ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਲ ਹੋਏ


ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਕਿਹਾ: ਨਵੇਂ ਵਿਚਾਰਾਂ ਨੂੰ ਅਜ਼ਮਾਉਣ ਦਾ ਹੌਸਲਾ ਪੈਦਾ ਕਰੋ ਅਤੇ ਨਵਾਂ ਗਿਆਨ ਹਾਸਲ ਕਰੋ

प्रविष्टि तिथि: 01 JUL 2026 2:24PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ 1 ਜੁਲਾਈ, 2026 ਨੂੰ ਆਂਧਰਾ ਪ੍ਰਦੇਸ਼ ਦੇ ਅਨੰਤਪੁਰਮੁ ਵਿੱਚ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਲ ਹੋਏ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦਾ ਪਹਿਲਾ ਡਿਗਰੀ ਵੰਡ ਸਮਾਗਮ ਨਾ ਸਿਰਫ਼ ਉਤਸਵ ਮਨਾਉਣ ਦਾ ਦਿਨ ਹੈ, ਸਗੋਂ ਇਸ ਨਵੇਂ ਸੰਸਥਾਨ ਦੀ ਵਿਕਾਸ-ਯਾਤਰਾ ਦਾ ਇੱਕ ਅਹਿਮ ਪੜਾਅ ਵੀ ਹੈ। ਉਨ੍ਹਾਂ ਕਿਹਾ, ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਸੰਸਥਾਨ ਬਣਨ ਲਈ ਇਹ ਯੂਨੀਵਰਸਿਟੀ ਇੱਕ ਦੂਰ-ਦਰਸ਼ੀ ਸੋਚ ਦੇ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਟੀਚਿਆਂ ਅਤੇ ਵਿਸ਼ੇਸ਼ ਤੌਰ 'ਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਤੀ ਇਸ ਦੀ ਵਚਨਬੱਧਤਾ, ਸਮਾਵੇਸ਼ੀ ਅਤੇ ਬਰਾਬਰੀ ਵਾਲੇ ਵਿਕਾਸ ਪ੍ਰਤੀ ਜ਼ੁੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਸੈਂਟਰ ਆਫ਼ ਐਕਸੀਲੈਂਸ ਬਣ ਕੇ ਉੱਭਰੇਗੀ ਅਤੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਸ਼ਲਾਘਾਯੋਗ ਯੋਗਦਾਨ ਦੇਵੇਗੀ।

ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਡਿਗਰੀ ਵੰਡ ਸਮਾਗਮ ਵਿਦਿਆਰਥੀਆਂ ਦੇ ਸਾਲਾਂ ਦੇ ਸਮਰਪਣ, ਦ੍ਰਿੜ੍ਹ ਇਰਾਦੇ ਅਤੇ ਸਖ਼ਤ ਮਿਹਨਤ ਦਾ ਸੁਖਦ ਨਤੀਜਾ ਹੈ। ਅਨੇਕਾਂ ਸੁਪਨੇ ਲੈ ਕੇ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ। ਅੱਜ ਉਹ ਗਿਆਨ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋ ਕੇ ਇੱਥੋਂ ਉਹ ਡਿਗਰੀ ਲੈ ਕੇ ਜਾ ਰਹੇ ਹਨ, ਜੋ ਉਨ੍ਹਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਫ਼ਲਤਾ ਉਨ੍ਹਾਂ ਦੀ ਆਪਣੀ ਸਖ਼ਤ ਮਿਹਨਤ ਸਦਕਾ ਮਿਲਦੀ ਹੈ, ਪਰ ਇਸ ਸਫ਼ਲਤਾ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਦੀ ਕੁਰਬਾਨੀ, ਅਧਿਆਪਕਾਂ ਦਾ ਮਾਰਗ-ਦਰਸ਼ਨ ਅਤੇ ਸਮਾਜ ਦਾ ਵੀ ਯੋਗਦਾਨ ਹੁੰਦਾ ਹੈ। ਇਸ ਲਈ, ਉਨ੍ਹਾਂ ਦੀ ਇਹ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਦਾ ਕਰਜ਼ ਵੀ ਉਤਾਰਨ। ਚਾਹੇ ਉਹ ਰੁਜ਼ਗਾਰ ਪੈਦਾ ਕਰਨ ਵਾਲੇ ਉੱਦਮੀ ਬਣਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੇ ਵਿਗਿਆਨੀ ਬਣਨ, ਜਨਤਾ ਲਈ ਕੰਮ ਕਰਨ ਵਾਲੇ ਲੋਕ ਸੇਵਕ ਬਣਨ ਜਾਂ ਫਿਰ ਸਮਾਜ ਦੀ ਸੇਵਾ ਕਰਨ ਵਾਲੇ ਪਰਉਪਕਾਰੀ ਬਣਨ, ਉਨ੍ਹਾਂ ਦੀ ਸਿੱਖਿਆ ਵਾਂਝੇ ਵਰਗ ਦੇ ਸਸ਼ਕਤੀਕਰਨ ਦਾ ਸਰੋਤ ਬਣਨੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੀ ਬਹੁ-ਪੱਖੀ ਤਰੱਕੀ ਨਾਲ ਹਰ ਖੇਤਰ ਵਿੱਚ ਵਿਆਪਕ ਤਬਦੀਲੀਆਂ ਆ ਰਹੀਆਂ ਹਨ। ਤੇਜ਼ੀ ਨਾਲ ਬਦਲ ਰਹੀ ਅਜਿਹੀ ਦੁਨੀਆ ਵਿੱਚ, ਸਿੱਖਣ ਦਾ ਕੰਮ ਸਿਰਫ਼ ਡਿਗਰੀ ਹਾਸਲ ਕਰਨ ਦੇ ਨਾਲ ਹੀ ਖ਼ਤਮ ਨਹੀਂ ਹੋ ਸਕਦਾ ਅਤੇ ਨਾ ਹੀ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਦੇ ਅਨੁਕੂਲ ਨਿਰੰਤਰ ਢਾਲਦੇ ਰਹਿਣ ਦੀ ਰੁਚੀ ਹੀ ਵਿਦਿਆਰਥੀਆਂ ਦਾ ਮਜ਼ਬੂਤ ਸਹਾਰਾ ਬਣੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਵਿਚਾਰਾਂ ਨੂੰ ਅਜ਼ਮਾਉਣ ਅਤੇ ਨਵਾਂ ਗਿਆਨ ਹਾਸਲ ਕਰਨ ਦੀ ਹਿੰਮਤ ਵਿਕਸਿਤ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਣ ਲਈ ਤਤਪਰ, ਮਾਨਸਿਕ ਲਚਕੀਲੇਪਣ ਨਾਲ ਲੈਸ ਅਤੇ ਨਵੀਨਤਾਕਾਰੀ ਸੋਚ ਰੱਖਣ ਵਾਲੇ ਨੌਜਵਾਨ ਸਾਡੇ ਦੇਸ਼ ਦੀ ਅਨਮੋਲ ਸੰਪਤੀ ਹਨ। ਜੇਕਰ ਸਾਡੇ ਨੌਜਵਾਨ ਆਪਣੇ ਗਿਆਨ ਦੇ ਨਾਲ ਰਚਨਾਤਮਕਤਾ, ਦ੍ਰਿੜ੍ਹ ਇਰਾਦੇ ਅਤੇ ਜ਼ੁੰਮੇਵਾਰੀ ਦੀ ਭਾਵਨਾ ਨੂੰ ਲੈ ਕੇ ਚੱਲਣਗੇ, ਤਾਂ ਉਹ ਸਾਹਮਣੇ ਆਉਣ ਵਾਲੀ ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲ ਸਕਦੇ ਹਨ। ਇਸ ਤਰ੍ਹਾਂ ਉਹ ਵਧੇਰੇ ਸਮਾਵੇਸ਼ੀ ਅਤੇ ਖ਼ੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਨ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਵਿਹਾਰ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਮਾਨਦਾਰੀ, ਦਇਆ, ਹਮਦਰਦੀ ਅਤੇ ਕੁਦਰਤ ਨਾਲ ਪਿਆਰ ਸਿਰਫ਼ ਉੱਚੇ ਨੈਤਿਕ ਆਦਰਸ਼ ਹੀ ਨਹੀਂ ਹਨ, ਬਲਕਿ ਇਹ ਸਮੁੱਚੇ ਵਿਕਾਸ ਦੇ ਆਧਾਰ ਵੀ ਹਨ। ਇਨ੍ਹਾਂ ਗੁਣਾਂ ਉਨ੍ਹਾਂ ਦਾ ਜੀਵਨ ਤਾਂ ਬਿਹਤਰ ਬਣੇਗਾ ਹੀ, ਬਲਕਿ ਉਹ ਸਮਾਜ ਅਤੇ ਦੇਸ਼ ਲਈ ਲਾਹੇਵੰਦ ਯੋਗਦਾਨ ਵੀ ਪਾ ਸਕਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਸਾਡੇ ਨੌਜਵਾਨਾਂ ਦੀ ਊਰਜਾ, ਪ੍ਰਤਿਭਾ ਅਤੇ ਵਚਨਬੱਧਤਾ ਨਾਲ ਹੀ ਸਾਕਾਰ ਹੋਵੇਗਾ। ਉਹ ਜ਼ਿੰਦਗੀ ਵਿੱਚ ਭਾਵੇਂ ਕੋਈ ਵੀ ਰਸਤਾ ਚੁਣਨ, ਉਨ੍ਹਾਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਉਸ 'ਤੇ ਚੱਲਦੇ ਹੋਏ ਉੱਤਮਤਾ ਦੀ ਮੰਜ਼ਿਲ ਹਾਸਲ ਕਰਨੀ ਹੋਵੇਗੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2280483) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Assamese , Gujarati , Tamil , Telugu , Telugu_Vw , Malayalam