ਪ੍ਰਧਾਨ ਮੰਤਰੀ ਦਫਤਰ
ਹੈਦਰਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
10 MAY 2026 5:51PM by PIB Chandigarh
ਤੇਲੰਗਾਨਾ ਦੇ ਰਾਜਪਾਲ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਜੀ, ਸੂਬੇ ਦੇ ਮੁੱਖ ਮੰਤਰੀ ਸ਼੍ਰੀ ਰੇਵੰਤ ਰੈਡੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਜੀ ਕਿਸ਼ਨ ਰੈਡੀ, ਬੰਡੀ ਸੰਜੇ ਕੁਮਾਰ, ਸੰਸਦ ਵਿੱਚ ਮੇਰੇ ਸਾਥੀ ਕੋਂਡਾ ਵਿਸ਼ਵੇਸ਼ਵਰ ਰੈਡੀ ਜੀ, ਤੇਲੰਗਾਨਾ ਸਰਕਾਰ ਦੇ ਮੰਤਰੀ, ਹੋਰ ਜਨ ਪ੍ਰਤੀਨਿਧੀ, ਭੈਣੋ ਅਤੇ ਭਰਾਵੋ!
ਸਾਈਬਰਾਬਾਦ ਦੀ ਸਮਰੱਥਾ ਰਾਸ਼ਟਰੀ ਵੀ ਹੈ ਅਤੇ ਵਿਸ਼ਵ-ਵਿਆਪੀ ਵੀ ਹੈ। ਇਹ ਤੇਲੰਗਾਨਾ ਦੇ ਅਤੇ ਦੇਸ਼ ਦੇ ਤੇਜ਼ ਵਿਕਾਸ ਦਾ ਪ੍ਰਮੁੱਖ ਕੇਂਦਰ ਹੈ। ਇਸ ਲਈ, ਅੱਜ ਸਾਈਬਰਾਬਾਦ ਤੋਂ ਤੇਲੰਗਾਨਾ ਨੂੰ ਦੇਸ਼ ਦਾ ਇੱਕ ਵੱਡਾ ਨਿਰਮਾਣ ਪਾਵਰ-ਹਾਊਸ ਬਣਾਉਣ ਲਈ ਅਨੇਕਾਂ ਵੱਡੇ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਜਿਹੜੇ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ, ਇਸ ਨਾਲ ਇੱਥੇ ਹਜ਼ਾਰਾਂ ਨਵੇਂ ਰੁਜ਼ਗਾਰ ਪੈਦਾ ਹੋਣਗੇ ਅਤੇ ਤੇਲੰਗਾਨਾ ਦੀ ਕਨੈਕਟਿਵਿਟੀ ਵੀ ਮਜ਼ਬੂਤ ਹੋਵੇਗੀ। ਮੈਂ ਤੇਲੰਗਾਨਾ ਦੀ ਜਨਤਾ ਨੂੰ ਇਹਨਾਂ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਭਾਰਤ ' ਸੁਧਾਰ ਐਕਸਪ੍ਰੈੱਸ' 'ਤੇ ਚੱਲ ਰਿਹਾ ਹੈ। ਨਾਲ ਹੀ, ਅੱਜ ਦਾ ਭਾਰਤ ਆਧੁਨਿਕ ਬੁਨਿਆਦੀ ਢਾਂਚਾ ਵੀ ਬਣਾ ਰਿਹਾ ਹੈ। ਜ਼ਹੀਰਾਬਾਦ ਉਦਯੋਗਿਕ ਖੇਤਰ ਦੇ ਨਿਰਮਾਣ ਦੇ ਪਿੱਛੇ ਵੀ ਇਹੀ ਟੀਚਾ ਹੈ। ਇਹ ਉਦਯੋਗਿਕ ਖੇਤਰ, ਉਦਯੋਗਿਕ ਗਲਿਆਰੇ ਵਿਕਸਤ ਕਰਨ ਦੇ ਭਾਰਤ ਸਰਕਾਰ ਦੇ ਰਾਸ਼ਟਰੀ ਅਭਿਆਨ ਦਾ ਹਿੱਸਾ ਹੈ। ਇਹ ਇੱਕ ਤਰ੍ਹਾਂ ਨਾਲ ' ਉਦਯੋਗ ਸਮਾਰਟ ਸਿਟੀ' ਬਣਨ ਜਾ ਰਿਹਾ ਹੈ।ਇੱਥੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਹੋਵੇਗਾ, ਬਿਹਤਰੀਨ ਬਿਜਲੀ ਸਪਲਾਈ ਹੋਵੇਗੀ, ਉੱਨਤ ਆਈ.ਸੀ.ਟੀ. ਨੈੱਟਵਰਕ ਹੋਵੇਗਾ, ਯਾਨੀ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਇੱਥੇ ਉਹ ਹਰ ਸਹੂਲਤ ਹੋਵੇਗੀ, ਜੋ ਉਦਯੋਗ ਲਈ ਉਹਨਾਂ ਨੂੰ ਲੋੜੀਂਦੀ ਹੈ। ਇਹਨਾਂ ਸਹੂਲਤਾਂ ਦੇ ਨਿਰਮਾਣ ਲਈ ਭਾਰਤ ਸਰਕਾਰ ਦੇ ਹਜ਼ਾਰਾਂ ਕਰੋੜ ਰੁਪਏ ਲੱਗਣਗੇ ਅਤੇ ਤੇਲੰਗਾਨਾ ਤੇ ਹੈਦਰਾਬਾਦ ਦੇ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਬਣੇਗਾ। ਇੱਥੇ ਬਣਨ ਵਾਲੀਆਂ ਗੱਡੀਆਂ, ਮਸ਼ੀਨਰੀ ਅਤੇ ਇੱਥੇ ਲੱਗਣ ਵਾਲੇ ਫੂਡ ਪ੍ਰੋਸੈਸਿੰਗ ਉਦਯੋਗ, ਇਹ ਤੇਲੰਗਾਨਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੀ ਸ਼ਕਤੀਸ਼ਾਲੀ ਬਣਾਉਣਗੇ।
ਸਾਥੀਓ,
ਅਤੀਤ ਵਿੱਚ ਜਦੋਂ ਭਾਰਤ ਦੁਨੀਆ ਦੀ ਇੱਕ ਬਹੁਤ ਵੱਡੀ ਆਰਥਿਕਤਾ ਸੀ, ਉਦੋਂ ਸਾਡੇ ਕੱਪੜਾ ਉਦਯੋਗ ਦੀ ਵੱਡੀ ਭੂਮਿਕਾ ਸੀ। ਹੁਣ ਅਸੀਂ ਆਪਣੀ ਉਸ ਵਿਰਾਸਤ ਨੂੰ ਮੁੜ ਮਜ਼ਬੂਤ ਕਰ ਰਹੇ ਹਾਂ। ਵਾਰੰਗਲ ਦਾ ਪੀ.ਐੱਮ. ਮਿੱਤਰ ਪਾਰਕ, ਦੇਸ਼ ਵਿੱਚ ਟੈਕਸਟਾਈਲ ਕ੍ਰਾਂਤੀ ਨੂੰ ਤੇਜ਼ ਕਰੇਗਾ। ਪੀ.ਐੱਮ. ਮਿੱਤਰਾ ਪਾਰਕ ਵਿੱਚ ਲੱਗਣ ਵਾਲੀਆਂ ਇਕਾਈਆਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਪੀ.ਐੱਲ.ਆਈ. ਸਕੀਮ ਰਾਹੀਂ ਵੀ ਮਦਦ ਮਿਲੇਗੀ। ਯਾਨੀ ਇਸ ਟੈਕਸਟਾਈਲ ਪਾਰਕ ਰਾਹੀਂ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਖਾਸ ਕਰਕੇ ਸਾਡੀਆਂ ਭੈਣਾਂ ਅਤੇ ਧੀਆਂ ਲਈ ਬਹੁਤ ਸਾਰੇ ਮੌਕੇ ਪੈਦਾ ਹੋਣਗੇ।
