ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ ਦਾ ਉਦਘਾਟਨ ਕੀਤਾ
ਸਮਰਾਟ ਸੰਪ੍ਰਤੀ ਅਜਾਇਬ ਘਰ ਜੈਨ ਸਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਪਰੰਪਰਾਵਾਂ ਅਤੇ ਮਨੁੱਖਤਾ ਲਈ ਉਸ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ: ਪ੍ਰਧਾਨ ਮੰਤਰੀ
ਮੈਂ ਭਗਵਾਨ ਮਹਾਵੀਰ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ, ਕੋਬਾ ਤੀਰਥ ਤੋਂ ਮੈਂ ਸਮੂਹ ਦੇਸ਼ਵਾਸੀਆਂ ਨੂੰ ਭਗਵਾਨ ਮਹਾਵੀਰ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ: ਪ੍ਰਧਾਨ ਮੰਤਰੀ
ਸਮਰਾਟ ਸੰਪ੍ਰਤੀ ਅਜਾਇਬ ਘਰ ਭਾਰਤ ਦੇ ਕਰੋੜਾਂ ਲੋਕਾਂ ਦੀ ਵਿਰਾਸਤ ਹੈ, ਭਾਰਤ ਦੇ ਸ਼ਾਨਦਾਰ ਅਤੀਤ ਦੀ ਵਿਰਾਸਤ: ਪ੍ਰਧਾਨ ਮੰਤਰੀ
ਸਮਰਾਟ ਸੰਪ੍ਰਤੀ ਨੇ ਸਿੰਘਾਸਣ 'ਤੇ ਬੈਠਣ ਤੋਂ ਬਾਅਦ ਅਹਿੰਸਾ ਦਾ ਪ੍ਰਸਾਰ ਕੀਤਾ। ਉਨ੍ਹਾਂ ਨੇ ਸੱਚਾਈ, ਚੋਰੀ ਨਾ ਕਰਨ ਅਤੇ ਸਾਦਾ ਜੀਵਨ, ਉੱਚ ਵਿਚਾਰ ਦਾ ਪ੍ਰਚਾਰ-ਪ੍ਰਸਾਰ ਕੀਤਾ: ਪ੍ਰਧਾਨ ਮੰਤਰੀ।
ਭਾਰਤ ਵਿੱਚ ਗਿਆਨ ਹਮੇਸ਼ਾ ਇੱਕ ਨਿਰੰਤਰ ਵਗਦੀ ਧਾਰਾ ਰਿਹਾ ਹੈ: ਪ੍ਰਧਾਨ ਮੰਤਰੀ
ਹਰ ਯੁੱਗ ਵਿੱਚ ਤੀਰਥੰਕਰ, ਰਿਸ਼ੀ ਅਤੇ ਚਿੰਤਕ ਅਵਤਾਰ ਧਾਰਨ ਕਰਦੇ ਰਹੇ ਹਨ; ਗਿਆਨ ਦਾ ਸੰਗ੍ਰਹਿ ਨਿਰੰਤਰ ਵਧਦਾ ਰਿਹਾ ਅਤੇ ਸਮੇਂ ਦੇ ਨਾਲ ਉਸ ਵਿੱਚ ਬਹੁਤ ਸਾਰੀ ਨਵੀਂ ਸਮਗਰੀ ਇਸ ਵਿੱਚ ਸ਼ਾਮਲ ਹੁੰਦੀ ਗਈ : ਪ੍ਰਧਾਨ ਮੰਤਰੀ
Posted On:
31 MAR 2026 1:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਵਾਨ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ 'ਤੇ ਗੁਜਰਾਤ ਦੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ, ਜੈਨ ਵਿਰਾਸਤ ਅਜਾਇਬ ਘਰ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਕੋਬਾ ਤੀਰਥ ਅਧਿਆਤਮਿਕ ਸ਼ਾਂਤੀ ਨਾਲ ਭਰਪੂਰ ਹੈ, ਇਹ ਉਹ ਸਥਾਨ ਹੈ ਜਿੱਥੇ ਬਹੁਤ ਸਾਰੇ ਜੈਨ ਭਿਕਸ਼ੂਆਂ ਅਤੇ ਸੰਤਾਂ ਦੀ ਤਪੱਸਿਆ ਪ੍ਰਗਟ ਹੁੰਦੀ ਹੈ, ਅਤੇ ਜਿੱਥੇ ਸਿਰਜਣਾ ਅਤੇ ਸੇਵਾ ਕੁਦਰਤੀ ਰੂਪ ਵਿੱਚ ਖਿੜਦੇ ਹਨ।"
ਕੋਬਾ ਤੀਰਥ ਦੀਆਂ ਲਗਾਤਾਰ ਚੱਲਦੀਆਂ ਆ ਰਹੀਆਂ ਪਰੰਪਰਾਵਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲਾਂ ਤੋਂ ਇਸ ਪਵਿੱਤਰ ਸਥਾਨ 'ਤੇ ਅਧਿਐਨ, ਤਪੱਸਿਆ ਅਤੇ ਸਵੈ-ਅਨੁਸ਼ਾਸਨ ਦੀਆਂ ਪਰੰਪਰਾਵਾਂ ਵੱਧਦੀਆਂ-ਫੁੱਲਦੀਆਂ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਦਰਾਂ-ਕੀਮਤਾਂ ਦੀ ਸੰਭਾਲ, ਸੰਸਕਾਰਾਂ ਨੂੰ ਵਧਾਉਣਾ ਅਤੇ ਗਿਆਨ ਦਾ ਪੋਸ਼ਣ – ਇਹ ਤ੍ਰਿਵੇਣੀ ਭਾਰਤੀ ਸਭਿਅਤਾ ਦੀ ਨੀਂਹ ਹੈ। ਸ਼੍ਰੀ ਮੋਦੀ ਨੇ ਕਿਹਾ "ਇਸ ਤ੍ਰਿਵੇਣੀ ਦਾ ਪ੍ਰਵਾਹ ਨਿਰੰਤਰ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ।
ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਜੈਨ ਧਰਮ ਦੇ ਸਦੀਵੀ ਗਿਆਨ ਅਤੇ ਭਾਰਤ ਦੀ ਅਮੀਰ ਵਿਰਾਸਤ ਨੂੰ ਹੁਣ ਜੈਨ ਵਿਰਾਸਤ ਅਜਾਇਬ ਘਰ ਰਾਹੀਂ ਆਉਣ ਵਾਲੀਆਂ ਸਦੀਆਂ ਲਈ ਸੁਰੱਖਿਅਤ ਕੀਤਾ ਜਾ ਰਿਹਾ ਹੈ , ਜਿਸ ਨੂੰ ਸੰਤਾਂ ਵੱਲੋਂ ਪ੍ਰਾਚੀਨ ਗਿਆਨ ਨੂੰ ਨਵੀਂ ਪੀੜ੍ਹੀ ਦੇ ਸਮਰੱਥ ਨਵੇਂ ਅਤੇ ਆਧੁਨਿਕ ਰੂਪਾਂ ਵਿੱਚ ਪੇਸ਼ ਕਰਨ ਦੇ ਟੀਚੇ ਵਜੋਂ ਯੋਜਨਾਬੱਧ ਕੀਤਾ ਗਿਆ ਸੀ ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਉਹ ਸ਼ਾਨਦਾਰ ਸੁਪਨਾ ਸਮਰਾਟ ਸੰਪ੍ਰਤੀ ਅਜਾਇਬ ਘਰ ਦੇ ਰੂਪ ਵਿੱਚ ਪੂਰਾ ਹੋਇਆ ਹੈ, ਜੋ ਜੈਨ ਦਰਸ਼ਨ, ਭਾਰਤੀ ਸੱਭਿਆਚਾਰ ਅਤੇ ਸਾਡੀ ਪ੍ਰਾਚੀਨ ਵਿਰਾਸਤ ਦਾ ਇੱਕ ਪਵਿੱਤਰ ਕੇਂਦਰ ਹੈ।"
