ਰੇਲ ਮੰਤਰਾਲਾ
ਰੇਲ ਮੰਤਰੀ ਨੇ ਰੁੱਝੇ ਹੋਏ ਰੇਲਵੇ ਸਟੇਸ਼ਨਾਂ ਲਈ ਮਾਸਟਰ ਪਲਾਨ ਦੀ ਸਮੀਖਿਆ ਕੀਤੀ, ਨਿਰਮਾਣ ਕਾਰਜਾਂ ਦੌਰਾਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਤੰਗੀ ਨਾ ਹੋਣ ’ਤੇ ਜ਼ੋਰ ਦਿੱਤਾ
ਪੁਨਰ-ਵਿਕਾਸ ਤਹਿਤ ਵਾਧੂ ਪਲੇਟਫ਼ਾਰਮ, ਵੱਧ ਪ੍ਰਵੇਸ਼ ਸਥਾਨ, ਚੌੜੇ ਫੁੱਟ ਓਵਰ ਬ੍ਰਿਜ ਅਤੇ ਬਿਹਤਰ ਸੰਪਰਕ ਦੀ ਯੋਜਨਾ: ਸ਼੍ਰੀ ਅਸ਼ਵਿਨੀ ਵੈਸ਼ਣਵ
ਦੱਖਣੀ ਰੇਲਵੇ ਰੂਟ ’ਤੇ ਭੀੜ ਘੱਟ ਕਰਨ ਅਤੇ ਬਾਹਰੀ ਸਮਰੱਥਾ ਵਧਾਉਣ ਲਈ ਬੋਰੀਵਲੀ ਦੇ ਨਾਲ-ਨਾਲ ਕਾਂਦੀਵਲੀ ਦਾ ਵੀ ਵਿਕਾਸ ਕੀਤਾ ਜਾਵੇਗਾ
ਅੰਬਾਲਾ ਨੂੰ ਦੋ ਨਵੇਂ ਪਲੇਟਫ਼ਾਰਮ, 12 ਮੀਟਰ ਚੌੜਾ ਐੱਫ.ਓ.ਬੀ., ਵਾਧੂ ਐਸਕੇਲੇਟਰ ਅਤੇ ਲਿਫ਼ਟਸ ਮਿਲਣਗੀਆਂ
ਮੰਗਲੁਰੂ ਸਟੇਸ਼ਨ ਲਈ ਦੋ ਨਵੇਂ ਪਲੇਟਫ਼ਾਰਮ, ਬਿਹਤਰ ਪਲੇਟਫ਼ਾਰਮ ਸ਼ੈਲਟਰ ਅਤੇ 6-ਮੀਟਰ ਚੌੜੇ ਐੱਫ.ਓ.ਬੀ ਦੀ ਯੋਜਨਾ
प्रविष्टि तिथि:
15 JUN 2026 6:02PM by PIB Chandigarh
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵਿੱਚ ਬੋਰੀਵਲੀ, ਅੰਬਾਲਾ ਅਤੇ ਮੰਗਲੁਰੂ ਵਰਗੇ ਰੁੱਝੇ ਹੋਏ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਲਈ ਮਾਸਟਰ ਪਲਾਨ ਦੀ ਸਮੀਖਿਆ ਕੀਤੀ। ਸਮੀਖਿਆ ਬੈਠਕ ਦੌਰਾਨ ਰੇਲ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ।
