ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਵਾਵ-ਥਰਾਦ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 31 MAR 2026 8:27PM by PIB Chandigarh

ਭਾਰਤ ਮਾਤਾ ਕੀ ਜੈ। 

ਅੱਜ ਅਜਿਹੀ ਆਵਾਜ਼ ਕਿਉਂ ਆਈ, 

ਭਾਰਤ ਮਾਤਾ ਕੀ ਜੈ। 

ਭਾਰਤ ਮਾਤਾ ਕੀ ਜੈ।

ਪ੍ਰੋਗਰਾਮ ਵਿੱਚ ਮੌਜੂਦ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ, ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਭਾਈ, ਉਪ ਮੁੱਖ ਮੰਤਰੀ ਭਾਈ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀ ਸਾਹਿਬਾਨ, ਵਿਧਾਇਕ ਸਾਥੀਓ, ਅਤੇ ਬਨਾਸਕਾਂਠਾ, ਵਾਵ, ਥਰਾਦ, ਉੱਤਰੀ ਗੁਜਰਾਤ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਅੱਜ ਇੱਥੇ ਮੇਰੀਆਂ ਮਾਵਾਂ ਇੰਨੀ ਵੱਡੀ ਗਿਣਤੀ ਵਿੱਚ ਆਈਆਂ ਹਨ, ਇਹ ਮਾਵਾਂ-ਭੈਣਾਂ ਇੰਨੀ ਵੱਡੀ ਗਿਣਤੀ ਵਿੱਚ ਆਈਆਂ ਹਨ। ਇਨ੍ਹਾਂ ਮੇਰੀਆਂ ਮਾਵਾਂ ਅਤੇ ਭੈਣਾਂ ਨੂੰ ਮੇਰਾ ਵਿਸ਼ੇਸ਼ ਪ੍ਰਣਾਮ।

ਅਜੇ ਕੁਝ ਹੀ ਦਿਨ ਪਹਿਲਾਂ ਪਵਿੱਤਰ ਨਰਾਤਿਆਂ ਦਾ ਤਿਉਹਾਰ ਸੰਪੰਨ ਹੋਇਆ ਹੈ। ਇਹ ਮਾਂ ਅੰਬਾ ਜੀ ਦੀ ਕਿਰਪਾ ਹੀ ਹੈ ਕਿ ਮੈਨੂੰ ਅੱਜ ਉਨ੍ਹਾਂ ਦੇ ਚਰਨਾਂ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਕਿਰਪਾ ਨਾਲ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ, ਮੇਰੇ ਆਪਣੇ ਪਰਿਵਾਰਕ ਮੈਂਬਰਾਂ ਦੇ, ਦਰਸ਼ਨ ਕਰਨ ਦਾ ਲਾਭ ਮਿਲਿਆ ਹੈ। ਮੈਂ ਮਾਂ ਅੰਬਾ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਵਰਾਹ ਸਰੂਪ ਭਗਵਾਨ ਸ਼੍ਰੀ ਧਰਣੀਧਰ ਜੀ, “ਮੁਛਾੜਾ ਕ੍ਰਿਸ਼ਨ”, ਮੈਂ ਉਨ੍ਹਾਂ ਨੂੰ ਵੀ ਅੱਜ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਇਹ ਵੀ ਇੱਕ ਸੁਖਦ ਸਬੱਬ ਹੈ ਕਿ ਅੱਜ ਅਸੀਂ ਭਗਵਾਨ ਮਹਾਵੀਰ ਜਯੰਤੀ ਵੀ ਮਨਾ ਰਹੇ ਹਾਂ। ਸਾਡਾ ਇਹ ਖੇਤਰ ਅਨੇਕਾਂ ਜੈਨ ਤੀਰਥਾਂ ਦੀ ਧਰਤੀ ਹੈ। ਮੈਂ ਭਗਵਾਨ ਮਹਾਵੀਰ ਨੂੰ ਪ੍ਰਣਾਮ ਕਰਦਾ ਹਾਂ, ਅਤੇ ਤੁਹਾਨੂੰ ਸਾਰਿਆਂ ਨੂੰ ਪਵਿੱਤਰ ਮਹਾਵੀਰ ਜਨਕਲਿਆਣਕ ਦਿਹਾੜੇ ਦੀ, ਮਹਾਵੀਰ ਜਯੰਤੀ ਦੀ ਵਧਾਈ ਵੀ ਦਿੰਦਾ ਹਾਂ।

ਸਾਥੀਓ,

ਅੱਜ ਮੇਰਾ ਮਨ ਇੱਕ ਹੋਰ ਗੱਲ ਤੋਂ ਖ਼ੁਸ਼ ਹੈ। ਜਦੋਂ ਮੈਂ ਇੱਥੇ ਆਇਆ, ਤਾਂ ਪਹਿਲੀ ਵਾਰ ਮੇਰਾ ਜਹਾਜ਼ ਸਿੱਧਾ ਡੀਸਾ ਏਅਰਬੇਸ 'ਤੇ ਉੱਤਰਿਆ। ਡੀਸਾ ਦਾ ਇਹ ਏਅਰਬੇਸ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ 130 ਕਿੱਲੋਮੀਟਰ ਦੀ ਦੂਰੀ 'ਤੇ ਹੈ। ਤੁਸੀਂ ਸਮਝ ਸਕਦੇ ਹੋ ਕਿ ਇਹ ਦੇਸ਼ ਦੀ ਸੁਰੱਖਿਆ ਲਈ ਵੀ ਕਿੰਨਾ ਅਹਿਮ ਹੈ।

ਪਰ ਸਾਥੀਓ,

ਡੀਸਾ ਏਅਰਪੋਰਟ ਦੇ ਇਸ ਪ੍ਰੋਜੈਕਟ ਦਾ ਵਿਚਾਰ ਅੱਜ ਤੋਂ ਸ਼ੁਰੂ ਨਹੀਂ ਹੋਇਆ। ਜਦੋਂ ਮੈਂ ਇੱਥੇ ਮੁੱਖ ਮੰਤਰੀ ਸੀ, ਉਦੋਂ ਤੋਂ ਅਸੀਂ ਜ਼ਮੀਨ ਐਕੁਆਇਰ ਕੀਤੀ, ਮੇਰੇ ਕਿਸਾਨ ਭੈਣ-ਭਰਾਵਾਂ ਨੇ ਜ਼ਮੀਨ ਦਿੱਤੀ, ਅਤੇ ਅਸੀਂ ਚਾਹੁੰਦੇ ਸੀ ਕਿ ਰਾਸ਼ਟਰੀ ਸੁਰੱਖਿਆ ਲਈ, ਭਾਰਤ ਦੀ ਪੱਛਮੀ ਸਰਹੱਦ ਦੀ ਸੁਰੱਖਿਆ ਲਈ, ਇਹ ਡੀਸਾ ਬਹੁਤ ਮਹੱਤਵਪੂਰਨ ਸਥਾਨ ਹੈ, ਇੱਥੇ ਏਅਰਬੇਸ ਹੋਣਾ ਬਹੁਤ ਜ਼ਰੂਰੀ ਹੈ। ਪਰ ਪਤਾ ਨਹੀਂ ਉਸ ਸਮੇਂ ਦਿੱਲੀ ਵਿੱਚ ਜੋ ਲੋਕ ਰਾਜ ਕਰਦੇ ਸਨ, ਉਨ੍ਹਾਂ ਨੂੰ ਗੁਜਰਾਤ ਪ੍ਰਤੀ ਪਤਾ ਨਹੀਂ ਕੀ ਨਫ਼ਰਤ ਸੀ, ਰਾਸ਼ਟਰੀ ਸੁਰੱਖਿਆ ਦਾ ਇਹ ਪ੍ਰੋਜੈਕਟ ਵੀ ਸਾਲਾਂ ਤੱਕ ਫਾਈਲਾਂ ਵਿੱਚ ਦੱਬਿਆ ਰਿਹਾ। ਜਦੋਂ ਤੁਸੀਂ ਮੈਨੂੰ ਦਿੱਲੀ ਭੇਜਿਆ ਤਾਂ ਮੈਂ ਉਨ੍ਹਾਂ ਫਾਈਲਾਂ ਨੂੰ ਬਾਹਰ ਕੱਢਿਆ, ਅਤੇ ਅੱਜ ਇਹ ਉਸੇ ਦਾ ਨਤੀਜਾ ਹੈ ਕਿ ਏਅਰਫੋਰਸ (ਹਵਾਈ ਫ਼ੌਜ) ਦਾ ਇੱਕ ਬਹੁਤ ਵੱਡਾ ਬੇਸ ਹੁਣ ਸਾਡੇ ਡੀਸਾ ਨਾਲ ਜੁੜ ਗਿਆ ਹੈ ਅਤੇ ਇਹ ਸਿਰਫ਼ ਹਵਾਈ ਪੱਟੀ ਨਹੀਂ ਹੁੰਦੀ, ਇਸ ਕਾਰਨ ਇੱਥੇ ਬਹੁਤ ਸਾਰੀਆਂ ਗਤੀਵਿਧੀਆਂ ਹੋਣ ਵਾਲੀਆਂ ਹਨ, ਬਹੁਤ ਵੱਡੀ ਗਿਣਤੀ ਵਿੱਚ ਜਵਾਨ ਇੱਥੇ ਰਹਿਣ ਵਾਲੇ ਹਨ। ਇਸ ਖੇਤਰ ਦੇ ਵਿਕਾਸ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਹੋਣ ਵਾਲਾ ਹੈ। ਪਰ ਇਹ ਜੋ ਦੇਰੀ ਹੋਈ, ਉਹ ਉਸ ਸਮੇਂ ਦਿੱਲੀ ਵਿੱਚ ਜੋ ਕਾਂਗਰਸ ਦੀ ਸਰਕਾਰ ਸੀ, ਉਸ ਕਾਰਨ ਹੋਈ, ਉਸ ਦੇ ਰਵੱਈਏ ਕਾਰਨ ਹੋਈ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਇੰਨੀ ਉਦਾਸੀਨਤਾ  ਨੂੰ ਦੇਸ਼ ਕਦੇ ਵੀ ਮੁਆਫ਼ ਨਹੀਂ ਕਰਦਾ। ਇਹ ਸਾਡੀ ਸਰਕਾਰ ਹੈ, ਜਿਸ ਨੇ ਡੀਸਾ ਏਅਰਪੋਰਟ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਇਆ ਅਤੇ ਅੱਜ ਇਹ ਏਅਰਪੋਰਟ ਇਸ ਖੇਤਰ ਲਈ ਵਿਕਾਸ ਦਾ ਇੱਕ ਵੱਡਾ ਮੀਲ ਪੱਥਰ ਵੀ ਬਣ ਰਿਹਾ ਹੈ, ਅਤੇ ਦੇਸ਼ ਦੀ ਇੱਕ ਬਹੁਤ ਵੱਡੀ ਰਣਨੀਤਕ ਤਾਕਤ ਵੀ ਹੈ। ਮੈਂ ਇਸ ਏਅਰਪੋਰਟ ਲਈ ਇਸ ਖੇਤਰ ਨੂੰ, ਤੁਹਾਨੂੰ ਸਾਰਿਆਂ ਨੂੰ ਮੁੜ ਵਧਾਈ ਦਿੰਦਾ ਹਾਂ।

ਸਾਥੀਓ,

ਵਾਵ-ਥਰਾਦ, ਬਨਾਸਕਾਂਠਾ ਦਾ ਇਹ ਖੇਤਰ, ਤੁਸੀਂ ਸਾਰੇ ਜਾਣਦੇ ਹੋ, ਇਸ ਨਾਲ ਮੇਰਾ ਕਿੰਨਾ ਮੋਹ ਰਿਹਾ ਹੈ। ਇੱਥੋਂ ਦਾ ਕੋਈ ਪਿੰਡ ਅਜਿਹਾ ਨਹੀਂ ਹੋਵੇਗਾ ਜਿਸ ਨਾਲ ਮੇਰੀਆਂ ਯਾਦਾਂ ਨਾ ਜੁੜੀਆਂ ਹੋਣ। ਅੱਜ ਮੈਂ ਆਇਆ ਤਾਂ ਬਹੁਤ ਸਾਰੇ ਪੁਰਾਣੇ ਲੋਕਾਂ ਦੇ ਚਿਹਰੇ ਦੇਖਣ ਦਾ ਮੈਨੂੰ ਮੌਕਾ ਮਿਲਿਆ ਅਤੇ ਰੋਡ ਸ਼ੋਅ ਵੀ ਇੰਨਾ ਸ਼ਾਨਦਾਰ ਕੀਤਾ ਕਿ ਉਸ ਕਾਰਨ ਮੈਨੂੰ ਇੱਕ ਲਾਭ ਹੋਇਆ। ਬਹੁਤ ਵੱਡੀ ਗਿਣਤੀ ਵਿੱਚ ਪੁਰਾਣੇ ਲੋਕਾਂ ਨੂੰ ਦੂਰੋਂ ਹੀ ਮਿਲਣ ਦਾ ਮੈਨੂੰ ਮੌਕਾ ਮਿਲ ਗਿਆ ਅਤੇ ਜਦੋਂ ਮੈਂ ਸੰਗਠਨ ਦਾ ਕੰਮ ਕਰਦਾ ਸੀ, ਉਦੋਂ ਤਾਂ ਮੈਂ ਇੱਥੇ ਬਹੁਤ ਘੁੰਮਿਆ ਹਾਂ। ਸਕੂਟਰ 'ਤੇ ਚੱਕਰ ਲਾਉਂਦਾ ਸੀ। ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਅਤੇ ਜਦੋਂ ਉੱਤਰੀ ਗੁਜਰਾਤ ਵਿੱਚ ਆਉਂਦਾ ਸੀ, ਤਾਂ ਮਾਵਾਂ ਅਤੇ ਭੈਣਾਂ ਬਹੁਤ ਵਧੀਆ ਰੋਟੀਆਂ ਬਣਾ ਕੇ ਖਵਾਉਂਦੀਆਂ ਸਨ। ਬਾਜਰੇ ਦੀ ਰੋਟੀ, ਘਿਓ, ਗੁੜ, ਲਸਣ ਦੀ ਚਟਣੀ, ਤਾਜ਼ਾ ਮੱਖਣ। ਤੁਹਾਡਾ ਸਾਰਿਆਂ ਦਾ ਉਹ ਮੋਹ, ਤੁਹਾਡਾ ਅਥਾਹ ਪਿਆਰ, ਮੈਂ ਕਦੇ ਵੀ ਭੁੱਲ ਨਹੀਂ ਸਕਾਂਗਾ ਅਤੇ ਜਿੰਨਾ ਪਿਆਰ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਹੈ, ਪਰਿਵਾਰ ਦੇ ਇੱਕ ਪੁੱਤਰ ਵਾਂਗ ਮੈਨੂੰ ਪਾਲਿਆ ਹੈ, ਅਤੇ ਇਸੇ ਲਈ, ਮੈਂ ਜਿੱਥੇ ਵੀ ਹਾਂ, ਉੱਥੋਂ ਤੁਹਾਡੇ ਪਿਆਰ ਨੂੰ ਵਿਕਾਸ ਰਾਹੀਂ ਵਿਆਜ ਸਮੇਤ ਮੋੜਨ ਦੀ ਮਿਹਨਤ ਕਰਦਾ ਹਾਂ। ਇੱਥੇ ਸੰਗਠਨ ਦੇ ਕਈ ਪੁਰਾਣੇ ਵਰਕਰ ਹਨ, ਜਿਨ੍ਹਾਂ ਨਾਲ ਮੈਨੂੰ ਦਿਨ-ਰਾਤ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕਈ ਬਜ਼ੁਰਗ ਹੁਣ ਰਹੇ ਨਹੀਂ, ਪਰ ਉਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਅਜਿਹੇ ਸਾਰੇ ਸਾਥੀ, ਅੱਜ ਭਾਜਪਾ ਦੇ ਵਰਕਰਾਂ ਦੀ ਇੱਕ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਮੇਰੇ ਸਾਹਮਣੇ ਹੈ ਅਤੇ ਜਦੋਂ ਅਜਿਹੀ ਕਾਮਯਾਬ ਪੀੜ੍ਹੀ ਹੋਵੇ ਨਾ, ਤਾਂ ਸਾਨੂੰ ਜ਼ਿੰਦਗੀ ਵਿੱਚ ਕੁਝ ਕਰਨ ਦੀ ਤਸੱਲੀ ਹੁੰਦੀ ਹੈ। ਮੈਂ ਦੇਖ ਰਿਹਾ ਹਾਂ, ਅੱਜ ਸਾਡੇ ਨੌਜਵਾਨ ਵਰਕਰ, ਸੰਗਠਨ ਦੇ ਕੰਮਾਂ ਨੂੰ ਉਸੇ ਕੁਸ਼ਲਤਾ ਨਾਲ ਅੱਗੇ ਵਧਾ ਰਹੇ ਹਨ। ਇਹ ਪ੍ਰੋਗਰਾਮ, ਇਹ ਰੈਲੀ, ਇਸ ਦਾ ਪ੍ਰਬੰਧ, ਇੰਨੀ ਵੱਡੀ ਗਿਣਤੀ ਵਿੱਚ ਤੁਹਾਡੀ ਸਾਰਿਆਂ ਦੀ ਇੱਥੇ ਮੌਜੂਦਗੀ, ਇਹ ਇਸ ਦਾ ਸਬੂਤ ਹੈ। ਮੈਂ ਇੱਥੇ ਦੋਵਾਂ ਕੋਨਿਆਂ ਵਿੱਚ ਗਿਆ, ਮੈਨੂੰ ਅਜਿਹਾ ਲੱਗਾ ਕਿ ਦੂਰ-ਦੂਰ ਤੱਕ ਇੱਕ ਵਾਰ ਹੱਥ ਤਾਂ ਦਿਖਾਵਾਂ, ਪਰ ਮੇਰੀ ਨਜ਼ਰ ਜਿੱਥੇ ਤੱਕ ਪਹੁੰਚਦੀ ਹੈ ਉਸ ਤੋਂ ਵੀ ਦੂਰ-ਦੂਰ ਤੱਕ ਲੋਕ ਬੈਠੇ ਹੋਏ ਹਨ, ਹੋਰ ਬਹੁਤ ਸਾਰੇ ਲੋਕ ਬਾਹਰ ਖੜ੍ਹੇ ਹਨ। ਬਨਾਸਕਾਂਠਾ ਤੋਂ ਇਲਾਵਾ ਪਾਟਣ, ਮਹੇਸਾਣਾ ਸਮੇਤ ਕਈ ਜ਼ਿਲ੍ਹਿਆਂ ਦੇ ਲੋਕਾਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ, ਮੈਂ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਖ਼ਾਸ ਕਰਕੇ ਮੈਂ ਮੇਰੀਆਂ ਮਾਵਾਂ ਅਤੇ ਭੈਣਾਂ ਨੂੰ ਮੁੜ ਇੱਕ ਵਾਰ ਪ੍ਰਣਾਮ ਕਰਦਾ ਹਾਂ।

ਸਾਥੀਓ,

ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਮੈਨੂੰ ਬਨਾਸਕਾਂਠਾ ਅਤੇ ਇਸ ਖੇਤਰ ਦੇ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਸੀ। ਮੈਂ ਜਿੰਨਾ ਚਿਰ ਗੁਜਰਾਤ ਵਿੱਚ ਰਿਹਾ, ਮੈਂ ਇਸ ਕੰਮ ਨੂੰ ਮਿਸ਼ਨ ਮੋਡ ਵਿੱਚ ਕੀਤਾ, ਜਿੰਨਾ ਹੋ ਸਕਿਆ ਗੁਜਰਾਤ ਨੂੰ ਅੱਗੇ ਵਧਾਇਆ। ਦਹਾਕਿਆਂ ਤੋਂ ਤੁਹਾਨੂੰ ਜੋ ਪਰੇਸ਼ਾਨੀਆਂ ਹੋ ਰਹੀਆਂ ਸਨ, ਜੋ ਇਸ ਖੇਤਰ ਨੂੰ ਅਣਗੌਲ਼ਿਆ ਕੀਤਾ ਜਾ ਰਿਹਾ ਸੀ, ਉਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਅੰਤ ਹੋਇਆ। ਵਿਕਾਸ ਦੀਆਂ ਉਮੀਦਾਂ ਇੱਕ ਤੋਂ ਬਾਅਦ ਇੱਕ ਪੂਰੀਆਂ ਹੁੰਦੀਆਂ ਗਈਆਂ। ਮੈਨੂੰ ਮਾਣ ਹੈ ਕਿ ਇੱਥੇ ਵਿਕਾਸ ਦਾ ਜੋ ਸਿਲਸਿਲਾ ਸ਼ੁਰੂ ਕਰਨ ਦਾ ਸੁਭਾਗ ਮੈਨੂੰ ਮਿਲਿਆ ਸੀ, ਉਹ ਲਗਾਤਾਰ ਜਾਰੀ ਹੈ ਅਤੇ 2014 ਤੋਂ ਬਾਅਦ ਤਾਂ ਇਸ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੀ ਤਾਕਤ ਵੀ ਸ਼ਾਮਲ ਹੈ। ਅੱਜ ਵੀ ਇੱਥੇ ਕੇਂਦਰ ਅਤੇ ਸੂਬੇ ਦੇ ਕਰੀਬ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ, 20 ਹਜ਼ਾਰ ਕਰੋੜ ਰੁਪਏ। ਇਨ੍ਹਾਂ ਪ੍ਰੋਜੈਕਟਾਂ ਨਾਲ ਇਸ ਪੂਰੇ ਇਲਾਕੇ ਦੀ ਤਸਵੀਰ ਬਦਲੇਗੀ। ਊਰਜਾ, ਸੜਕਾਂ, ਰੇਲਵੇ ਅਤੇ ਹਾਊਸਿੰਗ ਖੇਤਰ ਨਾਲ ਜੁੜੇ ਇਹ ਪ੍ਰੋਜੈਕਟ ਇੱਥੋਂ ਦੇ ਜੀਵਨ ਨੂੰ ਇੱਕ ਨਵੀਂ ਰਫ਼ਤਾਰ ਦੇਣਗੇ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਵਾਵ-ਥਰਾਦ, ਬਨਾਸਕਾਂਠਾ ਅਤੇ ਪੂਰੇ ਗੁਜਰਾਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਰੋਡ ਇਨਫਰਾਸਟ੍ਰਕਚਰ ਨਾਲ ਜੁੜੇ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਇਨ੍ਹਾਂ ਨਾਲ ਪੂਰੇ ਉੱਤਰੀ ਗੁਜਰਾਤ ਨੂੰ ਰਫ਼ਤਾਰ ਮਿਲੇਗੀ। ਇੱਥੇ ਨਵੇਂ ਮੌਕੇ ਪੈਦਾ ਹੋਣਗੇ। ਈਡਰ ਤੋਂ ਵਡਾਲੀ ਬਾਈਪਾਸ ਤੱਕ 4-ਲੇਨ ਹਾਈਵੇਅ ਦਾ ਨਿਰਮਾਣ, ਅਤੇ ਢੋਲਾਵੀਰਾ ਤੋਂ ਸਾਂਤਲਪੁਰ ਤੱਕ ਹਾਈਵੇਅ ਨੂੰ ਅਪਗ੍ਰੇਡ ਕਰਨ ਦਾ ਕੰਮ, ਇਹ ਪਿੰਡਾਂ ਨੂੰ ਬਾਜ਼ਾਰ ਨਾਲ, ਕਿਸਾਨਾਂ ਨੂੰ ਨਵੇਂ ਮੌਕਿਆਂ ਨਾਲ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨਗੇ। ਅਹਿਮਦਾਬਾਦ-ਢੋਲੇਰਾ ਐਕਸਪ੍ਰੈੱਸਵੇਅ, ਇਹ ਪੂਰਾ ਕੌਰੀਡੋਰ ਅੱਜ ਇਸ ਖੇਤਰ ਨੂੰ ਸਮਰਪਿਤ ਕੀਤਾ ਗਿਆ ਹੈ। ਜਦੋਂ ਇੰਨੀ ਵੱਡੀ ਕਨੈਕਟੀਵਿਟੀ ਬਣਦੀ ਹੈ, ਤਾਂ ਉਸ ਦੇ ਨਾਲ-ਨਾਲ ਉਦਯੋਗ ਵੀ ਆਉਂਦੇ ਹਨ, ਅਤੇ ਨਿਵੇਸ਼ ਵੀ ਆਉਂਦਾ ਹੈ। ਇਸ ਦੇ ਨਾਲ ਹੀ, ਇਸ ਖੇਤਰ ਦੀ ਰੇਲ ਕਨੈਕਟੀਵਿਟੀ ਨੂੰ ਵੀ ਬਿਹਤਰ ਕੀਤਾ ਗਿਆ ਹੈ। ਹਿੰਮਤਨਗਰ ਤੋਂ ਖੇਡਬ੍ਰਹਮਾ ਤੱਕ ਦਾ ਗੇਜ ਪਰਿਵਰਤਨ, ਸਾਡੇ ਉੱਤਰੀ ਗੁਜਰਾਤ ਦੇ ਕਬਾਇਲੀ (ਆਦਿਵਾਸੀ) ਇਲਾਕੇ ਨੂੰ ਨੈਸ਼ਨਲ ਬ੍ਰੌਡ ਗੇਜ ਨੈੱਟਵਰਕ ਨਾਲ ਜੋੜਦਾ ਹੈ। ਅੱਜ ਤੋਂ ਖੇਡਬ੍ਰਹਮਾ, ਹਿੰਮਤਨਗਰ ਅਤੇ ਅਸਾਰਵਾ ਨੂੰ ਜੋੜਨ ਵਾਲੀ ਨਵੀਂ ਟਰੇਨ ਸੇਵਾ ਵੀ ਸ਼ੁਰੂ ਹੋ ਗਈ ਹੈ।

ਭਰਾਵੋ ਅਤੇ ਭੈਣੋ,

ਬਿਹਤਰ ਸੜਕਾਂ ਅਤੇ ਹਾਈਵੇਅ, ਰੇਲਵੇ ਦੇ ਇਹ ਪ੍ਰੋਜੈਕਟ, ਇਹ ਸਭ ਗੁਜਰਾਤ ਦੇ ਸਰਬਪੱਖੀ ਵਿਕਾਸ ਦੀ ਯੋਜਨਾ ਦਾ ਹਿੱਸਾ ਹਨ। ਇਸ ਯੋਜਨਾ ਨੂੰ ਪੂਰਾ ਕਰਨ ਲਈ ਸਾਡਾ ਪੂਰਾ ਧਿਆਨ ਇੱਥੋਂ ਦੀਆਂ ਊਰਜਾ ਲੋੜਾਂ 'ਤੇ ਵੀ ਹੈ। ਕਿਉਂਕਿ, ਨਵੇਂ ਉਦਯੋਗ, ਨਵਾਂ ਨਿਵੇਸ਼, ਨਵੇਂ ਮੌਕੇ, ਇਹ ਉਦੋਂ ਹੀ ਆਉਂਦੇ ਹਨ ਜਦੋਂ ਬਿਜਲੀ ਹੁੰਦੀ ਹੈ। ਇਸੇ ਲਈ, ਅੱਜ ਖਾਵੜਾ ਰੀਨਿਊਏਬਲ ਐਨਰਜੀ (ਨਵਿਆਉਣਯੋਗ ਊਰਜਾ) ਪਾਰਕ ਨਾਲ ਜੁੜੇ ਟਰਾਂਸਮਿਸ਼ਨ ਪ੍ਰੋਜੈਕਟ ਇੰਨੇ ਮਹੱਤਵਪੂਰਨ ਹਨ। ਇੱਥੋਂ ਸਾਢੇ ਚਾਰ ਗੀਗਾਵਾਟ ਬਿਜਲੀ ਪੈਦਾ ਹੋਵੇਗੀ। ਇਹ ਬਿਜਲੀ ਨਵੇਂ ਕਾਰਖਾਨਿਆਂ ਦੇ ਵੀ ਕੰਮ ਆਵੇਗੀ, ਤੁਹਾਡੇ ਘਰਾਂ ਤੱਕ ਵੀ ਪਹੁੰਚੇਗੀ, ਅਤੇ ਕਿਸਾਨਾਂ ਦੇ ਖੇਤਾਂ ਤੱਕ ਵੀ ਫਾਇਦਾ ਪਹੁੰਚਾਏਗੀ।

ਸਾਥੀਓ,

ਅੱਜ ਸੋਲਰ ਪਾਵਰ (ਸੂਰਜੀ ਊਰਜਾ) ਵਿੱਚ ਗੁਜਰਾਤ ਦਾ ਝੰਡਾ ਪੂਰੀ ਬੁਲੰਦੀ ਨਾਲ ਝੁੱਲ ਰਿਹਾ ਹੈ। ਅੱਜ ਨਵਿਆਉਣਯੋਗ ਊਰਜਾ ਵਿੱਚ ਗੁਜਰਾਤ ਇਸ ਲਈ ਇੰਨਾ ਅੱਗੇ ਹੈ, ਕਿਉਂਕਿ, ਗੁਜਰਾਤ ਨੇ ਇਸ ਦੀ ਸ਼ੁਰੂਆਤ ਉਦੋਂ ਕੀਤੀ ਸੀ, ਜਦੋਂ ਭਾਰਤ ਵਿੱਚ ਇਸ ਵੱਲ ਕੋਈ ਖ਼ਾਸ ਧਿਆਨ ਹੀ ਨਹੀਂ ਸੀ। ਸਾਲ 2010 ਵਿੱਚ, ਭਾਵ ਅੱਜ ਤੋਂ 15-16 ਸਾਲ ਪਹਿਲਾਂ, ਮੈਂ ਮੁੱਖ ਮੰਤਰੀ ਹੁੰਦਿਆਂ ਚਾਰਣਕਾ ਵਿੱਚ ਰਤਨਪੁਰ ਨੇੜੇ ਦੇਸ਼ ਦੇ ਪਹਿਲੇ ਸੋਲਰ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਸੀ। ਜੋ 15-16 ਸਾਲ ਦੇ ਬੱਚੇ ਹਨ, ਉਨ੍ਹਾਂ ਦਾ ਤਾਂ ਜਨਮ ਵੀ ਨਹੀਂ ਹੋਇਆ ਹੋਵੇਗਾ। ਇਹ ਆਪਣੇ ਆਪ ਵਿੱਚ ਇੱਕ ਮਲਟੀ-ਟੈਕਨਾਲੋਜੀ ਪਾਰਕ ਹੈ, ਜਿਸ ਨੇ ਸੋਲਰ ਐਨਰਜੀ (ਸੂਰਜੀ ਊਰਜਾ) ਦੀ ਮੁਹਿੰਮ ਸ਼ੁਰੂ ਕੀਤੀ। ਅੱਜ ਗੁਜਰਾਤ ਵਿੱਚ ਜਿਸ ਤਰ੍ਹਾਂ ਸੂਰਜੀ ਊਰਜਾ ਦਾ ਕੰਮ ਹੋ ਰਿਹਾ ਹੈ, ਸੂਰਜੀ ਸ਼ਕਤੀ ਨਾਲ ਬਿਜਲੀ ਪੈਦਾ ਕਰਨ ਦਾ ਕੰਮ ਹੋ ਰਿਹਾ ਹੈ, ਜਿਵੇਂ ਅੱਜ ਹੀ ਖਾਵੜਾ ਰੀਨਿਊਏਬਲ ਐਨਰਜੀ ਪਾਰਕ ਨਾਲ ਜੁੜੇ ਪ੍ਰੋਜੈਕਟ ਸ਼ੁਰੂ ਹੋਏ ਹਨ, ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ, ਨਵਿਆਉਣਯੋਗ ਊਰਜਾ ਵਿੱਚ ਦੁਨੀਆ ਦਾ ਬਹੁਤ ਵੱਡਾ ਕੇਂਦਰ ਬਣ ਕੇ ਉੱਭਰੇਗਾ।

