ਪ੍ਰਧਾਨ ਮੰਤਰੀ ਦਫਤਰ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Posted On:
16 APR 2026 5:43PM by PIB Chandigarh
ਮਾਣਯੋਗ ਸਪੀਕਰ ਜੀ,
ਇਸ ਮਹੱਤਵਪੂਰਨ ਬਿੱਲ 'ਤੇ ਚਰਚਾ ਅੱਜ ਸਵੇਰੇ ਸ਼ੁਰੂ ਹੋਈ ਹੈ। ਕਾਫੀ ਸਾਥੀਆਂ ਨੇ ਇੱਥੋਂ ਵੀ ਜਿਨ੍ਹਾਂ ਮੁੱਦਿਆਂ ਨੂੰ ਛੂਹਿਆ ਗਿਆ ਹੈ, ਉਸ ਨੂੰ ਤੱਥਾਂ ਨਾਲ ਅਤੇ ਤਰਕ ਨਾਲ ਸਦਨ ਨੂੰ ਜ਼ਰੂਰ ਜਾਣਕਾਰੀ ਦੇਣਗੇ। ਅਤੇ ਇਸ ਲਈ ਮੈਂ ਉਨ੍ਹਾਂ ਵਿਸ਼ਿਆਂ ਵਿੱਚ ਜਾਣਾ ਨਹੀਂ ਚਾਹੁੰਦਾ।
ਮਾਣਯੋਗ ਸਪੀਕਰ ਜੀ,
ਰਾਸ਼ਟਰ ਦੇ ਜੀਵਨ ਵਿੱਚ ਕੁਝ ਮਹੱਤਵਪੂਰਨ ਪਲ ਆਉਂਦੇ ਹਨ ਅਤੇ ਉਸ ਸਮੇਂ ਦੀ ਸਮਾਜ ਦੀ ਮਨੋਸਥਿਤੀ ਅਤੇ ਅਗਵਾਈ ਦੀ ਸਮਰੱਥਾ, ਉਸ ਪਲ ਨੂੰ ਕੈਪਚਰ ਕਰਕੇ ਇੱਕ ਰਾਸ਼ਟਰ ਦੀ ਅਮਾਨਤ ਬਣਾ ਦਿੰਦੀ ਹੈ, ਇੱਕ ਮਜ਼ਬੂਤ ਵਿਰਾਸਤ ਤਿਆਰ ਕਰ ਦਿੰਦੀ ਹੈ। ਮੈਂ ਸਮਝਦਾ ਹਾਂ ਕਿ ਭਾਰਤ ਦੇ ਸੰਸਦੀ ਲੋਕਤੰਤਰ ਦੇ ਇਤਿਹਾਸ ਵਿੱਚ ਇਹ ਅਜਿਹੇ ਹੀ ਪਲ ਹਨ। ਲੋੜ ਤਾਂ ਇਹ ਸੀ ਕਿ 25-30 ਸਾਲ ਪਹਿਲਾਂ ਜਦੋਂ ਤੋਂ ਇਹ ਵਿਚਾਰ ਸਾਹਮਣੇ ਆਇਆ, ਲੋੜ ਮਹਿਸੂਸ ਹੋਈ, ਅਸੀਂ ਇਸ ਨੂੰ ਲਾਗੂ ਕਰ ਦਿੰਦੇ ਅਤੇ ਅਸੀਂ ਅੱਜ ਇਸ ਨੂੰ ਕਾਫੀ ਪਰਿਪੱਕਤਾ ਤੱਕ ਪਹੁੰਚਾ ਦਿੰਦੇ। ਅਤੇ ਲੋੜ ਅਨੁਸਾਰ ਇਸ ਵਿੱਚ ਸਮੇਂ-ਸਮੇਂ ’ਤੇ ਸੁਧਾਰ ਵੀ ਹੁੰਦੇ ਅਤੇ ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੁੰਦੀ ਹੈ। ਅਸੀਂ, ਅਸੀਂ 'ਮਦਰ ਆਫ ਡੈਮੋਕ੍ਰੇਸੀ' ਹਾਂ। ਸਾਡੀ ਹਜ਼ਾਰਾਂ ਸਾਲਾਂ ਦੀ ਲੋਕਤੰਤਰ ਦੀ ਇੱਕ ਵਿਕਾਸ ਯਾਤਰਾ ਰਹੀ ਹੈ, ਅਤੇ ਉਸ ਵਿਕਾਸ ਯਾਤਰਾ ਵਿੱਚ ਇੱਕ ਨਵਾਂ ਮੁਕਾਮ ਜੋੜਣ ਦਾ ਇੱਕ ਸ਼ੁਭ ਮੌਕਾ ਸਦਨ ਦੇ ਸਾਡੇ ਸਭ ਸਾਥੀਆਂ ਨੂੰ ਮਿਲਿਆ ਹੈ। ਅਤੇ ਮੈਂ ਸ਼ੁਰੂ ਵਿੱਚ ਕਿਹਾ ਹੈ ਕਿ ਅਸੀਂ ਸਭ ਖੁਸ਼ਕਿਸਮਤ ਹਾਂ ਕਿ ਸਾਨੂੰ ਐਸੇ ਮਹੱਤਵਪੂਰਨ ਅਤੇ ਦੇਸ਼ ਦੀ ਅੱਧੀ ਆਬਾਦੀ ਨੂੰ ਇਸ ਰਾਸ਼ਟਰ ਨਿਰਮਾਣ ਦੀ ਨੀਤੀ ਨਿਰਧਾਰਣ ਪ੍ਰਕਿਰਿਆ ਵਿੱਚ ਹਿੱਸੇਦਾਰ ਬਣਾਉਣ ਦਾ ਸੁਭਾਗ ਮਿਲ ਰਿਹਾ ਹੈ। ਇਹ ਅਸੀਂ ਲੋਕਾਂ ਲਈ ਸੁਭਾਗ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਮਾਣਯੋਗ ਸੰਸਦ ਮੈਂਬਰ, ਮੈਂ ਇੱਧਰ-ਉੱਧਰ ਦੀ ਅੱਜ ਗੱਲ ਨਹੀਂ ਕਰਨਾ ਚਾਹੁੰਦਾ, ਅਸੀਂ ਸਾਰੇ ਸੰਸਦ ਮੈਂਬਰ ਇਸ ਮਹੱਤਵਪੂਰਨ ਮੌਕੇ ਨੂੰ ਜਾਣੇ ਨਾ ਦੇਈਏ। ਅਸੀਂ ਭਾਰਤੀ ਸਭ ਮਿਲਕੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਜਾ ਰਹੇ ਹਾਂ। ਸਾਡੀ ਸ਼ਾਸਨ ਪ੍ਰਣਾਲੀ ਨੂੰ ਸੰਵੇਦਨਸ਼ੀਲਤਾ ਨਾਲ ਭਰਨ ਦਾ ਇੱਕ ਸਾਰਥਕ ਯਤਨ ਕਰਨ ਲਈ ਜਾ ਰਹੇ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਮੰਥਨ ਤੋਂ ਜੋ ਅੰਮ੍ਰਿਤ ਨਿਕਲੇਗਾ, ਉਹ ਦੇਸ਼ ਦੀ ਰਾਜਨੀਤੀ ਦਾ ਵੀ, ਉਸਦੇ ਰੂਪ-ਸਰੂਪ ਨੂੰ ਤਾਂ ਤੈਅ ਕਰਨ ਵਾਲਾ ਹੈ ਹੀ, ਪਰ ਇਹ ਦੇਸ਼ ਦੀ ਦਿਸ਼ਾ ਅਤੇ ਦਸ਼ਾ ਵੀ ਤੈਅ ਕਰਨ ਵਾਲਾ ਹੈ, ਇੰਨੇ ਮਹੱਤਵਪੂਰਨ ਮੋੜ ’ਤੇ ਅਸੀਂ ਖੜੇ ਹਾਂ।
ਮਾਣਯੋਗ ਸਪੀਕਰ ਜੀ,
21ਵੀਂ ਸਦੀ ਵਿੱਚ ਭਾਰਤ ਇੱਕ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵੱਧ ਰਿਹਾ ਹੈ। ਵਿਸ਼ਵ ਵਿੱਚ ਵੀ ਅੱਜ ਭਾਰਤ ਦੀ ਸਵੀਕਾਰਤਾ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ ਅਤੇ ਇਹ ਸਾਡੇ ਸਾਰਿਆਂ ਲਈ ਮਾਣ ਦਾ ਪਲ ਹੈ। ਇੱਕ ਸਮਾਂ ਸਾਡੇ ਕੋਲ ਆਇਆ ਹੈ, ਅਤੇ ਇਸ ਸਮੇਂ ਨੂੰ ਅਸੀਂ ਇੱਕ ਵਿਕਸਿਤ ਭਾਰਤ ਦੇ ਸੰਕਲਪ ਨਾਲ ਜੋੜਿਆ ਹੈ। ਅਤੇ ਮੈਂ ਪੱਕੇ ਤੌਰ 'ਤੇ ਮੰਨਦਾ ਹਾਂ ਕਿ ਵਿਕਸਿਤ ਭਾਰਤ ਦਾ ਮਤਲਬ ਕੇਵਲ ਉੱਤਮ ਰੇਲ, ਸੜਕਾਂ, ਇੰਫਰਾਸਟ੍ਰਕਚਰ ਜਾਂ ਕੁਝ ਆਰਥਿਕ ਪ੍ਰਗਤੀ ਦੇ ਅੰਕੜੇ, ਸਿਰਫ਼ ਇੰਨੇ ਹੀ ਵਿਕਸਿਤ ਭਾਰਤ ਦੀ ਸੀਮਿਤ ਕਲਪਨਾ ਵਾਲੇ ਅਸੀਂ ਲੋਕ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਵਿਕਸਿਤ ਭਾਰਤ, ਜਿਸਦੇ ਨੀਤੀ ਨਿਰਧਾਰਣ ਵਿੱਚ ਸਭ ਦਾ ਸਾਥ, ਸਭ ਦਾ ਵਿਕਾਸ ਦਾ ਮੰਤਰ ਸਮਾਇਆ ਹੋਇਆ ਹੋਵੇ। ਦੇਸ਼ ਦੀ 50% ਜਨਸੰਖਿਆ ਨੀਤੀ ਨਿਰਧਾਰਣ ਦਾ ਹਿੱਸਾ ਬਣੇ, ਇਹ ਸਮੇਂ ਦੀ ਮੰਗ ਹੈ। ਅਸੀਂ ਪਹਿਲਾਂ ਹੀ ਦੇਰ ਕਰ ਚੁੱਕੇ ਹਾਂ, ਕਾਰਨ ਕੋਈ ਵੀ ਹੋਵੇ, ਜ਼ਿੰਮੇਵਾਰ ਕੋਈ ਵੀ ਹੋਵੇ, ਪਰ ਇਸ ਸੱਚਾਈ ਨੂੰ ਸਾਨੂੰ ਸਵੀਕਾਰ ਕਰਨਾ ਪਵੇਗਾ ਕਿ ਜਦੋਂ ਅਸੀਂ ਇਕੱਲੇ ਮਿਲਦੇ ਹਾਂ, ਤਦ ਮੰਨਦੇ ਹਾਂ, ਹਾਂ ਯਾਰ! ਪਰ ਜਦੋਂ ਸਾਂਝੇ ਤੌਰ ’ਤੇ ਮਿਲਦੇ ਹਾਂ, ਮੈਨੂੰ ਯਾਦ ਹੈ ਜਦੋਂ ਇਸਦੀ ਪ੍ਰਕਿਰਿਆ ਚਲੀ ਸੀ, ਸਾਰੇ ਦਲਾਂ ਨਾਲ ਮਿਲਣਾ ਹੋਇਆ ਹੈ, ਇੱਕ ਦਲ ਨੂੰ ਛੱਡ ਕੇ, ਜਿਨ੍ਹਾਂ-ਜਿਨ੍ਹਾਂ ਨਾਲ ਮਿਲਣਾ ਹੋਇਆ ਹੈ, ਹਰ ਇੱਕ ਨੇ ਸਿਧਾਂਤਕ ਵਿਰੋਧ ਨਹੀਂ ਕੀਤਾ ਹੈ। ਬਾਅਦ ਵਿੱਚ ਜਾ ਕੇ ਜੋ ਕੁਝ ਵੀ ਹੋਇਆ ਹੋਵੇਗਾ, ਰਾਜਨੀਤਿਕ ਦਿਸ਼ਾ ਫੜ੍ਹੀ ਜਾ ਰਹੀ ਹੈ। ਪਰ ਜੋ ਰਾਜਨੀਤਿਕ ਦਿਸ਼ਾ ਵਿੱਚ ਹੀ ਸੋਚਦੇ ਹਨ, ਮੈਂ ਉਨ੍ਹਾਂ ਨੂੰ ਵੀ ਸਲਾਹ ਦੇਣਾ ਚਾਹਾਂਗਾ, ਇੱਕ ਦੋਸਤ ਦੇ ਤੌਰ ’ਤੇ ਸਲਾਹ ਦਿੰਦਾ ਹਾਂ ਅਤੇ ਸਭ ਦੇ ਕੰਮ ਆਵੇਗੀ। ਸਾਡੇ ਦੇਸ਼ ਵਿੱਚ ਜਦੋਂ ਤੋਂ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਚਰਚਾ ਹੋਈ ਹੈ ਅਤੇ ਉਸ ਤੋਂ ਬਾਅਦ ਜਦੋਂ-ਜਦੋਂ ਚੋਣ ਆਈ ਹੈ, ਹਰ ਚੋਣ ਵਿੱਚ ਮਹਿਲਾਵਾਂ ਨੂੰ ਮਿਲਣ ਵਾਲੇ ਇਸ ਅਧਿਕਾਰ ਦਾ ਜਿਸ-ਜਿਸ ਨੇ ਵਿਰੋਧ ਕੀਤਾ ਹੈ, ਦੇਸ਼ ਦੀਆਂ ਮਹਿਲਾਵਾਂ ਨੇ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਹੈ। ਉਨ੍ਹਾਂ ਦਾ ਹਾਲ ਬੁਰੇ ਤੋਂ ਬੁਰਾ ਕੀਤਾ ਹੈ। ਪਰ ਇਹ ਵੀ ਦੇਖੋ ਕਿ 24 ਦੀ ਚੋਣ ਵਿੱਚ ਅਜਿਹਾ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਇਹ ਇਸ ਲਈ ਨਹੀਂ ਹੋਇਆ ਕਿ 24 ਵਿੱਚ ਸਭ ਨੇ ਸਹਿਮਤੀ ਨਾਲ ਇਸਨੂੰ ਪਾਸ ਕੀਤਾ, ਤਾਂ ਇਹ ਮੁੱਦਾ ਹੀ ਨਹੀਂ ਰਿਹਾ। ਕਿਸੇ ਦੇ ਹੱਕ ਵਿੱਚ ਰਾਜਨੀਤਿਕ ਫਾਇਦਾ ਨਹੀਂ ਹੋਇਆ, ਕਿਸੇ ਦਾ ਨੁਕਸਾਨ ਵੀ ਨਹੀਂ ਹੋਇਆ। ਆਸਾਨੀ ਨਾਲ ਜੋ ਮੁੱਦੇ ਸਨ, ਉਨ੍ਹਾਂ ਦੇ ਆਧਾਰ ’ਤੇ ਚੋਣ ਲੜੀ ਗਈ, ਕਿਉਂਕਿ 24 ਵਿੱਚ ਸਭ ਇਕੱਠੇ ਸਨ। ਕੁਝ ਲੋਕ ਇੱਥੇ ਹਨ, ਕੁਝ ਲੋਕ ਨਹੀਂ ਹਨ, ਪਰ ਸਭ ਇਕੱਠੇ ਸਨ। ਅੱਜ ਵੀ ਮੈਂ ਆਖਦਾ ਹਾਂ, ਜੇ ਅਸੀਂ ਸਾਰੇ ਇਕੱਠੇ ਚਲਦੇ ਹਾਂ, ਤਾਂ ਇਤਿਹਾਸ ਗਵਾਹ ਹੈ ਕਿ ਇਹ ਕਿਸੇ ਇੱਕ ਦੇ ਰਾਜਨੀਤਿਕ ਪੱਖ ਵਿੱਚ ਨਹੀਂ ਜਾਵੇਗਾ। ਇਹ ਦੇਸ਼ ਦੇ ਲੋਕਤੰਤਰ ਦੇ ਪੱਖ ਵਿੱਚ ਜਾਵੇਗਾ, ਦੇਸ਼ ਦੀ ਸਾਂਝੀ ਫੈਸਲਾ ਕਰਨ ਦੀ ਤਾਕਤ ਦੇ ਪੱਖ ਵਿੱਚ ਜਾਵੇਗਾ ਅਤੇ ਅਸੀਂ ਸਾਰੇ ਉਸ ਦੀ ਮਹਿਮਾ ਦੇ ਹੱਕਦਾਰ ਹੋਵਾਂਗੇ। ਨਾ ਟ੍ਰੇਜ਼ਰੀ ਬੈਂਚ ਇਸਦਾ ਹੱਕਦਾਰ ਰਹੇਗਾ, ਨਾ ਮੋਦੀ ਇਸਦਾ ਹੱਕਦਾਰ ਰਹੇਗਾ, ਇੱਥੇ ਬੈਠੇ ਸਾਰੇ ਹੱਕਦਾਰ ਰਹਿਣਗੇ ਅਤੇ ਇਸ ਲਈ ਜਿਨ੍ਹਾਂ ਲੋਕਾਂ ਨੂੰ ਇਸ ਵਿੱਚ ਰਾਜਨੀਤੀ ਦੀ ਬਦਬੂ ਆ ਰਹੀ ਹੈ, ਮੈਂ ਚਾਹੁੰਦਾ ਹਾਂ ਕਿ ਉਹ ਆਪਣੇ ਨਤੀਜਿਆਂ ਨੂੰ ਪਿਛਲੇ 30 ਸਾਲਾਂ ਵਿੱਚ ਦੇਖ ਲੈਣ। ਫਾਇਦਾ ਉਨ੍ਹਾਂ ਦਾ ਵੀ ਇਸ ਵਿੱਚ ਹੈ, ਰਾਹ ਦਿਖਾ ਰਿਹਾ ਹਾਂ ਕਿ ਇਸ ਵਿੱਚ ਹੀ ਫਾਇਦਾ ਹੈ ਕਿ ਜੋ ਨੁਕਸਾਨ ਹੋ ਰਿਹਾ ਹੈ, ਉਸ ਤੋਂ ਬਚ ਜਾਵੋਗੇ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਸ ਵਿੱਚ ਰਾਜਨੀਤਿਕ ਰੰਗ ਦੇਣ ਦੀ ਲੋੜ ਨਹੀਂ ਹੈ।
ਮਾਣਯੋਗ ਸਪੀਕਰ ਜੀ,
