ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੱਛਮੀ ਏਸ਼ੀਆ ਵਿੱਚ ਚਲ ਰਹੇ ਸੰਘਰਸ਼ ਬਾਰੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

Posted On: 23 MAR 2026 3:25PM by PIB Chandigarh

ਸਤਿਕਾਰਯੋਗ ਸਪੀਕਰ ਜੀ,  

ਮੈਂ ਸਨਮਾਨਿਤ ਸਦਨ ਵਿੱਚ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਅਤੇ ਇਸ ਕਾਰਨ ਭਾਰਤ ਦੇ ਸਾਹਮਣੇ ਆਈਆਂ ਚੁਣੌਤੀਆਂ ’ਤੇ ਗੱਲ ਰੱਖਣ ਲਈ ਹਾਜ਼ਰ ਹੋਇਆ ਹਾਂ। ਇਸ ਸਮੇਂ ਪੱਛਮੀ ਏਸ਼ੀਆ ਦੀ ਹਾਲਤ ਚਿੰਤਾਜਨਕ ਹੈ। ਪਿਛਲੇ ਦੋ-ਤਿੰਨ ਹਫ਼ਤਿਆਂ ਵਿੱਚ, ਜੈਸ਼ੰਕਰ ਜੀ ਨੇ ਅਤੇ ਹਰਦੀਪ ਪੁਰੀ ਜੀ ਨੇ ਇਸ ਵਿਸ਼ੇ ’ਤੇ ਸਦਨ ਨੂੰ ਜ਼ਰੂਰੀ ਜਾਣਕਾਰੀ ਦਿੱਤੀ ਹੈ। ਹੁਣ ਇਸ ਸੰਕਟ ਨੂੰ 3 ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਰਿਹਾ ਹੈ। ਇਸ ਦਾ ਪੂਰੀ ਦੁਨੀਆ ਦੀ ਆਰਥਿਕਤਾ ’ਤੇ, ਲੋਕਾਂ ਦੇ ਜੀਵਨ ’ਤੇ, ਬਹੁਤ ਹੀ ਉਲਟ ਅਸਰ ਹੋ ਰਿਹਾ ਹੈ, ਇਸ ਲਈ ਪੂਰੀ ਦੁਨੀਆ ਇਸ ਸੰਕਟ ਦੇ ਜਲਦ ਤੋਂ ਜਲਦ ਹੱਲ ਲਈ ਸਾਰੀਆਂ ਧਿਰਾਂ ਨੂੰ ਅਪੀਲ ਵੀ ਕਰ ਰਹੀ ਹੈ।