ਪ੍ਰਧਾਨ ਮੰਤਰੀ ਨੇ ਇਸ ਯਤਨ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਸਾਰੇ ਜੈਨ ਭਿਕਸ਼ੂਆਂ, ਸੰਤਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਨੂੰ ਵਧਾਈ ਦਿੱਤੀ । ਵਿਰਾਸਤ ਸੰਭਾਲ ਵਿੱਚ ਨਵੀਨਤਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਪ੍ਰਾਚੀਨ ਗਿਆਨ ਨੂੰ ਨਵੇਂ ਤਰੀਕਿਆਂ ਰਾਹੀਂ ਪੇਸ਼ ਕੀਤਾ ਜਾਂਦਾ ਹੈ, ਤਾਂ ਵਿਰਾਸਤ ਹੋਰ ਵੀ ਅਮੀਰ ਹੋ ਜਾਂਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਂ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ "ਸਮਰਾਟ ਸੰਪ੍ਰਤੀ ਅਜਾਇਬ ਘਰ ਭਾਰਤ ਦੇ ਕਰੋੜਾਂ ਲੋਕਾਂ ਦੀ ਵਿਰਾਸਤ ਹੈ ਅਤੇ ਸਾਡੇ ਸ਼ਾਨਦਾਰ ਅਤੀਤ ਦਾ ਇੱਕ ਪ੍ਰਮਾਣ ਹੈ”।
ਸਮਰਾਟ ਸੰਪ੍ਰਤੀ ਦੇ ਇਤਿਹਾਸਕ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਬਹੁਤ ਸਾਰੀਆਂ ਸਭਿਅਤਾਵਾਂ ਵਿੱਚ ਨੇ ਮਹਾਨ ਚਿੰਤਕ ਅਤੇ ਦਾਰਸ਼ਨਿਕ ਹੋਏ, ਪਰ ਦੁਨੀਆ ਦੇ ਕਈ ਹਿੱਸਿਆਂ ਵਿੱਚ ਸ਼ਾਸਕ ਸੱਤਾ ਦੇ ਸਵਾਲ ‘ਤੇ ਆਦਰਸ਼ਾਂ ਨੂੰ ਤਿਆਗ ਦਿੰਦੇ ਸਨ , ਜਿਸ ਨਾਲ ਵਿਚਾਰ ਅਤੇ ਸ਼ਾਸਨ ਵਿਚਕਾਰ ਇੱਕ ਖੱਡ ਪੈਦਾ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਮਰਾਟ ਸੰਪ੍ਰਤੀ ਸਿਰਫ਼ ਇੱਕ ਇਤਿਹਾਸਕ ਰਾਜਾ ਨਹੀਂ ਸਨ, ਸਗੋਂ ਭਾਰਤ ਦੇ ਦਰਸ਼ਨ ਅਤੇ ਵਤੀਰੇ ਵਿੱਚ ਇੱਕ ਪੁਲ ਸਨ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਵਿੱਚ ਸਮਰਾਟ ਸੰਪ੍ਰਤੀ ਵਰਗੇ ਸ਼ਾਸਕਾਂ ਨੇ ਸੱਤਾ ਨੂੰ ਸੇਵਾ ਅਤੇ ਤਪੱਸਿਆ ਦੇ ਰੂਪ ਵਿੱਚ ਦੇਖਿਆ, ਉਨ੍ਹਾਂ ਨੇ ਸਿੰਘਾਸਣ ਤੋਂ ਅਹਿੰਸਾ ਦਾ ਵਿਸਥਾਰ ਕੀਤਾ ਅਤੇ ਪੂਰੀ ਤਰ੍ਹਾਂ ਨਿਰਲੇਪਤਾ ਅਤੇ ਨਿਰਸਵਾਰਥ ਭਾਵਨਾ ਨਾਲ ਸੱਚਾਈ, ਚੋਰੀ ਨਾ ਕਰਨ ਅਤੇ ਸਾਦਾ ਜੀਵਨ, ਉੱਚ ਵਿਚਾਰ ਦਾ ਪ੍ਰਚਾਰ-ਪ੍ਰਸਾਰ ਕੀਤਾ।ਗੈਰ-ਕਬਜ਼ਾ ਦੇ ਗੁਣਾਂ ਦਾ ਸਮਰਥਨ ਕੀਤਾ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਅਜਾਇਬ ਘਰ ਨੂੰ ਬਹੁਤ ਸੋਚ-ਸਮਝ ਕੇ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਹਰ ਕਦਮ 'ਤੇ ਭਾਰਤ ਦੀ ਸ਼ਾਨ ਦਾ ਅਨੁਭਵ ਹੁੰਦਾ ਹੈ, ਅਤੇ ਇਸ ਦੀਆਂ ਸੱਤ ਗੈਲਰੀਆਂ ਦੇਸ਼ ਦੀ ਵਿਭਿੰਨਤਾ ਅਤੇ ਸਭਿਆਚਾਰਕ ਅਮੀਰੀ ਦਾ ਐਲਾਨ ਕਰਦੀਆਂ ਹਨ। ਉਨ੍ਹਾਂ ਨੇ ਪਹਿਲੀ ਗੈਲਰੀ ਦਾ ਜ਼ਿਕਰ ਕੀਤਾ , ਜਿਸ ਵਿੱਚ ਨਵਪਦ, ਅਰਿਹੰਤ, ਸਿੱਧ, ਆਚਾਰੀਆ, ਉਪਾਧਿਆਏ, ਸਾਧੂ ਅਤੇ ਸਮਯਕ ਦਰਸ਼ਨ,ਸਮਯਕ ਗਿਆਨ, ਸਮਯਕ ਆਚਰਣ,ਸਮਯਕ ਤਪ ਦੇ ਚਾਰ ਸਿਧਾਂਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਤੀਜੀ ਗੈਲਰੀ ਦਾ ਵੀ ਜ਼ਿਕਰ ਕੀਤਾ, ਜੋ ਤੀਰਥੰਕਰਾਂ ਦੀਆਂ ਕਥਾਵਾਂ ਅਤੇ ਸਿੱਖਿਆਵਾਂ ਨੂੰ ਕਲਾਤਮਕ ਤੌਰ 'ਤੇ ਜੀਵਿਤ ਬਣਾਉਂਦੀਆਂ ਹਨ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਗਿਆਨ ਸਮਯਕ (ਸਹੀ ਜਾਂ ਧਰਮੀ) ਹੁੰਦਾ ਹੈ, ਤਾਂ ਉਹ ਸਮਾਨਤਾ ਅਤੇ ਸੇਵਾ ਦੀ ਨੀਂਹ ਬਣ ਜਾਂਦਾ ਹੈ।"
ਪ੍ਰਧਾਨ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਅਜਾਇਬ ਘਰ ਜੈਨ ਵਿਰਾਸਤ ਦੇ ਨਾਲ-ਨਾਲ ਭਾਰਤ ਦੀਆਂ ਹੋਰ ਧਾਰਮਿਕ ਪਰੰਪਰਾਵਾਂ - ਵੈਦਿਕ, ਬੋਧੀ ਆਦਿ ਦੀ ਵੀ ਸ਼ਾਨਦਾਰ ਢੰਗ ਨਾਲ ਅਗਵਾਈ ਕਰਦਾ ਹੈ। ਉਨ੍ਹਾਂ ਨੇ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ, ਉਸ ਦੀ ਵਿਭਿੰਨਤਾ ਅਤੇ "ਵਿਭਿੰਨਤਾ ਵਿੱਚ ਏਕਤਾ" ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ ਕਿ ਜਿੱਥੇ ਦੁਨੀਆ ਨੇ ਧਰਮ ਅਤੇ ਸੰਪਰਦਾਇ ਦੇ ਨਾਮ 'ਤੇ ਸੰਘਰਸ਼ ਦੇਖੇ ਹਨ, ਉੱਥੇ ਹੀ ਇਹ ਅਜਾਇਬ ਘਰ ਸਾਰੀਆਂ ਪਰੰਪਰਾਵਾਂ ਨੂੰ ਸਤਰੰਗੀ ਪੀਂਘ ਵਾਂਗ ਪੇਸ਼ ਕਰਦਾ ਹੈ - ਵੇਦ, ਪੁਰਾਣ, ਆਯੁਰਵੇਦ, ਯੋਗ ਅਤੇ ਦਰਸ਼ਨ ਸਾਰੇ ਪਿਆਰ ਸਹਿਤ ਇਕੱਠੇ ਬਿਰਾਜਮਾਨ ਹਨ। ਉਨ੍ਹਾਂ ਕਿਹਾ "ਇਹ ਸਿਰਫ਼ ਭਾਰਤ ਵਿੱਚ ਹੀ ਸੰਭਵ ਹੈ,"
ਵਿਸ਼ਵ ਪੱਧਰ 'ਤੇ ਫੈਲੀ ਅਸਥਿਰਤਾ ਅਤੇ ਅਸ਼ਾਂਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਅਜਾਇਬ ਘਰ ਦੇ ਅੰਦਰ ਦਰਜ ਵਿਰਾਸਤ ਅਤੇ ਸੰਦੇਸ਼ ਦਾ ਮਹੱਤਵ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਲਈ ਬਹੁਤ ਡੂੰਘਾ ਹੈ । ਉਨ੍ਹਾਂ ਉਮੀਦ ਪ੍ਰਗਟਾਈ ਕਿ ਦੁਨੀਆ ਭਰ ਤੋਂ ਉਤਸੁਕ ਸੈਲਾਨੀਆਂ, ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੀ ਗਿਣਤੀ ਲਗਾਤਾਰ ਵਧਦੀ ਰਹੇਗੀ। ਸ਼੍ਰੀ ਮੋਦੀ ਨੇ ਤਾਕੀਦ ਕੀਤੀ ( "ਜੋ ਵੀ ਇੱਥੇ ਆਵੇ, ਉਹ ਭਾਰਤ ਅਤੇ ਜੈਨ ਧਰਮ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਹਰ ਕੋਨੇ ਤੱਕ ਲੈ ਕੇ ਜਾਵੇ।"
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਭਾਰਤ ਦੀਆਂ ਪ੍ਰਾਚੀਨ ਯੂਨੀਵਰਸਿਟੀਆਂ - ਤਕਸ਼ੀਲਾ ਅਤੇ ਨਾਲੰਦਾ - ਕਦੇ ਲੱਖਾਂ ਹੱਥ-ਲਿਖਤਾਂ ਨਾਲ ਭਰਪੂਰ ਸਨ, ਜਿਨ੍ਹਾਂ ਨੂੰ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਵਿਦੇਸ਼ੀ ਹਮਲਾਵਰਾਂ ਵੱਲੋਂ ਤਬਾਹ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਉਨ੍ਹਾਂ ਔਖੇ ਹਾਲਾਤਾਂ ਦੇ ਵਿਚਕਾਰ ਆਮ ਲੋਕਾਂ ਨੇ ਬਚੀਆਂ ਹੋਈਆਂ ਹੱਥ-ਲਿਖਤਾਂ ਨੂੰ ਪੀੜ੍ਹੀ ਦਰ ਪੀੜ੍ਹੀ ਸੁਰੱਖਿਅਤ ਰੱਖਿਆ। ਉਨ੍ਹਾਂ ਨੇ ਆਚਾਰੀਆ ਭਗਵੰਤ ਸ਼੍ਰੀ ਪਦਮਸਾਗਰ ਸੁਰਿਸ਼ਵਰਜੀ ਮਹਾਰਾਜ ਸਾਹਿਬ ਦੇ ਅਸਧਾਰਨ ਸਮਰਪਣ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸੱਠ ਸਾਲਾਂ ਤੱਕ ਦੇਸ਼ ਦੇ ਕੋਨੇ-ਕੋਨੇ ਵਿੱਚ ਪਿੰਡ-ਪਿੰਡ ਅਤੇ ਸ਼ਹਿਰ-ਦਰ-ਸ਼ਹਿਰ ਜਾ ਕੇ ਹੱਥ-ਲਿਖਤਾਂ ਦੀ ਭਾਲ ਕੀਤੀ । ਸ਼੍ਰੀ ਮੋਦੀ ਨੇ ਕਿਹਾ, "ਅੱਜ ਤਾੜ ਪੱਤਰਾਂ (ਖਜੂਰ ਦੇ ਪੱਤਿਆਂ) ਅਤੇ ਭੋਜ ਪੱਤਰਾਂ (ਬਿਰਚ ਦੀ ਛਿੱਲ ) 'ਤੇ ਲਿਖੀਆਂ ਤਿੰਨ ਲੱਖ ਤੋਂ ਵੱਧ ਹੱਥ-ਲਿਖਤਾਂ , ਜਿਨ੍ਹਾਂ ਵਿੱਚੋਂ ਕੁਝ ਸੈਂਕੜੇ ਸਾਲ ਪੁਰਾਣੀਆਂ ਹਨ, ਕੋਬਾ ਵਿਖੇ ਸੁਰੱਖਿਅਤ ਢੰਗ ਨਾਲ ਸੰਕਲਿਤ ਹਨ ,ਜੋ ਭਾਰਤ ਦੇ ਅਤੀਤ, ਵਰਤਮਾਨ ਅਤੇ ਭਵਿੱਖ ਪ੍ਰਤੀ ਇੱਕ ਮਹਾਨ ਸੇਵਾ ਦੀ ਅਗਵਾਈ ਕਰਦੀਆਂ ਹਨ ।”
ਹੱਥ-ਲਿਖਤਾਂ ਦੀ ਸੰਭਾਲ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਨੂੰ ਦੂਰ ਕਰਨ ਲਈ 'ਗਿਆਨ ਭਾਰਤਮ ਮਿਸ਼ਨ' ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਤਕਨਾਲੋਜੀ ਦੀ ਵਰਤੋਂ ਕਰਦਿਆਂ ਪ੍ਰਾਚੀਨ ਹੱਥ-ਲਿਖਤਾਂ ਦਾ ਡਿਜੀਟਲੀਕਰਨ, ਵਿਗਿਆਨਕ ਸੁਰੱਖਿਆ, ਸਕੇਨਿੰਗ, ਰਸਾਇਣਕ ਤੌਰ 'ਤੇ ਇਲਾਜ ਅਤੇ ਡਿਜੀਟਲ ਰੂਪ ਵਿੱਚ ਪੁਰਾਲੇਖਬੱਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 'ਮਨ ਕੀ ਬਾਤ' ਦੇ ਆਪਣੇ ਹਾਲ ਹੀ ਦੇ ਸੰਸਕਰਣ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਵਿਆਪੀ ਸਰਵੇਖਣ ਬਾਰੇ ਦੱਸਿਆ ਸੀ, ਜਿਸ ਲਾਲ ਨਾਗਰਿਕ ਆਪਣੇ ਕੋਲ ਸੁਰੱਖਿਅਤ ਹੱਥ-ਲਿਖਤਾਂ ਨੂੰ ਅਪਲੋਡ ਕਰ ਸਕਦੇ ਹਨ । ਸ਼੍ਰੀ ਮੋਦੀ ਨੇ ਕਿਹਾ, "ਇਹ ਮੁਹਿੰਮ ਦੇਸ਼ ਦੇ ਹਰ ਕੋਨੇ -ਕੋਨੇ ਵਿੱਚ ਖਿੰਡੀਆਂ ਹੋਈਆਂ ਹੱਥ-ਲਿਖਤਾਂ ਨੂੰ ਸੰਕਲਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।"