ਰੇਲ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੁਨਰ-ਵਿਕਾਸ ਦਾ ਕੰਮ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਪਹੁੰਚਾ ਕੇ ਅਤੇ ਰੇਲਗੱਡੀਆਂ ਦੀ ਆਵਾਜਾਈ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਕੀਤਾ ਜਾਵੇ। ਉਨ੍ਹਾਂ ਨੇ ਸਟੇਸ਼ਨ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਸੁਚਾਰੂ ਰੂਪ ਵਿੱਚ ਚਲਾਉਂਦੇ ਹੋਏ ਭਵਿੱਖ ਲਈ ਤਿਆਰ ਰੇਲਵੇ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਬੈਠਕ ਦਾ ਮੰਤਵ ਮੌਜੂਦਾ ਭੀੜ-ਭੜੱਕੇ ਦੀ ਸਮੱਸਿਆ ਨੂੰ ਹੱਲ ਕਰਨਾ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਕ ਸਮਰੱਥਾ ਵਧਾਉਣਾ ਸੀ। ਚਰਚਾ ਵਿੱਚ ਯਾਤਰੀਆਂ ਦੀ ਸਹੂਲਤ ਵਧਾਉਣ ’ਤੇ ਧਿਆਨ ਦਿੱਤਾ ਗਿਆ, ਜਿਸ ਲਈ ਵਾਧੂ ਪਲੇਟਫ਼ਾਰਮ, ਚੌੜੇ ਫੁੱਟ ਓਵਰ ਬ੍ਰਿਜ (ਐੱਫ.ਓ.ਬੀ.), ਪਲੇਟਫਾਰਮਾਂ ਵਿਚਕਾਰ ਬਿਹਤਰ ਆਵਾਜਾਈ, ਸਟੇਸ਼ਨ ਵਿੱਚ ਆਉਣ-ਜਾਣ ਦੇ ਵਾਧੂ ਰਸਤੇ, ਬਿਹਤਰ ਸਰਕੂਲੇਸ਼ਨ ਖੇਤਰ, ਬਿਹਤਰ ਮਲਟੀਮੋਡਲ ਏਕੀਕਰਨ ਅਤੇ ਯਾਤਰੀਆਂ ਦੀ ਸੁਖਾਲੀ ਆਵਾਜਾਈ ਵਰਗੇ ਉਪਾਅ ਸ਼ਾਮਲ ਸਨ।
ਸ਼੍ਰੀ ਵੈਸ਼ਣਵ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਯੋਜਨਾ ਦੇ ਅਗਲੇ ਪੜਾਵਾਂ ਵਿੱਚ ਸੰਸਦ ਮੈਂਬਰਾਂ, ਵਿਧਾਇਕਾਂ ਸਥਾਨਕ ਸੰਸਥਾਵਾਂ ਦੇ ਨੁਮਾਇੰਦਿਆਂ, ਰਾਜ ਸਰਕਾਰਾਂ ਅਤੇ ਹੋਰ ਸਬੰਧਤ ਲੋਕਾਂ ਨਾਲ ਵੀ ਗੱਲਬਾਤ ਕਰਨ। ਉਨ੍ਹਾਂ ਦੇ ਸੁਝਾਵਾਂ ਅਤੇ ਸਥਾਨਕ ਲੋੜਾਂ ਨੂੰ ਅੰਤਿਮ ਪੁਨਰ-ਵਿਕਾਸ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਟੇਸ਼ਨ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਯਾਤਰੀਆਂ ਅਤੇ ਸਥਾਨਕ ਭਾਈਚਾਰਿਆਂ ਦੀਆਂ ਲੋੜਾਂ ਦੇ ਅਨੁਕੂਲ ਹੋਵੇ।
ਸ਼੍ਰੀ ਵੈਸ਼ਣਵ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਟੇਸ਼ਨ ਦੇ ਡਿਜਾਇਨ ਵਿੱਚ ਗੁਣਵੱਤਾ, ਮਜ਼ਬੂਤੀ ਅਤੇ ਯਾਤਰੀਆਂ ਦੀ ਸਹੂਲਤ ’ਤੇ ਧਿਆਨ ਦੇਣ ਵਾਲੀ ਮਜ਼ਬੂਤ ਡਿਜਾਇਨ ਸੋਚ ਅਪਣਾਈ ਜਾਣੀ ਚਾਹੀਦੀ ਹੈ। ਨਿਰਮਾਣ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਤੇਜ਼ੀ ਨਾਲ ਕੰਮ ਪੂਰਾ ਕਰਨ ਲਈ ਆਧੁਨਿਕ ਨਿਰਮਾਣ ਤਕਨੀਕਾਂ, ਜਿਵੇਂ ਕਿ ਪ੍ਰੀਕਾਸਟ ਪੁਰਜ਼ਿਆਂ ਅਤੇ ਉੱਨਤ ਨਿਰਮਾਣ ਪ੍ਰਣਾਲੀ ਦੀ ਵਰਤੋਂ ’ਤੇ ਚਰਚਾ ਕੀਤੀ ਗਈ। ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਉਹ ਅਲਾਟ ਕੀਤੇ ਗਏ ਫੰਡਾਂ ਦੀ ਸਹੀ ਵਰਤੋਂ ਅਤੇ ਪ੍ਰਵਾਨਿਤ ਕੀਤੀਆਂ ਗਈਆਂ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਉਣ।
ਬੋਰੀਵਲੀ-ਕਾਂਦੀਵਲੀ ਪੁਨਰ ਵਿਕਾਸ
ਸਮੀਖਿਆ ਵਿੱਚ ਬੋਰੀਵਲੀ ਰੇਲਵੇ ਸਟੇਸ਼ਨ ’ਤੇ ਖ਼ਾਸ ਧਿਆਨ ਦਿੱਤਾ ਗਿਆ, ਜੋ ਦੱਖਣੀ ਰੇਲਵੇ ’ਤੇ ਯਾਤਰੀਆਂ ਲਈ ਸਭ ਤੋਂ ਮਹੱਤਵਪੂਰਨ ਇੰਟਰਚੇਂਜ ਹੱਬਸ ਵਿੱਚੋਂ ਇੱਕ ਹੈ। ਟਰਮੀਨਲ ਸਟੇਸ਼ਨਾਂ ਦੇ ਉਲਟ, ਬੋਰੀਵਲੀ ਲੋਕਲ ਅਤੇ ਲੰਬੀ ਦੂਰੀ ਦੇ ਯਾਤਰੀਆਂ ਲਈ ਚੜ੍ਹਨ, ਉਤਰਨ ਅਤੇ ਗੱਡੀ ਬਦਲਣ ਦਾ ਇੱਕ ਮੁੱਖ ਕੇਂਦਰ ਹੈ। ਇਹ ਸਟੇਸ਼ਨ ਫਿਲਹਾਲ ਰੋਜ਼ਾਨਾ ਕਰੀਬ 1,200 ਸਥਾਨਕ ਰੇਲ ਸੇਵਾਵਾਂ ਤੋਂ ਇਲਾਵਾ ਕਰੀਬ 191 ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਨੂੰ ਸੰਭਾਲਦਾ ਹੈ, ਜਿਸ ਨਾਲ ਰੋਜ਼ਾਨਾ ਲਗਭਗ 3.65 ਲੱਖ ਯਾਤਰੀਆਂ ਨੂੰ ਆਉਣ-ਜਾਣ ਦੀ ਸਹੂਲਤ ਮਿਲਦੀ ਹੈ। ਆਉਣ ਵਾਲੇ ਸਾਲਾਂ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਣ ਦਾ ਅਨੁਮਾਨ ਹੈ। ਸਟੇਸ਼ਨ ’ਤੇ ਸਥਾਨਕ ਅਤੇ ਲੰਬੀ ਦੂਰੀ ਦੇ ਦੋਵੇਂ ਤਰ੍ਹਾਂ ਦੇ ਯਾਤਰੀ ਆਉਂਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਭੀੜ ਅਤੇ ਯਾਤਰੀਆਂ ਦੀ ਆਵਾਜਾਈ ਹੁੰਦੀ ਹੈ, ਖਾਸ ਕਰਕੇ ਵੱਧ ਭੀੜ-ਭੜੱਕੇ ਵਾਲੇ ਸਮੇਂ ਵਿੱਚ, ਜਦੋਂ ਵੱਖ-ਵੱਖ ਸੇਵਾਵਾਂ ਦੇ ਯਾਤਰੀ ਸਟੇਸ਼ਨ ਕੰਪਲੈਕਸ ਵਿੱਚ ਇੱਕੋ ਸਮੇਂ ਜਮ੍ਹਾ ਹੁੰਦੇ ਹਨ।
ਇਸ ਇਕੀਕ੍ਰਿਤ ਪੁਨਰ-ਵਿਕਾਸ ਯੋਜਨਾ ਦਾ ਉਦੇਸ਼ ਯਾਤਰੀਆਂ ਦੀ ਆਵਾਜਾਈ ਨੂੰ ਬਿਹਤਰ ਬਣਾਉਣਾ ਹੈ। ਇਸ ਦੇ ਲਈ ਪਲੇਟਫਾਰਮਾਂ ਵਿਚਕਾਰ ਬਿਹਤਰ ਸੰਪਰਕ, ਜ਼ਿਆਦਾ ਜਗ੍ਹਾ, ਉੱਨਤ ਕਾਨਕੋਰਸ, ਬਿਹਤਰ ਫੁੱਟ-ਓਵਰਬ੍ਰਿਜ, ਸਕਾਈਵਾਕ ਸੰਪਰਕ ਅਤੇ ਆਸਾਨ ਪਹੁੰਚ ਲਈ ਬਿਹਤਰ ਵਿਵਸਥਾ ਕੀਤੀ ਜਾਵੇਗੀ। ਇਸ ਪ੍ਰਸਤਾਵ ਵਿੱਚ ਇੱਕ ਵਾਧੂ ਪਲੇਟਫ਼ਾਰਮ ਬਣਾਉਣਾ, ਕਾਨਕੋਰਸ ਖੇਤਰ ਨੂੰ ਵੱਡਾ ਕਰਨਾ, ਲਿਫਟਸ ਅਤੇ ਐਸਕੇਲੇਟਰ ਵਧਾਉਣਾ ਸ਼ਾਮਲ ਹੈ। ਨਾਲ ਹੀ, ਯਾਤਰੀਆਂ ਦੀ ਆਵਾਜਾਈ ਲਈ ਬਿਹਤਰ ਸਹੂਲਤਾਂ ਅਤੇ ਪਾਰਕਿੰਗ ਲਈ ਵੱਡੀ ਵਿਵਸਥਾ ਤਿਆਰ ਕੀਤੀ ਜਾਵੇਗੀ, ਤਾਂ ਜੋ ਯਾਤਰੀ ਦੋ ਪਲੇਟਫਾਰਮਾਂ ਵਿਚਕਾਰ ਆਸਾਨੀ ਨਾਲ ਆ-ਜਾ ਸਕਣ ਅਤੇ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਵਧਾਈ ਜਾ ਸਕੇ।
ਬੋਰੀਵਲੀ ਸਟੇਸ਼ਨ ’ਤੇ ਸਮਰੱਥਾ ਵਧਾਉਣ, ਯਾਤਰੀਆਂ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਭੀੜ ਘੱਟ ਕਰਨ ਲਈ, ਇੱਕ ਵੱਡੇ ਮਾਸਟਰ ਪਲਾਨ ਤਹਿਤ ਕਾਂਦੀਵਲੀ ਸਟੇਸ਼ਨ ਨੂੰ ਵੀ ਨਾਲੋ-ਨਾਲ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕਾਂਦੀਵਲੀ ਸਟੇਸ਼ਨ, ਬੋਰੀਵਲੀ ਸਟੇਸ਼ਨ ਤੋਂ ਲਗਭਗ 2 ਕਿੱਲੋਮੀਟਰ ਦੂਰ ਹੈ। ਰੇਲਵੇ ਕੋਲ ਕਾਫ਼ੀ ਜ਼ਮੀਨ ਉਪਲਬਧ ਹੋਣ ਕਾਰਨ, ਕਾਂਦੀਵਲੀ ਸਟੇਸ਼ਨ ਭਵਿੱਖ ਵਿੱਚ ਟ੍ਰੇਨਾਂ ਦੀ ਆਵਾਜਾਈ ਅਤੇ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਸੰਭਾਲਣ ਵਿੱਚ ਮਦਦ ਕਰੇਗਾ। ਇਸ ਨਾਲ ਬੋਰੀਵਲੀ ਸਟੇਸ਼ਨ ’ਤੇ ਭੀੜ ਘੱਟ ਹੋਵੇਗੀ ਅਤੇ ਸੰਚਾਲਨ ਕੁਸ਼ਲਤਾ, ਯਾਤਰੀਆਂ ਦੀ ਸਹੂਲਤ ਅਤੇ ਪਹੁੰਚ ਬਿਹਤਰ ਹੋਵੇਗੀ। ਬੋਰੀਵਲੀ ਅਤੇ ਕਾਂਦੀਵਲੀ ਦੇ ਇਕੀਕ੍ਰਿਤ ਵਿਕਾਸ ਨਾਲ ਪੂਰਬੀ- ਦੱਖਣੀ ਸੰਪਰਕ ਮਜ਼ਬੂਤ ਹੋਣ, ਇੰਟਰਚੇਂਜ ਦੀ ਸਮਰੱਥਾ ਬਿਹਤਰ ਹੋਣ, ਮੈਟਰੋ ਅਤੇ ਸੜਕ ਨੈੱਟਵਰਕ ਨਾਲ ਬਿਹਤਰ ਤਾਲਮੇਲ ਬਣਨ ਅਤੇ ਲੰਬੇ ਸਮੇਂ ਤੱਕ ਵਿਕਾਸ ਵਿੱਚ ਮਦਦ ਕਰਨ ਵਾਲੀ ਇੱਕ ਸੁਖਾਲੀ ਮਲਟੀ-ਮੋਡਲ ਟ੍ਰਾਂਸਪੋਰਟ ਵਿਵਸਥਾ ਬਣਨ ਦੀ ਉਮੀਦ ਹੈ। ਇਸ ਯੋਜਨਾ ਵਿੱਚ ਰੇਲਵੇ ਦੀ ਜ਼ਮੀਨ ਦੀ ਸਹੀ ਵਰਤੋਂ ਕਰਨ ਲਈ ਬਹੁ-ਪੱਧਰੀਪਾਰਕਿੰਗ, ਪਿਕ-ਅੱਪ ਅਤੇ ਡ੍ਰੌਪ-ਆਫ਼ ਲਈ ਖ਼ਾਸ ਜ਼ੋਨ, ਬਿਹਤਰ ਸੜਕ ਸੰਪਰਕ ਅਤੇ ਟ੍ਰਾਂਜ਼ਿਟ-ਓਰੀਐਂਟਡ ਵਿਕਾਸ ਵੀ ਸ਼ਾਮਲ ਹੈ।
ਅੰਬਾਲਾ ਦਾ ਪੁਨਰ ਵਿਕਾਸ
ਬੈਠਕ ਵਿੱਚ ਅੰਬਾਲਾ ਕੈਂਟ ਸਟੇਸ਼ਨ ਦੀ ਪੁਨਰ-ਵਿਕਾਸ ਯੋਜਨਾ ਦੀ ਵੀ ਸਮੀਖਿਆ ਕੀਤੀ ਗਈ। ਅੰਬਾਲਾ ਸਟੇਸ਼ਨ ਤੋਂ ਅਜੇ 328 ਰੇਲਗੱਡੀਆਂ ਲੰਘਦੀਆਂ ਹਨ ਅਤੇ ਇੱਥੇ ਰੋਜ਼ਾਨਾ 44,000 ਤੋਂ ਵੱਧ ਯਾਤਰੀ ਆਉਂਦੇ-ਜਾਂਦੇ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਸੰਖਿਆ ਦੇ ਕਾਫ਼ੀ ਵਧਣ ਦਾ ਅਨੁਮਾਨ ਹੈ।
ਭਵਿੱਖ ਵਿੱਚ ਯਾਤਰੀਆਂ ਦੀ ਵਧਦੀ ਸੰਖਿਆ ਅਤੇ ਵਾਧੂ ਰੇਲ ਸੇਵਾਵਾਂ ਨੂੰ ਸੰਭਾਲਣ ਲਈ, ਪੁਨਰ-ਵਿਕਾਸ ਯੋਜਨਾ ਵਿੱਚ ਦੋ ਨਵੇਂ ਪੂਰੀ ਲੰਬਾਈ ਦੇ ਪਲੇਟਫਾਰਮਾਂ ਅਤੇ 12 ਮੀਟਰ ਚੌੜੇ ਨਵੇਂ ਫੁੱਟ ਓਵਰ ਬ੍ਰਿਜ ਦੇ ਨਿਰਮਾਣ ਦਾ ਪ੍ਰਸਤਾਵ ਹੈ। ਇਸ ਪ੍ਰੋਜੈਕਟ ਵਿੱਚ ਵਾਧੂ ਐਸਕੇਲੇਟਰ ਅਤੇ ਲਿਫਟਾਂ ਲਗਾਉਣ ਦੀ ਵੀ ਯੋਜਨਾ ਹੈ, ਤਾਂ ਜੋ ਯਾਤਰੀਆਂ ਦੀ ਆਵਾਜਾਈ ਬਿਹਤਰ ਹੋ ਸਕੇ ਅਤੇ ਖਾਸ ਕਰਕੇ ਬਜ਼ੁਰਗਾਂ, ਦਿਵਿਆਂਗਾਂ ਅਤੇ ਸਾਮਾਨ ਲੈ ਕੇ ਚੱਲਣ ਵਾਲੇ ਯਾਤਰੀਆਂ ਲਈ ਦੋ ਪਲੇਟਫਾਰਮਾਂ ਵਿਚਕਾਰ ਆਸਾਨੀ ਨਾਲ ਆਉਣਾ-ਜਾਣਾ ਸੰਭਵ ਹੋ ਸਕੇ। ਮੌਜੂਦਾ ਪਲੇਟਫਾਰਮਾਂ ਨੂੰ ਬਿਹਤਰ ਬਣਾਉਣ, ਨਵੇਂ ਪਲੇਟਫ਼ਾਰਮ ਸ਼ੈੱਡ ਲਗਾਉਣ ਅਤੇ ਜ਼ਮੀਨ ’ਤੇ ਪਾਰਕਿੰਗ ਦੀਆਂ ਸਹੂਲਤਾਂ ਵਿਕਸਤ ਕਰਨ ਦੀ ਵੀ ਯੋਜਨਾ ਹੈ।
ਇਸ ਪ੍ਰਸਤਾਵਿਤ ਪੁਨਰ-ਵਿਕਾਸ ਦਾ ਉਦੇਸ਼ ਸਟੇਸ਼ਨ ਤੱਕ ਪਹੁੰਚ ਨੂੰ ਆਸਾਨ ਬਣਾਉਣਾ, ਯਾਤਰੀਆਂ ਦੇ ਆਉਣ-ਜਾਣ ਦੀ ਜਗ੍ਹਾ ਨੂੰ ਬਿਹਤਰ ਕਰਨਾ, ਸੰਪਰਕ ਵਿੱਚ ਸੁਧਾਰ, ਸਟੇਸ਼ਨ ’ਤੇ ਆਧੁਨਿਕ ਸਹੂਲਤਾਂ ਦੇਣਾ ਅਤੇ ਭਵਿੱਖ ਵਿੱਚ ਯਾਤਰੀਆਂ ਦੀ ਵਧਦੀ ਸੰਖਿਆ ਨੂੰ ਸੰਭਾਲਣ ਲਈ ਬਿਹਤਰ ਵਿਵਸਥਾ ਤਿਆਰ ਕਰਨਾ ਹੈ। ਪੂਰਾ ਹੋਣ ’ਤੇ, ਇਸ ਪ੍ਰੋਜੈਕਟ ਨਾਲ ਸੰਚਾਲਨ ਸਮਰੱਥਾ ਵਧੇਗੀ, ਭੀੜ ਘੱਟ ਹੋਵੇਗੀ, ਪਹੁੰਚ ਆਸਾਨ ਹੋਵੇਗੀ ਅਤੇ ਯਾਤਰਾ ਦਾ ਅਨੁਭਵ ਜ਼ਿਆਦਾ ਸੁਰੱਖਿਅਤ, ਆਰਾਮਦਾਇਕ ਅਤੇ ਯਾਤਰੀ-ਅਨੁਕੂਲ ਬਣੇਗਾ।
ਮੰਗਲੁਰੂ ਦਾ ਪੁਨਰ ਵਿਕਾਸ