ਸਤਿਕਾਰਯੋਗ ਸਪੀਕਰ ਜੀ, 

ਭਾਰਤ ਦੇ ਸਾਹਮਣੇ ਵੀ ਇਸ ਜੰਗ ਨੇ ਅਣਕਿਆਸੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਹ ਚੁਣੌਤੀਆਂ ਆਰਥਿਕ ਵੀ ਹਨ, ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਵੀ ਹਨ ਅਤੇ ਮਨੁੱਖੀ ਵੀ ਹਨ। ਜੰਗ ਵਿੱਚ ਸ਼ਾਮਲ ਅਤੇ ਜੰਗ ਤੋਂ ਪ੍ਰਭਾਵਿਤ ਦੇਸ਼ਾਂ ਨਾਲ ਭਾਰਤ ਦੇ ਵਿਆਪਕ ਵਪਾਰਕ ਸਬੰਧ ਹਨ। ਜਿਸ ਖੇਤਰ ਵਿੱਚ ਜੰਗ ਹੋ ਰਹੀ ਹੈ, ਉਹ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਸਾਡੇ ਵਪਾਰ ਦਾ ਵੀ ਇੱਕ ਮਹੱਤਵਪੂਰਨ ਰਸਤਾ ਹੈ। ਵਿਸ਼ੇਸ਼ ਤੌਰ ’ਤੇ ਕੱਚੇ ਤੇਲ ਅਤੇ ਗੈਸ ਦੀਆਂ ਸਾਡੀਆਂ ਜ਼ਰੂਰਤਾਂ ਦਾ ਇੱਕ ਵੱਡਾ ਹਿੱਸਾ ਇਹੀ ਖੇਤਰ ਪੂਰਾ ਕਰਦਾ ਹੈ। ਸਾਡੇ ਲਈ ਇਹ ਖੇਤਰ ਇੱਕ ਹੋਰ ਕਾਰਨ ਕਰਕੇ ਵੀ ਅਹਿਮ ਹੈ। ਲਗਭਗ ਇੱਕ ਕਰੋੜ ਭਾਰਤੀ ਖਾੜੀ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਉੱਥੇ ਕੰਮ ਕਰਦੇ ਹਨ। ਉੱਥੇ ਸਮੁੰਦਰ ਵਿੱਚ ਜੋ ਵਪਾਰਕ ਜਹਾਜ਼ ਚੱਲਦੇ ਹਨ, ਉਨ੍ਹਾਂ ਵਿੱਚ ਭਾਰਤੀ ਕਰੂ ਮੈਂਬਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਅਜਿਹੇ ਵੱਖ-ਵੱਖ ਕਾਰਨਾਂ ਕਰਕੇ ਭਾਰਤ ਦੀਆਂ ਚਿੰਤਾਵਾਂ ਕੁਦਰਤੀ ਤੌਰ ’ਤੇ ਜ਼ਿਆਦਾ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਭਾਰਤ ਦੀ ਸੰਸਦ ਤੋਂ ਇਸ ਸੰਕਟ ਨੂੰ ਲੈ ਕੇ ਇੱਕਮਤ ਅਤੇ ਇੱਕਜੁੱਟ ਆਵਾਜ਼ ਦੁਨੀਆ ਵਿੱਚ ਜਾਵੇ।

ਸਪੀਕਰ ਜੀ, 

ਜਦੋਂ ਤੋਂ ਇਹ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਪ੍ਰਭਾਵਿਤ ਦੇਸ਼ਾਂ ਵਿੱਚ ਹਰ ਭਾਰਤੀ ਨੂੰ ਜ਼ਰੂਰੀ ਮਦਦ ਦਿੱਤੀ ਜਾ ਰਹੀ ਹੈ। ਮੈਂ ਖ਼ੁਦ ਪੱਛਮੀ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨਾਲ ਦੋ ਵਾਰ ਫ਼ੋਨ ’ਤੇ ਗੱਲ ਕੀਤੀ ਹੈ। ਸਾਰਿਆਂ ਨੇ ਭਾਰਤੀਆਂ ਦੀ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਹੈ। ਬਦਕਿਸਮਤੀ ਨਾਲ ਇਸ ਦੌਰਾਨ ਕੁਝ ਲੋਕਾਂ ਦੀ ਦੁਖਦਾਈ ਮੌਤ ਹੋਈ ਹੈ ਅਤੇ ਕੁਝ ਜ਼ਖ਼ਮੀ ਹੋਏ ਹਨ। ਅਜਿਹੇ ਮੁਸ਼ਕਲ ਹਾਲਾਤ ਵਿੱਚ ਪਰਿਵਾਰਕ ਮੈਂਬਰਾਂ ਨੂੰ ਜ਼ਰੂਰੀ ਮਦਦ ਦਿੱਤੀ ਜਾ ਰਹੀ ਹੈ। ਜੋ ਜ਼ਖ਼ਮੀ ਹਨ, ਉਨ੍ਹਾਂ ਦਾ ਬਿਹਤਰ ਇਲਾਜ ਯਕੀਨੀ ਬਣਾਇਆ ਜਾ ਰਿਹਾ ਹੈ।