ਸਾਥੀਓ,
ਪਿਛਲੇ 12 ਸਾਲਾਂ ਵਿੱਚ ਭਾਰਤ ਸਰਕਾਰ ਦੀ ਇੱਕ ਬਹੁਤ ਵੱਡੀ ਤਰਜੀਹ ਆਧੁਨਿਕ ਸੰਪਰਕ ਵੀ ਰਹੀ ਹੈ। ਚਾਹੇ ਸੜਕਾਂ ਹੋਣ, ਰੇਲਵੇ ਹੋਵੇ ਜਾਂ ਹਵਾਈ ਅੱਡੇ, ਸੰਪਰਕ ਦੇ ਹਰ ਮਾਧਿਅਮ ’ਤੇ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਲਗਭਗ ਪੌਣੇ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਸਿਰਫ਼ ਤੇ ਸਿਰਫ਼ ਰਾਸ਼ਟਰੀ ਰਾਜਮਾਰਗਾਂ ’ਤੇ ਕੀਤਾ ਗਿਆ ਹੈ ਅਤੇ ਇਸ ਦਾ ਬਹੁਤ ਵੱਡਾ ਲਾਭ ਤੇਲੰਗਾਨਾ ਨੂੰ ਵੀ ਹੋ ਰਿਹਾ ਹੈ। ਪਿਛਲੇ 12 ਸਾਲਾਂ ਵਿੱਚ ਤੇਲੰਗਾਨਾ ਵਿੱਚ ਰਾਸ਼ਟਰੀ ਰਾਜਮਾਰਗਾਂ ਦਾ ਨੈੱਟਵਰਕ ਦੁੱਗਣਾ ਹੋ ਗਿਆ ਹੈ। ਤੇਲੰਗਾਨਾ ਅਤੇ ਕਰਨਾਟਕ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗਾਂ ਨੂੰ ਚੌੜਾ ਕਰਨ ਨਾਲ ਬਹੁਤ ਸਹੂਲਤ ਮਿਲੇਗੀ; ਇਸ ਨਾਲ ਸਫ਼ਰ ਦਾ ਸਮਾਂ ਘਟੇਗਾ ਅਤੇ ਕਿਰਾਏ-ਭਾੜੇ ਵਿੱਚ ਵੀ ਬੱਚਤ ਹੋਵੇਗੀ।
ਸਾਥੀਓ,
ਸਾਲ 2014 ਤੋਂ ਪਹਿਲਾਂ ਅਣਵੰਡੇ ਆਂਧਰਾ ਪ੍ਰਦੇਸ਼ ਲਈ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਰੇਲਵੇ ਦਾ ਬਜਟ ਹੁੰਦਾ ਸੀ। ਰੇਵੰਤਾ ਜੀ ਸੁਣ ਰਹੇ ਹੋ ਨਾ? ਸੰਯੁਕਤ ਆਂਧਰਾ ਦੇ ਸਮੇਂ ਰੇਲਵੇ ਬਜਟ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਸੀ। ਅੱਜ ਮੈਂ ਸਿਰਫ਼ ਸੰਯੁਕਤ ਆਂਧਰਾ ਦੀ ਗੱਲ ਨਹੀਂ ਕਰ ਰਿਹਾ, ਅੱਜ ਇਕੱਲੇ ਤੇਲੰਗਾਨਾ ਦਾ ਰੇਲਵੇ ਬਜਟ ਹੀ ਲਗਭਗ ਸਾਢੇ ਪੰਜ ਹਜ਼ਾਰ ਕਰੋੜ ਰੁਪਏ ਦਾ ਹੈ। ਵਰਤਮਾਨ ਵਿੱਚ ਕਰੀਬ 50 ਹਜ਼ਾਰ ਕਰੋੜ ਰੁਪਏ ਦੇ ਰੇਲ ਪ੍ਰੋਜੈਕਟਾਂ ’ਤੇ ਇਥੇ ਕੰਮ ਚੱਲ ਰਿਹਾ ਹੈ। ਤੇਲੰਗਾਨਾ ਵਿੱਚ ਪੰਜ ਵੰਦੇ ਭਾਰਤ ਅਤੇ 6 ਅੰਮ੍ਰਿਤ ਭਾਰਤ ਰੇਲ ਗੱਡੀਆਂ ਵੀ ਚੱਲ ਰਹੀਆਂ ਹਨ।
