ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਬੰਗਲੁਰੂ ਵਿੱਚ ਨਸ਼ਾ ਮੁਕਤ ਭਾਰਤ ਸੈਮੀਨਾਰ ਨੂੰ ਸੰਬੋਧਨ ਕੀਤਾ
ਉਪ-ਰਾਸ਼ਟਰਪਤੀ ਨੇ ਨਸ਼ਾ-ਮੁਕਤ ਭਾਰਤ ਦੇ ਨਿਰਮਾਣ ਲਈ ਸਮੁੱਚੀ ਸਮਾਜਿਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ
‘ਨਸ਼ੇ ਨੂੰ ਨਾ’ ਨੂੰ ਦੇਸ਼ ਵਿਆਪੀ ਅੰਦੋਲਨ ਬਣਾਓ: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਨਸ਼ਾ ਮੁਕਤੀ ਦੇ ਇਲਾਜ ਅਤੇ ਮਾਨਸਿਕ ਸਿਹਤ ਵਿੱਚ ਵਧੇਰੇ ਖੋਜ ਕਰਨ ਦਾ ਸੱਦਾ ਦਿੱਤਾ
प्रविष्टि तिथि:
28 JUN 2026 2:33PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਵਿੱਦਿਅਕ ਸੰਸਥਾਵਾਂ, ਪਰਿਵਾਰਾਂ, ਸਿਹਤ ਸੰਭਾਲ ਪੇਸ਼ਾਵਰਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਿਵਲ ਸੁਸਾਇਟੀ ਨੂੰ ਨਸ਼ਾ-ਮੁਕਤ ਭਾਰਤ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿਰੁੱਧ ਲੜਾਈ ਵਿਅਕਤੀਆਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਹ ਇੱਕ ਦੇਸ਼-ਵਿਆਪੀ ਅੰਦੋਲਨ ਬਣੇ।
ਰਾਜੀਵ ਗਾਂਧੀ ਹੈਲਥ ਸਾਇੰਸਜ਼ ਯੂਨੀਵਰਸਿਟੀ (ਆਰਜੀਯੂਐੱਚਐੱਸ) ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿਸ਼ਾ ਬੋਧ ਫਾਊਂਡੇਸ਼ਨ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ 31ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਬੰਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ਵਿੱਚ ਆਯੋਜਿਤ ‘ਨਸ਼ਾ ਮੁਕਤ ਭਾਰਤ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਸਿਰਫ਼ ਨਿੱਜੀ ਸਿਹਤ, ਸਗੋਂ ਵਿੱਦਿਅਕ ਪ੍ਰਾਪਤੀ, ਉਤਪਾਦਕਤਾ, ਸਮਾਜਿਕ ਤਾਲਮੇਲ ਅਤੇ ਰਾਸ਼ਟਰੀ ਵਿਕਾਸ ਲਈ ਵੀ ਇੱਕ ਖ਼ਤਰਾ ਹੈ।
ਆਰ.ਜੀ.ਯੂ.ਐੱਚ.ਐੱਸ. ਨੂੰ ਉਸ ਦੇ ਸਥਾਪਨਾ ਦਿਵਸ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੇ ਸਿਹਤ ਸਿੱਖਿਆ, ਖੋਜ ਅਤੇ ਜਨਤਕ ਸਿਹਤ ਵਿੱਚ ਯੂਨੀਵਰਸਿਟੀ ਦੇ ਮਹੱਤਵਪੂਰਨ ਯੋਗਦਾਨ ਅਤੇ ਦੇਸ਼ ਦੀ ਸੇਵਾ ਲਈ ਸਮਰਪਿਤ ਸਿਹਤ ਪੇਸ਼ਾਵਰਾਂ ਦੀਆਂ ਪੀੜ੍ਹੀਆਂ ਨੂੰ ਤਿਆਰ ਕਰਨ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਬੰਗਲੁਰੂ, ਕਰਨਾਟਕ ਅਤੇ ਆਖਰਕਾਰ ਪੂਰੇ ਭਾਰਤ ਨੂੰ ਨਸ਼ਾ-ਮੁਕਤ ਬਣਾਉਣ ਦਾ ਸੰਕਲਪ ਲੈਣ ਵਾਲੇ ਵਿਦਿਆਰਥੀਆਂ ਦੇ ਵਿਸ਼ਾਲ ਇਕੱਠ ਨੂੰ ਦੇਖ ਕੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ “ਨਸ਼ਾ ਮੁਕਤ ਭਾਰਤ” ਦਾ ਮਤਲਬ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨਾ ਹੀ ਨਹੀਂ ਹੈ, ਸਗੋਂ ਸਿਹਤਮੰਦ ਵਿਕਲਪਾਂ, ਸੂਝਵਾਨ ਫੈਸਲਿਆਂ, ਸਹਿਯੋਗੀ ਪਰਿਵਾਰਾਂ ਅਤੇ ਮਜ਼ਬੂਤ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਅਕਤੀਆਂ ਦਾ ਆਪਣੇ ਮਨ ’ਤੇ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਕਿਹਾ ਕਿ ਜਦੋਂ ਨਸ਼ਾ ਮਨ ’ਤੇ ਹਾਵੀ ਹੋ ਜਾਂਦਾ ਹੈ ਤਾਂ ਵਿਅਕਤੀ ਆਪਣੇ ਜੀਵਨ ਤੋਂ ਕੰਟਰੋਲ ਗੁਆ ਬੈਠਦਾ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਨਸ਼ੇ ਦੀ ਲਤ ਕਾਰਨ ਬਰਬਾਦ ਹੋਈ ਹਰ ਨੌਜਵਾਨ ਜ਼ਿੰਦਗੀ ਰਾਸ਼ਟਰੀ ਸਮਰੱਥਾ ਦਾ ਨੁਕਸਾਨ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਖ਼ਾਸ ਕਰਕੇ ਭਵਿੱਖ ਦੇ ਡਾਕਟਰਾਂ, ਨਰਸਾਂ, ਫਾਰਮਾਸਿਸਟਾਂ, ਮਨੋਵਿਗਿਆਨੀਆਂ, ਖੋਜਾਰਥੀਆਂ ਅਤੇ ਜਨਤਕ ਸਿਹਤ ਪੇਸ਼ਾਵਰਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕਤਾ ਦੇ ਦੂਤ ਬਣਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਰੋਕਥਾਮ, ਇਲਾਜ, ਖੋਜ ਅਤੇ ਸਬੂਤ-ਆਧਾਰਿਤ ਨੀਤੀ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਉਣ।
ਨਸ਼ਾ ਮੁਕਤੀ ਦੇ ਇਲਾਜ, ਮਾਨਸਿਕ ਸਿਹਤ, ਵਿਵਹਾਰ ਵਿਗਿਆਨ ਅਤੇ ਭਾਈਚਾਰਕ-ਆਧਾਰਿਤ ਉਪਾਵਾਂ ਵਿੱਚ ਵਧੇਰੇ ਖੋਜ ਦੀ ਮੰਗ ਕਰਦਿਆਂ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਬੂਤ ਹੀ ਕਾਰਵਾਈ ਦਾ ਮਾਰਗ-ਦਰਸ਼ਨ ਕਰਨ ਅਤੇ ਖੋਜ ਹੀ ਨੀਤੀ ਦਾ ਅਧਾਰ ਬਣੇ। ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਤ ਬੀਮਾਰੀਆਂ ਨਾਲ ਨਜਿੱਠਣ ਵਿੱਚ ਤਕਨਾਲੋਜੀ, ਸਲਾਹ-ਮਸ਼ਵਰਾ ਸੇਵਾਵਾਂ ਅਤੇ ਸਾਥੀ ਸਹਾਇਤਾ ਨੈੱਟਵਰਕ ਦੀ ਵਰਤੋਂ ਦੇ ਮਹੱਤਵ ਬਾਰੇ ਵੀ ਦੱਸਿਆ।
ਨਸ਼ਾ-ਮੁਕਤ ਵਿਦਿਅਕ ਸੰਸਥਾਵਾਂ ’ਤੇ ਆਪਣੇ ਨਿਰੰਤਰ ਜ਼ੋਰ ਦਾ ਜ਼ਿਕਰ ਕਰਦਿਆਂ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਤਿੰਨ ਕੇਂਦਰੀ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਉਨ੍ਹਾਂ ਨੇ ਲਗਾਤਾਰ ਨਸ਼ਾ-ਮੁਕਤ ਕੈਂਪਸਾਂ ਦੀ ਵਕਾਲਤ ਕੀਤੀ ਹੈ। ਦਿੱਲੀ ਯੂਨੀਵਰਸਿਟੀ ਵਿੱਚ ਇਸ ਸਾਲ ਦੀ ਸ਼ੁਰੂਆਤ ਵਿੱਚ ਸ਼ੁਰੂ ਕੀਤੀ ਗਈ ਨਸ਼ਾ-ਮੁਕਤ ਕੈਂਪਸ ਮੁਹਿੰਮ ਅਤੇ ਈ-ਪ੍ਰਤਿਗਿਆ ਮੰਚ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਤਸੱਲੀ ਪ੍ਰਗਟ ਕੀਤੀ ਕਿ ਇਸ ਪਹਿਲਕਦਮੀ ਨੇ ਨਸ਼ਾ-ਮੁਕਤ ਕੈਂਪਸ ਦਾ ਮਾਹੌਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ।
ਇਸ ਮੌਕੇ ’ਤੇ ਉਪ-ਰਾਸ਼ਟਰਪਤੀ ਨੇ ਕਰਨਾਟਕ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ। ਉਨ੍ਹਾਂ ਨੇ ਰਾਜੀਵ ਗਾਂਧੀ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰਾਂ ਨੂੰ ਯੂਨੀਵਰਸਿਟੀ ਦੇ ਵਿਕਾਸ ਅਤੇ ਤਰੱਕੀ ਵਿੱਚ ਸਾਲਾਂ ਦੌਰਾਨ ਪਾਏ ਗਏ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਇਸ ਮੌਕੇ ’ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਡੀ.ਕੇ. ਸ਼ਿਵਕੁਮਾਰ, ਆਂਧਰਾ ਪ੍ਰਦੇਸ਼ ਦੇ ਰਾਜਪਾਲ ਜਸਟਿਸ (ਸੇਵਾਮੁਕਤ) ਸਈਅਦ ਅਬਦੁਲ ਨਜ਼ੀਰ, ਕਰਨਾਟਕ ਦੇ ਮੈਡੀਕਲ ਸਿੱਖਿਆ ਮੰਤਰੀ ਡਾ. ਸ਼ਰਨ ਪ੍ਰਕਾਸ਼ ਆਰ. ਪਾਟਿਲ, ਕਰਨਾਟਕ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਯੂ.ਟੀ. ਖ਼ਾਦਰ ਫ਼ਰੀਦ, ਆਰ.ਜੀ.ਯੂ.ਐੱਚ.ਐੱਸ. ਦੇ ਵਾਈਸ-ਚਾਂਸਲਰ ਡਾ. ਭਗਵਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।



******
ਪੀਆਰ/ਏਐਸਐਮ/ਵੀਐਮ
(रिलीज़ आईडी: 2279022)
आगंतुक पटल : 2