ਸਪੀਕਰ ਜੀ, 

ਪ੍ਰਭਾਵਿਤ ਦੇਸ਼ਾਂ ਵਿੱਚ ਸਾਡੇ ਜਿੰਨੇ ਵੀ ਮਿਸ਼ਨ ਹਨ, ਉਹ ਨਿਰੰਤਰ ਭਾਰਤੀਆਂ ਦੀ ਮਦਦ ਕਰਨ ਵਿੱਚ ਜੁਟੇ ਹੋਏ ਹਨ। ਉੱਥੇ ਕੰਮ ਕਰਨ ਵਾਲੇ ਭਾਰਤੀ ਹੋਣ ਜਾਂ ਫਿਰ ਜੋ ਸੈਲਾਨੀ ਉੱਥੇ ਗਏ ਹਨ, ਸਾਰਿਆਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਸਾਡੇ ਮਿਸ਼ਨ ਨਿਯਮਿਤ ਤੌਰ ’ਤੇ ਐਡਵਾਈਜ਼ਰੀ ਜਾਰੀ ਕਰ ਰਹੇ ਹਨ। ਇੱਥੇ ਭਾਰਤ ਵਿੱਚ ਅਤੇ ਹੋਰ ਪ੍ਰਭਾਵਿਤ ਦੇਸ਼ਾਂ ਵਿੱਚ 24/7 ਕੰਟਰੋਲ ਰੂਮ ਅਤੇ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਗਈ ਹੈ। ਇਨ੍ਹਾਂ ਰਾਹੀਂ ਸਾਰੇ ਪ੍ਰਭਾਵਿਤਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਪੀਕਰ ਜੀ, 

ਸੰਕਟ ਦੀ ਸਥਿਤੀ ਵਿੱਚ ਦੇਸ਼-ਵਿਦੇਸ਼ ਵਿੱਚ ਭਾਰਤੀਆਂ ਦੀ ਸੁਰੱਖਿਆ ਸਾਡੀ ਬਹੁਤ ਵੱਡੀ ਤਰਜੀਹ ਰਹੀ ਹੈ। ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ, 3 ਲੱਖ 75 ਹਜ਼ਾਰ ਤੋਂ ਵੱਧ ਭਾਰਤੀ ਸੁਰੱਖਿਅਤ ਭਾਰਤ ਪਰਤ ਚੁੱਕੇ ਹਨ। ਇਰਾਨ ਤੋਂ ਹੀ ਹੁਣ ਤੱਕ ਲਗਭਗ 1000 ਭਾਰਤੀ ਸੁਰੱਖਿਅਤ ਵਾਪਸ ਪਰਤੇ ਹਨ। ਇਨ੍ਹਾਂ ਵਿੱਚ 700 ਤੋਂ ਵੱਧ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਨੌਜਵਾਨ ਹਨ। ਖਾੜੀ ਦੇਸ਼ਾਂ ਵਿੱਚ, ਭਾਰਤੀ ਸਕੂਲਾਂ ਵਿੱਚ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ, ਸੀਬੀਐੱਸਈ ਨੇ ਅਜਿਹੇ ਸਾਰੇ ਭਾਰਤੀ ਸਕੂਲਾਂ ਵਿੱਚ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਨਿਰਧਾਰਿਤ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਨਿਰਵਿਘਨ ਚਲਦੀ ਰਹੇ, ਇਸ ਦੇ ਲਈ ਸੀਬੀਐੱਸਈ ਉਚਿਤ ਕਦਮ ਚੁੱਕ ਰਹੀ ਹੈ। ਯਾਨੀ ਸਰਕਾਰ ਸੰਵੇਦਨਸ਼ੀਲ ਵੀ ਹੈ, ਚੌਕਸ ਵੀ ਹੈ ਅਤੇ ਹਰ ਸਹਾਇਤਾ ਲਈ ਤਤਪਰ ਵੀ ਹੈ।

