ਪੇਂਡੂ ਵਿਕਾਸ ਮੰਤਰਾਲਾ
6 ਕਰੋੜ ਲਖਪਤੀ ਦੀਦੀਆਂ ਦਾ ਟੀਚਾ ਪੂਰਾ ਕਰਨ ਲਈ 700 'ਸ਼ੀ-ਮਾਰਟ' ਅਤੇ 1,000 ਜ਼ਿਲ੍ਹਾ ਫੁਲਫਿਲਮੈਂਟ ਕੇਂਦਰ ਬਣਾਏ ਜਾਣਗੇ
ਪੇਂਡੂ ਵਿਕਾਸ ਸਕੱਤਰ ਨੇ ਡੇ-ਐੱਨਆਰਐੱਲਐੱਮ ਦੇ ਅਧੀਨ ਮਾਰਕਿਟਿੰਗ ਪਹਿਲਕਦਮੀਆਂ ਦੀ ਸਮੀਖਿਆ ਕੀਤੀ; ਔਰਤਾਂ ਦੀ ਅਗਵਾਈ ਵਾਲੇ ਉਦਯੋਗਾਂ ਲਈ ਬਾਜ਼ਾਰ ਤੱਕ ਪਹੁੰਚ ਵਧਾਉਣ ’ਤੇ ਜ਼ੋਰ ਦਿੱਤਾ
ਸਮਰੱਥਾ ਨਿਰਮਾਣ, ਉੱਦਮ ਨੂੰ ਉਤਸ਼ਾਹਿਤ ਕਰਨਾ, ਓ.ਐੱਨ.ਡੀ.ਸੀ. ਨਾਲ ਭਾਈਵਾਲੀ ਅਤੇ ਵਿੱਤੀ ਸਮਾਵੇਸ਼ ਮੁੱਖ ਤਰਜੀਹਾਂ ਬਣੀਆਂ ਰਹਿਣਗੀਆਂ
प्रविष्टि तिथि:
14 JUN 2026 8:52PM by PIB Chandigarh
ਪੇਂਡੂ ਵਿਕਾਸ ਵਿਭਾਗ ਨੇ ਛੇ ਕਰੋੜ ਲਖਪਤੀ ਦੀਦੀਆਂ ਨੂੰ ਤਿਆਰ ਕਰਨ ਲਈ ਇੱਕ ਰਣਨੀਤੀ ਬਣਾਈ ਹੈ। ਇਸ ਰਣਨੀਤੀ ਦੇ ਮੁੱਖ ਤੱਤ ਹਨ: ਉੱਦਮਤਾ ਨੂੰ ਉਤਸ਼ਾਹਿਤ ਕਰਕੇ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨਾ, ਪੇਂਡੂ ਔਰਤਾਂ ਲਈ ਵਿੱਤੀ ਸਮਾਵੇਸ਼ ਨੂੰ ਬਿਹਤਰ ਬਣਾਉਣਾ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਸਮਰੱਥਾ ਨਿਰਮਾਣ, ਮਾਰਕਿਟਿੰਗ ਗਤੀਵਿਧੀਆਂ, ਸਿਖਲਾਈ ਅਤੇ ਹੈਂਡਹੋਲਡਿੰਗ (ਨਿਰੰਤਰ) ਸਹਾਇਤਾ ’ਤੇ ਧਿਆਨ ਦੇਣਾ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਦੇ ਸਕੱਤਰ ਸ਼੍ਰੀ ਰੋਹਿਤ ਕੰਸਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਵਿੱਚ ਇਸ ’ਤੇ ਚਰਚਾ ਕੀਤੀ ਗਈ। ਇਸ ਬੈਠਕ ਦਾ ਮੰਤਵ ਦੀਨਦਿਆਲ ਅੰਤੋਦਿਆ ਯੋਜਨਾ – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੇ-ਐੱਨਆਰਐੱਲਐੱਮ) ਅਤੇ ਇਸ ਦੀਆਂ ਵੱਖ-ਵੱਖ ਉਪ-ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਾ ਸੀ। ਬੈਠਕ ਵਿੱਚ ਸੰਯੁਕਤ ਸਕੱਤਰ ਸੁਸ਼੍ਰੀ ਸਵਾਤੀ ਸ਼ਰਮਾ ਅਤੇ ਸੁਸ਼੍ਰੀ ਜੈਸ਼੍ਰੀ ਐੱਮ.