ਮੈਨੂੰ ਯਾਦ ਹੈ, ਉਸ ਸਮੇਂ ਤਾਂ ਮੈਂ ਸ਼ਾਸਕੀ ਪ੍ਰਣਾਲੀ ਦੀ ਰਾਜਨੀਤੀ ਵਿੱਚ ਨਹੀਂ ਸੀ, ਮੈਂ ਇੱਕ ਸੰਗਠਨ ਦੇ ਕਰਮਚਾਰੀ ਦੇ ਨਾਤੇ ਕੰਮ ਕਰਦਾ ਸੀ। ਉਸ ਸਮੇਂ ਇੱਕ ਚਰਚਾ ਸੁਣਨ ਨੂੰ ਮਿਲਦੀ ਸੀ ਗਲਿਆਰਿਆਂ ਵਿੱਚ, ਕਿ ਦੇਖੋ ਇਹ ਕਿਵੇਂ ਦੇ ਲੋਕ ਹਨ, ਪੰਚਾਇਤਾਂ ਵਿੱਚ ਰਾਖਵਾਂਕਰਨ ਦੇਣਾ ਹੈ, ਤਾਂ ਬਹੁਤ ਆਰਾਮ ਨਾਲ ਦੇ ਦਿੰਦੇ ਹਨ। ਪਰ ਪੰਚਾਇਤਾਂ ਵਿੱਚ ਰਾਖਵਾਂਕਰਨ ਦੇਣਾ ਹੈ, ਤਾਂ ਆਰਾਮ ਨਾਲ ਦੇ ਦਿੰਦੇ ਹਨ ਕਿਉਂਕਿ ਉਸ ਵਿੱਚ ਉਨ੍ਹਾਂ ਨੂੰ ਆਪਣੇ ਅਹੁਦੇ ਜਾਣ ਦਾ ਡਰ ਨਹੀਂ ਲੱਗਦਾ। ਉਨ੍ਹਾਂ ਨੂੰ ਲੱਗਦਾ ਹੈ, ਅਸੀਂ ਸੁਰੱਖਿਅਤ ਹਾਂ ਯਾਰ, ਉੱਥੇ ਦੇ ਦਿਓ। ਇਹ ਉਸ ਸਮੇਂ ਗਲਿਆਰਿਆਂ ਵਿੱਚ ਬਹੁਤ ਚਰਚਾ ਸੀ ਕਿ ਕਹਿੰਦੇ ਸੀ ਇਹ ਕਦੇ ਨਹੀਂ ਕਰਨਗੇ ਇੱਥੇ ਬੈਠੇ ਹੋਏ, ਕਿਉਂ? ਕਿਉਂਕਿ ਉਨ੍ਹਾਂ ਦਾ ਕੁਝ ਜਾਵੇਗਾ ਅਤੇ ਇਸ ਲਈ ਬਾਕੀ ਪੰਚਾਇਤ ਦਾ ਹੋ ਜਾਂਦਾ ਹੈ, 50% ਤੱਕ ਪਹੁੰਚ ਗਏ।
ਮੈਂ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਹੋਰ ਵੀ ਇੱਕ ਗੱਲ ਸਮਝਾਉਣਾ ਚਾਹੁੰਦਾ ਹਾਂ ਸਾਥੀਓ,
ਅੱਜ ਤੋਂ 25 ਸਾਲ, 30 ਸਾਲ ਪਹਿਲਾਂ ਜਿਸਨੇ ਵੀ ਵਿਰੋਧ ਕੀਤਾ, ਤਾਂ ਵਿਰੋਧ ਰਾਜਨੀਤਿਕ ਸਤ੍ਹਾ ਤੋਂ ਹੇਠਾਂ ਨਹੀਂ ਗਿਆ ਸੀ। ਅੱਜ ਅਜਿਹਾ ਸਮਝਣ ਦੀ ਗਲਤੀ ਨਾ ਕਰਨਾ, ਪਿਛਲੇ 25-30 ਸਾਲਾਂ ਵਿੱਚ ਜ਼ਮੀਨੀ ਪੱਧਰ ’ਤੇ ਪੰਚਾਇਤੀ ਚੋਣ ਪ੍ਰਣਾਲੀਆਂ ਵਿੱਚ ਜਿੱਤ ਕੇ ਆਈਆਂ ਭੈਣਾਂ ਵਿੱਚ ਇੱਕ ਰਾਜਨੀਤਿਕ ਚੇਤਨਾ ਹੈ, ਉਹ ਰਾਏ ਬਣਾਉਣ ਵਾਲੀਆਂ ਹਨ ਜ਼ਮੀਨੀ ਪੱਧਰ ’ਤੇ, 30 ਸਾਲ ਪਹਿਲਾਂ ਉਹ ਸ਼ਾਂਤ ਰਹਿੰਦੀਆਂ ਸਨ, ਬੋਲਦੀਆਂ ਨਹੀਂ ਸਨ, ਸਮਝਦੀਆਂ ਸਨ, ਬੋਲਦੀਆਂ ਨਹੀਂ ਸਨ। ਅੱਜ ਉਹ ਬੋਲਦੀਆਂ ਹਨ ਅਤੇ ਇਸ ਲਈ ਹੁਣ ਜੋ ਵੀ ਪੱਖ-ਵਿਰੋਧ ਹੋਵੇਗਾ, ਉਹ ਜੋ ਲੱਖਾਂ ਭੈਣਾਂ ਕਦੇ ਨਾ ਕਦੇ ਪੰਚਾਇਤ ਵਿੱਚ ਕੰਮ ਕਰ ਚੁੱਕੀਆਂ ਹਨ, ਨੁਮਾਇੰਦਗੀ ਕਰ ਚੁੱਕੀਆਂ ਹਨ, ਲੋਕਾਂ ਦੇ ਸੁਖ-ਦੁਖ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਨਾਲ ਦੇਖ ਚੁੱਕੀਆਂ ਹਨ, ਉਹ ਅੰਦੋਲਨ ਲਈ ਤਿਆਰ ਹਨ। ਉਹ ਕਹਿੰਦੀਆਂ ਹਨ ਕਿ ਝਾੜੂ-ਕੂੜੇ ਵਾਲੇ ਕੰਮ ਵਿੱਚ ਤਾਂ ਸਾਨੂੰ ਜ਼ੋਰ ਦਿੰਦੇ ਹੋ, ਉਹ ਤਾਂ ਪਰਿਵਾਰ ਵਿੱਚ ਵੀ ਪਹਿਲਾਂ ਹੁੰਦਾ ਸੀ, ਹੁਣ ਸਾਨੂੰ ਫੈਸਲਾ ਪ੍ਰਕਿਰਿਆ ਵਿੱਚ ਜੋੜੋ ਅਤੇ ਫੈਸਲਾ ਪ੍ਰਕਿਰਿਆਵਾਂ ਵਿਧਾਨ ਸਭਾ ਵਿੱਚ ਅਤੇ ਸੰਸਦ ਵਿੱਚ ਹੁੰਦੀਆਂ ਹਨ। ਅਤੇ ਇਸ ਲਈ ਮੈਂ ਰਾਜਨੀਤਿਕ ਜੀਵਨ ਵਿੱਚ ਜੋ ਲੋਕ ਤਰੱਕੀ ਚਾਹੁੰਦੇ ਹਨ, ਮੈਂ ਕਿਸੇ ਵੀ ਸੰਸਦ ਦੀ ਗੱਲ ਕਰਦਾ ਹਾਂ, ਕਿਸੇ ਵੀ ਐੱਮਐੱਲਏ ਦੀ ਗੱਲ ਕਰਦਾ ਹਾਂ, ਇਸ ਪਾਰਟੀ ਉਸ ਪਾਰਟੀ ਦੀ ਗੱਲ ਮੈਂ ਨਹੀਂ ਕਰ ਰਿਹਾ ਹਾਂ। ਜੋ ਵੀ ਰਾਜਨੀਤਿਕ ਜੀਵਨ ਵਿੱਚ ਸਫਲਤਾਪੂਰਵਕ ਅੱਗੇ ਵੱਧਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਮੰਨ ਕੇ ਚਲਣਾ ਪਵੇਗਾ ਕਿ ਪਿਛਲੇ 25-30 ਸਾਲਾਂ ਵਿੱਚ ਲੱਖਾਂ ਭੈਣਾਂ ਜ਼ਮੀਨੀ ਪੱਧਰ ’ਤੇ ਲੀਡਰ ਬਣ ਚੁੱਕੀਆਂ ਹਨ। ਹੁਣ ਉਨ੍ਹਾਂ ਦੇ ਅੰਦਰ ਸਿਰਫ ਇੱਥੇ 33% ਦਾ ਨਹੀਂ, ਉੱਥੇ ਵੀ ਉਹ ਤੁਹਾਡੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ ਅਤੇ ਇਸ ਲਈ ਜੋ ਅੱਜ ਵਿਰੋਧ ਕਰਨਗੇ ਉਸ ਨੂੰ ਲੰਮੇ ਸਮੇਂ ਤੱਕ ਕੀਮਤ ਚੁਕਾਉਣੀ ਪਵੇਗੀ, ਲੰਮੇ ਸਮੇਂ ਤੱਕ ਕੀਮਤ ਚੁਕਾਉਣੀ ਪਵੇਗੀ। ਅਤੇ ਇਸ ਲਈ ਰਾਜਨੀਤਿਕ ਸਮਝਦਾਰੀ ਵੀ ਇਸ ਵਿੱਚ ਹੈ ਕਿ ਅਸੀਂ ਜ਼ਮੀਨੀ ਪੱਧਰ ’ਤੇ ਮਹਿਲਾਵਾਂ ਦੀ ਜੋ ਰਾਜਨੀਤਿਕ ਲੀਡਰਸ਼ਿਪ ਖੜੀ ਹੋਈ ਹੈ, ਉਸ ਨੂੰ ਹੁਣ ਤੁਹਾਨੂੰ ਵਿਚਾਰਨਾ ਪਵੇਗਾ। ਇੱਥੇ ਮੈਂ ਸੁਣਿਆ, ਸਾਡੇ ਮੁਲਾਇਮ ਸਿੰਘ ਜੀ ਸਨ ਉਦੋਂ ਤੋਂ ਇੱਕ ਵਿਸ਼ਾ ਚਲਾ ਰਹੇ ਹਨ, ਉਨ੍ਹਾਂ ਦੇ ਪਰਿਵਾਰ ਵਾਲੇ ਵੀ ਚਲਾ ਰਹੇ ਹਨ। ਤੁਸੀਂ ਦੇਸ਼ ਦੀਆਂ ਭੈਣਾਂ ’ਤੇ ਭਰੋਸਾ ਕਰੋ ਨਾ, ਉਨ੍ਹਾਂ ਦੀ ਸਮਝਦਾਰੀ ’ਤੇ ਭਰੋਸਾ ਕਰੋ, ਇੱਕ ਵਾਰ 33% ਭੈਣਾਂ ਨੂੰ ਇੱਥੇ ਆਉਣ ਦਿਓ, ਆ ਕੇ ਉਨ੍ਹਾਂ ਨੂੰ ਫੈਸਲਾ ਕਰਨ ਦਿਓ, ਕਿਸ ਨੂੰ ਦੇਣਾ ਹੈ, ਕਿਸ ਨੂੰ ਨਹੀਂ ਦੇਣਾ ਹੈ, ਇਸ ਵਰਗ ਨੂੰ ਦੇਣਾ ਹੈ, ਉਸ ਵਰਗ ਨੂੰ ਦੇਣਾ ਹੈ, ਕਰਨਗੀਆਂ ਉਹ ਫੈਸਲਾ, ਅਸੀਂ ਉਨ੍ਹਾਂ ਦੀ ਸਮਰੱਥਾ ’ਤੇ ਸ਼ੱਕ ਕਿਉਂ ਕਰਦੇ ਹਾਂ ਭਾਈ? ਇੱਕ ਵਾਰ ਆਉਣ ਤਾਂ ਦਿਓ! ਉਨ੍ਹਾਂ ਨੂੰ ਆਉਣ ਤਾਂ ਦਿਓ! ਜਦ ਆਉਣਗੀਆਂ, ਤਾਂ 34 ਵਿੱਚ ਅਤੇ ਧਰਮੇਂਦਰ ਜੀ, ਧਰਮੇਂਦਰ ਜੀ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀ ਪਛਾਣ ਕਰਾ ਦਿੱਤੀ। ਇਹ ਗੱਲ ਸਹੀ ਹੈ, ਮੈਂ ਅਤਿ ਪਿੱਛੜੇ ਸਮਾਜ ਤੋਂ ਆਉਂਦਾ ਹਾਂ। ਧਰਮੇਂਦਰ ਜੀ, ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਅਖਿਲੇਸ਼ ਜੀ ਮੇਰੇ ਮਿੱਤਰ ਹਨ, ਤਾਂ ਕਦੇ-ਕਦੇ ਮਦਦ ਕਰ ਦਿੰਦੇ ਹਨ। ਇਹ ਗੱਲ ਸਹੀ ਹੈ ਕਿ ਮੈਂ ਅਤਿ ਪਿੱਛੜੇ ਸਮਾਜ ਤੋਂ ਆਉਂਦਾ ਹਾਂ, ਪਰ ਮੇਰੀ ਜ਼ਿੰਮੇਵਾਰੀ ਸਮਾਜ ਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ ਅਤੇ ਇਹ ਮੇਰੇ ਸੰਵਿਧਾਨ ਨੇ ਮੈਨੂੰ ਇਹੀ ਰਾਹ ਦਿਖਾਇਆ ਹੈ। ਮੇਰੇ ਲਈ ਸੰਵਿਧਾਨ ਹੀ ਸਰਬ-ਉੱਚ ਹੈ ਅਤੇ ਇਹ ਸੰਵਿਧਾਨ ਦੀ ਤਾਕਤ ਹੈ ਕਿ ਮੇਰੇ ਵਰਗੇ ਬਹੁਤ ਛੋਟੇ ਸਮਾਜ ਦੇ ਅਤਿ ਪਿਛੜੇ ਸਮਾਜ ਦੇ ਵਿਅਕਤੀ ਨੂੰ ਏਨੀ ਵੱਡੀ ਜ਼ਿੰਮੇਵਾਰੀ ਦੇਸ਼ ਨੇ ਦਿੱਤੀ ਹੈ। ਅਤੇ ਇਸ ਲਈ ਮੈਂ ਤਾਂ ਦੇਸ਼-ਵਾਸੀਆਂ ਦਾ ਰਿਣੀ ਹਾਂ ਅਤੇ ਮੈਂ ਤਾਂ ਸੰਵਿਧਾਨ ਨਿਰਮਾਤਾਵਾਂ ਦਾ ਰਿਣੀ ਹਾਂ ਕਿ ਜਿਸ ਦੇ ਸਦਕਾ ਅੱਜ ਮੈਂ ਇੱਥੇ ਹਾਂ।
ਪਰ ਮਾਣਯੋਗ ਸਪੀਕਰ ਜੀ!
ਮਾਣਯੋਗ ਸਪੀਕਰ ਜੀ,
ਅੱਜ ਜੀਵਨ ਦੇ ਹਰ ਇੱਕ ਖੇਤਰ ਵਿੱਚ ਅਸੀਂ ਦੇਖੀਏ ਕਿ ਨਾਰੀ ਸ਼ਕਤੀ ਦੇਸ਼ ਦੇ ਮਾਣ ਨੂੰ ਵਧਾਉਣ ਵਾਲੇ, ਝੰਡੇ ਬੁਲੰਦ ਕਰਨ ਵਿੱਚ ਕਿਤੇ ਪਿੱਛੇ ਨਹੀਂ ਹਨ ਜੀ। ਅਸੀਂ ਮਾਣ ਕਰ ਸਕੀਏ, ਇਸ ਤਰ੍ਹਾਂ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਅੱਜ ਸਾਡੀਆਂ ਮਾਵਾਂ-ਭੈਣਾਂ ਬਹੁਤ ਵੱਡਾ ਯੋਗਦਾਨ ਦੇ ਰਹੀਆਂ ਹਨ, ਸਾਡੀਆਂ ਧੀਆਂ ਤਾਂ ਕਮਾਲ ਕਰ ਰਹੀਆਂ ਹਨ, ਜੀਵਨ ਦੇ ਹਰ ਖੇਤਰ ਵਿੱਚ! ਏਨੀ ਜ਼ਿਆਦਾ ਸਮਰੱਥਾ, ਉਸ ਨੂੰ ਅਸੀਂ ਹਿੱਸੇਦਾਰੀ ਤੋਂ ਰੋਕਣ ਲਈ ਕਿਉਂ ਇੰਨੀ ਤਾਕਤ ਖਪਾ ਰਹੇ ਹਾਂ ਜੀ, ਉਨ੍ਹਾਂ ਦੇ ਜੁੜਨ ਨਾਲ ਸਮਰੱਥਾ ਵਧਣ ਵਾਲੀ ਹੈ ਅਤੇ ਇਸ ਲਈ ਮੈਂ ਅੱਜ ਅਪੀਲ ਕਰਨ ਆਇਆ ਹਾਂ ਤੁਹਾਡੇ ਕੋਲ ਕਿ ਇਸ ਨੂੰ ਰਾਜਨੀਤੀ ਦੀ ਤੱਕੜੀ ਨਾਲ ਨਾ ਤੋਲੋ। ਇਹ ਰਾਸ਼ਟਰ ਹਿਤ ਦਾ ਫੈਸਲਾ ਹੈ।
ਮਾਣਯੋਗ ਸਪੀਕਰ ਜੀ,
ਅੱਜ ਦਾ ਸਾਡਾ ਇਹ, ਸਾਡੇ ਸਾਹਮਣੇ ਇਹ ਮੌਕਾ ਇਕੱਠੇ ਬੈਠ ਕੇ, ਇੱਕ ਦਿਸ਼ਾ ਵਿੱਚ ਸੋਚ ਕੇ ਵਿਕਸਿਤ ਭਾਰਤ ਬਣਾਉਣ ਵਿੱਚ ਸਾਡੀ ਨਾਰੀ ਸ਼ਕਤੀ ਦੀ ਭਾਗੀਦਾਰੀ ਨੂੰ ਇੱਕ ਖੁੱਲੇ ਮਨ ਨਾਲ ਫੈਸਲਾ ਕਰਨ ਦਾ ਮੌਕਾ ਹੈ, ਸਵੀਕਾਰ ਕਰਨ ਦਾ ਮੌਕਾ ਹੈ ਅਤੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਅੱਜ ਪੂਰਾ ਦੇਸ਼ ਅਤੇ ਖ਼ਾਸ ਕਰਕੇ ਨਾਰੀ ਸ਼ਕਤੀ, ਸਾਡੇ ਫੈਸਲੇ ਤਾਂ ਦੇਖੇਗੀ, ਪਰ ਫੈਸਲੇ ਤੋਂ ਵੱਧ ਸਾਡੀ ਨੀਅਤ ਨੂੰ ਵੇਖੇਗੀ। ਅਤੇ ਇਸ ਲਈ ਸਾਡੀ ਨੀਅਤ ਦਾ ਖੋਟ, ਦੇਸ਼ ਦੀ ਨਾਰੀ ਸ਼ਕਤੀ ਕਦੇ ਮਾਫ ਨਹੀਂ ਕਰੇਗੀ।
ਮਾਣਯੋਗ ਸਪੀਕਰ ਜੀ,
