੋਂ ਦੁਹਰਾਇਆ ਅਤੇ ਜਨਤਕ-ਨਿੱਜੀ ਭਾਈਵਾਲੀ ਰਾਹੀਂ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ 'ਤੇ ਸਹਿਮਤੀ ਜਤਾਈ। ਉਹਨਾਂ ਨੇ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ, ਸਟਾਰਟਅੱਪਸ, ਖੋਜ ਸੰਸਥਾਵਾਂ, ਨਿਵੇਸ਼ਕਾਂ ਅਤੇ ਸਰਕਾਰੀ ਏਜੰਸੀਆਂ ਨੂੰ ਠੋਸ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਵੱਡੇ ਪੱਧਰ 'ਤੇ ਲਾਗੂ ਕੀਤੇ ਜਾ ਸਕਣ ਵਾਲੇ ਏਆਈ ਹੱਲ ਮਿਲ ਕੇ ਵਿਕਸਿਤ ਕਰਨ ਦਾ ਸੱਦਾ ਦਿੱਤਾ। ਇਸ ਸਿਲਸਿਲੇ ਵਿੱਚ, ਉਹਨਾਂ ਨੇ ਸਬੰਧਤ ਪੱਖਾਂ ਨੂੰ ਸਫਲ ਏਆਈ ਹੱਲਾਂ ਨੂੰ ਅਪਣਾਉਣ, ਦੁਹਰਾਉਣ ਅਤੇ ਵੱਡੇ ਪੱਧਰ 'ਤੇ ਲਾਗੂ ਕਰਨ ਵਿੱਚ ਮਦਦ ਲਈ 'ਗਲੋਬਲ ਏਆਈ ਇੰਪੈਕਟ ਕਾਮਨਜ਼' ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ।
III. ਸਭ ਦੇ ਲਈ ਏਆਈ
ਦੋਵਾਂ ਨੇਤਾਵਾਂ ਨੇ 'ਇੰਡੀਆ ਏਆਈ ਇੰਪੈਕਟ ਸਮਿਟ' ਵਿੱਚ ਅਪਣਾਏ ਗਏ 'ਨਵੀਂ ਦਿੱਲੀ ਘੋਸ਼ਣਾਪੱਤਰ' ਵਿੱਚ ਦੱਸੇ ਗਏ 'ਸਭ ਦੇ ਲਈ ਏਆਈ' ਦੇ ਦ੍ਰਿਸ਼ਟੀਕੋਣ ਦਾ ਸਵਾਗਤ ਕੀਤਾ। ਉਹਨਾਂ ਨੇ ਇਸ ਗੱਲ 'ਤੇ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ ਕਿ ਏਆਈ ਦਾ ਉਦੇਸ਼ ਪੂਰੀ ਮਨੁੱਖਤਾ ਨੂੰ ਫਾਇਦਾ ਪਹੁੰਚਾਉਣਾ, ਸਮਾਵੇਸ਼ੀ ਤੇ ਟਿਕਾਊ ਵਿਕਾਸ ਕਰਨਾ ਅਤੇ ਜਨਤਕ ਸੇਵਾਵਾਂ ਦੀ ਡਿਲੀਵਰੀ ਨੂੰ ਬਿਹਤਰ ਬਣਾਉਣਾ ਹੋਣਾ ਚਾਹੀਦਾ ਹੈ।
ਦੋਵਾਂ ਨੇਤਾਵਾਂ ਨੇ ਰਾਸ਼ਟਰੀ ਕਾਨੂੰਨਾਂ, ਤਰਜੀਹਾਂ ਅਤੇ ਹਾਲਾਤਾਂ ਦਾ ਸਨਮਾਨ ਕਰਦੇ ਹੋਏ ਏਆਈ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ, ਗਿਆਨ ਸਾਂਝਾ ਕਰਨ ਅਤੇ ਯੂਜ਼-ਕੇਸਾਂ (Use-cases) ਨੂੰ ਦੁਹਰਾਉਣ ਵਿੱਚ ਮਦਦ ਲਈ ਸਮਾਨ ਸੋਚ ਵਾਲੇ ਦੇਸ਼ਾਂ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਸੁਰੱਖਿਅਤ, ਸਮਾਵੇਸ਼ੀ, ਟਿਕਾਊ, ਲਚਕੀਲੇ ਅਤੇ ਭਰੋਸੇਮੰਦ ਏਆਈ ਈਕੋਸਿਸਟਮ ਨੂੰ ਮਿਲ ਕੇ ਬਣਾਉਣ ਲਈ ਤੀਜੇ ਦੇਸ਼ਾਂ ਅਤੇ ਬਹੁ-ਹਿੱਤਧਾਰਕ ਭਾਈਚਾਰਿਆਂ ਦੇ ਭਾਈਵਾਲਾਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਤਾਕਾਇਚੀ ਸਨਾਏ ਦੀ ਇਸ ਘੋਸ਼ਣਾ ਦਾ ਸਵਾਗਤ ਅਤੇ ਸਮਰਥਨ ਕੀਤਾ ਕਿ ਜਾਪਾਨ ਜਲਦੀ ਤੋਂ ਜਲਦੀ ਏਆਈ ਸਮਿਟ ਦੀ ਮੇਜ਼ਬਾਨੀ ਕਰੇਗਾ।
******
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2280723)
आगंतुक पटल : 3