ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਰਕਾਰ ਨੇ ਰਾਸ਼ਟਰੀ ਖੇਡ ਪ੍ਰਸ਼ਾਸਨ ਬੋਰਡ ਨਿਯਮਾਂ ਅਤੇ ਰਾਸ਼ਟਰੀ ਖੇਡ ਟ੍ਰਿਬਿਊਨਲ ਨਿਯਮਾਂ, 2026 ਨੂੰ ਅਧਿਸੂਚਿਤ ਕੀਤਾ


ਰਾਸ਼ਟਰੀ ਖੇਡ ਸੰਸਥਾਵਾਂ ਦੀ ਮਾਨਤਾ ਅਤੇ ਸ਼ਾਸਨ ਦੇ ਮਾਪਦੰਡਾਂ ਦੀ ਦੇਖ-ਰੇਖ ਲਈ ਰਾਸ਼ਟਰੀ ਖੇਡ ਬੋਰਡ

ਖੇਡ ਵਿਵਾਦਾਂ ਦੇ ਤੇਜ਼, ਸੁਤੰਤਰ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਖੇਡ ਟ੍ਰਿਬਿਊਨਲ

Posted On: 26 MAY 2026 8:01AM by PIB Chandigarh

ਕੇਂਦਰ ਸਰਕਾਰ ਨੇ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ, 2025 ਦੇ ਪ੍ਰਾਵਧਾਨਾਂ ਤਹਿਤ ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਬੋਰਡ) ਨਿਯਮ, 2026 ਅਤੇ ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਟ੍ਰਿਬਿਊਨਲ) ਨਿਯਮ, 2026 ਨੂੰ ਅਧਿਸੂਚਿਤ ਕੀਤਾ ਹੈ।

ਰਾਸ਼ਟਰੀ ਖੇਡ ਪ੍ਰਸ਼ਾਸਨ ਰਾਸ਼ਟਰੀ ਖੇਡ ਬੋਰਡ ਨਿਯਮ 2026 ਵਿੱਚ ਬੋਰਡ ਦੇ ਢਾਂਚੇ, ਚੇਅਰਪਰਸਨ ਅਤੇ ਮੈਂਬਰਾਂ ਦੇ ਕਾਰਜਕਾਲ, ਤਨਖਾਹਾਂ, ਭੱਤੇ ਅਤੇ ਸੇਵਾ ਦੀਆਂ ਹੋਰ ਸ਼ਰਤਾਂ ਦੇ ਨਾਲ-ਨਾਲ ਬੋਰਡ ਦੀਆਂ ਤਾਕਤਾਂ ਅਤੇ ਕੰਮਾਂ ਦਾ ਪ੍ਰਾਵਧਾਨ ਹੈ।

ਨਿਯਮਾਂ ਦੇ ਅਨੁਸਾਰ, ਰਾਸ਼ਟਰੀ ਖੇਡ ਬੋਰਡ ਵਿੱਚ ਇੱਕ ਚੇਅਰਪਰਸਨ ਅਤੇ ਦੋ ਮੈਂਬਰ ਹੋਣਗੇ, ਜਿਨ੍ਹਾਂ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੇਡ ਬੋਰਡ (ਖੋਜ-ਸਹਿ-ਚੋਣ ਕਮੇਟੀ) ਨਿਯਮ, 2026 ਦੇ ਤਹਿਤ ਗਠਿਤ ਖੋਜ-ਸਹਿ-ਚੋਣ ਕਮੇਟੀ ਵੱਲੋਂ ਸਿਫ਼ਾਰਿਸ਼ ਕੀਤੇ ਗਏ ਨਾਵਾਂ ਦੇ ਪੈਨਲ ਨਾਲ ਕੀਤੀ ਜਾਵੇਗੀ।

ਰਾਸ਼ਟਰੀ ਖੇਡ ਬੋਰਡ ਰਾਸ਼ਟਰੀ ਖੇਡ ਸੰਸਥਾਵਾਂ ਨੂੰ ਮਾਨਤਾ ਪ੍ਰਦਾਨ ਕਰਨ ਅਤੇ ਸ਼ਾਸਨ, ਵਿੱਤੀ ਅਤੇ ਨੈਤਿਕ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਅਥਾਰਟੀ ਵਜੋਂ ਕੰਮ ਕਰੇਗਾ।

ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਟ੍ਰਿਬਿਊਨਲ) ਨਿਯਮ, 2026 ਵਿੱਚ ਟ੍ਰਿਬਿਊਨਲ ਦੇ ਚੇਅਰਪਰਸਨ ਅਤੇ ਮੈਂਬਰਾਂ ਦੇ ਕਾਰਜਕਾਲ, ਉਨ੍ਹਾਂ ਦੀ ਨਿਯੁਕਤੀ ਅਤੇ ਮੁੜ-ਨਿਯੁਕਤੀ ਪ੍ਰਕਿਰਿਆ, ਤਨਖਾਹਾਂ ਅਤੇ ਭੱਤੇ, ਸੇਵਾ ਸ਼ਰਤਾਂ ਅਤੇ ਟ੍ਰਿਬਿਊਨਲ ਦੀਆਂ ਤਾਕਤਾਂ ਦਾ ਪ੍ਰਾਵਧਾਨ ਹੈ।

ਇਨ੍ਹਾਂ ਨਿਯਮਾਂ ਵਿੱਚ ਡਿਜੀਟਲ ਲਾਗੂਕਰਨ ਲਈ ਤਕਨੀਕੀ-ਕਾਨੂੰਨੀ ਉਪਾਅ ਵੀ ਸ਼ਾਮਿਲ ਹਨ, ਜਿਨ੍ਹਾਂ ਵਿੱਚ ਵਿਵਾਦਾਂ, ਨੋਟਿਸਾਂ, ਪ੍ਰਤੀਕਿਰਿਆਵਾਂ, ਦਸਤਾਵੇਜਾਂ ਅਤੇ ਸਪਸ਼ਟੀਕਰਨ ਨੂੰ ਪੇਸ਼ ਕਰਨ ਲਈ ਕੇਂਦਰ ਸਰਕਾਰ ਵੱਲੋਂ ਇੱਕ ਸਮਰਪਿਤ ਪੋਰਟਲ ਦੀ ਸੂਚਨਾ, ਨਾਲ ਹੀ ਟ੍ਰਿਬਿਊਨਲ ਦੇ ਸੰਚਾਰ, ਆਦੇਸ਼ਾਂ ਦਾ ਪ੍ਰਕਾਸ਼ਨ, ਵਰਚੁਅਲ ਸੁਣਵਾਈ ਅਤੇ ਕਾਰਵਾਈ ਅਤੇ ਆਦੇਸ਼ਾਂ ਨਾਲ ਸਬੰਧਿਤ ਰਿਕਾਰਡਾਂ ਦੀ ਦੇਖਭਾਲ ਵੀ ਸ਼ਾਮਿਲ ਹੈ।

ਰਾਸ਼ਟਰੀ ਖੇਡ ਟ੍ਰਿਬਿਊਨਲ ਦੇਸ਼ ਵਿੱਚ ਖੇਡ ਸਬੰਧੀ ਵਿਵਾਦਾਂ ਲਈ ਇੱਕ ਸਮਰਪਿਤ ਨਿਆਇਕ ਸੰਸਥਾ ਵਜੋਂ ਕੰਮ ਕਰੇਗਾ। ਇਸ ਦਾ ਮੰਤਵ ਦੀਵਾਨੀ ਅਦਾਲਤਾਂ ’ਤੇ ਨਿਰਭਰਤਾ ਘੱਟ ਕਰਨਾ ਅਤੇ ਖੇਡ ਪ੍ਰਸ਼ਾਸਨ ਨਾਲ ਸਬੰਧਿਤ ਵਿਵਾਦਾਂ ਦਾ ਸੁਤੰਤਰ, ਤੇਜ਼, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਤਰੀਕਿਆਂ ਨਾਲ ਨਿਪਟਾਰਾ ਯਕੀਨੀ ਬਣਾਉਣਾ ਹੈ।

ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਟ੍ਰਿਬਿਊਨਲ ਮੁਕੱਦਮਿਆਂ ਦੀ ਬਹੁਤਾਤ ਨੂੰ ਘੱਟ ਕਰੇਗਾ ਅਤੇ ਖੇਡ ਵਿਵਾਦਾਂ ਦੇ ਤੇਜ਼, ਸਰਲ ਅਤੇ ਵਧੇਰੇ ਸੌਖੇ ਹੱਲ ਲਈ ਇੱਕ ਸਿੰਗਲ-ਵਿੰਡੋ ਵਿਵਸਥਾ ਪ੍ਰਦਾਨ ਕਰੇਗਾ।

ਰਾਸ਼ਟਰੀ ਖੇਡ ਟ੍ਰਿਬਿਊਨਲ 2026 ਦੇ ਸੂਚਿਤ ਨਿਯਮਾਂ ਦਾ ਵੇਰਵਾ ਇੱਥੇ ਪੜ੍ਹਿਆ ਜਾ ਸਕਦਾ ਹੈ:

https://egazette.gov.in/WriteReadData/2026/272847.pdf

ਰਾਸ਼ਟਰੀ ਖੇਡ ਬੋਰਡ 2026 ਦੇ ਅਧਿਸੂਚਿਤ ਨਿਯਮਾਂ ਦਾ ਵੇਰਵਾ ਇੱਥੇ ਪੜ੍ਹਿਆ ਜਾ ਸਕਦਾ ਹੈ:

https://egazette.gov.in/WriteReadData/2026/272844.pdf

*******

ਆਯੂਸ਼ਮਾਨ ਕੁਮਾਰ


(Release ID: 2265517) ਵਿਜ਼ੀਟਰ ਕਾਊਂਟਰ : 8