ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਚੇਨੱਈ ਉਪਨਗਰੀ ਰੇਲ ਨੈੱਟਵਰਕ ਨੂੰ ਹੁਲਾਰਾ ਦੇਣ ਲਈ 993 ਕਰੋੜ ਰੁਪਏ ਦੇ ਅਰਾਕਕੋਨਮ-ਚੇਂਗਲਪੱਟੂ ਡਬਲਿੰਗ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ
ਅਰਾਕਕੋਨਮ -ਚੇਂਗਲਪੱਟੂ ਡਬਲਿੰਗ ਪ੍ਰੋਜੈਕਟ ਨਾਲ ਯਾਤਰੀਆਂ ਦੀ ਆਵਾਜਾਈ ਸੁਖਾਲੀ ਹੋਵੇਗੀ, ਭੀੜ ਘਟੇਗੀ ਅਤੇ ਸੀਮਿੰਟ, ਆਟੋਮੋਬਾਈਲ ਤੇ ਅਨਾਜ ਦੀ ਢੋਆ-ਢੁਆਈ ਨੂੰ ਹੁਲਾਰਾ ਮਿਲੇਗਾ: ਅਸ਼ਵਿਨੀ ਵੈਸ਼ਣਵ
Posted On:
19 MAY 2026 11:05AM by PIB Chandigarh
ਭਾਰਤੀ ਰੇਲਵੇ ਨੇ ਦੱਖਣੀ ਰੇਲਵੇ ਦੇ 993 ਕਰੋੜ ਰੁਪਏ ਦੀ ਲਾਗਤ ਵਾਲੇ ਅਰਾਕਕੋਨਮ -ਚੇਂਗਲਪੱਟੂ ਡਬਲਿੰਗ ਪ੍ਰੋਜੈਕਟ (68 ਕਿੱਲੋਮੀਟਰ) ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਸੁਰੱਖਿਅਤ, ਤੇਜ਼ ਅਤੇ ਵਧੇਰੇ ਕੁਸ਼ਲ ਰੇਲ ਆਵਾਜਾਈ ਦੀ ਦਿਸ਼ਾ ਵਿੱਚ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ। ਇਹ ਹਿੱਸਾ ਚੇਨੱਈ ਸਮੁੰਦਰੀ ਤਟ, ਤਾਂਬਰਮ, ਚੇਂਗਲਪੱਟੂ ਅਤੇ ਅਰਾਕਕੋਨਮ ਨੂੰ ਜੋੜਨ ਵਾਲੇ ਮਹੱਤਵਪੂਰਨ ਚੇਨੱਈ ਉਪਨਗਰੀ ਸਰਕੂਲਰ ਰੇਲ ਨੈੱਟਵਰਕ ਦਾ ਹਿੱਸਾ ਹੈ।
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਅਰਾਕਕੋਨਮ-ਚੇਂਗਲਪੱਟੂ ਡਬਲਿੰਗ ਪ੍ਰੋਜੈਕਟ ਵਿਅਸਤ ਚੇਨੱਈ ਉਪਨਗਰੀ ਰੇਲ ਨੈੱਟਵਰਕ ’ਤੇ ਭੀੜ-ਭੜੱਕਾ ਘਟਾਉਣ ਅਤੇ ਸਮਾਂਬੱਧਤਾ ਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਕੌਰੀਡੋਰ ’ਤੇ ਯਾਤਰੀ ਅਤੇ ਮਾਲ ਢੋਆ-ਢੁਆਈ ਦੋਵਾਂ ਨੂੰ ਮਜ਼ਬੂਤੀ ਮਿਲੇਗੀ, ਜਿਸ ਨਾਲ ਸੀਮਿੰਟ, ਆਟੋਮੋਬਾਈਲ, ਅਨਾਜ, ਲੋਹਾ ਅਤੇ ਸਟੀਲ ਸਮੇਤ ਪ੍ਰਮੁੱਖ ਵਸਤੂਆਂ ਦੀ ਢੋਆ-ਢੁਆਈ ਨੂੰ ਲਾਭ ਹੋਵੇਗਾ।