ਸਤਿਕਾਰਯੋਗ ਸਪੀਕਰ ਜੀ, 

ਭਾਰਤ ਵਿੱਚ ਵੱਡੀ ਮਾਤਰਾ ਵਿੱਚ ਕੱਚਾ ਤੇਲ, ਗੈਸ ਅਤੇ ਖਾਦਾਂ ਵਰਗੀਆਂ ਕਈ ਜ਼ਰੂਰੀ ਚੀਜ਼ਾਂ ਹੋਰਮੁਜ਼ ਸਟ੍ਰੇਟ ਦੇ ਰਸਤੇ ਆਉਂਦੀਆਂ ਹਨ। ਜੰਗ ਤੋਂ ਬਾਅਦ ਹੋਰਮੁਜ਼ ਸਟ੍ਰੇਟ ਵਿੱਚ ਜਹਾਜ਼ਾਂ ਦੀ ਆਵਾਜਾਈ ਬਹੁਤ ਚੁਣੌਤੀਪੂਰਨ ਹੋ ਗਈ ਹੈ। ਇਸ ਦੇ ਬਾਵਜੂਦ, ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਰਹੀ ਹੈ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀ ਸਪਲਾਈ ਬਹੁਤ ਜ਼ਿਆਦਾ ਪ੍ਰਭਾਵਿਤ ਨਾ ਹੋਵੇ। ਦੇਸ਼ ਦੇ ਆਮ ਪਰਿਵਾਰਾਂ ਨੂੰ ਪਰੇਸ਼ਾਨੀ ਵੀ ਘੱਟ ਤੋਂ ਘੱਟ ਹੋਵੇ, ਇਸ ’ਤੇ ਸਾਡਾ ਫੋਕਸ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਆਪਣੀ ਜ਼ਰੂਰਤ ਦਾ 60% ਐੱਲਪੀਜੀ ਦਰਾਮਦ ਕਰਦਾ ਹੈ, ਇਸ ਦੀ ਸਪਲਾਈ ਵਿੱਚ ਅਨਿਸ਼ਚਿਤਤਾ ਕਾਰਨ ਸਰਕਾਰ ਨੇ ਐੱਲਪੀਜੀ ਦੀ ਘਰੇਲੂ ਵਰਤੋਂ ਨੂੰ ਤਰਜੀਹ ਦਿੱਤੀ ਹੈ, ਨਾਲ ਹੀ ਦੇਸ਼ ਵਿੱਚ ਹੀ ਐੱਲਪੀਜੀ ਦੀ ਪੈਦਾਵਾਰ ਨੂੰ ਵੀ ਵਧਾਇਆ ਜਾ ਰਿਹਾ ਹੈ। ਪੈਟਰੋਲ-ਡੀਜ਼ਲ ਦੀ ਸਪਲਾਈ ਪੂਰੇ ਦੇਸ਼ ਵਿੱਚ ਸੁਚਾਰੂ ਰੂਪ ਵਿੱਚ ਹੁੰਦੀ ਰਹੇ, ਇਸ ’ਤੇ ਵੀ ਲਗਾਤਾਰ ਕੰਮ ਕੀਤਾ ਗਿਆ ਹੈ।

ਸਪੀਕਰ ਜੀ, 

ਅੱਜ ਦੀਆਂ ਇਨ੍ਹਾਂ ਪਰਿਸਥਿਤੀਆਂ ਵਿੱਚ ਊਰਜਾ ਸੁਰੱਖਿਆ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਵਿੱਚ ਚੁੱਕੇ ਗਏ ਕਦਮ ਹੋਰ ਵੀ ਪ੍ਰਸੰਗਿਕ ਹੋ ਗਏ ਹਨ। ਭਾਰਤ ਨੇ ਬੀਤੇ 11 ਸਾਲਾਂ ਵਿੱਚ ਆਪਣੀ ਊਰਜਾ ਇੰਪੋਰਟ ਦਾ ਡਾਇਵਰਸੀਫਿਕੇਸ਼ਨ ਕੀਤਾ ਹੈ। ਪਹਿਲਾਂ ਕੱਚਾ ਤੇਲ, ਐੱਲਐੱਨਜੀ., ਐੱਲਪੀਜੀ ਵਰਗੀਆਂ ਊਰਜਾ ਜ਼ਰੂਰਤਾਂ ਲਈ 27 ਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਸੀ, ਜਦਕਿ ਅੱਜ ਭਾਰਤ 41 ਦੇਸ਼ਾਂ ਤੋਂ ਊਰਜਾ ਦਰਾਮਦ ਕਰਦਾ ਹੈ।

ਸਪੀਕਰ ਜੀ, 

ਬੀਤੇ ਦਹਾਕੇ ਵਿੱਚ ਭਾਰਤ ਨੇ ਸੰਕਟ ਦੇ ਅਜਿਹੇ ਸਮੇਂ ਲਈ ਕੱਚੇ ਤੇਲ ਦੇ ਭੰਡਾਰਨ ਨੂੰ ਵੀ ਤਰਜੀਹ ਦਿੱਤੀ ਹੈ। ਅੱਜ ਭਾਰਤ ਕੋਲ 53 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਹੈ ਅਤੇ 65 ਲੱਖ ਮੀਟ੍ਰਿਕ ਟਨ ਤੋਂ ਵੱਧ ਦੇ ਰਿਜ਼ਰਵ ਦੀ ਵਿਵਸਥਾ ’ਤੇ ਦੇਸ਼ ਕੰਮ ਕਰ ਰਿਹਾ ਹੈ। ਸਾਡੀਆਂ ਤੇਲ ਕੰਪਨੀਆਂ ਕੋਲ ਜੋ ਰਿਜ਼ਰਵ ਰਹਿੰਦਾ ਹੈ, ਉਹ ਵੱਖਰਾ ਹੈ। ਬੀਤੇ 11 ਸਾਲਾਂ ਵਿੱਚ ਸਾਡੀ ਰਿਫਾਈਨਿੰਗ ਸਮਰੱਥਾ ਵਿੱਚ ਵੀ ਸ਼ਲਾਘਾਯੋਗ ਵਾਧਾ ਹੋਇਆ ਹੈ।

ਸਪੀਕਰ ਜੀ, 

ਸਰਕਾਰ ਵੱਖ-ਵੱਖ ਦੇਸ਼ਾਂ ਦੇ ਸਪਲਾਇਰਾਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਹੈ। ਕੋਸ਼ਿਸ਼ ਇਹ ਹੈ ਕਿ ਜਿੱਥੋਂ ਵੀ ਸੰਭਵ ਹੋਵੇ, ਉੱਥੋਂ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਰਹੇ। ਭਾਰਤ ਸਰਕਾਰ ਨੇ ਖਾੜੀ ਅਤੇ ਆਸ-ਪਾਸ ਦੇ ਸ਼ਿਪਿੰਗ ਰੂਟਾਂ ’ਤੇ ਨਿਰੰਤਰ ਨਜ਼ਰ ਬਣਾਈ ਹੋਈ ਹੈ। ਸਾਡੀ ਕੋਸ਼ਿਸ਼ ਹੈ ਕਿ ਤੇਲ ਹੋਵੇ, ਗੈਸ ਹੋਵੇ, ਫਰਟੀਲਾਈਜ਼ਰ ਹੋਵੇ, ਅਜਿਹੇ ਹਰ ਜ਼ਰੂਰੀ ਸਾਮਾਨ ਨਾਲ ਜੁੜੇ ਜਹਾਜ਼ ਭਾਰਤ ਤੱਕ ਸੁਰੱਖਿਅਤ ਪਹੁੰਚਣ। ਅਸੀਂ ਆਪਣੇ ਸਾਰੇ ਵਿਸ਼ਵ-ਵਿਆਪੀ ਸਹਿਯੋਗੀਆਂ ਨਾਲ ਨਿਰੰਤਰ ਸੰਵਾਦ ਕਰ ਰਹੇ ਹਾਂ, ਤਾਂ ਜੋ ਸਾਡੇ ਸਮੁੰਦਰੀ ਗਲਿਆਰੇ ਸੁਰੱਖਿਅਤ ਰਹਿਣ। ਅਜਿਹੀਆਂ ਕੋਸ਼ਿਸ਼ਾਂ ਕਾਰਨ ਪਿਛਲੇ ਦਿਨੀਂ ਹੋਰਮੁਜ਼ ਸਟ੍ਰੇਟ ਵਿੱਚ ਫਸੇ ਸਾਡੇ ਕਈ ਜਹਾਜ਼ ਭਾਰਤ ਆਏ ਵੀ ਹਨ।