2023 ਵਿੱਚ ਇਸ ਨਵੇਂ ਸਦਨ ਵਿੱਚ ਅਸੀਂ ਸਰਵਸੰਮਤੀ ਨਾਲ ਇੱਕ ਤਰ੍ਹਾਂ ਨਾਲ ਇਸ ਬਿੱਲ ਨੂੰ ਸਵੀਕਾਰ ਕੀਤਾ ਸੀ। ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਬਣਿਆ, ਉਸ ’ਤੇ ਕੋਈ ਰਾਜਨੀਤਿਕ ਰੰਗ ਨਹੀਂ ਲੱਗਿਆ ਅਤੇ ਇਸ ਲਈ ਉਹ ਕਦੇ ਰਾਜਨੀਤਿਕ ਮੁੱਦਾ ਵੀ ਨਹੀਂ ਬਣਿਆ, ਇੱਕ ਚੰਗੀ ਸਥਿਤੀ ਹੈ। ਹੁਣ ਸਵਾਲ ਇਹ ਹੈ ਕਿ ਅਸੀਂ ਇਸ ਨੂੰ ਕਿੰਨੇ ਸਮੇਂ ਤੱਕ ਰੋਕਣਾ ਹੈ, ਹੁਣ ਇੱਥੇ ਜੋ ਲੋਕ ਜਨਸੰਖਿਆ ਵਗੈਰਾ ਦੇ ਵਿਸ਼ੇ ਉਠਾਉਂਦੇ ਹਨ, ਕੀ ਤੁਹਾਨੂੰ ਪਤਾ ਨਹੀਂ ਹੈ, ਮੈਂ ਚਾਹੁੰਦਾ ਹਾਂ ਕਿ ਅਮਿਤ ਭਾਈ ਆਪਣੇ ਭਾਸ਼ਣ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕਰਨਗੇ, ਜਦ ਕਿ ਅਸੀਂ ਜਨਗਣਨਾ ਦੇ ਸਬੰਧ ਵਿੱਚ ਕਦੋਂ-ਕਦੋਂ ਕੀ-ਕੀ ਕੀਤਾ ਸੀ, ਬਾਅਦ ਵਿੱਚ ਕੋਵਿਡ ਆਇਆ, ਉਸ ਦੇ ਕਾਰਨ ਕੀ ਮੁਸੀਬਤ ਆਈ, ਕਿਵੇਂ ਰੁਕਾਵਟਾਂ ਆਈਆਂ। ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਹਨ, ਇਸ ਵਿੱਚ ਕੋਈ ਵਿਸ਼ਾ ਨਹੀਂ ਹੈ। ਪਰ ਪਿਛਲੇ ਦਿਨੀਂ ਜਦੋਂ ਅਸੀਂ 23 ਵਿੱਚ ਚਰਚਾ ਕਰ ਰਹੇ ਸੀ, ਤਦ ਵੀ ਵਿਆਪਕ ਤੌਰ ’ਤੇ ਗੱਲ ਇਹ ਸੀ ਕਿ ਇਸ ਨੂੰ ਜਲਦੀ ਕਰੋ, ਹਰ ਕੋਈ ਕਹਿ ਰਿਹਾ ਸੀ ਜਲਦੀ ਕਰੋ। ਹੁਣ 24 ਵਿੱਚ ਸੰਭਵ ਨਹੀਂ ਸੀ ਕਿਉਂਕਿ ਇੰਨੇ ਘੱਟ ਸਮੇਂ ਵਿੱਚ ਇਹ ਕਰਨਾ ਮੁਸ਼ਕਲ ਸੀ। ਹੁਣ 29 ਵਿੱਚ ਸਾਡੇ ਕੋਲ ਮੌਕਾ ਹੈ, ਜੇ ਅਸੀਂ 29 ਵਿੱਚ ਵੀ ਨਹੀਂ ਕਰਦੇ, ਤਾਂ ਸਥਿਤੀ ਕੀ ਬਣੇਗੀ, ਅਸੀਂ ਕਲਪਨਾ ਕਰ ਸਕਦੇ ਹਾਂ, ਤਾਂ ਫਿਰ ਅਸੀਂ ਦੇਸ਼ ਦੀਆਂ ਮਾਵਾਂ-ਭੈਣਾਂ ਨੂੰ ਇਹ ਵਿਸ਼ਵਾਸ ਨਹੀਂ ਦੇ ਸਕਾਂਗੇ ਕਿ ਅਸੀਂ ਸੱਚਮੁੱਚ ਵਿੱਚ ਇਹ ਯਤਨ ਅਸਲ ਅਰਥਾਂ ਵਿੱਚ ਕਰ ਸਕਦੇ ਹਾਂ। ਅਤੇ ਇਸ ਲਈ ਸਮੇਂ ਦੀ ਮੰਗ ਹੈ ਕਿ ਹੁਣ ਅਸੀਂ ਹੋਰ ਵਧੇਰੇ ਦੇਰੀ ਨਾ ਕਰੀਏ, ਇਸ ਦਰਮਿਆਨ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨਾਲ, ਸੰਵਿਧਾਨ ਦੇ ਜਾਣਕਾਰ ਲੋਕਾਂ ਨਾਲ, ਜੋ ਮਹਿਲਾਵਾਂ ਵਿੱਚ ਕਾਰਕੁਨ ਦੇ ਤੌਰ ’ਤੇ ਕੰਮ ਕਰਨ ਵਾਲੇ, ਐਸੇ ਲੋਕਾਂ ਨਾਲ ਵੀ ਕਈ ਚਰਚਾਵਾਂ ਹੋਈਆਂ, ਕੁਝ ਲੋਕਾਂ ਨੇ ਖੁਦ ਹੋ ਕੇ ਵੀ ਸੁਝਾਅ ਦਿੱਤੇ। ਸਾਰਾ ਮੰਥਨ ਕਰਦੇ-ਕਰਦੇ ਇੱਥੇ ਵੀ ਸਾਰੀਆਂ ਪਾਰਟੀਆਂ ਨਾਲ ਲਗਾਤਾਰ ਗੱਲਾਂ ਹੁੰਦੀਆਂ ਰਹੀਆਂ ਹਨ। ਢਾਂਚਾਗਤ ਢੰਗ ਨਾਲ ਵੀ ਹੋਈਆਂ ਹਨ, ਗੈਰ ਰਸਮੀ ਤਰੀਕੇ ਨਾਲ ਵੀ ਹੋਈਆਂ ਹਨ ਅਤੇ ਉਸ ਵਿੱਚੋਂ ਆਖ਼ਰ ਕੋਈ ਨਾ ਕੋਈ ਰਾਹ ਕੱਢਣਾ ਹੋਵੇਗਾ, ਤਾਂ ਕਿ ਅਸੀਂ ਆਪਣੀਆਂ ਮਾਵਾਂ-ਭੈਣਾਂ ਦੀ ਤਾਕਤ ਨੂੰ ਜੋੜ ਸਕੀਏ।
ਮਾਣਯੋਗ ਸਪੀਕਰ ਜੀ,
ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ। ਇੱਥੇ ਬੈਠ ਕੇ ਸਾਨੂੰ ਕਿਸੇ ਨੂੰ ਵੀ ਸੰਵਿਧਾਨ ਨੇ ਦੇਸ਼ ਨੂੰ ਟੁਕੜਿਆਂ ਵਿੱਚ ਸੋਚਣ ਦਾ ਅਧਿਕਾਰ ਨਹੀਂ ਦਿੱਤਾ ਹੈ। ਜੋ ਸਹੁੰ ਚੁੱਕ ਕੇ ਅਸੀਂ ਬੈਠੇ ਹਾਂ ਨਾ, ਸਾਡੀ ਸਾਰਿਆਂ ਦੀ ਇੱਕ ਰਾਸ਼ਟਰ ਦੇ ਰੂਪ ਵਿੱਚ ਸੋਚਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਭਾਵੇਂ ਕਸ਼ਮੀਰ ਹੋਵੇ ਜਾਂ ਕਨਿਆਕੁਮਾਰੀ, ਅਸੀਂ ਟੁਕੜਿਆਂ ਵਿੱਚ ਨਾ ਸੋਚ ਸਕਦੇ ਹਾਂ, ਨਾ ਟੁਕੜਿਆਂ ਵਿੱਚ ਅਸੀਂ ਫੈਸਲੇ ਕਰ ਸਕਦੇ ਹਾਂ। ਅਤੇ ਇਸ ਲਈ ਬਿਨਾਂ ਆਧਾਰ ਦੇ, ਜਿਸ ਵਿੱਚ ਕੋਈ ਸੱਚਾਈ ਨਹੀਂ, ਰੱਤੀ ਭਰ ਸੱਚਾਈ ਨਹੀਂ, ਸਿਰਫ ਰਾਜਨੀਤਿਕ ਲਾਭ ਲੈਣ ਲਈ ਜੋ ਤੂਫ਼ਾਨ ਖੜ੍ਹਾ ਕੀਤਾ ਜਾ ਰਿਹਾ ਹੈ, ਮੈਂ ਅੱਜ ਵੱਡੀ ਜ਼ਿੰਮੇਵਾਰੀ ਨਾਲ ਇਸ ਸਦਨ ਵਿੱਚ ਇਸ ਪਵਿੱਤਰ ਜਗ੍ਹਾ ਤੋਂ ਕਹਿਣਾ ਚਾਹੁੰਦਾ ਹਾਂ, ਚਾਹੇ ਦੱਖਣ ਹੋਵੇ, ਉੱਤਰ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਛੋਟੇ ਰਾਜ ਹੋਣ, ਵੱਡੇ ਰਾਜ ਹੋਣ, ਮੈਂ ਅੱਜ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਇਹ ਫੈਸਲਾ ਪ੍ਰਕਿਰਿਆ ਕਿਸੇ ਨਾਲ ਵੀ ਭੇਦਭਾਵ ਨਹੀਂ ਕਰੇਗੀ, ਇਹ ਫੈਸਲਾ ਪ੍ਰਕਿਰਿਆ ਕਿਸੇ ਨਾਲ ਵੀ ਅਨਿਆ ਨਹੀਂ ਕਰੇਗੀ। ਭੂਤਕਾਲ ਵਿੱਚ ਜੋ ਸਰਕਾਰਾਂ ਰਹੀਆਂ ਅਤੇ ਜਿਨ੍ਹਾਂ ਦੇ ਦੌਰ ਵਿੱਚ ਜੋ ਹੱਦਬੰਦੀ ਹੋਈ ਅਤੇ ਜੋ ਅਨੁਪਾਤ ਉਸ ਸਮੇਂ ਤੋਂ ਚੱਲਦਾ ਆ ਰਿਹਾ ਹੈ, ਤਾਂ ਉਸ ਅਨੁਪਾਤ ਵਿੱਚ ਵੀ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਵਾਧਾ ਵੀ ਉਸੇ ਅਨੁਪਾਤ ’ਤੇ ਹੋਵੇਗਾ। ਜੇ ਗਰੰਟੀ ਸ਼ਬਦ ਚਾਹੀਦਾ ਹੈ, ਤਾਂ ਮੈਂ ਗਰੰਟੀ ਸ਼ਬਦ ਵਰਤਦਾ ਹਾਂ। ਵਾਅਦੇ ਦੀ ਗੱਲ ਕਰਦੇ ਹੋ, ਤਾਂ ਮੈਂ ਵਾਅਦਾ ਸ਼ਬਦ ਵਰਤਦਾ ਹਾਂ। ਜੇ ਤਮਿਲ ਵਿੱਚ ਕੋਈ ਵਧੀਆ ਸ਼ਬਦ ਹੋਵੇ, ਤਾਂ ਉਹ ਵੀ ਮੈਂ ਬੋਲਣ ਲਈ ਤਿਆਰ ਹਾਂ, ਕਿਉਂਕਿ ਜਦੋਂ ਨੀਅਤ ਸਾਫ਼ ਹੈ, ਤਾਂ ਫਿਰ ਸ਼ਬਦਾਂ ਦਾ ਖੇਡ ਕਰਨ ਦੀ ਸਾਨੂੰ ਲੋੜ ਨਹੀਂ ਹੈ ਜੀ।
ਮਾਣਯੋਗ ਸਪੀਕਰ ਜੀ,
ਮੈਂ ਅੱਜ ਸਦਨ ਦੇ ਸਾਰੇ ਸਾਥੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਸਾਥੀਓ, ਅਸੀਂ ਭਰਮ ਵਿੱਚ ਨਾ ਰਹੀਏ, ਅਸੀਂ ਉਸ ਅਹੰਕਾਰ ਵਿੱਚ ਨਾ ਰਹੀਏ ਅਤੇ ਮੈਂ “ਅਸੀਂ” ਸ਼ਬਦ ਵਰਤ ਰਿਹਾ ਹਾਂ। ਮੈਂ ਅਤੇ ਤੁਸੀਂ ਦੀ ਗੱਲ ਨਹੀਂ ਕਰ ਰਿਹਾ ਹਾਂ। ਅਸੀਂ ਇਸ ਭਰਮ ਵਿੱਚ ਨਾ ਰਹੀਏ ਕਿ ਅਸੀਂ ਦੇਸ਼ ਦੀ ਨਾਰੀ ਸ਼ਕਤੀ ਨੂੰ ਕੁਝ ਦੇ ਰਹੇ ਹਾਂ, ਜੀ ਨਹੀਂ। ਇਹ ਉਸ ਦਾ ਹੱਕ ਹੈ; ਅਤੇ ਅਸੀਂ, ਅਸੀਂ ਕਈ ਦਹਾਕਿਆਂ ਤੋਂ ਉਸ ਨੂੰ ਰੋਕਿਆ ਹੋਇਆ ਹੈ, ਅੱਜ ਉਸ ਦਾ ਹਰਜਾਨਾ ਭਰਕੇ ਸਾਨੂੰ ਉਸ ਪਾਪ ਤੋਂ ਮੁਕਤੀ ਹੱਲ ਕਰਨ ਦਾ ਇਹ ਮੌਕਾ ਹੈ। ਅਸੀਂ ਸਾਰੇ ਜਾਣਦੇ ਹਾਂ, ਹਰ ਇੱਕ ਨੇ ਕਿਵੇਂ ਚਾਲਾਕੀ ਕੀਤੀ ਹਰ ਵਾਰ, ਚਤੁਰਾਈ ਕੀਤੀ, ਬਿਲਕੁਲ ਅਸੀਂ ਤਾਂ ਇਸ ਦੇ ਹੱਕ ਵਿੱਚ ਹੀ ਹਾਂ, ਪਰ; ਅਸੀਂ ਇਸ ਦੇ ਨਾਲ ਹੀ ਹਾਂ, ਪਰ; ਹਰ ਵਾਰ ਕੋਈ ਨਾ ਕੋਈ ਟੈਕਨੀਕਲ ਪੂਛ ਲਾ ਦਿੱਤੀ ਅਤੇ ਇਸ ਨੂੰ ਰੋਕਿਆ ਗਿਆ ਹੈ। ਹਰ ਵਾਰ ਅਜਿਹੀਆਂ ਹੀ ਚੀਜ਼ਾਂ ਲਿਆਂਦੀਆਂ ਗਈਆਂ ਹਨ। ਹਿੰਮਤ ਨਹੀਂ ਹੈ ਕਿ ਅਸੀਂ 33% ਮਹਿਲਾਵਾਂ ਦੇ ਰਾਖਵੇਂਕਰਨ ਦਾ ਵਿਰੋਧ ਕਰ ਸਕੀਏ, ਉਹ ਤਾਂ ਜ਼ਮਾਨਾ ਲੰਘ ਗਿਆ, ਤੁਸੀਂ ਕਰਨਾ ਨਹੀਂ ਚਾਹੁੰਦੇ, ਪਰ ਕਹਿਣ ਦੀ ਹਿੰਮਤ ਵੀ ਨਹੀਂ ਹੈ। ਅਤੇ ਇਸ ਲਈ ਟੈਕਨੀਕਲ ਬਹਾਨੇਬਾਜ਼ੀ, ਇਹ ਕਰੋ ਤਾਂ ਇਹ, ਉਹ ਕਰੋ ਤਾਂ ਉਹ, ਫਲਾਣਾ ਕਰੋ ਤਾਂ, ਹੁਣ ਦੇਸ਼ ਦੀ ਨਾਰੀ ਨੂੰ ਇਹ ਨਹੀਂ ਸਮਝਾ ਸਕੋਗੇ। ਸਦਨ ਵਿੱਚ ਨੰਬਰਾਂ ਦਾ ਖੇਡ ਕੀ ਹੁੰਦੀ ਹੈ, ਉਹ ਤਾਂ ਸਮਾਂ ਤੈਅ ਕਰੇਗਾ, ਪਰ ਇਹ ਪੱਕਾ ਹੈ ਕਿ ਹੁਣ ਇਹ ਤਰ੍ਹਾਂ-ਤਰ੍ਹਾਂ ਦੀ ਬਹਾਨੇਬਾਜ਼ੀ, ਤਰ੍ਹਾਂ-ਤਰ੍ਹਾਂ ਦੇ ਟੈਕਨੀਕਲ ਮੁੱਦਿਆਂ ਦੇ ਆਧਾਰ ’ਤੇ ਚੀਜ਼ਾਂ ਨੂੰ ਉਲਝਾ ਕੇ ਤਿੰਨ ਦਹਾਕਿਆਂ ਤੱਕ ਇਸ ਨੂੰ ਅੜਿੱਕੇ ਪਾ ਕੇ ਅਸੀਂ ਫਸਾ ਕੇ ਰੱਖਿਆ, ਤੁਸੀਂ ਜੋ ਹਾਸਲ ਕਰਨਾ ਸੀ, ਕਰ ਲਿਆ, ਹੁਣ ਛੱਡ ਦਿਓ ਨਾ ਭਾਈ! ਤਿੰਨ ਦਹਾਕੇ ਘੱਟ ਪੈਂਦੇ ਹਨ ਕੀ ਰੋਕਣ ਵਿੱਚ? ਤਿੰਨ ਦਹਾਕਿਆਂ ਤੱਕ ਤੁਸੀਂ ਰੋਕਿਆ, ਫਿਰ ਵੀ ਕੁਝ ਕਰ ਨਹੀਂ ਪਾਏ, ਤਾਂ ਹੁਣ ਤਾਂ ਕਰੋ।
ਮਾਣਯੋਗ ਸਪੀਕਰ ਜੀ,
ਇੱਥੇ ਕੁਝ ਲੋਕਾਂ ਨੂੰ ਲੱਗਦਾ ਹੈ।
ਮਾਣਯੋਗ ਸਪੀਕਰ ਜੀ,
ਇੱਥੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਵਿੱਚ ਕਿਤੇ ਨਾ ਕਿਤੇ ਮੋਦੀ ਦਾ ਰਾਜਨੀਤਿਕ ਸੁਆਰਥ ਹੈ। ਓ ਭਾਈ, ਇਨ੍ਹਾਂ ਨੂੰ ਬੋਲਣ ਦਿਓ, ਉੱਥੇ ਬੇਚਾਰੇ ਦੇ ਮੂੰਹ ’ਤੇ ਤਾਲਾ ਲੱਗਿਆ ਹੋਇਆ ਹੈ, ਉੱਥੇ ਬੰਗਾਲ ਵਿੱਚ ਕੋਈ ਬੋਲਣ ਨਹੀਂ ਦਿੰਦਾ ਉਸ ਨੂੰ।
ਮਾਣਯੋਗ ਸਪੀਕਰ ਜੀ,
ਮਾਣਯੋਗ ਸਪੀਕਰ ਜੀ,
ਦੇਖੋ, ਇਸ ਦਾ ਜੇ ਵਿਰੋਧ ਕਰੋਗੇ, ਤਾਂ ਸੁਭਾਵਿਕ ਹੈ ਕਿ ਰਾਜਨੀਤਿਕ ਲਾਭ ਮੈਨੂੰ ਹੋਵੇਗਾ। ਪਰ ਨਾਲ ਚਲੋਗੇ, ਤਾਂ ਕਿਸੇ ਨੂੰ ਵੀ ਨਹੀਂ ਹੋਵੇਗਾ, ਇਹ ਲਿਖ ਕੇ ਰੱਖੋ। ਕਿਸੇ ਨੂੰ ਨਹੀਂ ਹੋਵੇਗਾ, ਕਿਉਂਕਿ ਫਿਰ ਵੱਖਰਾ ਪਹਿਲੂ ਬਣ ਜਾਂਦਾ ਹੈ, ਫਿਰ ਕਿਸੇ ਨੂੰ ਫਾਇਦਾ ਨਹੀਂ ਹੁੰਦਾ। ਅਤੇ ਇਸ ਲਈ ਸਾਨੂੰ ਸਿਹਰਾ ਨਹੀਂ ਚਾਹੀਦਾ, ਜਿਵੇਂ ਹੀ ਇਹ ਪਾਸ ਹੋ ਜਾਵੇ, ਮੈਂ ਕੱਲ੍ਹ ਇਸ਼ਤਿਹਾਰ ਦੇ ਕੇ ਸਭ ਦਾ ਧੰਨਵਾਦ ਕਰਨ ਲਈ ਤਿਆਰ ਹਾਂ, ਸਭ ਦੀਆਂ ਫੋਟੋਆਂ ਛਪਵਾਉਣ ਲਈ ਤਿਆਰ ਹਾਂ, ਸਿਹਰਾ ਤੁਸੀਂ ਲੈ ਲਵੋ ਚਲੋ! ਸਿਹਰੇ ਦੀ ਚਿੰਤਾ ਹੈ ਕੀ ਜੀ? ਲੈ ਲਵੋ ਨਾ ਸਿਹਰਾ, ਤੁਸੀਂ ਜਿਸ ਦੀ ਫੋਟੋ ਛਪਵਾਉਣੀ ਹੈ, ਸਰਕਾਰੀ ਖਰਚੇ ’ਤੇ ਅਸੀਂ ਕਰਵਾ ਦੇਵਾਂਗੇ। ਸਾਹਮਣੇ ਤੋਂ ਕ੍ਰੈਡਿਟ ਦਾ ਬਲੈਂਕ ਚੈੱਕ ਤੁਹਾਨੂੰ ਦੇ ਰਿਹਾ ਹਾਂ।
ਮਾਣਯੋਗ ਸਪੀਕਰ ਜੀ,
ਸਾਡੀ ਸੰਸਦੀ ਲੋਕਤੰਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਇਹ ਸਿਰਫ਼ ਅੰਕੜਿਆਂ ਦਾ ਖੇਡ ਜਾਂ ਇੱਕ ਲੋਕਤੰਤਰੀ ਪ੍ਰਣਾਲੀ ਵਿੱਚ ਸੁਧਾਰ, ਇੰਨਾ ਹੀ ਸੀਮਤ ਨਹੀਂ ਹੈ। ਲੋਕਤੰਤਰ ਦੀ ਜਣਨੀ ਦੇ ਰੂਪ ਵਿੱਚ, ਮਦਰ ਆਫ ਡੈਮੋਕ੍ਰੇਸੀ ਦੇ ਰੂਪ ਵਿੱਚ ਇਹ ਫੈਸਲਾ ਭਾਰਤ ਦੀ ਵਚਨਬੱਧਤਾ ਹੈ, ਇਹ ਸੱਭਿਆਚਾਰਕ ਵਚਨਬੱਧਤਾ ਹੈ ਅਤੇ ਇਸੇ ਵਚਨਬੱਧਤਾ ਦੇ ਕਾਰਨ ਪੰਚਾਇਤਾਂ ਵਿੱਚ ਇਹ ਪ੍ਰਣਾਲੀ ਬਣੀ ਅਤੇ ਹੁਣ ਤਾਂ 20 ਤੋਂ ਵੱਧ ਰਾਜਾਂ ਵਿੱਚ 50% ਹੋ ਗਿਆ ਹੈ ਅਤੇ ਅਸੀਂ ਮਹਿਸੂਸ ਕੀਤਾ ਹੈ। ਮੈਨੂੰ ਲੰਬੇ ਸਮੇਂ ਤੱਕ ਮੁੱਖ ਮੰਤਰੀ ਦੇ ਰੂਪ ਵਿੱਚ ਸੇਵਾ ਕਰਨ ਦਾ ਲੋਕਾਂ ਨੇ ਮੌਕਾ ਦਿੱਤਾ ਅਤੇ ਉਸੇ ਦੌਰ ਵਿੱਚ ਜ਼ਮੀਨੀ ਪੱਧਰ ’ਤੇ ਮਹਿਲਾ ਲੀਡਰਸ਼ਿਪ ਨੂੰ ਮੈਂ ਦੇਖਿਆ ਹੈ। ਮੇਰਾ ਤਜ਼ਰਬਾ ਹੈ ਕਿ ਸੰਵੇਦਨਸ਼ੀਲਤਾ ਨਾਲ ਸਮੱਸਿਆਵਾਂ ਦੇ ਹੱਲ ਵਿੱਚ ਉਨ੍ਹਾਂ ਦੀ ਵਚਨਬੱਧਤਾ ਬਹੁਤ ਹੀ ਪ੍ਰਭਾਵਸ਼ਾਲੀ ਰਹਿੰਦੀ ਸੀ, ਵਿਕਾਸ ਯਾਤਰਾ ਨੂੰ ਗਤੀ ਦੇਣ ਵਿੱਚ ਸਹਾਇਕ ਰਹਿੰਦੀ ਸੀ ਅਤੇ ਉਸ ਤਜ਼ਰਬੇ ਦੇ ਆਧਾਰ ’ਤੇ ਮੈਂ ਕਹਿੰਦਾ ਹਾਂ ਕਿ ਇਸ ਸਦਨ ਵਿੱਚ ਉਨ੍ਹਾਂ ਦੀ ਆਵਾਜ਼ ਨਵੀਂ ਤਾਕਤ ਬਣੇਗੀ, ਨਵੀਂ ਸੋਚ ਜੁੜੇਗੀ, ਦੇਸ਼ ਦੀ ਦਿਸ਼ਾ ਵਿੱਚ ਇੱਕ ਸੰਵੇਦਨਸ਼ੀਲਤਾ ਜੁੜੇਗੀ, ਤੱਥ ਅਤੇ ਤਰਕ ਦੇ ਆਧਾਰਾਂ ’ਤੇ ਜਦ ਤਜ਼ਰਬਾ ਜੁੜਦਾ ਹੈ, ਤਦ ਮੈਂ ਸਮਝਦਾ ਹਾਂ ਕਿ ਉਸ ਦੀ ਸਮਰੱਥਾ ਕਈ ਗੁਣਾ ਵਧ ਜਾਂਦੀ ਹੈ ਅਤੇ ਸਦਨ ਕਿੰਨਾ ਭਰਪੂਰ ਹੁੰਦਾ ਹੈ।
ਮਾਣਯੋਗ ਸਪੀਕਰ ਜੀ,
ਸਾਡੇ ਦੇਸ਼ ਵਿੱਚ ਤਜ਼ਰਬੇਕਾਰ ਨਾਰੀ ਸ਼ਕਤੀ ਦੀ ਕੋਈ ਘਾਟ ਨਹੀਂ ਹੈ, ਸਮਰੱਥਾ ਦੀ ਕੋਈ ਘਾਟ ਨਹੀਂ ਹੈ, ਅਸੀਂ ਭਰੋਸਾ ਕਰੀਏ, ਉਹ ਯੋਗਦਾਨ ਦੇਣਗੀਆਂ, ਬਹੁਤ ਵਧੀਆ ਯੋਗਦਾਨ ਦੇਣਗੀਆਂ ਅਤੇ ਅੱਜ ਵੀ ਜਿੰਨੀਆਂ ਸਾਡੀਆਂ ਭੈਣਾਂ ਇੱਥੇ ਹਨ, ਜਦ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਆਪਣੀ ਗੱਲ ਰੱਖੀ ਹੈ, ਸਦਨ ਨੂੰ ਭਰਪੂਰ ਬਣਾਇਆ ਹੈ।
ਮਾਣਯੋਗ ਸਪੀਕਰ ਜੀ,
ਅੱਜ ਦੇਸ਼ ਵਿੱਚ ਵਰਤਮਾਨ ਵਿੱਚ, ਦੇਸ਼ ਵਿੱਚ 650 ਤੋਂ ਵੱਧ ਜ਼ਿਲ੍ਹਾ ਪੰਚਾਇਤਾਂ ਹਨ, ਲਗਭਗ ਪੌਣੇ ਤਿੰਨ ਸੌ ਮਹਿਲਾਵਾਂ ਉਨ੍ਹਾਂ ਦੀ ਅਗਵਾਈ ਕਰ ਰਹੀਆਂ ਹਨ ਅਤੇ ਕੇਂਦਰ ਦੇ ਕੈਬਿਨੇਟ ਮੰਤਰੀ ਤੋਂ ਵੀ ਵੱਧ ਉਨ੍ਹਾਂ ਕੋਲ ਜ਼ਿੰਮੇਵਾਰੀ ਅਤੇ ਧਨ ਅਤੇ ਪ੍ਰਬੰਧ ਹੁੰਦਾ ਹੈ, ਕੰਮ ਕਰਦੀਆਂ ਹਨ ਜੀ। ਲਗਭਗ 6700 ਬਲਾਕ ਪੰਚਾਇਤਾਂ ਵਿੱਚੋਂ 2700 ਤੋਂ ਵੱਧ ਬਲਾਕ ਪੰਚਾਇਤਾਂ ਅਜਿਹੀਆਂ ਹਨ, ਜਿਨ੍ਹਾਂ ਦੀ ਅਗਵਾਈ ਮਹਿਲਾਵਾਂ ਦੇ ਹੱਥ ਵਿੱਚ ਹੈ। ਅੱਜ ਦੇਸ਼ ਵਿੱਚ 900 ਤੋਂ ਵੱਧ ਸ਼ਹਿਰਾਂ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਦੇ ਮੁਖੀ ਦੇ ਤੌਰ ’ਤੇ ਮੇਅਰ ਹੋਣ ਜਾਂ ਸਟੈਂਡਿੰਗ ਕਮੇਟੀ ਦਾ ਕੰਮ ਦੇਖਣ ਵਾਲੀਆਂ ਭੈਣਾਂ ਹਨ, ਉਨ੍ਹਾਂ ਦੀ ਤਾਕਤ ਹੈ। ਅਤੇ ਮੈਂ ਮੰਨਦਾ ਹਾਂ ਕਿ ਅੱਜ ਦੇਸ਼ ਜੋ ਤਰੱਕੀ ਕਰ ਰਿਹਾ ਹੈ, ਉਸ ਤਰੱਕੀ ਵਿੱਚ ਉਨ੍ਹਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੈ, ਉਸ ਕਰਜ਼ ਨੂੰ ਸਾਨੂੰ ਸਵੀਕਾਰ ਕਰਨ ਦਾ ਇਹ ਮੌਕਾ ਹੈ। ਅਤੇ ਜਦੋਂ ਇਹ ਤਜ਼ਰਬਾ ਸਦਨ ਨਾਲ ਜੁੜੇਗਾ, ਤਾਂ ਉਹ ਕਈ ਗੁਣਾ ਤਾਕਤ ਵਧਾ ਦੇਵੇਗਾ।