ਸਾਥੀਓ,

ਅੱਜ ਜਦੋਂ ਦੁਨੀਆ ਵਿੱਚ ਭਾਰਤ ਦੇ ਵਿਕਾਸ ਦੀ ਗੱਲ ਹੁੰਦੀ ਹੈ, ਅੱਜ ਜਦੋਂ ਭਾਰਤ ਦੀ ਗ੍ਰੋਥ ਸਟੋਰੀ (ਤਰੱਕੀ ਦੀ ਕਹਾਣੀ) ਦੀ ਗੱਲ ਹੁੰਦੀ ਹੈ, ਤਾਂ 'ਗੁਜਰਾਤ ਮਾਡਲ' ਦੀ ਸ਼ਲਾਘਾ ਹੁੰਦੀ ਹੈ ਅਤੇ ਗੁਜਰਾਤ ਨੇ ਦਿਖਾਇਆ ਹੈ ਕਿ ਵਿਕਾਸ ਲਈ ਜਿੰਨੇ ਜ਼ਰੂਰੀ ਬੁਨਿਆਦੀ ਢਾਂਚੇ (ਇਨਫਰਾਸਟ੍ਰਕਚਰ) ਦੇ ਪ੍ਰੋਜੈਕਟ ਹਨ, ਓਨੀਆਂ ਹੀ ਜ਼ਰੂਰੀ ਲੋਕ ਭਲਾਈ ਦੀਆਂ ਯੋਜਨਾਵਾਂ ਵੀ ਹਨ। ਭਾਵ, ਸੜਕਾਂ, ਹਾਈਵੇਅ, ਰੇਲਵੇ ਦਾ ਵਿਕਾਸ ਤਾਂ ਹੋਣਾ ਹੀ ਚਾਹੀਦਾ ਹੈ। ਪਿੰਡ, ਗ਼ਰੀਬ ਅਤੇ ਆਮ ਆਦਮੀ ਦਾ ਜੀਵਨ ਪੱਧਰ ਵੀ ਸੁਧਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਅੱਜ ਅਸੀਂ ਇਹ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ। ਅੱਜ ਇੱਥੇ ਤੁਸੀਂ ਵਿਚਾਰ ਕਰੋ, 40 ਹਜ਼ਾਰ ਪਰਿਵਾਰਾਂ ਨੂੰ, ਗੁਜਰਾਤ ਵਿੱਚ 40 ਹਜ਼ਾਰ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਘਰ ਮਿਲੇ ਹਨ, ਪੱਕੇ ਘਰ। ਹਜ਼ਾਰਾਂ ਪਰਿਵਾਰਾਂ ਲਈ ਪੱਕੇ ਘਰ ਦੀ ਸਹੂਲਤ, ਉਨ੍ਹਾਂ ਲਈ ਇੱਕ ਸੁਰੱਖਿਆ ਹੁੰਦੀ ਹੈ, ਜ਼ਿੰਦਗੀ ਦੀ ਪਛਾਣ ਹੁੰਦੀ ਹੈ ਅਤੇ ਨਵੇਂ ਸੁਪਨੇ ਸਜਾਉਣ ਦਾ ਇੱਕ ਹੌਸਲਾ ਤਿਆਰ ਹੁੰਦਾ ਹੈ ਅਤੇ ਇਸ ਨਾਲ ਜੀਵਨ ਵਿੱਚ ਕਿੰਨੇ ਵੱਡੇ-ਵੱਡੇ ਬਦਲਾਅ ਆਉਂਦੇ ਹਨ। ਪੀਐੱਮ ਆਵਾਸ ਤਹਿਤ ਜਿਨ੍ਹਾਂ ਨੂੰ ਪੱਕੇ ਘਰ ਮਿਲੇ ਹਨ, ਜਿਨ੍ਹਾਂ ਕੋਲ ਜ਼ਿੰਦਗੀ ਵਿੱਚ ਅੱਜ ਤੱਕ ਘਰ ਨਹੀਂ ਸੀ, ਜਿਨ੍ਹਾਂ ਨੇ ਫੁੱਟਪਾਥ 'ਤੇ ਜ਼ਿੰਦਗੀ ਬਿਤਾਈ ਸੀ, ਝੁੱਗੀਆਂ ਵਿੱਚ ਜ਼ਿੰਦਗੀ ਬਿਤਾਈ ਸੀ, ਕੱਚੀ ਮਿੱਟੀ ਦੇ ਮਕਾਨ ਬਣਾ ਕੇ ਜੀਵਨ ਬਿਤਾਇਆ ਸੀ, ਉਨ੍ਹਾਂ ਨੂੰ ਜਦੋਂ ਇਹ ਪੱਕੇ ਘਰ ਮਿਲੇ ਹੋਣ, ਤਾਂ ਅਸ਼ੀਰਵਾਦ ਮਿਲੇ ਕਿ ਨਾ ਮਿਲੇ? ਅਸ਼ੀਰਵਾਦ ਮਿਲੇ ਕਿ ਨਾ ਮਿਲੇ? ਅਸ਼ੀਰਵਾਦ ਮਿਲੇ ਕਿ ਨਾ ਮਿਲੇ? ਪੁੰਨ ਮਿਲੇ ਕਿ ਨਾ ਮਿਲੇ? ਇਹ ਪੁੰਨ ਕਿਸ ਦੇ ਨਸੀਬ ਵਿੱਚ ਜਾਂਦਾ ਹੈ? ਇਹ ਪੁੰਨ ਕਿਸ ਦੇ ਨਸੀਬ ਵਿੱਚ ਜਾਂਦਾ ਹੈ? ਕਿਸ ਦੇ ਨਸੀਬ ਵਿੱਚ ਜਾਂਦਾ ਹੈ? ਅੱਜ 40 ਹਜ਼ਾਰ ਲੋਕਾਂ ਨੂੰ ਘਰ ਮਿਲੇ ਹਨ ਨਾ, ਉਨ੍ਹਾਂ ਦੇ ਅਸ਼ੀਰਵਾਦ, ਉਨ੍ਹਾਂ ਦੇ ਪੁੰਨ ਦੇ ਹੱਕਦਾਰ ਤੁਸੀਂ ਸਾਰੇ ਹੋ, ਦੇਸ਼ ਦੇ ਨਾਗਰਿਕ ਹੋ, ਕਿਉਂਕਿ ਤੁਹਾਡੀ ਇੱਕ ਵੋਟ ਦੀ ਤਾਕਤ ਨੇ, ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ, ਅਤੇ ਇੱਥੇ 40 ਹਜ਼ਾਰ ਲੋਕਾਂ ਦੇ ਆਪੋ-ਆਪਣੇ ਪੱਕੇ ਘਰ ਬਣ ਗਏ। ਇਸ ਪੁੰਨ ਦੇ ਅਸਲੀ ਹੱਕਦਾਰ ਤੁਸੀਂ ਸਾਰੇ ਹੋ, ਮੈਂ ਤਾਂ ਸਿਰਫ਼ ਇੱਕ ਜ਼ਰ੍ਹੀਆ ਹਾਂ। ਮੈਂ ਪੀਐੱਮ ਆਵਾਸ ਦੇ ਸਾਰੇ ਲਾਭਪਾਤਰੀ ਭੈਣ-ਭਰਾਵਾਂ ਨੂੰ ਅੱਜ ਇਸ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਤੁਹਾਡੇ ਵਿਚਕਾਰ ਆਇਆ ਹਾਂ, ਤਾਂ ਇੱਥੋਂ ਦਾ ਦਹਾਕਿਆਂ ਪੁਰਾਣਾ ਹਾਲ ਵੀ ਯਾਦ ਆ ਰਿਹਾ ਹੈ। ਉਹ ਦਿਨ ਕੋਈ ਨਹੀਂ ਭੁੱਲ ਸਕਦਾ, ਜਦੋਂ ਉੱਤਰੀ ਗੁਜਰਾਤ ਦਾ ਨਾਮ ਆਉਂਦਿਆਂ ਹੀ ਲੋਕਾਂ ਦੇ ਮਨ ਵਿੱਚ ਇੱਕ ਵੱਖਰੀ ਹੀ ਤਸਵੀਰ ਬਣਦੀ ਸੀ। ਸੋਕਾ, ਕਾਲ, ਪਾਣੀ ਦੀ ਘਾਟ, 10 ਸਾਲਾਂ ਵਿੱਚ 7 ਵਾਰ ਕਾਲ ਪੈਂਦਾ ਸੀ। ਪਾਣੀ ਭਰਨ ਲਈ ਘੜੇ ਲੈ ਕੇ 3-4 ਕਿੱਲੋਮੀਟਰ ਜਾਣਾ ਪੈਂਦਾ ਸੀ। ਸੰਘਰਸ਼ ਨਾਲ ਭਰਿਆ ਇਹ ਜੀਵਨ, ਅਤੇ ਕਾਂਗਰਸ ਸਰਕਾਰਾਂ ਵੱਲੋਂ ਸਾਡੀ ਲਗਾਤਾਰ ਅਣਦੇਖੀ, ਸਾਡੇ ਵਿੱਚੋਂ ਕੌਣ ਭੁੱਲ ਸਕਦਾ ਹੈ ਉਹ ਦਿਨ, ਜਦੋਂ ਕਈ-ਕਈ ਕਿੱਲੋਮੀਟਰ ਦੂਰੋਂ ਪਾਣੀ ਲਿਆਉਣਾ ਪੈਂਦਾ ਸੀ। ਘਰ ਦੀਆਂ ਔਰਤਾਂ, ਭੈਣਾਂ-ਧੀਆਂ ਦਾ ਬਹੁਤ ਸਾਰਾ ਸਮਾਂ ਪਾਣੀ ਦਾ ਪ੍ਰਬੰਧ ਕਰਨ ਵਿੱਚ ਹੀ ਲੰਘ ਜਾਂਦਾ ਸੀ। ਪਾਣੀ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਵੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ ਸੀ। ਪਸ਼ੂ ਪਾਲਕ ਵੀ ਆਪਣੇ ਪਸ਼ੂਆਂ ਦੇ ਪਾਣੀ ਅਤੇ ਚਾਰੇ ਦੇ ਫ਼ਿਕਰ ਵਿੱਚ ਰਹਿੰਦੇ ਸਨ। ਇਹ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਸਾਡੇ ਇੱਥੇ ਪਹਿਲਾਂ ਪਸ਼ੂਆਂ ਦੇ ਵਾੜੇ ਚੱਲਦੇ ਸਨ। ਗਰਮੀ ਆਉਂਦੀ ਸੀ ਤਾਂ, ਪਸ਼ੂਆਂ ਦੇ ਵਾੜੇ ਚੱਲਦੇ ਸਨ ਅਤੇ ਸਰਕਾਰ ਘਾਹ ਪਹੁੰਚਾਉਂਦੀ ਸੀ। ਪੀਣ ਵਾਲੇ ਪਾਣੀ ਦੀ ਦਿੱਕਤ ਹੁੰਦੀ ਸੀ। ਦੋ-ਦੋ ਦਹਾਕੇ ਹੋ ਗਏ, ਸਭ ਬੰਦ ਹੋ ਗਿਆ। ਕਿਤੇ ਦਿਸਦਾ ਨਹੀਂ ਹੈ, ਲੋੜ ਹੀ ਨਹੀਂ ਹੈ। ਇਹ ਗੁਜਰਾਤ ਦੇ ਲੋਕਾਂ ਦਾ ਜਜ਼ਬਾ ਸੀ ਕਿ ਅਸੀਂ ਮਿਲ ਕੇ ਆਪਣੀ ਮਿਹਨਤ ਨਾਲ ਕਿਸਮਤ ਨੂੰ ਬਦਲਣ ਦਾ ਸੰਕਲਪ ਲਿਆ। ਅਸੀਂ 'ਸੁਜਲਾਮ ਸੁਫਲਾਮ ਯੋਜਨਾ' ਰਾਹੀਂ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ। ਨਰਮਦਾ ਦਾ ਪਾਣੀ ਦੂਰ-ਦੂਰ ਤੱਕ ਪਹੁੰਚਣ ਲੱਗਾ। ਸਿੰਜਾਈ ਦੀ ਨਵੀਂ ਵਿਵਸਥਾ ਬਣੀ।

ਸਾਥੀਓ,

ਅੱਜ ਇੱਥੋਂ ਦਾ ਕਿਸਾਨ ਇੱਕ ਫ਼ਸਲ 'ਤੇ ਨਿਰਭਰ ਨਹੀਂ ਹੈ। ਉਹ ਆਪਣੇ ਹਿਸਾਬ ਨਾਲ ਖੇਤੀ ਦੀ ਯੋਜਨਾ ਬਣਾ ਰਿਹਾ ਹੈ। ਬਨਾਸਕਾਂਠਾ ਦਾ ਨਾਮ ਅੱਜ ਜਿਸ ਤਰ੍ਹਾਂ ਆਲੂ ਉਤਪਾਦਨ ਵਿੱਚ ਉੱਭਰਿਆ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

ਇਸੇ ਤਰ੍ਹਾਂ ਭਰਾਵੋ ਅਤੇ ਭੈਣੋ,

ਅੱਜ ਅਸੀਂ ਵਿਕਾਸ ਦੇ ਜਿਨ੍ਹਾਂ ਕੰਮਾਂ ਨੂੰ ਅੱਗੇ ਵਧਾ ਰਹੇ ਹਾਂ, ਉਨ੍ਹਾਂ ਦਾ ਲਾਭ ਪੂਰੇ ਉੱਤਰੀ ਗੁਜਰਾਤ ਨੂੰ ਹੋਵੇਗਾ। ਵਾਵ-ਥਰਾਦ, ਬਨਾਸਕਾਂਠਾ, ਪਾਟਣ ਅਤੇ ਮਹੇਸਾਣਾ, ਹਰ ਜ਼ਿਲ੍ਹੇ ਲਈ ਨਵੇਂ ਮੌਕੇ ਪੈਦਾ ਹੋਣਗੇ, ਬਿਹਤਰ ਜੀਵਨ ਦੇ ਰਾਹ ਖੁੱਲ੍ਹਣਗੇ।

ਸਾਥੀਓ,

ਗੁਜਰਾਤ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਸ ਨੇ ਲਗਾਤਾਰ 25 ਸਾਲਾਂ ਤੋਂ ਵਿਕਾਸ ਦੀ ਇਸ ਮਹਾਂਮੁਹਿੰਮ ਨੂੰ ਰੁਕਣ ਨਹੀਂ ਦਿੱਤਾ ਹੈ। ਗੁਜਰਾਤ ਨੇ ਨਵੇਂ ਰਿਕਾਰਡ ਬਣਾਏ। ਆਪਣੇ ਰਿਕਾਰਡਾਂ ਨੂੰ ਖ਼ੁਦ ਹੀ ਤੋੜਿਆ। ਫਿਰ ਨਵੇਂ ਰਿਕਾਰਡ ਬਣਾਏ, ਫਿਰ ਰਿਕਾਰਡ ਤੋੜੇ, ਫਿਰ ਨਵੇਂ ਰਿਕਾਰਡ ਬਣਾਏ। ਅਜੇ ਗੁਜਰਾਤ ਦੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦਾ ਜ਼ਿਕਰ ਹੋਇਆ, ਇਸੇ ਤਰ੍ਹਾਂ ਅਸੀਂ ਪੂਰੇ ਗੁਜਰਾਤ ਵਿੱਚ ਪਿੰਡ-ਪਿੰਡ ਨੂੰ ਚੰਗੀਆਂ ਸੜਕਾਂ ਨਾਲ ਜੋੜਿਆ। ਹਾਈ-ਸਪੀਡ ਹਾਈਵੇਅ ਬਣਾਏ। ਵੰਦੇ ਭਾਰਤ ਵਰਗੀਆਂ ਹਾਈ-ਸਪੀਡ ਟਰੇਨਾਂ ਦੀ ਸਹੂਲਤ ਵੀ ਗੁਜਰਾਤ ਨੂੰ ਮਿਲ ਰਹੀ ਹੈ।

