ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਅਤਨਾਮ ਦੇ ਰਾਸ਼ਟਰਪਤੀ ਸ਼੍ਰੀ ਤੋ ਲਮ ਨਾਲ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਦਾ ਪੰਜਾਬੀ ਅਨੁਵਾਦ


Posted On: 06 MAY 2026 2:30PM by PIB Chandigarh

ਮਹਾਮਹਿਮ,

ਜਨਰਲ ਸਕੱਤਰ ਅਤੇ ਰਾਸ਼ਟਰਪਤੀ ਤੋ ਲਮ,

ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ,

ਮੀਡੀਆ ਦੇ ਸਾਥੀਓ,

ਨਮਸਕਾਰ!

ਸਿਨ ਚਾਓ!

ਰਾਸ਼ਟਰਪਤੀ ਤੋ ਲਮ ਦਾ ਭਾਰਤ ਵਿੱਚ ਤਹਿ ਦਿਲੋਂ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਵੀਅਤਨਾਮ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਕੇਵਲ ਇੱਕ ਮਹੀਨੇ ਦੇ ਅੰਦਰ ਹੀ ਉਨ੍ਹਾਂ ਦਾ ਭਾਰਤ ਆਉਣਾ ਅਤੇ ਇੱਕ ਉੱਚ-ਪੱਧਰੀ ਵਫ਼ਦ ਸਮੇਤ ਕਈ ਕਾਰੋਬਾਰੀ ਲੀਡਰਾਂ ਨਾਲ ਆਉਣਾ, ਇਹ ਸਪਸ਼ਟ ਕਰਦਾ ਹੈ ਕਿ ਉਹ ਭਾਰਤ-ਵੀਅਤਨਾਮ ਸਬੰਧਾਂ ਨੂੰ ਕਿੰਨੀ ਤਰਜੀਹ ਦਿੰਦੇ ਹਨ।

ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਬੋਧ ਗਯਾ ਤੋਂ ਕੀਤੀ ਹੈ। ਇਹ ਸਾਡੇ ਦੋਵੇਂ ਦੇਸ਼ਾਂ ਦੀ ਸਾਂਝੀ ਸਭਿਆਚਾਰਕ ਅਤੇ ਅਧਿਆਤਮਕ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਇਸ ਯਾਤਰਾ ਅਤੇ ਸਾਡੀਆਂ ਸਾਰਥਕ ਚਰਚਾਵਾਂ ਨਾਲ, ਅਸੀਂ ਆਪਣੀ ਆਪਸੀ ਗੁੱਡਵਿੱਲ ਨੂੰ ਕਈ ਠੋਸ ਨਤੀਜਿਆਂ ਵਿੱਚ ਬਦਲ ਰਹੇ ਹਾਂ।

ਦੋਸਤੋ,

ਭਾਰਤ ਅਤੇ ਵੀਅਤਨਾਮ ਦੀ ਭਾਗੀਦਾਰੀ ਵਿੱਚ ਵਿਰਾਸਤ ਅਤੇ ਵਿਕਾਸ—ਦੋਵਾਂ ਦਾ ਮਹੱਤਵ ਹੈ। ਪਿਛਲੇ ਸਾਲ, ਜਦੋਂ ਭਾਰਤ ਤੋਂ ਬੁੱਧ ਅਵਸ਼ੇਸ਼ ਵੀਅਤਨਾਮ ਗਏ, ਤਾਂ ਉਨ੍ਹਾਂ ਦੇ ਦਰਸ਼ਨ ਡੇਢ ਕਰੋੜ ਤੋਂ ਵੱਧ ਲੋਕਾਂ ਨੇ ਕੀਤੇ, ਭਾਵ ਪੂਰੇ ਵੀਅਤਨਾਮ ਦੀ ਆਬਾਦੀ ਦੇ ਲਗਭਗ 15 ਫੀਸਦੀ ਲੋਕਾਂ ਨੇ। ਸਾਡੀ ਸਾਂਝੀ ਵਿਰਾਸਤ ਨੂੰ ਜੀਵੰਤ ਰੱਖਣ ਲਈ, ਅਸੀਂ ਵੀਅਤਨਾਮ ਦੇ ਪ੍ਰਾਚੀਨ ਚੰਪਾ ਸੱਭਿਆਚਾਰ ਦੇ ਮੀ ਸੌਨ ਅਤੇ ਨ੍ਹਾਨ ਟਵਰ ਮੰਦਰਾਂ ਦਾ ਨਵੀਨੀਕਰਨ ਕਰ ਰਹੇ ਹਾਂ। ਹੁਣ ਅਸੀਂ ਚੰਪਾ ਸੱਭਿਆਚਾਰ ਦੀਆਂ ਹੱਥ ਲਿਖਤਾਂ ਨੂੰ ਡਿਜ਼ਿਟਲਾਈਜ਼ ਕਰਾਂਗੇ ਅਤੇ ਇਸ ਵਡਮੁੱਲੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਾਂਗੇ।

ਦੋਸਤੋ,

ਇੱਕ ਦਹਾਕਾ ਪਹਿਲਾਂ, ਮੇਰੀ ਵੀਅਤਨਾਮ ਯਾਤਰਾ ਦੌਰਾਨ, ਵੀਅਤਨਾਮ ਆਸਿਯਾਨ ਵਿੱਚ ਭਾਰਤ ਦਾ ਪਹਿਲਾ ਵਿਆਪਕ ਰਣਨੀਤਕ ਭਾਈਵਾਲ ਬਣਿਆ ਸੀ। ਉਸ ਤੋਂ ਬਾਅਦ ਸਾਡੇ ਸਬੰਧਾਂ ਨੇ ਤੇਜ਼ ਅਤੇ ਵਿਆਪਕ ਤਰੱਕੀ ਕੀਤੀ ਹੈ। ਸਭਿਆਚਾਰਕ ਰਿਸ਼ਤਿਆਂ ਦੇ ਨਾਲ-ਨਾਲ ਸਾਡੇ ਵਪਾਰ, ਤਕਨਾਲੋਜੀ ਅਤੇ ਸੈਰ ਸਪਾਟਾ ਸਬੰਧ ਵੀ ਹੋਰ ਮਜ਼ਬੂਤ ਹੋਏ ਹਨ।

ਇਸ ਮਜ਼ਬੂਤ ਨੀਂਹ 'ਤੇ ਅੱਗੇ ਵਧਦੇ ਹੋਏ ਅੱਜ ਅਸੀਂ ਆਪਣੇ ਸਬੰਧਾਂ ਨੂੰ ਵਧੀਕ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ 'ਤੇ ਲੈ ਕੇ ਜਾ ਰਹੇ ਹਾਂ। ਹੁਣ ਅਸੀਂ ਆਪਣੀ ਭਾਗੀਦਾਰੀ ਨੂੰ ਹੋਰ ਉੱਚੇ ਟੀਚਿਆਂ ਵੱਲ ਲੈ ਕੇ ਜਾਵਾਂਗੇ। ਸਭਿਆਚਾਰ, ਸੰਪਰਕ ਅਤੇ ਸਮਰੱਥਾ ਨਿਰਮਾਣ ਦੇ ਨਾਲ-ਨਾਲ, ਸੁਰੱਖਿਆ, ਟਿਕਾਊਪਣ ਅਤੇ ਸਪਲਾਈ ਲੜੀ ਮਜ਼ਬੂਤੀ—ਹਰ ਖੇਤਰ ਵਿੱਚ ਸਾਡਾ ਸਹਿਯੋਗ ਨਵੇਂ ਪੱਧਰ 'ਤੇ ਪਹੁੰਚੇਗਾ।

ਦੋਸਤੋ,

ਭਾਰਤ ਅਤੇ ਵੀਅਤਨਾਮ ਦਾ ਦੁਵੱਲਾ ਵਪਾਰ ਪਿਛਲੇ ਇੱਕ ਦਹਾਕੇ ਵਿੱਚ ਦੁੱਗਣਾ ਹੋ ਕੇ 16 ਬਿਲੀਅਨ ਡਾਲਰ ਤੱਕ ਪਹੁੰਚ ਚੁੱਕਾ ਹੈ। 2030 ਤੱਕ ਇਸਨੂੰ 25 ਬਿਲੀਅਨ ਡਾਲਰ ਤੱਕ ਲੈ ਜਾਣ ਲਈ ਅਸੀਂ ਅੱਜ ਕਈ ਮਹੱਤਵਪੂਰਨ ਫ਼ੈਸਲੇ ਕੀਤੇ ਹਨ। ਸਾਡੀਆਂ ਡਰੱਗ ਅਥਾਰਿਟੀਆਂ ਦਰਮਿਆਨ ਐੱਮਓਯੂ ਨਾਲ ਹੁਣ ਭਾਰਤ ਦੀਆਂ ਦਵਾਈਆਂ ਦਾ ਵੀਅਤਨਾਮ ਵਿੱਚ ਪਹੁੰਚ ਵਧੇਗੀ। ਭਾਰਤ ਦੇ ਖੇਤੀਬਾੜੀ, ਮੱਛੀਪਾਲਨ ਅਤੇ ਪਸ਼ੂ ਉਤਪਾਦਾਂ ਦਾ ਵੀਅਤਨਾਮ ਵਿੱਚ ਨਿਰਯਾਤ ਵੀ ਹੋਰ ਸੌਖਾ ਹੋਵੇਗਾ। ਬਹੁਤ ਜਲਦੀ ਵੀਅਤਨਾਮ ਭਾਰਤ ਦੇ ਅੰਗੂਰਾਂ ਅਤੇ ਅਨਾਰਾਂ ਦਾ ਸਵਾਦ ਲਵੇਗਾ, ਅਤੇ ਅਸੀਂ ਵੀਅਤਨਾਮ ਦੇ ਡੂਰੀਅਨ ਅਤੇ ਪੋਮੇਲੋ ਦਾ।

ਇਸ ਤੋਂ ਇਲਾਵਾ, ਅਸੀਂ ਭਾਰਤ-ਆਸਿਯਾਨ ਵਪਾਰ ਸਮਝੌਤਾ "ਆਈਟਿਗਾ" ਨੂੰ ਸਾਲ ਦੇ ਅੰਤ ਤੱਕ ਅਪਡੇਟ ਕਰਨ 'ਤੇ ਵੀ ਸਹਿਮਤੀ ਜਤਾਈ ਹੈ। ਇਸ ਨਾਲ ਭਾਰਤ ਅਤੇ ਆਸਿਯਾਨ ਦੇ ਸਾਰੇ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਨਵੀਂ ਊਰਜਾ ਮਿਲੇਗੀ। ਅਹਿਮ ਖਣਿਜਾਂ, ਦੁਰਲੱਭ ਤੱਤਾਂ ਅਤੇ ਊਰਜਾ ਸਹਿਯੋਗ ਵਿੱਚ ਨਵੀਆਂ ਪਹਿਲਕਦਮੀਆਂ ਨਾਲ, ਅਸੀਂ ਦੋਵੇਂ ਦੇਸ਼ਾਂ ਦੀ ਆਰਥਿਕ ਸੁਰੱਖਿਆ ਅਤੇ ਸਪਲਾਈ ਲੜੀ ਮਜ਼ਬੂਤੀ ਨੂੰ ਯਕੀਨੀ ਬਣਾਵਾਂਗੇ।

ਦੋਸਤੋ,

ਸੰਪਰਕ ਅਤੇ ਸਮਰੱਥਾ ਨਿਰਮਾਣ ਸਾਡੀ ਭਾਗੀਦਾਰੀ ਦੇ ਮਹੱਤਵਪੂਰਨ ਥੰਮ੍ਹ ਹਨ। ਸਾਨੂੰ ਖੁਸ਼ੀ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਹਵਾਈ ਸੰਪਰਕ ਲਗਾਤਾਰ ਵਧ ਰਿਹਾ ਹੈ।

ਵਿੱਤੀ ਸੰਪਰਕ ਨੂੰ ਵੀ ਮਜ਼ਬੂਤ ਬਣਾਉਣ ਲਈ, ਅੱਜ ਅਸੀਂ ਆਪਣੇ ਕੇਂਦਰੀ ਬੈਂਕਾਂ ਦਰਮਿਆਨ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤ ਦਾ ਯੂਪੀਆਈ ਅਤੇ ਵੀਅਤਨਾਮ ਦਾ ਫਾਸਟ ਪੇਮੈਂਟ ਸਿਸਟਮ ਜਲਦੀ ਹੀ ਆਪਸ ਵਿੱਚ ਜੁੜਣ ਵਾਲੇ ਹਨ। ਨਾਲ ਹੀ, ਹੁਣ ਅਸੀਂ ਦੋਵੇਂ ਦੇਸ਼ਾਂ ਦਰਮਿਆਨ ਸਟੇਟ-ਟੂ-ਸਟੇਟ ਅਤੇ ਸਿਟੀ-ਟੂ-ਸਿਟੀ ਸਹਿਯੋਗ ਨੂੰ ਵੀ ਮਜ਼ਬੂਤ ਕਰਨ ਜਾ ਰਹੇ ਹਾਂ।

ਦੋਸਤੋ,

ਵੀਅਤਨਾਮ ਭਾਰਤ ਦੀ ਐਕਟ-ਈਸਟ ਨੀਤੀ ਅਤੇ ਵਿਜ਼ਨ ਮਹਾਸਾਗਰ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਹਿੰਦ ਪ੍ਰਸ਼ਾਂਤ ਖੇਤਰ ਵਿੱਚ ਵੀ ਸਾਡਾ ਸਾਂਝਾ ਦ੍ਰਿਸ਼ਟੀਕੋਣ ਹੈ। ਅਸੀਂ ਆਪਣੇ ਮਜ਼ਬੂਤ ਹੋ ਰਹੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਰਾਹੀਂ ਕਾਨੂੰਨ ਦੇ ਰਾਜ, ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਯੋਗਦਾਨ ਦਿੰਦੇ ਰਹਾਂਗੇ। ਵੀਅਤਨਾਮ ਦੇ ਸਹਿਯੋਗ ਨਾਲ ਭਾਰਤ ਆਸਿਯਾਨ ਨਾਲ ਆਪਣੇ ਸਬੰਧਾਂ ਨੂੰ ਹੋਰ ਵਿਆਪਕ ਬਣਾਵੇਗਾ।

ਮਹਾਮਹਿਮ,

ਪਹਲਗਾਮ ਅੱਤਵਾਦੀ ਹਮਲੇ ਦੀ ਕਰੜੀ ਨਿੰਦਾ ਕਰਨ ਅਤੇ ਅੱਤਵਾਦ ਦੇ ਖ਼ਿਲਾਫ਼ ਸਾਡੇ ਸੰਘਰਸ਼ ਵਿੱਚ ਸਾਡੇ ਨਾਲ ਖੜ੍ਹੇ ਰਹਿਣ ਲਈ ਅਸੀਂ ਵੀਅਤਨਾਮ ਦੇ ਧੰਨਵਾਦੀ ਹਾਂ।

ਵਿਸ਼ਵ ਪੱਧਰੀ ਉਥਲ-ਪੁਥਲ ਅਤੇ ਆਰਥਿਕ ਚੁਣੌਤੀਆਂ ਦੇ ਇਸ ਦੌਰ ਵਿੱਚ, ਆਪਣੇ ਟੈਲੈਂਟ, ਸੁਸ਼ਾਸਨ ਅਤੇ ਆਰਥਿਕ ਸੁਧਾਰਾਂ ਦੇ ਬਲ 'ਤੇ ਭਾਰਤ ਅਤੇ ਵੀਅਤਨਾਮ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਜੋਂ ਉਭਰ ਰਹੇ ਹਨ। ਹੁਣ ਆਪਣੀ ਵਧੀਕ ਰਣਨੀਤਕ ਭਾਈਵਾਲੀ ਰਾਹੀਂ ਅਸੀਂ ਇੱਕ-ਦੂਜੇ ਦੀ ਤੇਜ਼ ਤਰੱਕੀ ਦੇ ਸਾਥੀ ਬਣਾਂਗੇ।

ਜਿਵੇਂ ਕਿ ਬੁੱਧ ਦੀ ਸਿੱਖਿਆ ਦੀ ਭਾਵਨਾ ਹੈ ਕਿ "ਜੇ ਤੁਸੀਂ ਕਿਸੇ ਹੋਰ ਲਈ ਦੀਵਾ ਜਗਾਉਂਦੇ ਹੋ, ਤਾਂ ਉਹ ਤੁਹਾਡੇ ਆਪਣੇ ਰਸਤੇ ਨੂੰ ਵੀ ਰੌਸ਼ਨ ਕਰਦਾ ਹੈ।”

ਇਸੇ ਭਾਵਨਾ ਨਾਲ ਅਸੀਂ ਇਕ-ਦੂਜੇ ਦੇ ਵਿਜ਼ਨ ਅਤੇ ਟੀਚਿਆਂ ਨੂੰ ਸਮਰਥਨ ਦਿੰਦਿਆਂ ਵਿਕਸਿਤ ਰਾਸ਼ਟਰ ਬਣਨ ਦੀਆਂ ਆਪਣੀਆਂ ਅਭਿਲਾਸ਼ਾਵਾਂ ਨੂੰ ਮਿਲ ਕੇ ਸਾਕਾਰ ਕਰਾਂਗੇ।

ਅਸੀਂ ਇਕੱਠੇ ਚੱਲਾਂਗੇ, ਇਕੱਠੇ ਵਧਾਂਗੇ ਅਤੇ ਇਕੱਠੇ ਜਿੱਤਾਂਗੇ।

ਬਹੁਤ-ਬਹੁਤ ਧੰਨਵਾਦ।

************

ਐਮਜੇਪੀਐਸ/ਐਸਐਸ/ਐਸਟੀ


(Release ID: 2258436) ਵਿਜ਼ੀਟਰ ਕਾਊਂਟਰ : 4