ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
15 JUN 2026 5:40PM by PIB Chandigarh
ਅੱਜ ਇਤਿਹਾਸਕ ਬ੍ਰਾਤੀਸਲਾਵਾ ਕਿਲ੍ਹੇ ਵਿੱਚ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬਰਟ ਫਿਕੋ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਪਹੁੰਚਣ ’ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ।
ਦੋਵਾਂ ਆਗੂਆਂ ਨੇ ਆਹਮੋ-ਸਾਹਮਣੇ ਅਤੇ ਵਫ਼ਦ-ਪੱਧਰੀ ਗੱਲਬਾਤ ਕੀਤੀ। ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਦਾ ਸਵਾਗਤ ਕੀਤਾ, ਜੋ ਕਿ ਦੁਵੱਲੇ ਸਬੰਧਾਂ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਣ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਸਾਂਝੇ ਮੁੱਲਾਂ ਅਤੇ ਸਦੀਆਂ ਪੁਰਾਣੀ ਦੋਸਤੀ ਨੂੰ ਦਰਸਾਉਂਦਾ ਹੈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਪੁਲਾੜ , ਸਿਵਲ ਪਰਮਾਣੂ ਊਰਜਾ, ਨਵਿਆਉਣਯੋਗ ਊਰਜਾ, ਡਿਜੀਟਲ ਨਵੀਨਤਾ, ਅਕਾਦਮਿਕ ਆਦਾਨ-ਪ੍ਰਦਾਨ, ਸੱਭਿਆਚਾਰ ਅਤੇ ਪ੍ਰਤਿਭਾ ਦਾ ਆਦਾਨ-ਪ੍ਰਦਾਨ ਸਮੇਤ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਨਵੀਂਆਂ ਅਤੇ ਉੱਭਰਦੀਆਂ ਤਕਨਾਲੋਜੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੁਪਰ ਕੰਪਿਊਟਰਾਂ ਵਰਗੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ।
ਪ੍ਰਧਾਨ ਮੰਤਰੀ ਨੇ ਅਪ੍ਰੈਲ, 2025 ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਸਲੋਵਾਕੀਆ ਵੱਲੋਂ ਦਿਖਾਈ ਗਈ ਇੱਕਜੁੱਟਤਾ ਅਤੇ ਸਮਰਥਨ ਲਈ ਪ੍ਰਧਾਨ ਮੰਤਰੀ ਫਿਕੋ ਦਾ ਧੰਨਵਾਦ ਕੀਤਾ। ਇਹ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਦੋਵਾਂ ਦੇਸ਼ਾਂ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੋਵਾਂ ਆਗੂਆਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਬਹੁ-ਪੱਖੀਵਾਦ ਅਤੇ ਵਿਸ਼ਵ-ਵਿਆਪੀ ਸ਼ਾਸਨ ਸੰਸਥਾਵਾਂ ਦੇ ਸੁਧਾਰ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਦੋਵਾਂ ਆਗੂਆਂ ਨੇ ਹਾਲ ਹੀ ਵਿੱਚ ਹੋਏ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੇ ਉਤਸ਼ਾਹਜਨਕ ਨਤੀਜਿਆਂ ’ਤੇ ਡੂੰਘੀ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਇਤਿਹਾਸਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਦੇ ਸਫ਼ਲਤਾਪੂਰਵਕ ਨੇਪਰੇ ਚੜ੍ਹਨ ਅਤੇ ਸਾਂਝੇ ਵਿਆਪਕ ਰਣਨੀਤਕ ਏਜੰਡੇ ਨੂੰ ਅਪਣਾਉਣ ਦਾ ਵੀ ਸਵਾਗਤ ਕੀਤਾ, ਜੋ ਕਿ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਗੱਲਬਾਤ ਤੋਂ ਬਾਅਦ, ਡਿਜੀਟਲ ਤਕਨਾਲੋਜੀ, ਲੇਬਰ ਪ੍ਰਵਾਸ, ਉੱਚ ਸਿੱਖਿਆ ਤੇ ਖੋਜ ਅਤੇ ਆਡੀਓ-ਵਿਜ਼ੂਅਲ ਦੇ ਨਿਰਮਾਣ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਹੋਇਆ। ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਸਹਿਮਤੀ ਪੱਤਰ ਦਾ ਵੀ ਆਦਾਨ-ਪ੍ਰਦਾਨ ਕੀਤਾ ਗਿਆ। ਇਹ ਵੀ ਸਹਿਮਤੀ ਬਣੀ ਕਿ ਭਾਰਤ ਕੋਸਿਸੇ ਟੈਕਨੀਕਲ ਯੂਨੀਵਰਸਿਟੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਹਿਲੀ ਚੇਅਰ ਸਥਾਪਿਤ ਕਰੇਗਾ।
ਪ੍ਰਧਾਨ ਮੰਤਰੀ ਸ਼੍ਰੀ ਫਿਕੋ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸਨਮਾਨ ਵਿੱਚ ਖਾਣੇ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੇ ਮੇਜ਼ਬਾਨ ਨੂੰ ਆਪਸੀ ਸਹਿਮਤੀ ਨਾਲ ਤੈਅ ਕੀਤੀ ਜਾਣ ਵਾਲੀ ਮਿਤੀ ’ਤੇ ਭਾਰਤ ਆਉਣ ਦਾ ਸੱਦਾ ਦਿੱਤਾ।
******
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2273616)
आगंतुक पटल : 7
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada