ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 2024 ਬੈਚ ਦੇ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਹਮਦਰਦੀ ਅਤੇ ਤਰਕਸ਼ੀਲਤਾ ਦਾ ਸੁਮੇਲ ਕਰੋ; ਭਾਵੁਕ ਹੋਏ ਬਿਨਾਂ ਸੰਵੇਦਨਸ਼ੀਲ ਬਣੋ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਆਈ.ਏ.ਐੱਸ. ਅਧਿਕਾਰੀਆਂ ਨੂੰ ਸੰਬੋਧਨ ਕੀਤਾ

Posted On: 20 MAY 2026 1:50PM by PIB Chandigarh

ਵਰਤਮਾਨ ਵਿੱਚ ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਾਇਕ ਸਕੱਤਰਾਂ ਵਜੋਂ ਕੰਮ ਕਰ ਰਹੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 2024 ਬੈਚ ਦੇ ਅਧਿਕਾਰੀਆਂ ਦੇ ਇੱਕ ਸਮੂਹ ਨੇ ਅੱਜ (20 ਮਈ, 2026) ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਨੇ ਆਈ.ਏ.ਐੱਸ. ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਖਿਲ ਭਾਰਤੀ ਸੇਵਾਵਾਂ, ਖਾਸ ਕਰਕੇ ਆਈ.ਏ.ਐੱਸ. ਅਧਿਕਾਰੀਆਂ ਨੇ ਸਾਡੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹੁਣ ਜਦੋਂ ਦੇਸ਼ ਵਿਕਾਸ ਦੇ ਉੱਚੇ ਪੱਧਰ 'ਤੇ ਪਹੁੰਚ ਚੁੱਕਾ ਹੈ ਤਾਂ ਅਧਿਕਾਰੀਆਂ ਤੋਂ ਉਮੀਦਾਂ ਵੀ ਵਧੇਰੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਅਧਿਕਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਦਾ ਇੱਕ ਵਿਲੱਖਣ ਮੌਕਾ ਮਿਲੇਗਾ। ਕਈ ਮੌਕਿਆਂ 'ਤੇ ਉਹ ਵਿਸ਼ੇਸ਼ ਖੇਤਰਾਂ ਵਿੱਚ ਮਾਹਰਾਂ ਦੀਆਂ ਟੀਮਾਂ ਦੀ ਅਗਵਾਈ ਕਰਨਗੇ। ਇਸ ਲਈ, ਉਨ੍ਹਾਂ ਦੇ ਸਿੱਖਣ ਦਾ ਦਾਇਰਾ ਅਤੇ ਗਤੀ ਬਹੁਤ ਵਿਆਪਕ ਅਤੇ ਤੇਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੱਖ-ਵੱਖ ਖੇਤਰਾਂ ਅਤੇ ਹਾਲਾਤ ਦੇ ਅਨੁਕੂਲ ਢਲਣ ਦੀ ਉਨ੍ਹਾਂ ਦੀ ਸਮਰੱਥਾ ਅਸਾਧਾਰਨ ਹੋਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਕਾਰੀਆਂ ਦੀ ਨਿਰਪੱਖਤਾ ਉਨ੍ਹਾਂ ਦੀ ਇਨਸਾਫ਼ਪਸੰਦੀ ਦਾ ਸੂਚਕ ਹੋਵੇਗੀ। ਉਨ੍ਹਾਂ ਦੀ ਸੰਵੇਦਨਸ਼ੀਲਤਾ ਸਭ ਨੂੰ ਨਾਲ ਲੈ ਕੇ ਚੱਲਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਮਾਪਦੰਡ ਹੋਵੇਗੀ। ਉਨ੍ਹਾਂ ਦੀ ਭਰੋਸੇਯੋਗਤਾ ਉਨ੍ਹਾਂ ਦੀ ਪਾਰਦਰਸ਼ਤਾ ਅਤੇ ਨਿਰੰਤਰ ਕਾਰਜਕੁਸ਼ਲਤਾ 'ਤੇ ਅਧਾਰਤ ਹੋਵੇਗੀ। ਉਨ੍ਹਾਂ ਦੇ ਨਿੱਜੀ ਅਤੇ ਪੇਸ਼ਾਵਰ ਵਿਵਹਾਰ ਨਾਲ ਨਿਰਧਾਰਤ ਉਨ੍ਹਾਂ ਦੀ ਇਮਾਨਦਾਰੀ ਉਨ੍ਹਾਂ ਨੂੰ ਲੋਕ ਹਿਤ ਵਿੱਚ ਫੈਸਲਾਕੁਨ ਕਾਰਵਾਈ ਕਰਨ ਦਾ ਨੈਤਿਕ ਹੌਸਲਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਦਇਆ ਅਤੇ ਤਰਕਸ਼ੀਲਤਾ ਦਾ ਸੁਮੇਲ ਕਰਨਾ ਹੋਵੇਗਾ। ਉਨ੍ਹਾਂ ਨੂੰ ਭਾਵੁਕ ਹੋਏ ਬਿਨਾਂ ਸੰਵੇਦਨਸ਼ੀਲ ਹੋਣਾ ਪਵੇਗਾ। ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ, ਪਰ ਵਿਆਪਕ ਉਦੇਸ਼ਾਂ ਨੂੰ ਭੁੱਲਣਾ ਨਹੀਂ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਨੈਤਿਕਤਾ ਅਤੇ ਸੁਸ਼ਾਸਨ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਅਧਿਕਾਰੀਆਂ ਨੂੰ ਇਮਾਨਦਾਰ ਅਤੇ ਨੈਤਿਕ ਹੋਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੂੰ ਨਤੀਜੇ ਵੀ ਦੇਣੇ ਹੋਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਫੈਸਲੇ ਲੈਣ ਤੋਂ ਬਚਣਾ ਨੈਤਿਕਤਾ ਨਹੀਂ ਹੈ, ਸਗੋਂ ਲੋਕ ਹਿਤ ਅਤੇ ਸਥਾਪਿਤ ਵਿਵਸਥਾ ਦੇ ਅਨੁਕੂਲ ਸਹੀ ਫੈਸਲੇ ਲੈਣਾ ਹੀ ਨੈਤਿਕਤਾ ਦਾ ਅਸਲ ਨਿਚੋੜ ਹੈ। ਜਿਸ ਤਰ੍ਹਾਂ ਨਿਆਂ ਮਿਲਣ ਵਿੱਚ ਦੇਰੀ ਨੂੰ ਨਿਆਂ ਤੋਂ ਵਾਂਝਾ ਕਰਨਾ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਪ੍ਰਸ਼ਾਸਨਿਕ ਫੈਸਲੇ ਲੈਣ ਵਿੱਚ ਦੇਰੀ ਵੀ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝਾ ਕਰਨ ਦੇ ਬਰਾਬਰ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਲੋਕਤੰਤਰ ਦਾ ਉਦੇਸ਼ ਜਨਤਾ ਦੀਆਂ ਇੱਛਾਵਾਂ ਨੂੰ ਸਾਕਾਰ ਕਰਨਾ ਹੈ। ਇਹ ਇੱਛਾਵਾਂ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ਇਸ ਲਈ ਅਧਿਕਾਰੀਆਂ ਦਾ ਇਹ ਫਰਜ਼ ਹੈ ਕਿ ਉਹ ਜਨਤਾ ਦੇ ਹਿਤ ਵਿੱਚ ਇਨ੍ਹਾਂ ਨੁਮਾਇੰਦਿਆਂ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਪਹਿਲ ਦੇਣ।