ਪ੍ਰਧਾਨ ਮੰਤਰੀ ਨੇ 'ਗਿਆਨ ਭਾਰਤਮ ਮਿਸ਼ਨ' ਤਹਿਤ ਸਰਕਾਰ ਦੇ ਯਤਨਾਂ ਅਤੇ ਕੋਬਾ ਤੀਰਥ ਦੇ ਅਸਧਾਰਨ ਯੋਗਦਾਨ ਨੂੰ ਭਾਰਤ ਦੇ ਨਵੇਂ ਸਭਿਆਚਾਰਕ ਪੁਨਰਜਾਗਰਣ ਦੇ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਅੱਜ - ਪ੍ਰਾਚੀਨ ਮੰਦਰਾਂ ਦੀ ਮੁੜ ਬਹਾਲੀ ,ਤੀਰਥ ਸਥਾਨਾਂ ਦੇ ਵਿਕਾਸ ਤੋਂ ਲੈ ਕੇ ਆਯੁਰਵੇਦ ਅਤੇ ਯੋਗ ਦੇ ਪ੍ਰਸਾਰ ਤੱਕ , ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ , ਸਮਝ ਅਤੇ ਪ੍ਰਦਰਸ਼ਨ ਲਈ ਹਰ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਲੋਥਲ ਵਿਖੇ ਵਿਸ਼ਾਲ ਸਮੁੰਦਰੀ ਅਜਾਇਬ ਘਰ, ਵਡਨਗਰ ਵਿਖੇ ਅਜਾਇਬ ਘਰ ਅਤੇ ਦਿੱਲੀ ਵਿੱਚ ਪ੍ਰਸਤਾਵਿਤ 'ਯੁਗੇ ਯੁਗੀਨ ਭਾਰਤ ਅਜਾਇਬ ਘਰ' ਵਰਗੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਰਤ ਦੇ ਆਜ਼ਾਦੀ ਸੰਗ੍ਰਾਮ ਦੇ ਸੱਚੇ ਇਤਿਹਾਸ ਨੂੰ ਬਿਨਾਂ ਕਿਸੇ ਰਾਜਨੀਤਿਕ ਪੱਖਪਾਤ ਦੇ ਸਾਹਮਣੇ ਲਿਆਉਣ ਲਈ ਚੰਗਾ ਅਤੇ ਵਿਆਪਕ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ "ਅਸੀਂ ਵਿਰਾਸਤ ਨੂੰ ਸਿਆਸੀ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਮਾਨਸਿਕਤਾ ਨੂੰ ਖ਼ਤਮ ਕਰ ਦਿੱਤਾ ਹੈ ਅਤੇ 'ਸਬਕਾ ਸਾਥ, ਸਬਕਾ ਵਿਕਾਸ' ਦੇ ਮੰਤਰ ਨਾਲ ਅੱਗੇ ਵਧ ਰਹੇ ਹਾਂ , ਜੋ ' ਵਿਕਸਿਤ ਭਾਰਤ' ਦ੍ਰਿਸ਼ਟੀਕੋਣ ਦੀ ਆਤਮਾ ਹੈ।"
ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਸੰਤਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦਿੱਲੀ ਵਿੱਚ ਆਯੋਜਿਤ ਇਤਿਹਾਸਕ ਨਵਕਾਰ ਮਹਾਮੰਤਰ ਦਿਵਸ ਸਮਾਗਮ ਨੂੰ ਯਾਦ ਕੀਤਾ, ਜਿੱਥੇ ਜੈਨ ਧਰਮ ਦੇ ਚਾਰ ਸੰਪਰਦਾਏ ਇਕੱਠੇ ਆਏ ਸਨ । ਉਨ੍ਹਾਂ ਨੇ ਉਸ ਮੌਕੇ 'ਤੇ ਪੇਸ਼ ਕੀਤੇ ਗਏ ਆਪਣੇ ਦਸ ਸੰਕਲਪਾਂ ਨੂੰ ਦੁਹਰਾਇਆ - ਪਾਣੀ ਦੀ ਸੰਭਾਲ; 'ਇੱਕ ਪੇੜ ਮਾਂ ਦੇ ਨਾਮ’, ਸਵੱਛਤਾ ਮੁਹਿੰਮ, 'ਵੋਕਲ ਫ਼ਾਰ ਲੋਕਲ'; 'ਦੇਸ਼ ਦਰਸ਼ਨ'; ਕੁਦਰਤੀ ਖੇਤੀ; ਸਿਹਤਮੰਦ ਜੀਵਨ ਸ਼ੈਲੀ; ਯੋਗ ਅਤੇ ਖੇਡਾਂ; ਗ਼ਰੀਬਾਂ ਦੀ ਸਹਾਇਤਾ; ਅਤੇ ਭਾਈਚਾਰੇ ਵੱਲੋਂ ਜੋੜਿਆ ਗਿਆ ਦਸਵਾਂ ਸੰਕਲਪ- ਭਾਰਤ ਦੀ ਵਿਰਾਸਤ ਦੀ ਸੰਭਾਲ। ਉਨ੍ਹਾਂ ਕਿਹਾ, "ਅੱਜ ਦਾ ਇਹ ਸਮਾਗਮ ਇਨ੍ਹਾਂ ਸਾਰੇ ਸੰਕਲਪਾਂ ਦਾ ਜੀਵਿਤ ਪ੍ਰਤੀਬਿੰਬ ਹੈ।"
ਭਵਿੱਖ ਪ੍ਰਤੀ ਵਿਸ਼ਵਾਸ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਸਭਿਆਚਾਰਕ ਤਾਕਤ ਦੇਸ਼ ਦੇ ਵੱਡੇ ਟੀਚਿਆਂ ਦੀ ਪ੍ਰਾਪਤੀ ਵਿੱਚ ਪ੍ਰੇਰਕ ਸ਼ਕਤੀ ਬਣੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਜਦੋਂ ਲੋਕ ਵਿਅਕਤੀਗਤ ਇੱਛਾਵਾਂ ਤੋਂ ਉੱਪਰ ਉੱਠ ਕੇ ਸਮਾਜ ਅਤੇ ਰਾਸ਼ਟਰ ਦੇ ਟੀਚਿਆਂ ਲਈ ਕੰਮ ਕਰਦੇ ਹਨ, ਤਾਂ ਵਿਕਾਸ ਦੀ ਗਤੀ ਤੇਜ਼ ਹੋ ਜਾਂਦੀ ਹੈ। ਅੰਤ ਵਿੱਚ ਸ਼੍ਰੀ ਮੋਦੀ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਸਮਰਾਟ ਸੰਪ੍ਰਤੀ ਅਜਾਇਬ ਘਰ ਗਿਆਨ, ਤਪੱਸਿਆ ਅਤੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਕੇ ਉੱਭਰੇਗਾ, ਜੋ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ ਅਤੇ ਸਮਾਜ ਨੂੰ ਊਰਜਾ ਪ੍ਰਦਾਨ ਕਰੇਗਾ ।"
****************
ਐੱਮਜੇਪੀਐੱਸ/ਪੀਆਰਕੇ
(Release ID: 2247731)
ਵਿਜ਼ੀਟਰ ਕਾਊਂਟਰ : 20
Read this release in:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Telugu
,
Kannada
,
Malayalam