ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਬੈਂਗਲੁਰੂ ਵਿੱਚ ਨਾਦਪ੍ਰਭੂ ਸ਼੍ਰੀ ਕੈਂਪੇਗੌੜਾ ਦੀ 517ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਬੈਂਗਲੁਰੂ ਦੀ 'ਮਿੰਨੀ ਭਾਰਤ' ਵਜੋਂ ਪਛਾਣ ਕੈਂਪੇਗੌੜਾ ਦੀ ਦੂਰ-ਦਰਸ਼ੀ ਸੋਚ ਦਾ ਸਬੂਤ ਹੈ: ਉਪ-ਰਾਸ਼ਟਰਪਤੀ
ਟਿਕਾਊ ਵਿਕਾਸ, ਸਮਾਜਿਕ ਸਦਭਾਵਨਾ ਅਤੇ ਸਮਾਵੇਸ਼ੀ ਸ਼ਾਸਨ ਨੂੰ ਲੈ ਕੇ ਕੈਂਪੇਗੌੜਾ ਦੀ ਸੋਚ ਅੱਜ ਵੀ ਆਧੁਨਿਕ ਭਾਰਤ ਨੂੰ ਪ੍ਰੇਰਿਤ ਕਰਦੀ ਹੈ: ਉਪ-ਰਾਸ਼ਟਰਪਤੀ
ਮਹਾਨ ਰਾਸ਼ਟਰ ਉਨ੍ਹਾਂ ਲੋਕਾਂ ਨਾਲ ਬਣਦੇ ਹਨ, ਜੋ ਆਪਣੇ ਜੀਵਨ ਕਾਲ ਤੋਂ ਅੱਗੇ ਦੀ ਸੋਚਦੇ ਹਨ: ਕੈਂਪੇਗੌੜਾ ਜਨਮ ਵਰ੍ਹੇਗੰਢ ਸਮਾਗਮ ਵਿੱਚ ਉਪ-ਰਾਸ਼ਟਰਪਤੀ
Posted On:
27 JUN 2026 7:59PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਬੈਂਗਲੁਰੂ ਵਿੱਚ ਨਾਦਪ੍ਰਭੂ ਸ਼੍ਰੀ ਕੈਂਪੇਗੌੜਾ ਦੇ 517ਵੇਂ ਜਨਮ ਵਰ੍ਹੇਗੰਢ ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਬੈਂਗਲੁਰੂ ਦੇ ਸੰਸਥਾਪਕ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਨੂੰ ਇੱਕ ਦੂਰ-ਦਰਸ਼ੀ ਪ੍ਰਸ਼ਾਸਕ, ਸ਼ਹਿਰ ਦੇ ਨਿਰਮਾਤਾ, ਵਾਤਾਵਰਨ ਪ੍ਰੇਮੀ ਅਤੇ ਸਮਾਜ ਸੁਧਾਰਕ ਦੱਸਿਆ, ਜਿਨ੍ਹਾਂ ਦੇ ਆਦਰਸ਼ ਅੱਜ ਵੀ ਸਾਰਥਕ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਕੈਂਪੇਗੌੜਾ ਨੂੰ ਸਿਰਫ਼ ਇੱਕ ਸ਼ਾਸਕ ਵਜੋਂ ਨਹੀਂ, ਬਲਕਿ ਇੱਕ ਅਜਿਹੇ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਦੂਰ-ਦਰਸ਼ੀ ਸੋਚ ਨਾਲ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਂਪੇਗੌੜਾ ਨੇ ਇੱਕ ਅਜਿਹੇ ਸਮਾਵੇਸ਼ੀ ਸ਼ਹਿਰ ਦੀ ਕਲਪਨਾ ਕੀਤੀ ਸੀ, ਜਿੱਥੇ ਕਿਸਾਨ, ਵਪਾਰੀ, ਕਾਰੀਗਰ, ਵਿਦਵਾਨ ਅਤੇ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿ ਸਕਣ ਅਤੇ ਮਿਲ ਕੇ ਤਰੱਕੀ ਕਰ ਸਕਣ। ਉਨ੍ਹਾਂ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਦਾ ਬੈਂਗਲੁਰੂ ਅਸਲ ਵਿੱਚ "ਮਿੰਨੀ ਭਾਰਤ" ਦੇ ਰੂਪ ਵਿੱਚ ਉਸੇ ਸੋਚ ਨੂੰ ਦਰਸਾਉਂਦਾ ਹੈ।

ਕੈਂਪੇਗੌੜਾ ਦੀ ਦੂਰ-ਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਨ੍ਹਾਂ ਨੇ ਸੁਚੱਜੇ ਸ਼ਹਿਰੀ ਵਿਕਾਸ ਦੀ ਨੀਂਹ ਰੱਖੀ, ਜਿਸ ਵਿੱਚ ਵਧੀਆ ਢੰਗ ਨਾਲ ਡਿਜ਼ਾਈਨ ਕੀਤੇ ਗਏ ਬਾਜ਼ਾਰ, ਰਿਹਾਇਸ਼ੀ ਇਲਾਕੇ, ਪਾਣੀ ਦੇ ਪ੍ਰਬੰਧ ਅਤੇ ਜਨਤਕ ਥਾਵਾਂ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਕੈਂਪੇਗੌੜਾ ਦਾ ਝੀਲਾਂ ਅਤੇ ਜਲ-ਧਾਰਾਵਾਂ ਦਾ ਆਪਸ ਵਿੱਚ ਜੁੜਿਆ ਨੈੱਟਵਰਕ ਅਤੇ ਵੱਡੇ ਪੱਧਰ 'ਤੇ ਰੁੱਖ ਲਗਾਉਣਾ, ਭਾਰਤ ਦੀ ਟਿਕਾਊ ਵਿਕਾਸ ਦੀ ਸਦੀਆਂ ਪੁਰਾਣੀ ਸਮਝ ਨੂੰ ਦਰਸਾਉਂਦਾ ਹੈ। ਨਾਲ ਹੀ, ਇਹ ਪਾਣੀ ਦੀ ਕਿੱਲਤ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਅਹਿਮ ਸਬਕ ਦਿੰਦਾ ਹੈ।

ਉਪ-ਰਾਸ਼ਟਰਪਤੀ ਨੇ ਸਮਾਜਿਕ ਸੁਧਾਰ, ਸੱਭਿਆਚਾਰਕ ਸਦਭਾਵਨਾ ਅਤੇ ਮਨੁੱਖੀ ਮਾਣ-ਸਨਮਾਨ ਪ੍ਰਤੀ ਕੈਂਪੇਗੌੜਾ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਨੜ ਸੱਭਿਆਚਾਰ ਨਾਲ ਡੂੰਘੇ ਜੁੜੇ ਹੋਣ ਦੇ ਬਾਵਜੂਦ, ਕੈਂਪੇਗੌੜਾ ਨੇ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਅਪਣਾਇਆ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਮਹਾਨ ਸ਼ਹਿਰ ਨੂੰ ਸਿੱਖਿਆ, ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਇਹ ਮੰਨਦੇ ਹੋਏ ਕਿ ਬੈਂਗਲੁਰੂ ਭਾਰਤ ਦੀ ਤਕਨਾਲੋਜੀ ਅਤੇ ਨਵੀਨਤਾ ਦੀ ਰਾਜਧਾਨੀ ਵਜੋਂ ਉੱਭਰਿਆ ਹੈ, ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਇਸਦੀ ਸਫ਼ਲਤਾ ਕੈਂਪੇਗੌੜਾ ਵੱਲੋਂ ਲਗਭਗ ਪੰਜ ਸਦੀਆਂ ਪਹਿਲਾਂ ਰੱਖੀ ਗਈ ਮਜ਼ਬੂਤ ਨੀਂਹ 'ਤੇ ਟਿਕੀ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੈਂਪੇਗੌੜਾ ਦੀ ਲੰਬੇ ਸਮੇਂ ਦੀ ਯੋਜਨਾਬੰਦੀ, ਟਿਕਾਊ ਅਤੇ ਸੰਸਥਾ-ਨਿਰਮਾਣ ਦੇ ਆਦਰਸ਼ 'ਵਿਕਸਿਤ ਭਾਰਤ' ਦੇ ਵਿਜ਼ਨ ਵੱਲ ਭਾਰਤ ਦੀ ਯਾਤਰਾ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ।

ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਕੈਂਪੇਗੌੜਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਸਮਾਜ ਤੇ ਰਾਸ਼ਟਰ-ਨਿਰਮਾਣ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਾਣੀ ਦੀ ਸੰਭਾਲ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ ਅਤੇ ਦੇਸ਼ ਭਰ ਦੇ ਕਿਸਾਨਾਂ ਦੇ ਫ਼ਾਇਦੇ ਲਈ ਪਾਣੀ ਦੇ ਸਰੋਤਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਹਿੱਤ ਨਦੀਆਂ ਨੂੰ ਆਪਸ ਵਿੱਚ ਜੋੜਨ ਦੀ ਵਕਾਲਤ ਕੀਤੀ।
ਇਸ ਮੌਕੇ ਹਾਜ਼ਰ ਲੋਕਾਂ ਵਿੱਚ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਭਾਰੀ ਉਦਯੋਗ ਅਤੇ ਇਸਪਾਤ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ, ਰੇਲ ਅਤੇ ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ, ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਆਰ. ਅਸ਼ੋਕ, ਕਰਨਾਟਕ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਵਿਧਾਇਕ ਡਾ. ਸੀ. ਐੱਨ. ਅਸ਼ਵਥ ਨਾਰਾਇਣ, ਡਾ. ਨਿਰਮਲਾਨੰਦਨਾਥ ਮਹਾਸਵਾਮੀਜੀ, ਨਾਦਪ੍ਰਭੂ ਸ਼੍ਰੀ ਕੈਂਪੇਗੌੜਾ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੋ. ਐੱਮ. ਕ੍ਰਿਸ਼ਨਗੌੜਾ ਅਤੇ ਸ਼੍ਰੀ ਬਸਵਮੂਰਤੀ ਮਦਾਰਾ ਚੇਨੱਈਆ ਸਵਾਮੀਜੀ ਸ਼ਾਮਲ ਸਨ।
*********
ਪੀਆਰ/ਏਐਸਐਮ/ਵੀਐਮ
(Release ID: 2279020)
ਵਿਜ਼ੀਟਰ ਕਾਊਂਟਰ : 46