ਵਰਤਮਾਨ ਵਿੱਚ, ਮੌਜੂਦਾ ਡਬਲ ਲਾਈਨ ਦੀ ਪੂਰੀ ਵਰਤੋਂ ਹੋ ਰਹੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਆਵਾਜਾਈ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ, ਜਿਸ ਦੇ ਲਈ ਵਾਧੂ ਬੁਨਿਆਦੀ ਢਾਂਚੇ ਦੇ ਵਿਸਤਾਰ ਦੀ ਲੋੜ ਹੋਵੇਗੀ। ਡਬਲਿੰਗ ਦੇ ਕੰਮ ਨਾਲ ਰੇਲਗੱਡੀਆਂ ਦੇ ਖੜ੍ਹਨ (ਰੁਕਣ) ਦਾ ਸਮਾਂ ਘਟੇਗਾ, ਸਮੇਂ ਦੀ ਪਾਬੰਦੀ ਵਿੱਚ ਸੁਧਾਰ ਹੋਵੇਗਾ ਅਤੇ ਉਪਨਗਰੀ ਸੇਵਾਵਾਂ ਦੀ ਬਾਰੰਬਾਰਤਾ ਵਧੇਗੀ।
ਇਹ ਰਸਤਾ ਮਹਿੰਦਰਾ ਵਰਲਡ ਸਿਟੀ, ਸ਼੍ਰੀਪੇਰੰਬੁਦੁਰ, ਓਰਗਾਡਮ ਅਤੇ ਇਰੁਨਗੱਟੂਕੋੱਟਈ ਸਮੇਤ ਕਈ ਪ੍ਰਮੁੱਖ ਆਰਥਿਕ ਅਤੇ ਉਦਯੋਗਿਕ ਕੇਂਦਰਾਂ ਦੇ ਨਾਲ-ਨਾਲ ਮਹੱਤਵਪੂਰਨ ਆਟੋਮੋਬਾਈਲ, ਸੀਮਿੰਟ ਅਤੇ ਨਿਰਮਾਣ ਉਦਯੋਗਾਂ ਨੂੰ ਜੋੜਦਾ ਹੈ। ਕਾਂਚੀਪੁਰਮ ਦੇ ਨੇੜੇ ਪ੍ਰਸਤਾਵਿਤ ਪਰੰਦੁਰ ਹਵਾਈ ਅੱਡਾ ਪ੍ਰੋਜੈਕਟ ਵੀ ਇਸ ਰਸਤੇ ਦੇ ਨੇੜੇ ਸਥਿਤ ਹੈ, ਜਿਸ ਨਾਲ ਇਸ ਰਸਤੇ ਦੀ ਰਣਨੀਤਕ ਮਹੱਤਤਾ ਹੋਰ ਵੀ ਵਧ ਜਾਂਦੀ ਹੈ।
ਅਰਾਕਕੋਨਮ-ਚੇਂਗਲਪੱਟੂ ਡਬਲਿੰਗ ਪ੍ਰੋਜੈਕਟ ਦੀ ਮਨਜ਼ੂਰੀ ਭਾਰਤੀ ਰੇਲਵੇ ਵੱਲੋਂ ਰੇਲ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਨੈੱਟਵਰਕ ਸਮਰੱਥਾ ਵਧਾਉਣ ਅਤੇ ਪ੍ਰਮੁੱਖ ਮਾਰਗਾਂ ’ਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਦੇ ਨਿਰੰਤਰ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਪਹਿਲ ਹੈ। ਇਸ ਪ੍ਰੋਜੈਕਟ ਨਾਲ ਉਪਨਗਰੀ ਅਤੇ ਮਾਲ ਢੋਆ-ਢੁਆਈ ਸੰਪਰਕ ਮਜ਼ਬੂਤ ਹੋਣ, ਖੇਤਰੀ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਣ ਅਤੇ ਤੇਜ਼, ਸੁਰੱਖਿਅਤ ਤੇ ਵਧੇਰੇ ਭਰੋਸੇਮੰਦ ਆਵਾਜਾਈ ਸੇਵਾਵਾਂ ਉਪਲਬਧ ਹੋਣ ਦੀ ਉਮੀਦ ਹੈ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(Release ID: 2262879)
ਵਿਜ਼ੀਟਰ ਕਾਊਂਟਰ : 5