ਸਾਥੀਓ,
ਅਜੇ ਕੁਝ ਦੇਰ ਪਹਿਲਾਂ ਕਾਜ਼ੀਪੇਟ-ਵਿਜੇਵਾੜਾ ਮਲਟੀ-ਟ੍ਰੈਕਿੰਗ ਪ੍ਰੋਜੈਕਟ ਦੇ ਕੁਝ ਹਿੱਸਿਆਂ ਦਾ ਉਦਘਾਟਨ ਹੋਇਆ ਹੈ। ਇਸ ਤੋਂ ਇਲਾਵਾ ਕਾਜ਼ੀਪੇਟ ਰੇਲ ਅੰਡਰ ਬਾਈਪਾਸ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਹੈ। ਇਹਨਾਂ ਸਹੂਲਤਾਂ ਨਾਲ ਸਫ਼ਰ ਵੀ ਆਸਾਨ ਹੋਵੇਗਾ ਅਤੇ ਆਵਾਜਾਈ ਦੀ ਰਫਤਾਰ ਵੀ ਤੇਜ਼ ਹੋਵੇਗੀ।
ਸਾਥੀਓ,
21ਵੀਂ ਸਦੀ ਦੀ ਇਸ ਦੁਨੀਆ ਵਿੱਚ ਊਰਜਾ ਤੋਂ ਬਿਨਾਂ ਸਭ ਕੰਮ ਠੱਪ ਹੋ ਜਾਂਦੇ ਹਨ। ਊਰਜਾ ਸੁਰੱਖਿਆ ਦਾ ਕੀ ਮਹੱਤਵ ਹੈ, ਇਹ ਅੱਜ ਦੁਨੀਆ ਦਾ ਹਰ ਵਿਅਕਤੀ ਮਹਿਸੂਸ ਕਰ ਰਿਹਾ ਹੈ। ਇਸ ਲਈ ਭਾਰਤ ਦੀ ਊਰਜਾ ਸੁਰੱਖਿਆ ’ਤੇ ਸਾਡੀ ਕੇਂਦਰ ਸਰਕਾਰ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਮਲਕਾਪੁਰ ਵਿੱਚ ਇੰਡੀਅਨ ਆਇਲ ਦੇ ਨਵੇਂ ਟਰਮੀਨਲ ਦਾ ਉਦਘਾਟਨ ਇਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਟਰਮੀਨਲ ਤੇਲੰਗਾਨਾ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰੇਗਾ ਅਤੇ ਸਪਲਾਈ ਲੜੀ ਨੂੰ ਮਜ਼ਬੂਤ ਕਰੇਗਾ।
ਸਾਥੀਓ,
ਬੀਤੇ ਸਾਲਾਂ ਵਿੱਚ, ਸੂਰਜੀ ਊਰਜਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਸਿਖਰ ਦੇ ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਪੈਟਰੋਲ ਵਿੱਚ ਇਥੇਨੌਲ ਬਲੈਂਡਿੰਗ ਨੂੰ ਲੈ ਕੇ ਬੇਮਿਸਾਲ ਕੰਮ ਹੋਇਆ ਹੈ। ਪਹਿਲਾਂ ਅਸੀਂ 100% ਐਲਪੀਜੀ ਕਵਰੇਜ ’ਤੇ ਧਿਆਨ ਕੇਂਦਰਿਤ ਕੀਤਾ, ਹੁਣ ਅਸੀਂ ਪਾਈਪ ਰਾਹੀਂ ਸਸਤੀ ਗੈਸ ਮੁਹੱਈਆ ਕਰਵਾਉਣ ’ਤੇ ਧਿਆਨ ਦੇ ਰਹੇ ਹਾਂ, ਸੀ.