ਇਸ ਸਮੀਖਿਆ ਵਿੱਚ ਮੰਗਲੁਰੂ ਸੈਂਟਰਲ ਸਟੇਸ਼ਨ ਦੇ ਪੁਨਰ-ਵਿਕਾਸ ਯੋਜਨਾ ’ਤੇ ਵੀ ਚਰਚਾ ਕੀਤੀ ਗਈ। ਹਾਲੇ ਇਸ ਸਟੇਸ਼ਨ ਤੋਂ ਰੋਜ਼ਾਨਾ 28,000 ਤੋਂ ਵੱਧ ਯਾਤਰੀ ਲੰਘਦੇ ਹਨ ਅਤੇ ਇੱਥੋਂ ਲਗਭਗ 50 ਰੇਲਗੱਡੀਆਂ ਚੱਲਦੀਆਂ ਹਨ। ਭਵਿੱਖ ਵਿੱਚ ਯਾਤਰੀਆਂ ਦੀ ਸੰਖਿਆ ਵਧਣ ਦੀ ਉਮੀਦ ਹੈ, ਇਸ ਲਈ ਸਮਰੱਥਾ ਵਧਾਉਣ ਅਤੇ ਬੁਨਿਆਦੀ ਢਾਂਚਾਗਤ ਵਿਵਸਥਾ ਨੂੰ ਬਿਹਤਰ ਕਰਨ ਦੀ ਲੋੜ ਹੈ।
ਭਵਿੱਖ ਦੀਆਂ ਲੋੜਾਂ ਅਤੇ ਹੋਰ ਰੇਲਗੱਡੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ, ਪੁਨਰ-ਵਿਕਾਸ ਯੋਜਨਾ ਵਿੱਚ ਦੋ ਨਵੇਂ ਪੂਰੀ ਲੰਬਾਈ ਵਾਲੇ ਪਲੇਟਫ਼ਾਰਮ ਬਣਾਉਣ ਦਾ ਵੀ ਪ੍ਰਸਤਾਵ ਹੈ। ਇਸ ਪ੍ਰੋਜੈਕਟ ਵਿੱਚ ਪਲੇਟਫ਼ਾਰਮਸ ਨੂੰ ਅੱਪਗ੍ਰੇਡ ਕਰਨਾ, 6 ਮੀਟਰ ਚੌੜਾ ਨਵਾਂ ਫੁੱਟ ਓਵਰ ਬ੍ਰਿਜ ਬਣਾਉਣਾ, ਬਿਹਤਰ ਪਲੇਟਫ਼ਾਰਮ ਸ਼ੈੱਲਟਰ ਲਗਾਉਣਾ ਅਤੇ ਸਟੇਸ਼ਨ ਦੇ ਅੰਦਰ ਯਾਤਰੀਆਂ ਦੀ ਆਵਾਜਾਈ ਨੂੰ ਆਸਾਨ ਬਣਾਉਣ ਲਈ ਹੋਰ ਐਸਕੇਲੇਟਰ ਅਤੇ ਲਿਫਟਾਂ ਲਗਾਉਣਾ ਵੀ ਸ਼ਾਮਲ ਹੈ।
ਪੁਨਰ-ਵਿਕਾਸ ਯੋਜਨਾ ਦਾ ਉਦੇਸ਼ ਬਿਹਤਰ ਯਾਤਰੀ ਸਹੂਲਤਾਂ, ਆਸਾਨ ਪਹੁੰਚਯੋਗਤਾ, ਬਿਹਤਰ ਸੰਪਰਕ, ਵਧੇਰੇ ਸੰਚਾਲਨ ਕੁਸ਼ਲਤਾ ਅਤੇ ਆਧੁਨਿਕ ਸਟੇਸ਼ਨ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੈ। ਇਹ ਬਦਲਾਅ ਭੀੜ-ਭੜੱਕੇ ਨੂੰ ਘਟਾਉਣਗੇ, ਬਜ਼ੁਰਗਾਂ ਅਤੇ ਅਪਾਹਜ ਯਾਤਰੀਆਂ ਲਈ ਸਹੂਲਤ ਵਧਾਉਣਗੇ, ਅਤੇ ਇੱਕ ਵਧੇਰੇ ਆਰਾਮਦਾਇਕ ਅਤੇ ਭਵਿੱਖ ਲਈ ਤਿਆਰ ਸਟੇਸ਼ਨ ਵਾਤਾਵਰਨ ਬਣਾਉਣਗੇ, ਨਾਲ ਹੀ ਖੇਤਰੀ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਬੋਰੀਵਲੀ, ਅੰਬਾਲਾ ਅਤੇ ਮੰਗਲੁਰੂ ਵਿੱਚ ਪੁਨਰ-ਵਿਕਾਸ ਦੇ ਯਤਨਾਂ ਨਾਲ ਯਾਤਰੀ ਅਨੁਭਵ, ਸੰਚਾਲਨ ਕੁਸ਼ਲਤਾ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਵਿੱਚ ਕਾਫ਼ੀ ਸੁਧਾਰ ਹੋਵੇਗਾ। ਇਨ੍ਹਾਂ ਪ੍ਰਸਤਾਵਾਂ ਦੀ ਹੁਣ ਹੋਰ ਵਿਸਤ੍ਰਿਤ ਜਾਂਚ ਅਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਯੋਜਨਾਬੰਦੀ ਅਤੇ ਲਾਗੂ ਕਰਨ ਦਾ ਅਗਲਾ ਪੜਾਅ ਨਿਰਧਾਰਤ ਕੀਤਾ ਜਾਵੇਗਾ।
ਪੁਨਰ-ਵਿਕਾਸ ਯੋਜਨਾ ਦਾ ਉਦੇਸ਼ ਯਾਤਰੀਆਂ ਲਈ ਬਿਹਤਰ ਸਹੂਲਤਾਂ, ਆਸਾਨ ਪਹੁੰਚ, ਬਿਹਤਰ ਸੰਪਰਕ, ਜ਼ਿਆਦਾ ਸੰਚਾਲਨ ਸਮਰੱਥਾ ਅਤੇ ਆਧੁਨਿਕ ਸਟੇਸ਼ਨ ਢਾਂਚਾ ਤਿਆਰ ਕਰਨਾ ਹੈ। ਇਨ੍ਹਾਂ ਬਦਲਾਵਾਂ ਨਾਲ ਭੀੜ ਘੱਟ ਹੋਵੇਗੀ, ਬਜ਼ੁਰਗਾਂ ਅਤੇ ਦਿਵਿਆਂਗ ਯਾਤਰੀਆਂ ਲਈ ਸਹੂਲਤ ਵਧੇਗੀ ਅਤੇ ਸਟੇਸ਼ਨ ਦਾ ਮਾਹੌਲ ਜ਼ਿਆਦਾ ਆਰਾਮਦਾਇਕ ਤੇ ਭਵਿੱਖ ਲਈ ਤਿਆਰ ਹੋਵੇਗਾ, ਨਾਲ ਹੀ ਖੇਤਰੀ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਅਧਿਕਾਰੀਆਂ ਨੇ ਦੱਸਿਆ ਕਿ ਬੋਰੀਵਲੀ, ਅੰਬਾਲਾ ਅਤੇ ਮੰਗਲੁਰੂ ਵਿੱਚ ਪੁਨਰ-ਵਿਕਾਸ ਦੀਆਂ ਕੋਸ਼ਿਸ਼ਾਂ ਨਾਲ ਯਾਤਰੀਆਂ ਦੇ ਅਨੁਭਵ, ਸੰਚਾਲਨ ਸਮਰੱਥਾ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਵਿੱਚ ਕਾਫ਼ੀ ਸੁਧਾਰ ਹੋਵੇਗਾ। ਹੁਣ ਇਨ੍ਹਾਂ ਪ੍ਰਸਤਾਵਾਂ ’ਤੇ ਅੱਗੇ ਦੀ ਵਿਸਤ੍ਰਿਤ ਜਾਂਚ ਅਤੇ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਤੋਂ ਬਾਅਦ ਦੀ ਯੋਜਨਾ ਅਤੇ ਉਸ ਨੂੰ ਲਾਗੂ ਕਰਨ ਦੇ ਅਗਲੇ ਪੜਾਅ ’ਤੇ ਕੰਮ ਕੀਤਾ ਜਾਵੇਗਾ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2274609)
आगंतुक पटल : 3