ਮਾਣਯੋਗ ਸਪੀਕਰ ਜੀ,
ਇੱਕ ਲੰਮੀ ਉਡੀਕ ਯਾਨੀ ਇੱਕ ਤਰ੍ਹਾਂ ਨਾਲ ਸਾਡੇ ਸਭ ਲਈ ਇਹ ਸਵਾਲੀਆ ਨਿਸ਼ਾਨ ਪੈਦਾ ਹੋਵੇ, ਅਜਿਹੀ ਸਥਿਤੀ ਅਸੀਂ ਹੀ ਪੈਦਾ ਕੀਤੀ ਹੈ। ਇਹ ਮੌਕਾ ਹੈ ਕਿ ਅਸੀਂ ਪੁਰਾਣੀਆਂ ਜੋ ਕੁਝ ਵੀ ਮਰਿਆਦਾਵਾਂ ਰਹੀਆਂ ਹੋਣਗੀਆਂ, ਮੁਸ਼ਕਲਾਂ ਰਹੀਆਂ ਹੋਣਗੀਆਂ, ਉਨ੍ਹਾਂ ਤੋਂ ਬਾਹਰ ਨਿਕਲੀਏ, ਹਿੰਮਤ ਨਾਲ ਅੱਗੇ ਵਧੀਏ ਅਤੇ ਨਾਰੀ ਸ਼ਕਤੀ ਦੀ ਰਾਸ਼ਟਰ ਦੇ ਵਿਕਾਸ ਵਿੱਚ ਭਾਗੀਦਾਰੀ ਨੂੰ ਅਸੀਂ ਯਕੀਨੀ ਬਣਾਈਏ। ਅਤੇ ਮੈਂ ਮੰਨਦਾ ਹਾਂ ਕਿ ਜੇ ਅੱਜ ਅਸੀਂ ਮਿਲ ਕੇ ਫੈਸਲਾ ਕਰਦੇ ਹਾਂ ਅਤੇ ਮੈਂ ਤਾਂ ਅਰਜ਼ ਕਰਾਂਗਾ ਕਿ ਸਾਨੂੰ ਸਰਵਸੰਮਤੀ ਨਾਲ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਜਦੋਂ ਸਰਵਸੰਮਤੀ ਨਾਲ ਅੱਗੇ ਵਧਦਾ ਹੈ, ਤਾਂ ਟ੍ਰੇਜ਼ਰੀ ਬੈਂਚ ’ਤੇ ਇੱਕ ਦਬਾਅ ਰਹਿੰਦਾ ਹੈ ਜੀ, ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਨਹੀਂ ਭਾਈ, ਸਭ ਦਾ ਇਸ ਵਿੱਚ ਹੱਕ ਹੈ, ਹਰ ਇੱਕ ਦੀ ਗੱਲ ਮੰਨ ਕੇ ਚੱਲੋ, ਕੋਈ ਨੁਕਸਾਨ ਨਹੀਂ ਹੈ। ਸਾਂਝੀ ਤਾਕਤ ਨਾਲ ਤਾਂ ਸਾਨੂੰ ਕਈ ਚੰਗੇ ਨਤੀਜੇ ਮਿਲਦੇ ਹਨ।
ਮਾਣਯੋਗ ਸਪੀਕਰ ਜੀ,
ਮੈਂ ਵੱਧ ਸਮਾਂ ਨਾ ਲੈਂਦਿਆਂ ਇਹੀ ਕਹਾਂਗਾ ਕਿ ਇਸ ਨੂੰ ਰਾਜਨੀਤੀ ਦੀ ਤੱਕੜੀ ਨਾਲ ਨਾ ਤੋਲੋ। ਅਸੀਂ ਜਦ ਵੀ ਕੋਈ ਫੈਸਲਾ ਕਰਨ ਜਾ ਰਹੇ ਹਾਂ, ਤਾਂ ਦੇਸ਼ ਦੇ, ਇੰਨੇ ਵੱਡੇ ਦੇਸ਼ ਦਾ ਅੱਧਾ ਭਾਰ ਜੋ ਝੱਲ ਰਹੀਆਂ ਹਨ, ਉਨ੍ਹਾਂ ਦਾ ਵੀ ਇੱਥੇ ਆਉਣ ਦਾ ਹੱਕ ਬਣਦਾ ਹੈ, ਸਾਨੂੰ ਰੋਕਣਾ ਨਹੀਂ ਚਾਹੀਦਾ। ਅਤੇ ਦੂਜਾ ਗਿਣਤੀ ਦੇ ਸੰਬੰਧ ਵਿੱਚ ਵੀ, ਗਿਣਤੀ ਦੇ ਸੰਬੰਧ ਵਿੱਚ ਵੀ, ਗਿਣਤੀ ਦੇ ਸੰਬੰਧ ਵਿੱਚ ਵੀ ਇੱਕ ਮਤ ਪਹਿਲਾਂ ਤੋਂ ਬਣਦਾ ਆ ਰਿਹਾ ਸੀ, ਚਰਚਾ ਸੀ ਕਿ ਸਾਹਿਬ ਇਨ੍ਹਾਂ ਦੀ ਗਿਣਤੀ ਘੱਟ ਨਾ ਕਰੋ, ਵੱਧ ਕਰ ਦਿਓ, ਤਾਂ ਜਲਦੀ ਹੋ ਜਾਵੇਗਾ। ਉਹ ਵਧਾਉਣ ਵਾਲਾ ਵਿਸ਼ਾ ਹੁਣ ਆਇਆ ਹੈ ਕਿ ਚਲੋ ਭਾਈ ਪਹਿਲਾਂ ਜੋ ਗਿਣਤੀ ਸੀ 33% ਉਸ ਨੂੰ ਹੋਰ ਵਧਾ ਦਿਓ, ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੇਰਾ ਹੱਕ ਚਲਾ ਗਿਆ। ਇੱਕ ਨਵੀਂ ਤਾਕਤ ਜੁੜੇਗੀ, ਵਾਧੂ ਤਾਕਤ ਜੁੜੇਗੀ ਅਤੇ ਹੁਣ ਸਦਨ ਦੀ ਬਣਤਰ ਵੀ ਤਾਂ, ਜੋ ਪਹਿਲਾਂ ਤੋਂ ਅਸੀਂ ਸੋਚ ਕੇ ਰੱਖਿਆ ਹੈ, ਥਾਂ ਵੀ ਬਣਾਈ ਹੋਈ ਹੈ।
ਅਤੇ ਮਾਣਯੋਗ ਸਪੀਕਰ ਜੀ,
ਮੈਂ ਹਲਕੇ ਅੰਦਾਜ਼ ਵਿੱਚ ਜ਼ਰੂਰ ਕਹਿਣਾ ਚਾਹਾਂਗਾ, ਹਰ ਇੱਕ ਦੇ ਆਪਣੇ ਰਾਜਨੀਤਿਕ ਕਾਰਨ ਹੁੰਦੇ ਹਨ ਅਤੇ ਹਾਰ ਦਾ ਡਰ ਕਦੇ-ਕਦੇ ਹੈਰਾਨ ਕਰਨ ਵਾਲਾ ਹੁੰਦਾ ਹੈ। ਪਰ ਸਾਡੇ ਇੱਥੇ ਜਦੋਂ ਵੀ ਕੋਈ ਸ਼ੁਭ ਕੰਮ ਹੁੰਦਾ ਹੈ, ਉਸ ਨੂੰ ਨਜ਼ਰ ਨਾ ਲੱਗੇ, ਇਸ ਲਈ ਕਾਲਾ ਟੀਕਾ ਲਗਾਉਣ ਦੀ ਪਰੰਪਰਾ ਹੈ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਾਲਾ ਟੀਕਾ ਲਗਾਉਣ ਲਈ!
ਬਹੁਤ-ਬਹੁਤ ਧੰਨਵਾਦ!
ਸਪੱਸ਼ਟੀਕਰਨ: ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅੰਦਾਜ਼ਨ ਅਨੁਵਾਦ ਹੈ। ਅਸਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।
****
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2253003)
ਵਿਜ਼ੀਟਰ ਕਾਊਂਟਰ : 9