ਆਯੂਸ਼
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅੰਤਰਰਾਸ਼ਟਰੀ ਯੋਗ ਦਿਵਸ 2026 ਬੇਮਿਸਾਲ ਭਾਗੀਦਾਰੀ ਦੇ ਨਾਲ ਇੱਕ ਵਿਸ਼ਵਵਿਆਪੀ ਸਮਾਗਮ ਵਜੋਂ ਉਭਰਿਆ ਹੈ


ਦੁਨੀਆ ਭਰ ਦੇ ਲੱਖਾਂ ਲੋਕ 'ਸਿਹਤਮੰਦ ਉਮਰ ਲਈ ਯੋਗ' ਵਿਸ਼ੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਜਸ਼ਨਾਂ ਵਿੱਚ ਸ਼ਾਮਲ ਹੋਏ

ਯੋਗ ਸੰਗਮ ਪੋਰਟਲ ਦੇ ਅਨੁਸਾਰ, 780 ਜ਼ਿਲ੍ਹਿਆਂ ਵਿੱਚ 3 ਕਰੋੜ ਤੋਂ ਵੱਧ ਲੋਕਾਂ ਨੇ ਜਸ਼ਨਾਂ ਵਿੱਚ ਹਿੱਸਾ ਲਿਆ; 7.64 ਲੱਖ ਤੋਂ ਵੱਧ ਸੰਗਠਨ ਦੇਸ਼ ਵਿਆਪੀ ਸਮਾਗਮ ਵਿੱਚ ਸ਼ਾਮਲ ਹੋਏ

ਸਿਆਚਿਨ ਤੋਂ ਲੈ ਕੇ ਸਮੁੰਦਰ ਤੱਕ, ਸ਼ਾਨਦਾਰ ਵਿਰਾਸਤੀ ਸਥਾਨਾਂ ਤੋਂ ਲੈ ਕੇ ਵਿਸ਼ਵਿਆਪੀ ਧਰੋਹਰਾਂ ਤੱਕ, ਅੰਤਰਰਾਸ਼ਟਰੀ ਯੋਗ ਦਿਵਸ 2026 ਨੇ ਯੋਗਾ ਨੂੰ ਸਿਹਤ ਅਤੇ ਸਦਭਾਵਨਾ ਦੇ ਇੱਕ ਵਿਸ਼ਵਵਿਆਪੀ ਪ੍ਰਤੀਕ ਵਜੋਂ ਦਰਸਾਇਆ ਹੈ