ਰਾਸ਼ਟਰਪਤੀ ਨੇ ਕਿਹਾ ਕਿ ਵਗਦੀ ਧਾਰਾ ਦੇ ਨਾਲ ਵਹਿੰਦੇ ਰਹਿਣ ਵਿੱਚ ਕੋਈ ਮਿਹਨਤ ਨਹੀਂ ਲੱਗਦੀ। 'ਵਿਕਸਿਤ ਭਾਰਤ' ਦੇ ਟੀਚੇ ਨੂੰ ਹਾਸਲ ਕਰਨ ਅਤੇ ਸਾਡੇ ਸਮਾਜ ਨੂੰ ਤਰੱਕੀ ਦੇ ਸਿਖਰ 'ਤੇ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਅਕਸਰ ਉਲਟ ਹਾਲਾਤ ਵਿੱਚ ਵੀ ਸੰਘਰਸ਼ ਕਰਦੇ ਹੋਏ ਅੱਗੇ ਵਧਣਾ ਪਵੇਗਾ। ਉਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਭਾਰਤ ਦੀ ਜਨਤਾ, ਖਾਸ ਕਰਕੇ ਸਮਾਜ ਦੇ ਵਾਂਝੇ ਵਰਗਾਂ ਨੂੰ ਆਪਣੇ ਵਿਚਾਰਾਂ ਅਤੇ ਕੰਮਾਂ ਦੇ ਕੇਂਦਰ ਵਿੱਚ ਰੱਖਣ, ਚਾਹੇ ਉਹ ਖੇਤਰ ਵਿੱਚ ਹੋਣ ਜਾਂ ਦਫ਼ਤਰ ਵਿੱਚ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਉਹ ਵਿਕਸਿਤ ਅਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਵਿੱਚ ਅਣਮੁੱਲਾ ਯੋਗਦਾਨ ਦੇਣਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

****

ਐੱਮਜੇਪੀਐੱਸ/ਐੱਸਐੰਸ/ਪੀਆਰਕੇ


(Release ID: 2263584) ਵਿਜ਼ੀਟਰ ਕਾਊਂਟਰ : 11