ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਯੂ.ਪੀ.ਐੱਸ.ਸੀ. ਪ੍ਰੀਖਿਆ ਤੋਂ ਤੁਰੰਤ ਬਾਅਦ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ 2026 ਦੀ ਆਰਜ਼ੀ ਉੱਤਰ ਕੁੰਜੀ ਜਾਰੀ ਕਰੇਗਾ
ਯੂ.ਪੀ.ਐੱਸ.ਸੀ. ਦੇ ਚੇਅਰਮੈਨ ਡਾ. ਅਜੇ ਕੁਮਾਰ ਨੇ ਆਰਜ਼ੀ ਉੱਤਰ ਕੁੰਜੀ ਜਲਦੀ ਜਾਰੀ ਕਰਨ ਦੀ ਪਹਿਲਕਦਮੀ ਨੂੰ ਵਧੇਰੇ ਪਾਰਦਰਸ਼ਤਾ ਵੱਲ ਇੱਕ ‘ਨਵੀਂ ਸ਼ੁਰੂਆਤ’ ਕਰਾਰ ਦਿੱਤਾ
Posted On:
18 MAY 2026 6:17PM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪਾਰਦਰਸ਼ਤਾ ਵਧਾਉਣ ਅਤੇ ਪ੍ਰੀਖਿਆ ਸੰਚਾਲਨ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਲਈ ਪਹਿਲੀ ਵਾਰ ਸਿਵਲ ਸੇਵਾਵਾਂ ਪ੍ਰੀਖਿਆ 2026 ਦੀ ਆਰਜ਼ੀ ਉੱਤਰ ਕੁੰਜੀ ਪ੍ਰੀਖਿਆ ਤੋਂ ਤੁਰੰਤ ਬਾਅਦ ਜਾਰੀ ਕਰੇਗਾ।
ਇਸ ਨੂੰ “ਇੱਕ ਨਵੀਂ ਸ਼ੁਰੂਆਤ” ਦੱਸਦੇ ਹੋਏ ਯੂ.ਪੀ.ਐੱਸ.ਸੀ. ਦੇ ਚੇਅਰਮੈਨ ਡਾ. ਅਜੇ ਕੁਮਾਰ ਨੇ ਕਿਹਾ, “ਪਹਿਲੀ ਵਾਰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸਿਵਲ ਸੇਵਾਵਾਂ ਪ੍ਰੀਖਿਆ ਦੀ ਆਰਜ਼ੀ ਉੱਤਰ ਕੁੰਜੀ ਜਾਰੀ ਕਰੇਗਾ। ਇਹ ਪਹਿਲਕਦਮੀ ਉਮੀਦਵਾਰਾਂ ਨਾਲ ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮੇਂ ਸਿਰ ਸੰਵਾਦ ਸਥਾਪਤ ਕਰਨ ਦੇ ਕਮਿਸ਼ਨ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਇਸ ਨੀਤੀ ਦਾ ਉਦੇਸ਼ ਪ੍ਰੀਖਿਆ ਪ੍ਰਕਿਰਿਆ ਦੀ ਪਵਿੱਤਰਤਾ, ਅਖੰਡਤਾ ਅਤੇ ਯੋਗਤਾ-ਅਧਾਰਿਤ ਢਾਂਚੇ ਨੂੰ ਬਣਾਈ ਰੱਖਦੇ ਹੋਏ ਇਸ ਨੂੰ ਉਮੀਦਵਾਰਾਂ ਲਈ ਵਧੇਰੇ ਭਾਗੀਦਾਰੀ ਵਾਲਾ ਬਣਾਉਣਾ ਹੈ।”
ਆਰਜ਼ੀ ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ ਸਿਵਲ ਸੇਵਾਵਾਂ ਪ੍ਰੀਖਿਆ ਦੇ ਉਮੀਦਵਾਰ, ਜੇਕਰ ਕੋਈ ਇਤਰਾਜ਼ ਹੋਵੇ ਤਾਂ 31 ਮਈ, 2026 ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਪੇਸ਼ ਕਰ ਸਕਣਗੇ। ਇਸ ਦੇ ਲਈ ਇੱਕ ਸਮਰਪਿਤ ਔਨਲਾਈਨ ਪੋਰਟਲ ““ਆਨਲਾਈਨ ਕੁਐਸਚਨ ਪੇਪਰ ਰੀਪ੍ਰੈਜ਼ੈਂਟੇਸ਼ਨ ਪੋਰਟਲ (ਕਿਉਪੀਆਰਈਪੀ)” ਮੁਹੱਈਆ ਕਰਵਾਇਆ ਗਿਆ ਹੈ, ਜੋ https://upsconline.nic.in/login ’ਤੇ ਉਪਲਬਧ ਹੈ। ਉਮੀਦਵਾਰ ਆਪਣੀ ਸਮਝ ਅਨੁਸਾਰ ਸਹੀ ਉੱਤਰ ਦਾ ਸੰਕੇਤ ਦਿੰਦੇ ਹੋਏ ਇੱਕ ਸੰਖੇਪ ਵੇਰਵੇ ਅਤੇ ਤਿੰਨ ਪ੍ਰਮਾਣਿਕ ਸਰੋਤਾਂ ਤੋਂ ਪ੍ਰਾਪਤ ਸਹਾਇਕ ਦਸਤਾਵੇਜ਼ਾਂ ਦੇ ਨਾਲ ਆਪਣੇ ਇਤਰਾਜ਼ ਦਰਜ ਕਰਵਾ ਸਕਣਗੇ। ਇਸ ਨਾਲ ਨਾ ਸਿਰਫ਼ ਉਮੀਦਵਾਰ ਪ੍ਰੀਖਿਆ ਵਿੱਚ ਆਪਣੇ ਪ੍ਰਦਰਸ਼ਨ ਦਾ ਜਲਦੀ ਅਤੇ ਸਹੀ ਮੁਲਾਂਕਣ ਕਰ ਸਕਣਗੇ, ਸਗੋਂ ਉਹਨਾਂ ਨੂੰ ਆਪਣੇ ਇਤਰਾਜ਼ ਦਰਜ ਕਰਨ ਲਈ ਲੋੜੀਂਦਾ ਸਮਾਂ ਅਤੇ ਮੌਕਾ ਵੀ ਮਿਲੇਗਾ।
ਉਮੀਦਵਾਰਾਂ ਤੋਂ ਪ੍ਰਾਪਤ ਸਾਰੇ ਇਤਰਾਜ਼ਾਂ ਨੂੰ ਵਿਸ਼ਾ-ਮਾਹਿਰਾਂ ਦੀਆਂ ਟੀਮਾਂ ਦੇ ਸਾਹਮਣੇ ਵਿਸਤ੍ਰਿਤ ਅਤੇ ਧਿਆਨ ਨਾਲ ਸਮੀਖਿਆ ਲਈ ਪੇਸ਼ ਕੀਤਾ ਜਾਵੇਗਾ। ਇਹ ਮਾਹਿਰ ਸਬੰਧਤ ਵਿਸ਼ਿਆਂ ਦਾ ਡੂੰਘਾ ਗਿਆਨ ਅਤੇ ਮੁਹਾਰਤ ਰੱਖਦੇ ਹਨ। ਉਹ ਹਰੇਕ ਰੀਪ੍ਰੈਜ਼ੈਂਟੇਸ਼ਨ ਦੀ ਬਾਰੀਕੀ ਨਾਲ ਜਾਂਚ ਕਰਨਗੇ, ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਦਾ ਮੁਲਾਂਕਣ ਕਰਨਗੇ ਅਤੇ ਸਬੰਧਤ ਪ੍ਰਸ਼ਨਾਂ ਦੀ ਉੱਤਰ ਕੁੰਜੀ ਦੀ ਸ਼ੁੱਧਤਾ ’ਤੇ ਆਪਣੇ ਵਿਚਾਰ ਦਰਜ ਕਰਨਗੇ। ਇਸ ਤੋਂ ਬਾਅਦ ਪ੍ਰਾਪਤ ਹੋਈਆਂ ਸਾਰੀਆਂ ਰੀਪ੍ਰੈਜ਼ੈਂਟੇਸ਼ਨਜ਼ ’ਤੇ ਯੋਗ ਵਿਚਾਰ ਕਰਨ ਤੋਂ ਬਾਅਦ ਹੀ ਅੰਤਿਮ ਉੱਤਰ ਕੁੰਜੀ ਤਿਆਰ ਕੀਤੀ ਜਾਵੇਗੀ।
ਇਹ ਨਵਾਂ ਸੁਧਾਰ ਉਮੀਦਵਾਰਾਂ ਦੀ ਉਸ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਅੰਤਿਮ ਉੱਤਰ ਕੁੰਜੀ ਪ੍ਰਕਾਸ਼ਿਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਹ ਕਦਮ ਕਮਿਸ਼ਨ ਦੀ ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਉਮੀਦਵਾਰਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਵੀ ਦੁਹਰਾਉਂਦਾ ਹੈ।
*****
ਐੱਨਕੇਆਰ/ਏਕੇ
(Release ID: 2262878)
ਵਿਜ਼ੀਟਰ ਕਾਊਂਟਰ : 7