प्रविष्टि तिथि: 23 JUN 2026 4:11PM by PIB Chandigarh

12ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2026 ਵਿੱਚ ਭਾਰਤ ਅਤੇ ਦੁਨੀਆ ਭਰ ਵਿੱਚ ਬੇਮਿਸਾਲ ਸ਼ਮੂਲੀਅਤ ਦੇਖਣ ਨੂੰ ਮਿਲੀ। ਇਨ੍ਹਾਂ ਨੇ ਸੰਪੂਰਨ ਸਿਹਤ ਅਤੇ ਤੰਦਰੁਸਤੀ ਲਈ ਇੱਕ ਗਲੋਬਲ ਪ੍ਰੋਗਰਾਮ ਵਜੋਂ ਯੋਗਾ ਦੀ ਵਧ ਰਹੀ ਭੂਮਿਕਾ ਨੂੰ ਮੁੜ ਸਥਾਪਿਤ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਯੋਗਾ ਪ੍ਰਦਰਸ਼ਨ ਅਤੇ ਭਾਈਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਦੌਰਾਨ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਇਤਿਹਾਸਕ ਰੈੱਡ ਰੋਡ 'ਤੇ ਆਯੋਜਿਤ ਪ੍ਰੋਗਰਾਮ 'ਚ 35,000 ਲੋਕਾਂ ਨੇ ਹਿੱਸਾ ਲਿਆ। ਇਸ ਸਾਲ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਥੀਮ "ਸਿਹਤਮੰਦ ਉਮਰ ਲਈ ਯੋਗ" ਹੈ, ਜੋ ਸਰੀਰਕ ਤੰਦਰੁਸਤੀ, ਮਾਨਸਿਕ ਲਚਕਤਾ ਅਤੇ ਸਮੁੱਚੀ ਤੰਦਰੁਸਤੀ ਲਈ ਯੋਗਾ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ ਜਿਸ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਜੀਵਨਸ਼ੈਲੀ ਵਜੋਂ ਯੋਗਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਸਹੀ ਮਾਇਨੇ ਵਿੱਚ ਵਿਸ਼ਵਵਿਆਪੀ ਜਸ਼ਨ (ਉਤਸਵ) ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ। ਯੋਗ ਸੈਸ਼ਨ ਸੰਯੁਕਤ ਰਾਜ, ਫਰਾਂਸ, ਜਰਮਨੀ, ਮਿਸਰ ਅਤੇ ਕਈ ਹੋਰ ਦੇਸ਼ਾਂ ਸਮੇਤ ਮਹਾਂਦੀਪਾਂ ਵਿੱਚ ਆਯੋਜਿਤ ਕੀਤੇ ਗਏ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਤੋਂ ਲੈ ਕੇ ਯੂਰਪ, ਪੱਛਮੀ ਏਸ਼ੀਆ, ਅਫਰੀਕਾ ਅਤੇ ਪੂਰਬੀ ਏਸ਼ੀਆ ਦੇ ਪ੍ਰਮੁੱਖ ਸ਼ਹਿਰਾਂ ਤੱਕ, ਭਾਗੀਦਾਰਾਂ ਨੇ ਜਸ਼ਨਾਂ ਵਿੱਚ ਹਿੱਸਾ ਲਿਆ। ਇਹ ਸਿਹਤ, ਸਦਭਾਵਨਾ ਅਤੇ ਸਮੂਹਿਕ ਭਲਾਈ ਲਈ ਯੋਗ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਨੂੰ ਦਰਸਾਉਂਦਾ ਹੈ।

ਕੇਂਦਰੀ ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਫਲ ਬਣਾਉਣ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਨਾਗਰਿਕਾਂ, ਯੋਗ ਅਭਿਆਸ ਕਰਨ ਵਾਲੀਆਂ, ਵਲੰਟੀਅਰਾਂ, ਸੰਸਥਾਵਾਂ ਅਤੇ ਭਾਗੀਦਾਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ "ਸਿਹਤਮੰਦ ਉਮਰ ਲਈ ਯੋਗ" ਵਿਸ਼ੇ ਅਧੀਨ ਸਮਾਗਮ ਵਿੱਚ ਉਤਸ਼ਾਹੀ ਭਾਗੀਦਾਰੀ ਨੇ ਸਿਹਤ, ਸਦਭਾਵਨਾ ਅਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਦੇ ਰਹਿਣ ਦੀ ਅਪੀਲ ਕੀਤੀ।

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਵੀ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2026 ਦੇ ਜਸ਼ਨਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਦੀ ਵਿਆਪਕ ਭਾਗੀਦਾਰੀ ਜੀਵਨਸ਼ੈਲੀ ਵਜੋਂ ਯੋਗਾ ਦੀ ਵਧ ਰਹੀ ਵਿਸ਼ਵ-ਵਿਆਪੀ ਮਾਨਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਲਈ ਸਾਰੇ ਭਾਗੀਦਾਰਾਂ, ਵਲੰਟੀਅਰਾਂ, ਪ੍ਰਬੰਧਕ ਸੰਸਥਾਵਾਂ ਅਤੇ ਹਿੱਸੇਦਾਰਾਂ ਦਾ ਧੰਨਵਾਦ ਕੀਤਾ। 'ਸਿਹਤਮੰਦ ਉਮਰ ਲਈ ਯੋਗਾ' ਵਿਸ਼ੇ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਜੀਵਨ ਵਿੱਚ ਯੋਗਾ ਨੂੰ ਲਗਾਤਾਰ ਸ਼ਾਮਲ ਕਰਨ ਦੀ ਅਪੀਲ ਕੀਤੀ।

ਭਾਰਤ ਵਿੱਚ ਯੋਗ ਦੇ ਇਸ ਜਸ਼ਨ ਵਿੱਚ ਰਾਸ਼ਟਰੀ ਲੀਡਰਸ਼ਿਪ ਦੇ ਉੱਚ ਪੱਧਰਾਂ ਦੇ ਪ੍ਰਤੀਨਿਧਾਂ ਨੇ ਸ਼ਿਰਕਤ ਕੀਤੀ। ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਡਾ. ਦ੍ਰੋਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਵਿਸ਼ਾਲ ਸਮੂਹਿਕ ਯੋਗਾ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਦਕਿ ਉਪ ਰਾਸ਼ਟਰਪਤੀ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਲੇਹ, ਲੱਦਾਖ ਵਿੱਚ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ। ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਸੰਸਦ ਭਵਨ ਕੰਪਲੈਕਸ ਵਿੱਚ ਸੰਸਦ ਮੈਂਬਰਾਂ ਦੇ ਨਾਲ ਇੱਕ ਯੋਗਾ ਸੈਸ਼ਨ ਦੀ ਅਗਵਾਈ ਕੀਤੀ, ਜੋ ਦੇਸ਼ ਵਿਆਪੀ ਭਾਗੀਦਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਆਯੁਸ਼ ਮੰਤਰਾਲੇ ਦੇ ਅਧੀਨ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ (ਐੱਮਡੀਐੱਨਆਈਵਾਈ) ਅਤੇ ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਦੁਆਰਾ ਆਯੋਜਿਤ "ਗੰਗੋਤਰੀ ਤੋਂ ਗੰਗਾਸਾਗਰ" ਮੁਹਿੰਮ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦਾ ਮੁੱਖ ਆਕਰਸ਼ਣ ਸੀ। ਗੰਗੋਤਰੀ ਤੋਂ ਗੰਗਾਸਾਗਰ ਤੱਕ ਲਗਭਗ 2,525 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ, ਮੁਹਿੰਮ ਨੇ ਸਾਂਝੇ ਯੋਗ ਪ੍ਰੋਟੋਕੋਲ ਸੈਸ਼ਨਾਂ ਅਤੇ ਜਾਗਰੂਕਤਾ ਗਤੀਵਿਧੀਆਂ ਰਾਹੀਂ ਰਿਸ਼ੀਕੇਸ਼, ਹਰਿਦੁਆਰ, ਪ੍ਰਯਾਗਰਾਜ, ਵਾਰਾਣਸੀ, ਪਟਨਾ ਅਤੇ ਹੁਗਲੀ ਦੇ ਪ੍ਰਸਿੱਧ ਘਾਟਾਂ ਨੂੰ ਜੋੜਿਆ। ਭਾਰਤੀ ਸਭਿਅਤਾ ਦੀਆਂ ਦੋ ਮਹਾਨ ਵਿਰਾਸਤਾਂ - ਪਵਿੱਤਰ ਨਦੀ ਗੰਗਾ ਅਤੇ ਯੋਗਾ ਦੇ ਪ੍ਰਾਚੀਨ ਅਭਿਆਸ - ਨੂੰ ਪ੍ਰਤੀਕ ਰੂਪ ਵਿੱਚ ਜੋੜਦੇ ਹੋਏ - ਇਸ ਪਹਿਲਕਦਮੀ ਨੇ ਨਦੀਆਂ ਦੇ ਕਿਨਾਰੇ ਭਾਈਚਾਰਿਆਂ ਵਿੱਚ "ਸਿਹਤਮੰਦ ਉਮਰ ਲਈ ਯੋਗ" ਅਤੇ ਸੰਪੂਰਨ ਤੰਦਰੁਸਤੀ ਦਾ ਸੰਦੇਸ਼ ਦਿੱਤਾ।

ਕੋਲਕਾਤਾ, ਪੱਛਮੀ ਬੰਗਾਲ ਵਿੱਚ ਰੈੱਡ ਰੋਡ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2026 ਦੇ ਮੁੱਖ ਸਮਾਰੋਹ ਤੋਂ ਪਹਿਲਾਂ ਜਨ ਭਾਗੀਦਾਰੀ ਅਤੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਯੋਗਾ-ਥੀਮ ਵਾਲੇ ਸਮਾਗਮਾਂ ਦੀ ਇੱਕ ਜੀਵੰਤ ਲੜੀ ਦਾ ਆਯੋਜਨ ਕੀਤਾ ਗਿਆ ਸੀ। "ਦੌੜ ਸੇ ਧਿਆਨ" ਪਹਿਲਕਦਮੀ ਦੇ ਤਹਿਤ, ਕੋਲਕਾਤਾ ਵਿੱਚ ਗਿਆਰਾਂ ਸਥਾਨਾਂ 'ਤੇ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਗਰਿਕਾਂ ਨੂੰ ਯੋਗਾ ਅਤੇ ਸਿਹਤ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਜਸ਼ਨਾਂ ਵਿੱਚ ਹੁਗਲੀ ਨਦੀ ਦੇ ਕਿਨਾਰੇ "ਵੰਦੇ ਯੋਗਮ" ਅਤੇ ਪੱਛਮੀ ਬੰਗਾਲ ਸਥਾਪਨਾ ਦਿਵਸ ਪ੍ਰੋਗਰਾਮ ਵੀ ਸ਼ਾਮਲ ਸਨ ਜਿਸ ਵਿੱਚ ਸੱਭਿਆਚਾਰਕ ਪ੍ਰਦਰਸ਼ਨ, ਕਲਾ ਅਤੇ ਫੋਟੋਗ੍ਰਾਫੀ ਮੁਕਾਬਲੇ ਅਤੇ ਜਨਤਕ ਭਾਗੀਦਾਰੀ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ। ਲਗਭਗ 3,000 ਡਰੋਨਾਂ ਦੇ ਨਾਲ ਇੱਕ ਸ਼ਾਨਦਾਰ ਡਰੋਨ ਸ਼ੋਅ ਨੇ ਭਾਰਤ ਦੀ ਯੋਗ ਯਾਤਰਾ ਨੂੰ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ। ਇਸ ਦੌਰਾਨ ਪ੍ਰਸਿੱਧ ਯੋਗਾ ਗੁਰੂਆਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਤੋਂ ਪਹਿਲਾਂ ਹਰ ਪਾਸੇ ਉਤਸ਼ਾਹ ਪੈਦਾ ਕਰ ਦਿੱਤਾ ਸੀ।

ਇਸ ਮੌਕੇ 'ਤੇ ਦੇਸ਼ ਭਰ ਵਿੱਚ ਯੋਗਾ ਸੈਸ਼ਨਾਂ ਰਾਹੀਂ ਜਸ਼ਨ ਮਨਾਏ ਗਏ, ਜਿਨ੍ਹਾਂ ਵਿੱਚ ਦਿੱਲੀ ਦੇ ਲਾਲ ਕਿਲ੍ਹੇ, ਉਤਰਾਖੰਡ ਦੇ ਹਰ ਕੀ ਪੌੜੀ, ਓਡੀਸ਼ਾ ਦੇ ਕੋਣਾਰਕ ਸੂਰਜ ਮੰਦਿਰ, ਕਰਨਾਟਕ ਦੇ ਹੰਪੀ ਸਮੂਹ ਸਮਾਰਕ, ਲੱਦਾਖ ਦੇ ਲੇਹ ਪੈਲੇਸ, ਤਾਮਿਲਨਾਡੂ ਦੇ ਮਹਾਬਲੀਪੁਰਮ ਸ਼ੋਰ ਮੰਦਿਰ, ਉੱਤਰ ਪ੍ਰਦੇਸ਼ ਦੇ ਸਾਰਨਾਥ, ਅਸਾਮ ਦੇ ਸਿਲਚਰ ਵਿੱਚ ਕਚਾਰੀ ਕਿਲ੍ਹਾ, ਤੇਲੰਗਾਨਾ ਦੇ ਹੈਦਰਾਬਾਦ ਵਿੱਚ ਚਾਰਮੀਨਾਰ ਕੰਪਲੈਕਸ, ਮੁੰਬਈ                 (ਮਹਾਰਾਸ਼ਟਰ)ਵਿੱਚ ਗੇਟਵੇ ਆਫ਼ ਇੰਡੀਆ, ਬਿਹਾਰ ਵਿੱਚ ਨਾਲੰਦਾ ਮਹਾਂਵਿਹਾਰ, ਅਹਿਮਦਾਬਾਦ (ਗੁਜਰਾਤ) ਦੇ ਸਾਬਰਮਤੀ ਨਦੀ ਕੰਢੇ ਅਤੇ ਹੋਰ ਬਹੁਤ ਸਾਰੇ ਪ੍ਰਸਿੱਧ ਇਤਿਹਾਸਕ ਸਥਾਨ ਸ਼ਾਮਲ ਸਨ।

ਯੋਗ ਦਿਵਸ ਦੇ ਜਸ਼ਨਾਂ ਵਿੱਚ ਜਨਤਕ ਭਾਗੀਦਾਰੀ ਦੀ ਭਾਵਨਾ ਆਯੂਸ਼ ਗਰਿੱਡ ਦੁਆਰਾ ਵਿਕਸਿਤ ਯੋਗ ਸੰਗਮ ਪੋਰਟਲ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ, ਜਿਸ ਨੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 780 ਜ਼ਿਲ੍ਹਿਆਂ ਵਿੱਚ ਇਸ ਪ੍ਰੋਗਰਾਮ ਵਿੱਚ 3.07 ਕਰੋੜ ਤੋਂ ਵੱਧ ਵਿਅਕਤੀਆਂ ਦੀ ਭਾਗੀਦਾਰੀ ਦਰਜ ਕੀਤੀ। ਦੇਸ਼ ਭਰ ਵਿੱਚ ਆਯੋਜਿਤ ਯੋਗਾ ਸਮਾਗਮਾਂ ਦੀਆਂ 7.46 ਲੱਖ ਤੋਂ ਵੱਧ ਤਸਵੀਰਾਂ ਪੋਰਟਲ 'ਤੇ ਅਪਲੋਡ ਕੀਤੀਆਂ ਗਈਆਂ ਸਨ, ਜਦੋਂ ਕਿ 2.66 ਲੱਖ ਤੋਂ ਵੱਧ ਭਾਗੀਦਾਰੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ।

ਇਸ ਪਹਿਲਕਦਮੀ ਤਹਿਤ ਦੁਨੀਆ ਭਰ ਦੀਆਂ 7.64 ਲੱਖ ਤੋਂ ਵੱਧ ਸੰਸਥਾਵਾਂ ਨੇ ਰਜਿਸਟਰ ਕੀਤਾ ਹੈ, ਜਿਸ ਵਿੱਚ 4.24 ਲੱਖ ਸਰਕਾਰੀ ਸੰਸਥਾਵਾਂ, 2.46 ਲੱਖ ਵਿਦਿਅਕ ਸੰਸਥਾਵਾਂ, ਨਿੱਜੀ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਹਿੱਸੇਦਾਰ ਸ਼ਾਮਲ ਹਨ। ਪੱਛਮੀ ਬੰਗਾਲ (3.45 ਲੱਖ ਸੰਸਥਾਵਾਂ), ਰਾਜਸਥਾਨ (1.67 ਲੱਖ), ਮੱਧ ਪ੍ਰਦੇਸ਼ (35,742), ਅਸਾਮ (25,285) ਅਤੇ ਉੱਤਰ ਪ੍ਰਦੇਸ਼ (22,285) ਪ੍ਰਮੁੱਖ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਹਨ। ਯੋਗਾ ਬਿਲਬੋਰਡ ਸੁਵਿਧਾ ਨੂੰ ਵੀ 15,000 ਤੋਂ ਵੱਧ ਚਿੱਤਰ ਪ੍ਰਾਪਤ ਹੋਏ, ਜਿਸ ਨਾਲ ਦੇਸ਼ ਭਰ ਦੇ ਨਾਗਰਿਕਾਂ ਦੀ ਵਿਆਪਕ ਭਾਗੀਦਾਰੀ ਸੰਭਵ ਹੋ ਸਕੀ।

ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2026 ਦੀਆਂ ਤਿਆਰੀਆਂ ਦੌਰਾਨ ਦੇਸ਼ ਵਿਆਪੀ ਭਾਗੀਦਾਰੀ ਅਤੇ ਵਿਸ਼ਵਵਿਆਪੀ ਪਹੁੰਚ ਨੂੰ ਉਜਾਗਰ ਕਰਨ ਲਈ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਯੋਗ ਦਿਵਸ ਤੋਂ 75 ਦਿਨ ਪਹਿਲਾਂ ਆਯੋਜਿਤ ਸਮਾਗਮ ਵਿੱਚ ਲਗਭਗ 5,000 ਪ੍ਰਤੀਭਾਗੀਆਂ ਨੇ ਇਕੱਠੇ ਤ੍ਰਿਕੋਣਾਸਨ ਕੀਤਾ, ਜਿਸ ਨਾਲ ਆਸਣ ਕਰਨ ਵਾਲੇ ਸਭ ਤੋਂ ਵੱਡੇ ਸਮੂਹ ਦੇ ਰੂਪ ਵਿੱਚ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸਥਾਨ ਪ੍ਰਾਪਤ ਕੀਤਾ। ਕਾਨਹਾ ਸ਼ਾਂਤੀ ਵਨਮ ਵਿਖੇ ਯੋਗ ਦਿਵਸ ਤੋਂ 50 ਦਿਨ ਪਹਿਲਾਂ ਆਯੋਜਿਤ ਇਸ ਸਮਾਗਮ ਵਿੱਚ, 6,000 ਤੋਂ ਵੱਧ ਭਾਗੀਦਾਰਾਂ ਨੇ ਇੱਕੋ ਸਮੇਂ ਭੁਜੰਗਾਸਨ ਕਰਦੇ ਹੋਏ ਦੇਖਿਆ, ਜਿਸ ਨਾਲ ਉਹਨਾਂ ਨੂੰ ਸਭ ਤੋਂ ਵੱਡੇ ਤਾਲਮੇਲ ਵਾਲੇ ਯੋਗਾ ਪ੍ਰਦਰਸ਼ਨ ਲਈ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਜਗ੍ਹਾ ਮਿਲੀ। ਇਸ ਤੋਂ ਇਲਾਵਾ, 14 ਜੂਨ, 2026 ਨੂੰ, ਆਯੁਸ਼ ਮੰਤਰਾਲੇ ਨੇ ਯੂਟਯੂਬ (YouTube) ਲਾਈਵ ਯੋਗਾ ਸਟ੍ਰੀਮ ਦੇ ਸਭ ਤੋਂ ਵੱਧ ਦਰਸ਼ਕਾਂ ਲਈ ਗਿਨੀਜ਼ ਵਰਲਡ ਰਿਕਾਰਡ ਬਣਾਇਆ, ਜਿਸ ਵਿੱਚ 4,35,831 ਦਰਸ਼ਕ ਆਪਣੇ ਅਧਿਕਾਰਤ ਯੂਟਯੂਬ (YouTube) ਚੈਨਲ ਰਾਹੀਂ ਕਰਵਾਏ ਗਏ ਗਲੋਬਲ ਔਨਲਾਈਨ ਯੋਗਾ ਸੈਸ਼ਨ ਵਿੱਚ ਸ਼ਾਮਲ ਹੋਏ।

ਅੰਤਰਰਾਸ਼ਟਰੀ ਯੋਗ ਦਿਵਸ 2026 ਨੇ ਸਾਰੇ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਸੰਪੂਰਨ ਦ੍ਰਿਸ਼ਟੀਕੋਣ ਅਪਣਾਇਆ। ਰੱਖਿਆ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ, ਜਲ ਸ਼ਕਤੀ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਲੋਕ ਸਭਾ ਸਕੱਤਰੇਤ, ਸੀਬੀਆਈ, ਇਨਫੋਰਸਮੈਂਟ ਡਾਇਰੈਕਟੋਰੇਟ, ਸੀਆਈਐੱਸਐੱਫ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (ਐੱਨਐੱਮਸੀਜੀ) ਅਤੇ ਇਨਲੈਂਡ ਵਾਟਰਵੇਜ਼ ਅਥਾਰਟੀ ਆਫ਼ ਇੰਡੀਆ (ਆਈਡਬਲਯੂਏਆਈ) ਸਮੇਤ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਨ੍ਹਾਂ ਪਹਿਲਕਦਮੀਆਂ ਨੇ ਨਾਗਰਿਕਾਂ ਵਿੱਚ ਤੰਦਰੁਸਤੀ, ਸਿਹਤ ਸੰਭਾਲ ਅਤੇ ਸਿਹਤਮੰਦ ਉਮਰ ਵਧਣ ਦੇ ਸੰਦੇਸ਼ ਨੂੰ ਉਤਸ਼ਾਹਿਤ ਕੀਤਾ। 

ਜਲ ਸ਼ਕਤੀ ਮੰਤਰਾਲੇ, ਸਵੱਛ ਗੰਗਾ ਲਈ ਰਾਸ਼ਟਰੀ ਮਿਸ਼ਨ (ਐੱਨਐੱਮਸੀਜੀ) ਅਤੇ ਆਈਡਬਲਯੂਏਆਈ ਨੇ ਗੰਗਾ ਬੇਸਿਨ ਵਿੱਚ ਰਾਸ਼ਟਰੀ ਜਲ ਮਾਰਗ-2 ਅਤੇ ਅਸਾਮ ਵਿੱਚ ਬ੍ਰਹਮਪੁੱਤਰ ਨਦੀ 'ਤੇ ਸਮੁੰਦਰੀ ਜਹਾਜ਼ਾਂ ਵਿੱਚ ਯੋਗਾ ਸੈਸ਼ਨਾਂ ਦਾ ਆਯੋਜਨ ਕੀਤਾ, ਸਿਹਤ ਅਤੇ ਵਾਤਾਵਰਣ ਜਾਗਰੂਕਤਾ ਵਿਚਕਾਰ ਸਬੰਧ ਨੂੰ ਉਜਾਗਰ ਕੀਤਾ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ "ਵਯੋ ਯੋਗ ਸੰਗਮ - ਸਿਹਤਮੰਦ ਉਮਰ ਲਈ ਯੋਗ" ਦਾ ਆਯੋਜਨ ਕੀਤਾ। ਜਿਸ ਵਿੱਚ ਲਗਭਗ 1,300 ਬਜ਼ੁਰਗ ਨਾਗਰਿਕਾਂ ਨੇ ਭਾਗ ਲਿਆ ਅਤੇ ਵਧਦੀ ਉਮਰ ਵਿੱਚ ਸਰਗਰਮ ਅਤੇ ਸਨਮਾਨਜਨਕ ਜੀਵਨ ਲਈ ਯੋਗਾ ਦੇ ਯੋਗਦਾਨ ਨੂੰ ਉਜਾਗਰ ਕੀਤਾ। 

ਰੱਖਿਆ ਮੰਤਰਾਲੇ ਨੇ ਦੇਸ਼ ਭਰ ਵਿੱਚ ਵਿਆਪਕ ਸਮਾਗਮਾਂ ਦਾ ਆਯੋਜਨ ਕੀਤਾ ਜਿਸ ਵਿੱਚ ਸਿਆਚਿਨ ਗਲੇਸ਼ੀਅਰ ਤੋਂ ਕੰਨਿਆਕੁਮਾਰੀ, ਕੱਛ ਦੇ ਰਣ, ਉੱਤਰ-ਪੂਰਬੀ ਰਾਜਾਂ ਅਤੇ ਸਮੁੰਦਰ ਵਿੱਚ ਜਲ ਸੈਨਾ ਦੇ ਠਿਕਾਣਿਆਂ ਉੱਤੇ ਵੀ ਯੋਗਾ ਸੈਸ਼ਨ ਆਯੋਜਿਤ ਕੀਤੇ ਗਏ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸੀਨੀਅਰ ਫੌਜੀ ਲੀਡਰਸ਼ਿਪ ਅਤੇ ਹਜ਼ਾਰਾਂ ਫੌਜੀ ਜਵਾਨਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲਿਆ। ਭਾਰਤੀ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਕੋਸਟ ਗਾਰਡ ਦੀਆਂ ਵੱਖ-ਵੱਖ ਕਮਾਂਡਾਂ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ ਜਦੋਂ ਕਿ ਕਈ ਦੇਸ਼ਾਂ ਦੇ ਰੱਖਿਆ ਪ੍ਰਤੀਨਿਧਾਂ ਨੇ ਵੀ ਯੋਗਾ ਦੀ ਵਿਸ਼ਵ ਪ੍ਰਸਿੱਧੀ ਨੂੰ ਦਰਸਾਉਂਦੇ ਹੋਏ ਸਮਾਗਮਾਂ ਵਿੱਚ ਹਿੱਸਾ ਲਿਆ।