ਐੱਨ.ਜੀ ਅਧਾਰਿਤ ਵਿਵਸਥਾ ਨੂੰ ਉਤਸ਼ਾਹਿਤ ਕਰ ਰਹੇ ਹਾਂ । ਇਹਨਾਂ ਯਤਨਾਂ ਕਾਰਨ ਹੀ ਭਾਰਤ ਇਸ ਬਹੁਤ ਵੱਡੇ ਵਿਸ਼ਵ-ਵਿਆਪੀ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਰ ਹੁਣ ਸਮੇਂ ਦੀ ਇਹ ਮੰਗ ਵੀ ਹੈ ਕਿ ਪੈਟਰੋਲ-ਡੀਜ਼ਲ-ਗੈਸ ਵਰਗੀਆਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਬਹੁਤ ਸੰਜਮ ਨਾਲ ਕਰੀਏ। ਜਿਹੜੇ ਊਰਜਾ ਉਤਪਾਦ ਅਸੀਂ ਵਿਦੇਸ਼ਾਂ ਤੋਂ ਮੰਗਵਾਉਂਦੇ ਹਾਂ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੀ ਜ਼ਰੂਰਤ ਹੈ ਓਨੀ ਹੀ ਵਰਤੋਂ ਕਰੀਏ। ਇਸ ਨਾਲ ਵਿਦੇਸ਼ੀ ਮੁਦਰਾ ਦੀ ਵੀ ਬੱਚਤ ਹੋਵੇਗੀ ਅਤੇ ਜੰਗੀ ਸੰਕਟ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੀ ਘੱਟ ਕੀਤਾ ਜਾ ਸਕੇਗਾ।
ਸਾਥੀਓ,
ਅੱਜ ਤੇਲੰਗਾਨਾ ਦਾ ਨੌਜਵਾਨ ਨਵੇਂ ਸੁਪਨੇ ਦੇਖ ਰਿਹਾ ਹੈ। ਇੱਥੋਂ ਦਾ ਕਿਸਾਨ ਨਵੀਂਆਂ ਉਮੀਦਾਂ ਨਾਲ ਅੱਗੇ ਵਧਣਾ ਚਾਹੁੰਦਾ ਹੈ। ਇੱਥੋਂ ਦੇ ਉਦਯੋਗ, MSMEs ਅਤੇ ਸਟਾਰਟਅੱਪਸ—ਸਭ ਇੱਕ ਵਿਕਸਤ ਤੇਲੰਗਾਨਾ ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਕਿਉਂਕਿ ਤੇਲੰਗਾਨਾ ਵਿਕਸਤ ਹੋਵੇਗਾ, ਤਾਂ ਭਾਰਤ ਵਿਕਸਤ ਹੋਵੇਗਾ। ਮੈਂ ਤੇਲੰਗਾਨਾ ਦੇ ਹਰ ਪਰਿਵਾਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਸੁਪਨੇ ਪੂਰੇ ਕਰਨ ਲਈ ਕੇਂਦਰ ਸਰਕਾਰ ਹੋਰ ਵੀ ਤੇਜ਼ ਰਫਤਾਰ ਨਾਲ ਕੰਮ ਕਰਦੀ ਰਹੇਗੀ। ਹੁਣ ਸਾਡੇ ਰੇਵੰਤਾ ਜੀ ਨੇ ਕਿਹਾ ਸੀ ਕਿ ਅਸੀਂ ਰਾਜਨੀਤਕ ਗੱਲ ਨਹੀਂ ਕਰਾਂਗੇ ਤੇ ਮੈਂ ਵੀ ਨਹੀਂ ਕਰਾਂਗਾ ਅਤੇ ਇਸ ਲਈ ਗੈਰ-ਸਿਆਸੀ ਗੱਲ ਮੈਂ ਰੇਵੰਤਾ ਜੀ ਨੂੰ ਕਹਾਂਗਾ ਕਿ 10 ਸਾਲਾਂ ਦੇ ਸ਼ਾਸਨ ਵਿੱਚ ਭਾਰਤ ਸਰਕਾਰ ਨੇ ਜਿੰਨਾ ਗੁਜਰਾਤ ਨੂੰ ਦਿੱਤਾ, ਉਹ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ। ਪਰ ਮੇਰੀ ਜਾਣਕਾਰੀ ਅਨੁਸਾਰ, ਜਿਵੇਂ ਹੀ ਮੈਂ ਅਜਿਹਾ ਕਰਾਂਗਾ, ਤੁਹਾਨੂੰ ਜੋ ਹੁਣ ਮਿਲ ਰਿਹਾ ਹੈ, ਉਹ ਅੱਧਾ ਰਹਿ ਜਾਵੇਗਾ। ਤੁਸੀਂ ਜਿੱਥੇ ਪਹੁੰਚਣਾ ਚਾਹੁੰਦੇ ਹੋ, ਉੱਥੇ ਨਹੀਂ ਪਹੁੰਚ ਸਕੋਗੇ। ਇਸ ਲਈ ਇਹ ਚੰਗਾ ਹੈ ਕਿ ਤੁਸੀਂ ਮੇਰੇ ਨਾਲ ਹੀ ਜੁੜੇ ਰਹੋ।
ਸਾਥੀਓ,
ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਲੋਕਤੰਤਰ ਵਿੱਚ ਰਾਜਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰਾਂ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਦੇਸ਼ ਦੇ ਵਿਕਾਸ ਲਈ ਰਾਜਾਂ ਦਾ ਵਿਕਾਸ ਵੀ ਉਨਾ ਹੀ ਮਹੱਤਵਪੂਰਨ ਹੈ । ਰਾਜਾਂ ਦੇ ਵਿਕਾਸ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਹੀ ਨਹੀਂ ਹੈ। ਇਸ ਲਈ ਸਾਡੀਆਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਬਿੰਦੂ ਵਿੱਚ ਰਾਜਾਂ ਦਾ ਵਿਕਾਸ ਹੋਵੇ ਅਤੇ ਤੇਜ਼ ਰਫਤਾਰ ਨਾਲ ਅੱਗੇ ਵਧਣ—ਇਸੇ ਭਾਵਨਾ ਨੂੰ ਲੈ ਕੇ ਅਸੀਂ ਸਾਰੇ ਮਿਲ ਕੇ ਚੱਲੀਏ ਅਤੇ ਸਾਲ 2047 ਤੱਕ 'ਵਿਕਸਤ ਭਾਰਤ' ਦਾ ਸੁਪਨਾ ਅਸੀਂ ਆਪਣੀਆਂ ਅੱਖਾਂ ਸਾਹਮਣੇ ਪੂਰਾ ਹੁੰਦਾ ਦੇਖੀਏ, ਇਹੀ ਮੇਰੀ ਸਾਰਿਆਂ ਨੂੰ ਸ਼ੁਭਕਾਮਨਾ ਹੈ। ਬਹੁਤ-ਬਹੁਤ ਧੰਨਵਾਦ!
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(Release ID: 2261479)
ਵਿਜ਼ੀਟਰ ਕਾਊਂਟਰ : 10
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam