ਪ੍ਰਧਾਨ ਮੰਤਰੀ ਦਫਤਰ
ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਆਯੋਜਿਤ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
21 JUN 2026 8:25AM by PIB Chandigarh
ਮੰਚ ’ਤੇ ਬੈਠੇ ਰਾਜਪਾਲ ਸ਼੍ਰੀ ਆਰ ਐੱਨ ਰਵੀ ਜੀ, ਊਰਜਾਵਾਨ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਪ੍ਰਤਾਪਰਾਓ ਜਾਧਵ ਜੀ, ਹੋਰ ਸਾਰੇ ਪਤਵੰਤੇ ਸੱਜਣ, ਇੱਥੇ ਕੋਲਕਾਤਾ ਵਿੱਚ ਇਕੱਠੇ ਹੋਏ ਸਾਰੇ ਭਾਗੀਦਾਰ, ਦੇਸ਼-ਵਿਦੇਸ਼ ਵਿੱਚ ਯੋਗ ਨਾਲ ਜੁੜ ਰਹੇ ਸਾਰੇ ਸਾਥੀ, ਅਤੇ ਮੇਰੇ ਪਿਆਰੇ ਦੇਸ਼ ਵਾਸੀਓ!
21 ਜੂਨ ਦਾ ਇਹ ਦਿਨ, ਧਰਤੀ ਦੇ ਕੁਝ ਹਿੱਸਿਆਂ ਵਿੱਚ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ। ਅਤੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਕਾਰਨ 21 ਜੂਨ ਦਾ ਇਹ ਦਿਨ ਦੁਨੀਆ ਦੇ ਸਭ ਤੋਂ ਵੱਡੇ ਸਾਂਝੇ ਉਤਸਵ ਦਾ ਦਿਨ ਵੀ ਬਣ ਗਿਆ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਯੋਗ ਦੀਆਂ ਇੱਕ ਤੋਂ ਇੱਕ ਸ਼ਾਨਦਾਰ ਤਸਵੀਰਾਂ ਆ ਰਹੀਆਂ ਹਨ। ਭਾਰਤ ਵਿੱਚ ਹਿਮਾਲਿਆ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ, ਉੱਤਰ-ਪੂਰਬ ਅਤੇ ਪੂਰਬ ਵਿੱਚ ਬੰਗਾਲ ਤੋਂ ਲੈ ਕੇ ਪੱਛਮੀ ਵਿੱਚ ਸੌਰਾਸ਼ਟਰ ਤੱਕ, ਪੂਰਾ ਦੇਸ਼ ਯੋਗ ਦੀ ਊਰਜਾ ਅਤੇ ਚੇਤਨਾ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ। ਪੂਰਾ ਦੇਸ਼, ਪੂਰੀ ਦੁਨੀਆ ਇੱਕ ਦੂਜੇ ਨਾਲ ਜੁੜੀ ਹੋਈ ਨਜ਼ਰ ਆ ਰਹੀ ਹੈ ਅਤੇ ਇਹੀ ਤਾਂ ਯੋਗ ਦੀ ਤਾਕਤ ਹੈ। ਯੋਗ ਸਭ ਨੂੰ ਜੋੜਦਾ ਹੈ, ਯੋਗ ਸਭ ਨੂੰ ਇਕੱਠੇ ਲਿਆਉਂਦਾ ਹੈ। ਮੈਂ ਇਸ ਮੌਕੇ ’ਤੇ ਪੂਰੀ ਦੁਨੀਆ ਨੂੰ, ਸਮੁੱਚੇ ਮਨੁੱਖੀ ਭਾਈਚਾਰੇ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਯੋਗ ਦਿਵਸ ’ਤੇ ਮੈਂ ਖ਼ਾਸ ਕਰਕੇ ਪੂਰੇ ਬੰਗਾਲ ਵਿੱਚ, ਕੋਲਕਾਤਾ ਵਿੱਚ, ਇੱਥੇ ਬਣੇ ਸਵੱਛਤਾ ਦੇ ਯੋਗ ਲਈ ਵੀ ਕੋਲਕਾਤਾ ਵਾਸੀਆਂ ਦੀ ਸ਼ਲਾਘਾ ਕਰਾਂਗਾ। ਇਹ ਸ਼ਾਨਦਾਰ ਪਹਿਲਕਦਮੀ ਹੈ- ਸਵੱਛਤਾ ਨਾਲ ਸਵਾਗਤ ਪਹਿਲਕਦਮੀ ਦੇ ਲਈ ਜਿਸ ਤਰ੍ਹਾਂ ਇੱਥੇ ਲਗਾਤਾਰ ਮਿਹਨਤ ਕੀਤੀ ਗਈ ਹੈ, ਨਾਗਰਿਕ ਹੋਣ ਦੀ ਜ਼ੁੰਮੇਵਾਰੀ ਨਿਭਾਈ ਗਈ ਹੈ, ਉਹ ਸਾਰੇ ਦੇਸ਼ ਵਾਸੀਆਂ ਲਈ ਅੱਜ ਇੱਕ ਬਹੁਤ ਵੱਡੀ ਪ੍ਰੇਰਣਾ ਬਣ ਗਿਆ ਹੈ।
ਸਾਥੀਓ,
ਯੋਗ ਦਿਵਸ ਦੇ ਮੌਕੇ ’ਤੇ ਅੱਜ ਬੰਗਾਲ ਵਿੱਚ ਹੋਣਾ ਬਹੁਤ ਹੀ ਖ਼ਾਸ ਹੈ। ਬੰਗਾਲ ਦੀ ਇਹ ਪਵਿੱਤਰ ਧਰਤੀ, ਜਿੱਥੇ ਭਗਵਾਨ ਰਾਮਕ੍ਰਿਸ਼ਣ ਪਰਮਹੰਸ ਜਿਹੇ ਸਿੱਧ ਸੰਤਾਂ ਨੇ ਅਵਤਾਰ ਲਿਆ, ਜਿੱਥੋਂ ਨਿਕਲ ਕੇ ਸਵਾਮੀ ਵਿਵੇਕਾਨੰਦ ਨੇ ਪੂਰੀ ਦੁਨੀਆ ਨੂੰ ਯੋਗ ਨਾਲ ਜਾਣੂ ਕਰਵਾਇਆ, ਜਿੱਥੇ ਮਹਾਰਿਸ਼ੀ ਅਰਵਿੰਦ ਜਿਹੇ ਮਹਾਨ ਯੋਗੀ ਨੇ ਜਨਮ ਲਿਆ, ਲਾਹਿੜੀ ਮਹਾਸ਼ਯ ਜਿਹੇ ਮਹਾਨ ਯੋਗੀਆਂ ਨੇ ਜਿੱਥੇ ਯੋਗ ਪਰੰਪਰਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ, ਅੱਜ ਉਸੇ ਧਰਤੀ ’ਤੇ ਸਾਂਝੇ ਯੋਗ ਦਾ ਅਨੁਭਵ, ਇੱਕ ਵਿਲੱਖਣ ਅਧਿਆਤਮਿਕ ਅਹਿਸਾਸ ਕਰਵਾ ਰਿਹਾ ਹੈ। ਇਸੇ ਬੰਗਾਲ ਦੀ ਧਰਤੀ ’ਤੇ ਪੈਦਾ ਹੋਏ ਗੁਰੂਦੇਵ ਰਵਿੰਦਰਨਾਥ ਟੈਗੋਰ ਦਾ ਮੰਨਣਾ ਸੀ ਕਿ ਮਨੁੱਖ ਦੀ ਪਛਾਣ ਵੱਖ-ਵੱਖ ਰਹਿਣ ਵਿੱਚ ਨਹੀਂ, ਸਗੋਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨਾਲ ਜੁੜਨ ਵਿੱਚ ਹੈ। ਇਹੀ ਜੁੜਾਅ ਯੋਗ ਦਾ ਮੂਲ ਭਾਵ ਹੈ। ਮਹਾਰਿਸ਼ੀ ਅਰਵਿੰਦ ਵੀ ਕਹਿੰਦੇ ਸਨ- ਸਾਡਾ ਪੂਰਾ ਜੀਵਨ ਯੋਗ ਹੈ, ਭਾਵੇਂ ਸਾਨੂੰ ਇਸ ਦਾ ਗਿਆਨ ਹੋਵੇ ਜਾਂ ਨਾ ਹੋਵੇ। ਯੋਗ ਜਦੋਂ ਸੁਭਾਅ ਵਿੱਚ ਆਉਂਦਾ ਹੈ ਤਾਂ ਉਹ ਮਨੁੱਖੀ ਏਕਤਾ ਦਾ ਅਧਾਰ ਬਣ ਜਾਂਦਾ ਹੈ।
ਸਾਥੀਓ,
ਯੋਗ ਸਿਰਫ ਸਰੀਰਕ ਮਿਹਨਤ ਦਾ ਸਾਧਨ ਨਹੀਂ ਹੈ। ਯੋਗ ਕਿਸੇ ਇੱਕ ਉਮਰ ਵਰਗ ਲਈ ਸੀਮਤ ਵੀ ਨਹੀਂ ਹੈ। ਭਾਰਤ ਵਿੱਚ ਅਸੀਂ ਜਾਣਦੇ ਹਾਂ ਅਤੇ ਦੇਖਦੇ ਆਏ ਹਾਂ, ਯੋਗ ਮਨੁੱਖ ਦੇ ਜੀਵਨ ਦੀ ਚੇਤਨਾ ਦੇ ਨਾਲ, ਊਰਜਾ ਦੇ ਨਾਲ ਇੱਕ ਚਾਨਣਾ ਵੀ ਹੈ। ਇਸੇ ਲਈ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ ਰੱਖੀ ਗਈ ਹੈ- ਸਿਹਤਮੰਦ ਬੁਢਾਪੇ ਲਈ ਯੋਗ। ਉਮਰ ਵਧਣ ’ਤੇ ਵੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ, ਅਸੀਂ ਊਰਜਾਵਾਨ ਅਤੇ ਸਰਗਰਮ ਰਹਿ ਸਕਦੇ ਹਾਂ, ਯੋਗ ਸਾਨੂੰ ਇਸ ਦੇ ਲਈ ਰਸਤਾ ਦਿਖਾਉਂਦਾ ਹੈ।
ਸਾਥੀਓ,
ਜਦੋਂ ਅਸੀਂ "ਸਿਹਤਮੰਦ ਬੁਢਾਪੇ ਲਈ ਯੋਗ" ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਸਕਦੇ ਹਾਂ ਕਿ ਉਮਰ ਮਨੁੱਖੀ ਸਮਰੱਥਾ ਨੂੰ ਘੱਟ ਨਾ ਕਰੇ। ਯੋਗ ਮਨੁੱਖੀ ਜੀਵਨ ਨੂੰ ਨਿਰੰਤਰ ਵਿਕਾਸ ਦੀ ਇੱਛਾ ਰੱਖਣ ਵਿੱਚ ਮਦਦ ਕਰ ਸਕਦਾ ਹੈ। ਸਾਡਾ ਟੀਚਾ ਹੈ ਕਿ 20 ਸਾਲ ਦੀ ਉਮਰ ਦੇ ਮੁਕਾਬਲੇ 40 ਸਾਲ ਦੀ ਉਮਰ ਵਾਲਾ ਵਿਅਕਤੀ ਵਧੇਰੇ ਲਚਕੀਲਾ ਹੋਣਾ ਚਾਹੀਦਾ ਹੈ। ਸਾਡਾ ਟੀਚਾ ਹੈ ਕਿ 30 ਸਾਲ ਦੀ ਉਮਰ ਦੇ ਮੁਕਾਬਲੇ 50 ਸਾਲ ਦੀ ਉਮਰ ਵਾਲਾ ਵਿਅਕਤੀ ਵਧੇਰੇ ਊਰਜਾਵਾਨ ਹੋਣਾ ਚਾਹੀਦਾ ਹੈ। ਸਾਡਾ ਟੀਚਾ ਹੈ ਕਿ 50 ਸਾਲ ਦੀ ਉਮਰ ਦੇ ਮੁਕਾਬਲੇ 70 ਸਾਲ ਦੀ ਉਮਰ ਵਿੱਚ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਧੇਰੇ ਪ੍ਰਤੀਰੋਧਕ ਹੋਣੀਆਂ ਚਾਹੀਦੀਆਂ ਹਨ। ਇੱਥੇ ਹੀ ਯੋਗ ਸਾਡੀ ਮਦਦ ਕਰ ਸਕਦਾ ਹੈ। ਇਹ ਸਾਡੇ ਸਰੀਰ ਨੂੰ ਲਚਕੀਲਾ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਸਾਡੀ ਊਰਜਾ ਦੇ ਪੱਧਰ ਨੂੰ ਉੱਚਾ ਰੱਖਦਾ ਹੈ, ਇਹ ਸਾਨੂੰ ਇੱਕ ਸ਼ਾਂਤ ਤਣਾਅ-ਮੁਕਤ ਜੀਵਨ ਜਿਊਣ ਵਿੱਚ ਵੀ ਮਦਦ ਕਰਦਾ ਹੈ ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਇਸ ਤੋਂ ਇਲਾਵਾ, ਨਿਯਮਿਤ ਅਭਿਆਸ ਦੇ ਨਾਲ, ਯੋਗ ਸਾਨੂੰ ਆਪਣੇ ਸਰੀਰ ਅਤੇ ਮਨ ਦੇ ਜੀਵਨ ਭਰ ਸਿੱਖਣ ਵਾਲੇ ਬਣੇ ਰਹਿਣਾ ਸਿਖਾਉਂਦਾ ਹੈ। ਜਿੰਨਾ ਜ਼ਿਆਦਾ ਅਸੀਂ ਆਪਣੇ ਬਾਰੇ ਜਾਣਦੇ ਹਾਂ, ਓਨਾ ਹੀ ਬਿਹਤਰ ਅਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ। ਇਸੇ ਲਈ, ਸਿਹਤਮੰਦ ਬੁਢਾਪੇ ਲਈ ਯੋਗ। ਇਸ ਥੀਮ ਨੂੰ ਹਰ ਉਮਰ ਦੇ ਲੋਕਾਂ ਲਈ ਦੇਖਿਆ ਜਾਣਾ ਚਾਹੀਦਾ ਹੈ, ਨਾ ਕਿ ਸਿਰਫ਼ ਬਜ਼ੁਰਗਾਂ ਲਈ।
युक्त आहार विहारस्य, युक्त चेष्टस्य कर्मसु।
युक्त स्वप्न अव-बोधस्य, योगो भवति दुःखहा॥
ਸਾਥੀਓ,
ਗੀਤਾ ਵਿੱਚ ਭਗਵਾਨ ਕ੍ਰਿਸ਼ਣ ਨੇ ਯੋਗ ਦੇ ਵਿਸ਼ੇ ਵਿੱਚ ਕਿਹਾ ਹੈ-
ਯੁਕਤ ਆਹਾਰ ਵਿਹਾਰਸਯ, ਯੁਕਤ ਚੇਸ਼ਟਸਯ ਕਰਮਸੁ।
ਯੁਕਤ ਸਵਪਨ ਅਵ-ਬੋਧਸਯ, ਯੋਗੋ ਭਵਤਿ ਦੁ:ਖਹਾ॥
(युक्त आहार विहारस्य, युक्त चेष्टस्य कर्मसु।
युक्त स्वप्न अव-बोधस्य, योगो भवति दुःखहा॥)
ਭਾਵ, ਸੰਤੁਲਿਤ ਖੁਰਾਕ ਨਾਲ, ਸੰਤੁਲਿਤ ਗਤੀਵਿਧੀਆਂ ਅਤੇ ਕਿਰਿਆਵਾਂ ਨਾਲ ਸੰਤੁਲਿਤ ਨੀਂਦ ਅਤੇ ਜਾਗਣ ਨਾਲ, ਯੋਗ ਦੁੱਖਾਂ ਦਾ ਨਾਸ਼ ਕਰਨ ਵਾਲਾ ਬਣ ਜਾਂਦਾ ਹੈ। ਇਹ ਸੰਤੁਲਨ ਹੀ ਯੋਗ ਦਾ ਅਧਾਰ ਹੈ। ਇਹੀ ਸੰਤੁਲਨ ਸਾਡੇ ਜੀਵਨ ਦਾ ਅਧਾਰ ਵੀ ਹੈ। ਪਰ ਜ਼ਿਆਦਾਤਰ ਲੋਕ ਅੱਜ ਇਸ ਆਧੁਨਿਕ ਸਮੇਂ ਵਿੱਚ ਜੀਵਨ ਦੇ ਅਸੰਤੁਲਨ ਨਾਲ ਹੀ ਜੂਝ ਰਹੇ ਹਨ, ਬਹੁਤ ਮਿਹਨਤ ਕਰਨੀ ਪੈ ਰਹੀ ਹੈ ਉਨ੍ਹਾਂ ਨੂੰ, ਯੋਗ ਸਾਨੂੰ ਜੀਵਨ ਨੂੰ ਸੰਤੁਲਿਤ ਤਰੀਕੇ ਵਿੱਚ ਜਿਊਣ ਦੀ ਕਲਾ ਸਿਖਾਉਂਦਾ ਹੈ। ਯੋਗ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਸਿਖਾਉਂਦਾ ਹੈ। ਅਤੇ ਜਦੋਂ ਅਸੀਂ ਆਪਣੇ ਸਰੀਰ ਨੂੰ ਸਹੀ ਢੰਗ ਨਾਲ ਚਲਾਉਣਾ ਸਿੱਖ ਲੈਂਦੇ ਹਾਂ, ਤਾਂ ਸਿਹਤ ਸਾਡਾ ਸੁਭਾਅ ਬਣ ਜਾਂਦਾ ਹੈ।
ਸਾਥੀਓ,
ਯੋਗ ਸਿਰਫ ਸਾਡੀ ਸਰੀਰਕ ਸਿਹਤ ’ਤੇ ਹੀ ਧਿਆਨ ਨਹੀਂ ਦਿੰਦਾ, ਯੋਗ ਮਾਨਸਿਕ ਸਿਹਤ ਤੋਂ ਸਰੀਰਕ ਸਿਹਤ ਦਾ ਰਸਤਾ ਦਿਖਾਉਂਦਾ ਹੈ। ਇਸੇ ਲਈ, ਯੋਗ ਦੇ ਵਿਸ਼ੇ ਵਿੱਚ “ਯੁਕਤ ਚੇਸ਼ਟਸਯ ਕਰਮਸੁ” ਕਿਹਾ ਗਿਆ ਹੈ। ਭਾਵ, ਸਾਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਇਸ ਦਾ ਗਿਆਨ! ਇਹ ਗਿਆਨ ਸਾਡੇ ਜੀਵਨ ਵਿੱਚ ਸ਼ਾਂਤੀ ਦਾ ਸਰੋਤ ਤਾਂ ਬਣਦਾ ਹੀ ਹੈ, ਇਸ ਨਾਲ ਵਿਸ਼ਵ ਸ਼ਾਂਤੀ ਦਾ ਰਸਤਾ ਵੀ ਖੁੱਲ੍ਹਦਾ ਹੈ। ਇਸੇ ਲਈ, ਯੋਗ ਅੱਜ ਸਿਰਫ ਸਾਡੀ ਨਿੱਜੀ ਜੀਵਨ-ਸ਼ੈਲੀ ਲਈ ਜ਼ਰੂਰੀ ਨਹੀਂ ਹੈ ਇੰਨਾ ਹੀ ਨਹੀਂ ਹੈ, ਯੋਗ ਦੁਨੀਆ ਦੇ ਬਿਹਤਰ ਭਵਿੱਖ ਲਈ ਇੱਕ ਜ਼ਰੂਰਤ ਵੀ ਹੈ।
ਸਾਥੀਓ,
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਕਰੋੜਾਂ ਲੋਕ ਯੋਗ ਨਾਲ ਜੁੜਦੇ ਹਨ। ਪਰ ਅੱਜ ਦਾ ਇਹ ਦਿਨ ਸਾਨੂੰ ਆਪਣੇ ਸਾਂਝੇ ਸੰਕਲਪ ਨੂੰ ਫਿਰ ਦੁਹਰਾਉਣ ਦਾ ਮੌਕਾ ਦਿੰਦਾ ਹੈ। ਆਓ, ਅਸੀਂ ਸੰਕਲਪ ਲਈਏ, ਯੋਗ ਨੂੰ ਸਿਰਫ ਇੱਕ ਦਿਨ ਤੱਕ ਸੀਮਤ ਨਹੀਂ ਰੱਖਾਂਗੇ, ਯੋਗ ਨੂੰ ਸਿਰਫ ਇੱਕ ਪ੍ਰੋਗਰਾਮ ਤੱਕ ਸੀਮਤ ਨਹੀਂ ਰੱਖਾਂਗੇ। ਅਸੀਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ। ਆਪਣੇ ਪਰਿਵਾਰ ਦਾ ਹਿੱਸਾ ਬਣਾਵਾਂਗੇ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਹਿੱਸਾ ਬਣਾਵਾਂਗੇ।
ਸਾਥੀਓ,
ਇਸੇ ਦਿਸ਼ਾ ਵਿੱਚ, ਇਸ ਸਾਲ "ਯੋਗ 365" ਦੀ ਪਹਿਲਕਦਮੀ ਨੂੰ ਵੀ ਅੱਗੇ ਵਧਾਇਆ ਗਿਆ ਹੈ। ਇਸ ਦੇ ਤਹਿਤ 100 ਦਿਨਾਂ ਦੇ ਔਨਲਾਈਨ ਯੋਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੇਮਿਸਾਲ ਜਨ-ਭਾਗੀਦਾਰੀ ਦੇਖੀ ਗਈ ਹੈ। 130 ਦੇਸ਼ਾਂ ਦੇ 30 ਲੱਖ ਤੋਂ ਵੱਧ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਹੈ।
ਸਾਥੀਓ,
ਜਦੋਂ ਸਮਾਜ ਸਿਹਤਮੰਦ ਹੋਵੇਗਾ, ਤਦ ਰਾਸ਼ਟਰ ਵੀ ਵਧੇਰੇ ਸਮਰੱਥ, ਵਧੇਰੇ ਖੁਸ਼ਹਾਲ ਅਤੇ ਆਤਮ-ਵਿਸ਼ਵਾਸੀ ਬਣੇਗਾ। ਮੈਂ ਆਪ ਸਭ ਦੇ ਲਈ ਕਾਮਨਾ ਕਰਦਾ ਹਾਂ, "ਸਰਵੇ ਭਵੰਤੁ ਸੁਖਿਨ, ਸਰਵੇ ਸੰਤੁ ਨਿਰਾਮਯਾ।" ਇਸੇ ਦੇ ਨਾਲ ਆਪ ਸਭ ਨੂੰ ਇੱਕ ਵਾਰ ਫਿਰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ!
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(रिलीज़ आईडी: 2276621)
आगंतुक पटल : 6
इस विज्ञप्ति को इन भाषाओं में पढ़ें:
Gujarati
,
English
,
Urdu
,
हिन्दी
,
Marathi
,
Manipuri
,
Assamese
,
Bengali
,
Odia
,
Telugu
,
Kannada
,
Malayalam