ਭਰਾਵੋ ਅਤੇ ਭੈਣੋ,

2005 ਵਿੱਚ ਮੈਂ ਵਿਕਾਸ ਨੂੰ ਗੁਜਰਾਤ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ 'ਸ਼ਹਿਰੀ ਵਿਕਾਸ ਸਾਲ' ਦੀ ਸ਼ੁਰੂਆਤ ਕੀਤੀ ਸੀ। ਉਦੋਂ ਇਸ ਦਾ ਬਜਟ ਕਰੀਬ ਸਾਢੇ ਛੇ ਸੌ ਕਰੋੜ ਰੁਪਏ ਸੀ। ਪਰ, ਵਿਕਾਸ ਦਾ ਪਹੀਆ ਇੰਨੀ ਤੇਜ਼ੀ ਨਾਲ ਘੁੰਮਿਆ ਕਿ, ਅੱਜ ਇਹ ਬਜਟ 33 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਇਸੇ ਦਿਸ਼ਾ ਵਿੱਚ 9 ਨਵੀਂਆਂ ਮਹਾਨਗਰਪਾਲਿਕਾਵਾਂ ਲਈ 2300 ਕਰੋੜ ਰੁਪਏ ਦੇ ਕਰੀਬ 300 ਪ੍ਰਸਤਾਵ ਮਨਜ਼ੂਰੀ ਲਈ ਆਏ ਹਨ। 72 ਨਗਰ ਪਾਲਿਕਾਵਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਗੁਜਰਾਤ ਸਰਕਾਰ ਨੇ ਇਸ ਸਾਲ ਸੂਬੇ ਦਾ ਜੋ ਬਜਟ ਪੇਸ਼ ਕੀਤਾ ਹੈ, ਉਹ ਬਜਟ ਵੀ 4 ਲੱਖ ਕਰੋੜ ਤੋਂ ਵੱਧ ਦਾ ਹੈ। ਇਹ ਪੈਸਾ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀ ਕਾਇਆ-ਕਲਪ ਲਈ ਖ਼ਰਚ ਹੋਵੇਗਾ। ਪਿੰਡ-ਪਿੰਡ ਬਿਹਤਰ ਸਹੂਲਤਾਂ ਬਣਾਈਆਂ ਜਾ ਰਹੀਆਂ ਹਨ। ਘਰ-ਘਰ ਪਾਈਪ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ।

ਭਰਾਵੋ ਅਤੇ ਭੈਣੋ,

ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਜਦੋਂ ਤੱਕ ਤੁਹਾਡਾ ਭਰੋਸਾ ਕਾਇਮ ਰਹੇਗਾ, ਵਿਕਾਸ ਦੀ ਸੁਪਰਫਾਸਟ ਐਕਸਪ੍ਰੈੱਸ ਇਸੇ ਰਫ਼ਤਾਰ ਨਾਲ ਚੱਲਦੀ ਰਹੇਗੀ।

ਸਾਥੀਓ,

ਭਾਰਤ ਦੀ ਹਮੇਸ਼ਾ ਤੋਂ ਵੱਡੀ ਤਾਕਤ ਰਹੀ ਹੈ- ਮੁਸ਼ਕਿਲ ਸਮਾਂ, ਕਿੰਨਾ ਹੀ ਔਖਾ ਸਮਾਂ ਕਿਉਂ ਨਾ ਆਵੇ, ਮੁਸ਼ਕਿਲ ਦੇ ਸਮੇਂ ਸਾਡਾ ਦੇਸ਼ ਇੱਕਜੁੱਟ ਹੋ ਕੇ ਖੜ੍ਹਾ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਤੁਸੀਂ ਦੇਖ ਰਹੇ ਹੋ, ਦੁਨੀਆ ਦੇ ਕਈ ਦੇਸ਼ ਜੰਗ, ਅਸ਼ਾਂਤੀ ਅਤੇ ਅਸਥਿਰਤਾ ਨਾਲ ਘਿਰੇ ਹੋਏ ਹਨ। ਪੱਛਮੀ ਏਸ਼ੀਆ ਵਿੱਚ ਜੋ ਹਾਲਾਤ ਬਣੇ ਹੋਏ ਹਨ, ਉਨ੍ਹਾਂ ਦਾ ਅਸਰ ਪੂਰੀ ਦੁਨੀਆ 'ਤੇ ਪੈ ਰਿਹਾ ਹੈ। ਊਰਜਾ ਲੋੜਾਂ ਦੀ, ਡੀਜ਼ਲ, ਪੈਟਰੋਲ ਅਤੇ ਗੈਸ ਦੀ ਦਿੱਕਤ ਪੂਰੀ ਦੁਨੀਆ ਵਿੱਚ ਵੱਧ ਗਈ ਹੈ। ਅਜਿਹੇ ਸੰਕਟ ਵਿੱਚ ਵੀ, ਭਾਰਤ ਨੇ ਹਾਲਾਤ ਨੂੰ ਕੰਟਰੋਲ ਵਿੱਚ ਰੱਖਿਆ ਹੈ। ਇਸ ਦੇ ਪਿੱਛੇ ਦੇਸ਼ ਦੀ ਕਾਮਯਾਬ ਵਿਦੇਸ਼ ਨੀਤੀ ਅਤੇ ਦੇਸ਼ ਵਾਸੀਆਂ ਦੀ ਇੱਕਜੁੱਟਤਾ ਦੀ ਸਫ਼ਲਤਾ ਦੀ ਤਾਕਤ ਹੈ।

ਪਰ ਭਰਾਵੋ ਅਤੇ ਭੈਣੋ,

ਬਦਕਿਸਮਤੀ ਦੇਖੋ, ਸਾਡੇ ਦੇਸ਼ ਵਿੱਚ ਕੁਝ ਸਿਆਸੀ ਪਾਰਟੀਆਂ ਆਲਮੀ ਸੰਕਟ ਦੇ ਦੌਰ ਵਿੱਚ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆ ਰਹੀਆਂ! ਇਸ ਸਿਆਸੀ ਸਾਜ਼ਿਸ਼ ਵਿੱਚ ਸਭ ਤੋਂ ਅੱਗੇ ਜੇਕਰ ਕੋਈ ਹੈ, ਤਾਂ ਉਹ ਕਾਂਗਰਸ ਪਾਰਟੀ ਹੈ! ਅੱਜ ਜਦੋਂ ਦੇਸ਼ ਨੂੰ ਏਕਤਾ ਅਤੇ ਇੱਕਜੁੱਟਤਾ ਦੀ ਲੋੜ ਹੈ, ਤਾਂ ਕਾਂਗਰਸ ਦੇ ਆਗੂ ਦੇਸ਼ ਨੂੰ ਵੰਡਣ ਵਿੱਚ ਲੱਗੇ ਹੋਏ ਹਨ। ਅੱਜ ਜਦੋਂ ਦੇਸ਼ ਨੂੰ ਭਰੋਸੇ ਦੀ ਲੋੜ ਹੈ, ਕਾਂਗਰਸ ਡਰ ਅਤੇ ਅਫ਼ਵਾਹਾਂ ਫੈਲਾਉਣ ਵਿੱਚ ਲੱਗੀ ਹੈ। ਅੱਜ ਜਦੋਂ ਦੇਸ਼ ਨੂੰ ਸਬਰ ਦੀ ਲੋੜ ਹੈ, ਕਾਂਗਰਸ ਲੋਕਾਂ ਨੂੰ ਭੜਕਾਉਣ ਵਿੱਚ ਜੁਟੀ ਹੈ। ਸਿਆਸੀ ਗਿਰਝਾਂ ਵਾਂਗ ਕਾਂਗਰਸ ਇਸ ਉਡੀਕ ਵਿੱਚ ਹੈ ਕਿ ਕਦੋਂ ਦੇਸ਼ ਪਰੇਸ਼ਾਨੀ ਵਿੱਚ ਘਿਰੇ, ਅਤੇ ਉਸ ਦੇ ਬਹਾਨੇ ਉਨ੍ਹਾਂ ਨੂੰ ਸਿਆਸੀ ਫਾਇਦਾ ਮਿਲੇ!

ਭਰਾਵੋ ਅਤੇ ਭੈਣੋ,

ਅੱਜ ਦੁਨੀਆ ਦੇ ਛੋਟੇ ਤੋਂ ਲੈ ਕੇ ਵੱਡੇ ਸੁਪਰਪਾਵਰ ਦੇਸ਼ਾਂ ਤੱਕ ਵਿੱਚ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਿਤੇ 10 ਫ਼ੀਸਦੀ, ਕਿਤੇ 20 ਫ਼ੀਸਦੀ, ਕਿਤੇ 25 ਫ਼ੀਸਦੀ ਤੱਕ ਵਧੀਆਂ ਹਨ। ਪਰ ਭਾਰਤ ਇਸ ਦਾ ਅਸਰ ਦੇਸ਼ ਦੀ ਜਨਤਾ 'ਤੇ ਨਹੀਂ ਪੈਣ ਦੇ ਰਿਹਾ। ਕਾਂਗਰਸ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਇਸ ਲਈ ਉਹ ਲਗਾਤਾਰ ਅਫ਼ਵਾਹਾਂ ਫੈਲਾ ਰਹੀ ਹੈ, ਤਾਂ ਜੋ ਦੇਸ਼ ਵਿੱਚ ਡਰ ਦਾ ਮਾਹੌਲ ਬਣੇ, ਅਤੇ ਲੋਕ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ 'ਤੇ ਲਾਈਨਾਂ ਲਗਾ ਕੇ ਖੜ੍ਹੇ ਹੋਣ, ਅਵਿਵਸਥਾ ਫੈਲ ਜਾਵੇ! ਉਸ ਨੂੰ ਲੈ ਕੇ ਇਹ ਲੋਕ ਕੂੜ-ਪ੍ਰਚਾਰ ਕਰਨ, ਇਹ ਇਨ੍ਹਾਂ ਦੀ ਨੀਅਤ ਹੈ!

ਸਾਥੀਓ,

ਸੱਤਾ ਤੋਂ ਦੂਰੀ ਕਾਂਗਰਸ ਪਾਰਟੀ ਨੂੰ ਬੌਖਲਾਹਟ ਵਿੱਚ ਪਾ ਦਿੰਦੀ ਹੈ। ਅਜੇ ਦਿੱਲੀ ਵਿੱਚ ਹੋਈ ਗਲੋਬਲ ਏਆਈ ਸਮਿਟ ਵਿੱਚ ਵੀ ਤੁਸੀਂ ਦੇਖਿਆ ਹੈ, ਦੁਨੀਆ ਭਰ ਦੇ ਮਹਿਮਾਨ ਇੱਥੇ ਸਨ, ਦਿੱਲੀ ਦੀ ਏਆਈ ਸਮਿਟ ਦੀ ਪੂਰੀ ਦੁਨੀਆ ਵਿੱਚ ਤਾਰੀਫ਼ ਹੋ ਰਹੀ ਸੀ, ਪਰ ਵਿਰੋਧ ਕਰਨ ਲਈ ਕਿਵੇਂ ਕਾਂਗਰਸ ਦੇ ਲੋਕਾਂ ਨੇ ਆਪਣੇ ਕੱਪੜੇ ਤੱਕ ਪਾੜ ਦਿੱਤੇ, ਇਨ੍ਹਾਂ ਦੀ ਕੋਸ਼ਿਸ਼ ਸੀ ਕਿ ਦੁਨੀਆ ਦੇ ਸਾਹਮਣੇ ਭਾਰਤ ਦਾ ਅਕਸ ਖ਼ਰਾਬ ਹੋਵੇ! ਅੱਜ ਦੇ ਹਾਲਾਤ ਵਿੱਚ ਵੀ ਕਾਂਗਰਸ ਭਾਰਤ ਨਾਲ ਨਫ਼ਰਤ ਕਰਨ ਵਾਲੀਆਂ ਵਿਦੇਸ਼ੀ ਤਾਕਤਾਂ ਦੀ ਬੋਲੀ ਬੋਲ ਰਹੀ ਹੈ। ਸਾਨੂੰ ਕਾਂਗਰਸ ਦੀ ਇਸ ਸਾਜ਼ਿਸ਼ ਤੋਂ ਸੁਚੇਤ ਰਹਿਣਾ ਹੈ।

ਸਾਥੀਓ,

ਭਾਰਤ ਕਿਸੇ ਵੀ ਮੁਸ਼ਕਿਲ ਸਥਿਤੀ ਦਾ ਡਟ ਕੇ ਸਾਹਮਣਾ ਕਰ ਸਕਦਾ ਹੈ, ਇਹ ਅਸੀਂ ਕਰੋਨਾ ਕਾਲ ਵਿੱਚ ਵੀ ਦਿਖਾਇਆ ਹੈ। ਉਸੇ ਤਰ੍ਹਾਂ, ਇਹ ਸਮਾਂ ਵੀ ਇਕੱਠੇ ਰਹਿਣ ਦਾ ਹੈ। ਸਾਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ, ਅੱਜ ਜਦੋਂ ਪੂਰੀ ਦੁਨੀਆ ਸਿਰਫ਼ ਆਪਣੇ ਬਚਾਅ ਵਿੱਚ ਲੱਗੀ ਹੋਈ ਹੈ, ਭਾਰਤ ਨਾ ਸਿਰਫ਼ ਸਥਿਰਤਾ ਬਣਾਈ ਬੈਠਾ ਹੈ, ਸਗੋਂ ਵਿਕਾਸ ਦੇ ਰਾਹ 'ਤੇ ਵੀ ਹਰ ਰੋਜ਼ ਅੱਗੇ ਵੱਧ ਰਿਹਾ ਹੈ। ਅੱਜ ਗੁਜਰਾਤ ਵਿੱਚ ਹੋਏ ਹਜ਼ਾਰਾਂ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਇਸ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ। ਮੈਂ ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਦੇਸ਼ ਵਾਸੀਆਂ ਦੇ ਸਬਰ, ਸਹਿਯੋਗ ਅਤੇ ਅਨੁਸ਼ਾਸਨ ਲਈ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

‘ਏ ਆਵਜੋ’ ਰਾਮ-ਰਾਮ ਤੁਹਾਨੂੰ ਸਾਰਿਆਂ ਨੂੰ। ‘ਏ ਆਵਜੋ’ ਰਾਮ-ਰਾਮ। ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅਨੰਦ ਆਇਆ। ਤੁਹਾਡਾ ਅਸ਼ੀਰਵਾਦ ਲੈ ਕੇ ਹੁਣ ਅੱਗੇ ਵਧਦਾ ਹਾਂ। ਬਹੁਤ-ਬਹੁਤ ਧੰਨਵਾਦ।

ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਕੀਤਾ ਗਿਆ ਸੀ।

 

****************


ਐੱਮਜੇਪੀਐੱਸ/ਵੀਜੇ/ਐੱਸਐੱਸ


(Release ID: 2247499) ਵਿਜ਼ੀਟਰ ਕਾਊਂਟਰ : 16