ਭਾਰਤ-ਤਿੱਬਤੀ ਸਰਹੱਦੀ ਪੁਲਿਸ ਨੇ ਲਦਾਖ ਦੇ ਪੈਂਗੋਂਗ ਤਸੋ ਵਿਖੇ ਲਗਭਗ 14,000 ਫੁੱਟ ਦੀ ਉਚਾਈ 'ਤੇ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ। ਇਹ ਤਾਕਤ, ਅਨੁਸ਼ਾਸਨ ਅਤੇ ਮਾਨਸਿਕ ਮਜ਼ਬੂਤੀ ਬਣਾਉਣ ਵਿੱਚ ਯੋਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਨੇ ਸਭ ਤੋਂ ਵੱਡੇ ਨੌਜਵਾਨਾਂ ਦੀ ਅਗਵਾਈ ਵਾਲੇ ਯੋਗ ਸਮਾਗਮਾਂ ਵਿੱਚੋਂ ਇੱਕ ਦਾ ਆਯੋਜਨ ਕੀਤਾ ਜਿਸ ਵਿੱਚ 83 ਲੱਖ ਤੋਂ ਵੱਧ ਕੈਡਿਟਾਂ, ਐਸੋਸੀਏਟ ਐੱਨਸੀਸੀ ਅਧਿਕਾਰੀਆਂ, ਸਥਾਈ ਇੰਸਟ੍ਰਕਟਰਾਂ ਅਤੇ ਸਟਾਫ ਨੇ ਦੇਸ਼ ਭਰ ਵਿੱਚ 5,000 ਤੋਂ ਵੱਧ ਸਥਾਨਾਂ 'ਤੇ ਤਾਲਮੇਲ ਵਾਲੇ ਯੋਗ ਸੈਸ਼ਨਾਂ ਵਿੱਚ ਹਿੱਸਾ ਲਿਆ।

ਅੰਤਰਰਾਸ਼ਟਰੀ ਯੋਗ ਦਿਵਸ 2026 ਦਾ 12ਵਾਂ ਸੰਸਕਰਨ ਵਿਸ਼ਵ ਪੱਧਰ 'ਤੇ ਯੋਗ ਨੂੰ ਫੈਲਾਉਣ ਲਈ ਭਾਰਤ ਦੀ ਯਾਤਰਾ ਦਾ ਇੱਕ ਹੋਰ ਮੀਲ ਪੱਥਰ ਬਣ ਗਿਆ ਹੈ। ਨਾਗਰਿਕਾਂ, ਸੰਸਥਾਵਾਂ, ਹਥਿਆਰਬੰਦ ਬਲਾਂ, ਯੁਵਾ ਸੰਗਠਨਾਂ ਅਤੇ ਗਲੋਬਲ ਭਾਈਚਾਰਿਆਂ ਦੀ ਭਾਗੀਦਾਰੀ ਨਾਲ, ਅੰਤਰਰਾਸ਼ਟਰੀ ਯੋਗ ਦਿਵਸ 2026 ਨੇ ਸਰੀਰਕ ਸਿਹਤ, ਮਾਨਸਿਕ ਤੰਦਰੁਸਤੀ, ਭਾਵਨਾਤਮਕ ਸੰਤੁਲਨ ਅਤੇ ਸਿਹਤਮੰਦ ਬੁਢਾਪੇ ਲਈ ਇੱਕ ਸਦੀਵੀ ਅਭਿਆਸ ਵਜੋਂ ਯੋਗਾ ਦੀ ਭੂਮਿਕਾ ਨੂੰ ਮਜ਼ਬੂਤ ​​ਕੀਤਾ,  ਜਿਸ ਨਾਲ ਵਿਸ਼ਵ ਪੱਧਰ 'ਤੇ ਸੰਪੂਰਨ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਅਗਵਾਈ ਨੂੰ ਹੋਰ ਮਜ਼ਬੂਤੀ ਮਿਲੀ।

 

*********

ਸੰਜੇ ਰਾਏ/ਸਮੀਰ ਵਰਮਾ/ਸੁਗੰਧ ਗਰਗ /ਸਪਨਾ


(रिलीज़ आईडी: 2277454) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Assamese , Gujarati , Tamil , Telugu , Malayalam