ਜੀ. ਦੇ ਨਾਲ-ਨਾਲ ਪੇਂਡੂ ਆਜੀਵਿਕਾ ਵਿਭਾਗ ਅਤੇ ਰਾਸ਼ਟਰੀ ਮਿਸ਼ਨ ਪ੍ਰਬੰਧਨ ਇਕਾਈ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਗੱਲਬਾਤ ਦਾ ਮੁੱਖ ਮਕਸਦ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਮਾਰਕਿਟਿੰਗ ਈਕੋਸਿਸਟਮ ਬਣਾਉਣਾ ਸੀ। ਇਸ ਨਾਲ ਪੇਂਡੂ ਔਰਤਾਂ ਉਤਪਾਦਕ ਸਿਰਫ਼ ਰੋਜ਼ੀ-ਰੋਟੀ ਕਮਾਉਣ ਤੋਂ ਅੱਗੇ ਵਧ ਕੇ, ਪੇਸ਼ਾਵਰ ਤਰੀਕੇ ਨਾਲ ਮੈਨੇਜ ਕੀਤੇ ਜਾਣ ਵਾਲੇ ਅਤੇ ਭਾਈਚਾਰੇ ਦੀ ਮਲਕੀਅਤ ਵਾਲੇ ਅਜਿਹੇ ਉਦਯੋਗਾਂ ਦੀਆਂ ਮਾਲਕ ਬਣ ਸਕਣਗੀਆਂ, ਜਿਨ੍ਹਾਂ ਦੀ ਸੰਗਠਿਤ ਬਾਜ਼ਾਰਾਂ ਤੱਕ ਲਗਾਤਾਰ ਪਹੁੰਚ ਹੋਵੇ। ਚਰਚਾ ਵਿੱਚ ਭਾਈਚਾਰੇ ਦੀ ਮਲਕੀਅਤ ਵਾਲੇ ਪ੍ਰਚੂਨ ਪ੍ਰਣਾਲੀ ਸਿਸਟਮ, ਇੱਕ ਏਕੀਕ੍ਰਿਤ ਰਾਸ਼ਟਰੀ ਮਾਰਕਿਟਿੰਗ ਪਛਾਣ, ਡਿਜੀਟਲ ਕਾਰੋਬਾਰ ਪਲੇਟਫਾਰਮ, ਮੁੱਖ ਪ੍ਰਚੂਨ ਬੁਨਿਆਦੀ ਢਾਂਚਾ, ਸੰਸਥਾਗਤ ਸਹਾਇਤਾ ਪ੍ਰਣਾਲੀ ਅਤੇ ਸੰਬੰਧਿਤ ਦਿਸ਼ਾ-ਨਿਰਦੇਸ਼ਾਂ ਦੇ ਸੰਚਾਲਨ ਵਰਗੇ ਮੁੱਦਿਆਂ ’ਤੇ ਗੱਲਬਾਤ ਹੋਈ।
ਬੈਠਕ ਵਿੱਚ ਦੱਸਿਆ ਗਿਆ ਕਿ ਵਿਭਾਗ ਸ਼ੀ-ਮਾਰਟਸ ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ 700 ‘ਸ਼ੀ-ਮਾਰਟ’ , 1,000 ਜ਼ਿਲ੍ਹਾ ਫੁਲਫਿਲਮੈਂਟ ਕੇਂਦਰ ਅਤੇ ਉੱਤਮਤਾ ਕੇਂਦਰ ਬਣਾਉਣ ਦੇ ਨਾਲ-ਨਾਲ ਰਾਜ-ਪੱਧਰੀ ਫੈਡਰੇਸ਼ਨਾਂ ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਹੈ।ਸ਼ੀ-ਮਾਰਟ ਨੂੰ ਜ਼ਿਆਦਾ ਸੰਭਾਵਨਾਵਾਂ ਵਾਲੀਆਂ ਵਪਾਰਕ ਥਾਵਾਂ ’ਤੇ ਬਣਾਉਣ ਦਾ ਪ੍ਰਸਤਾਵ ਹੈ, ਜਿੱਥੇ ਸ਼ੀ ਉਤਪਾਦਾਂ ਲਈ ਬਾਜ਼ਾਰ ਤੱਕ ਲਗਾਤਾਰ ਪਹੁੰਚ ਯਕੀਨੀ ਬਣਾਉਣ ਲਈ ਮਜ਼ਬੂਤ ਬੈਕਵਰਡ ਅਤੇ ਫਾਰਵਰਡ ਮਾਰਕੀਟ ਲਿੰਕੇਜ ਹੋਣ। ਕੰਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ, ਸਕੱਤਰ ਜੀ ਨੇ ਗਤੀਵਿਧੀਆਂ ਦਾ ਇੱਕ ਵਿਸਤ੍ਰਿਤ ਸਾਲਾਨਾ ਕੈਲੰਡਰ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸਮਾਂ-ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ’ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਇੱਕ ਵੱਡੇ ਪੁਰਸਕਾਰ ਢਾਂਚੇ ਰਾਹੀਂ ਸ਼ੀ ਮੈਂਬਰਾਂ ਅਤੇ ਭਾਈਚਾਰਕ ਸੰਸਥਾਵਾਂ ਦੇ ਸ਼ਾਨਦਾਰ ਯੋਗਦਾਨ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ’ਤੇ ਵੀ ਜ਼ੋਰ ਦਿੱਤਾ। ਪ੍ਰਸਤਾਵਿਤ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ, ਸਭ ਤੋਂ ਵਧੀਆ ਮਹਿਲਾ ਉੱਦਮੀ, ਸਭ ਤੋਂ ਵਧੀਆ ਡਿਜੀਟਲਾਈਜ਼ੇਸ਼ਨ ਪਹਿਲਕਦਮੀ, ਸਭ ਤੋਂ ਵੱਧ ਸ਼ੀ ਫੰਡ ਟ੍ਰਾਂਸਫਰ ਪ੍ਰਾਪਤੀ, ਲਖਪਤੀ ਦੀਦੀ ਪੁਰਸਕਾਰ ਅਤੇ ਪੇਂਡੂ ਰੋਜ਼ੀ-ਰੋਟੀ ਦੇ ਈਕੋਸਿਸਟਮ ਵਿੱਚ ਉੱਤਮਤਾ ਨੂੰ ਪਛਾਣਨ ਵਾਲੀਆਂ ਹੋਰ ਸ਼੍ਰੇਣੀਆਂ ਸ਼ਾਮਲ ਹਨ।

ਖੇਤੀਬਾੜੀ ਤੋਂ ਇਲਾਵਾ ਰੁਜ਼ਗਾਰ ਅਤੇ ਮਾਰਕਿਟਿੰਗ ਪਹਿਲਕਦਮੀਆਂ ਦੀ ਸਮੀਖਿਆ ਕਰਦੇ ਹੋਏ, ਸਕੱਤਰ ਨੇ ਸੋਧੀਆਂ ਹੋਈਆਂ 'ਸਰਸ ਮੇਲਾ ਦਿਸ਼ਾ-ਨਿਰਦੇਸ਼ ਬਣਾਉਣ ਅਤੇ ਜਾਰੀ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੇ ਨਾਲ ਹੀ ਸ਼ੀ ਉਤਪਾਦਾਂ ਦੀ ਵਿੱਕਰੀ ਦੇ ਮੌਕਿਆਂ ਅਤੇ ਬਾਜ਼ਾਰ ਤੱਕ ਪਹੁੰਚ ਨੂੰ ਵਧਾਉਣ ਲਈ ਰਾਸ਼ਟਰੀ ਅਤੇ ਰਾਜ ਦੋਵਾਂ ਪੱਧਰਾਂ ’ਤੇ ਸਰਸ ਮੇਲਿਆਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ‘ਪ੍ਰੋਡਿਊਸਰ ਗਰੁੱਪ ਐਪ’ ਲਾਂਚ ਕਰਨ ਅਤੇ ‘ਜਨ ਸਮਰਥ ਪੋਰਟਲ’ ਰਾਹੀਂ ਜਮ੍ਹਾਂ ਕੀਤੇ ਗਏ ਕਰਜ਼ਾ ਬੇਨਤੀਆਂ ਵਿੱਚ ਹੋਣ ਵਾਲੀ ਦੇਰੀ ਨੂੰ ਦੂਰ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਨੇ ਡੇ-ਐਨਆਰਐਲਐਮ ਕ੍ਰੈਡਿਟ-ਲਿੰਕਡ ਸਕੀਮ ਬਾਰੇ ਬੈਂਕਰਾਂ ਵਿਚਕਾਰ ਜਾਗਰੂਕਤਾ ਵਧਾਉਣ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।
ਸਮੀਖਿਆ ਵਿੱਚ ‘ਸਰਸ ਆਜੀਵਿਕਾ’ ਲਈ ਪ੍ਰਸਤਾਵਿਤ ਏਕੀਕ੍ਰਿਤ ਰਾਸ਼ਟਰੀ ਮਾਰਕਿਟਿੰਗ ਪਛਾਣ ਦੀ ਵੀ ਸਮੀਖਿਆ ਕੀਤੀ ਗਈ। ਇਸ ਦਾ ਉਦੇਸ਼ ਖਿੰਡੀ ਹੋਈ ਬ੍ਰਾਂਡਿੰਗ ਨੂੰ ਇੱਕ ਹੀ, ਪ੍ਰੀਮੀਅਮ ਅਤੇ ਸੱਭਿਆਚਾਰਕ ਤੌਰ ’ਤੇ ਜੁੜੇ ਰਾਸ਼ਟਰੀ ਬ੍ਰਾਂਡ ਵਿੱਚ ਬਦਲਣਾ ਹੈ।ਇਸ ਪਹਿਲਕਦਮੀ ਦਾ ਉਦੇਸ਼ ਬਿਹਤਰ ਉਤਪਾਦ ਸਥਿਤੀ ਅਤੇ ਵਧੀਆ ਪੈਕੇਜਿੰਗ ਰਾਹੀਂ ਬਾਜ਼ਾਰ ਵਿੱਚ ਪਛਾਣ ਵਧਾਉਣਾ ਹੈ, ਜੋ ਉਤਪਾਦਾਂ ਦੇ ਪਿੱਛੇ ਦੇ ਕਾਰੀਗਰਾਂ ਅਤੇ ਭਾਈਚਾਰਿਆਂ ਨੂੰ ਉਜਾਗਰ ਕਰੇ।
ਮੁੜ -ਡਿਜਾਈਨ ਕੀਤੇ ਗਏ 'ਈ-ਸਰਸ' ਪੋਰਟਲ ’ਤੇ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਦੀ ਡਿਜੀਟਲ ਪਹੁੰਚ ਵਧਾਉਣ ਲਈ ਇਸ ਪਲੇਟਫਾਰਮ ਨੂੰ ਸਿੰਗਲ-ਵੈਂਡਰ ਵੈੱਬਸਾਈਟ ਤੋਂ ਬਦਲ ਕੇ ਮਲਟੀ- ਵਿਕਰੇਤਾ, ਓਮਨੀ-ਚੈਨਲ ਮਾਰਕੀਟਪਲੇਸ ਬਣਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ, ਨਵੀਂ ਦਿੱਲੀ ਦੇ ਕਨਾਟ ਪਲੇਸ ਵਿੱਚ ਪ੍ਰਮੁੱਖ ‘ਸਰਸ ਗੈਲਰੀ’ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀਆਂ ਯੋਜਨਾਵਾਂ ’ਤੇ ਵੀ ਚਰਚਾ ਹੋਈ। ਇਸ ਵਿੱਚ ਗਾਹਕਾਂ ਨੂੰ ਬਿਹਤਰ ਅਨੁਭਵ ਦੇਣ ਅਤੇ ਪ੍ਰਚੂਨ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਗਿਆ।
ਉਤਪਾਦ ਨਵੀਨਤਾ, ਡਿਜਾਈਨ ਵਿਕਾਸ, ਪੈਕੇਜਿੰਗ ਵਿੱਚ ਸੁਧਾਰ, ਗੁਣਵੱਤਾ ਦੀ ਪਾਲਣਾ ਅਤੇ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਹੱਬ ਬਣਾਉਣ ਦੇ ਪ੍ਰਸਤਾਵ ’ਤੇ ਵੀ ਵਿਚਾਰ ਕੀਤਾ ਗਿਆ। ਉਮੀਦ ਹੈ ਕਿ ਇਹ ਹੱਬ ਉਤਪਾਦਾਂ ਦੀ ਮੁਕਾਬਲੇਬਾਜ਼ੀ ਅਤੇ ਬਾਜ਼ਾਰ ਵਿੱਚ ਉਨ੍ਹਾਂ ਦੀ ਤਿਆਰੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਬੈਠਕ ਦਾ ਇੱਕ ਮੁੱਖ ਹਿੱਸਾ ਹਰ ਪਹਿਲਕਦਮੀ ਲਈ ਵਿਸਤ੍ਰਿਤ ਕਾਰਜਕਾਰੀ ਦਿਸ਼ਾ-ਨਿਰਦੇਸ਼ ਪੇਸ਼ ਕਰਨਾ ਸੀ। ਇਹ ਦਿਸ਼ਾ-ਨਿਰਦੇਸ਼ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕ ਸਾਂਝੀ ਰੂਪ-ਰੇਖਾ, ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਤੇ ਸਪਸ਼ਟ ਤੌਰ ’ਤੇ ਤੈਅ ਭੂਮਿਕਾਵਾਂ, ਸਮਾਂ-ਸੀਮਾ ਅਤੇ ਪ੍ਰਕਿਰਿਆਵਾਂ ਪ੍ਰਦਾਨ ਕਰਦੇ ਹਨ, ਤਾਂ ਜੋ ਇਨ੍ਹਾਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਲਣਾ ਹੋ ਸਕੇ ਅਤੇ ਮਿੱਥੇ ਗਏ ਨਤੀਜੇ ਸਮੇਂ ਸਿਰ ਮਿਲ ਸਕਣ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੰਮ ਨੂੰ ਅੱਗੇ ਵਧਾਉਣ ਅਤੇ ਮੰਤਰਾਲੇ ਵੱਲੋਂ ਰਣਨੀਤਕ ਮਾਰਗ-ਦਰਸ਼ਨ ਅਤੇ ਸਹਾਇਤਾ ਮਿਲਣ ਨਾਲ, ਇਨ੍ਹਾਂ ਯਤਨਾਂ ਸਦਕਾ ਪੇਂਡੂ ਮਹਿਲਾ ਉੱਦਮੀਆਂ ਲਈ ਬਾਜ਼ਾਰ ਤੱਕ ਪਹੁੰਚ ਕਾਫ਼ੀ ਮਜ਼ਬੂਤ ਹੋਣ ਅਤੇ ਸ਼ੀ ਉਤਪਾਦਾਂ ਨੂੰ ਪ੍ਰੀਮੀਅਮ ਰਾਸ਼ਟਰੀ ਅਤੇ ਵਿਸ਼ਵ ਬਾਜ਼ਾਰਾਂ ਵਿੱਚ ਸਫ਼ਲਤਾ ਦਿਵਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

*****
ਆਰ ਸੀ/ਪੀਯੂ
(रिलीज़ आईडी: 2273872)
आगंतुक पटल : 5