ਸਪੀਕਰ ਜੀ, 

ਸੰਕਟ ਦੇ ਇਸ ਸਮੇਂ ਵਿੱਚ ਦੇਸ਼ ਦੀ ਇੱਕ ਹੋਰ ਤਿਆਰੀ ਵੀ ਬਹੁਤ ਕੰਮ ਆ ਰਹੀ ਹੈ। ਪਿਛਲੇ 10-11 ਸਾਲਾਂ ਵਿੱਚ ਇਥੇਨੌਲ ਦਾ ਉਤਪਾਦਨ ਅਤੇ ਇਸ ਦੀ ਬਲੈਂਡਿੰਗ ’ਤੇ ਬੇਮਿਸਾਲ ਕੰਮ ਹੋਇਆ ਹੈ। ਇੱਕ ਦਹਾਕਾ ਪਹਿਲਾਂ ਤੱਕ ਦੇਸ਼ ਵਿੱਚ ਸਿਰਫ਼ ਇੱਕ-ਡੇਢ ਫ਼ੀਸਦੀ ਇਥੇਨੌਲ ਬਲੈਂਡਿੰਗ ਦੀ ਸਮਰੱਥਾ ਸੀ। ਅੱਜ ਅਸੀਂ ਪੈਟਰੋਲ ਵਿੱਚ 20% ਇਥੇਨੌਲ ਬਲੈਂਡਿੰਗ ਦੇ ਕਰੀਬ ਪਹੁੰਚ ਗਏ ਹਾਂ। ਇਸ ਦੇ ਕਾਰਨ ਹਰ ਸਾਲ ਕਰੀਬ ਸਾਢੇ ਚਾਰ ਕਰੋੜ ਬੈਰਲ ਘੱਟ ਤੇਲ ਦਰਾਮਦ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਰੇਲਵੇ ਦੇ ਬਿਜਲੀਕਰਨ ਨਾਲ ਵੀ ਬਹੁਤ ਵੱਡਾ ਫ਼ਾਇਦਾ ਹੋ ਰਿਹਾ ਹੈ। ਜੇਕਰ ਰੇਲਵੇ ਦਾ ਇੰਨਾ ਬਿਜਲੀਕਰਨ ਨਾ ਹੁੰਦਾ, ਤਾਂ ਹਰ ਸਾਲ ਕਰੀਬ 180 ਕਰੋੜ ਲੀਟਰ ਡੀਜ਼ਲ ਵਾਧੂ ਲਗਦਾ। ਇਸੇ ਤਰ੍ਹਾਂ ਅਸੀਂ ਮੈਟਰੋ ਦਾ ਨੈੱਟਵਰਕ ਵਧਾਇਆ ਹੈ। 2014 ਵਿੱਚ ਜਿੱਥੇ ਦੇਸ਼ ਵਿੱਚ ਮੈਟਰੋ ਨੈੱਟਵਰਕ 250 ਕਿੱਲੋਮੀਟਰ ਤੋਂ ਵੀ ਘੱਟ ਸੀ, ਅੱਜ ਇਹ ਵਧ ਕੇ ਕਰੀਬ 1100 ਕਿੱਲੋਮੀਟਰ ਹੋ ਗਿਆ ਹੈ। ਅਸੀਂ ਇਲੈਕਟ੍ਰਿਕ ਮੋਬਿਲਿਟੀ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ 15000 ਇਲੈਕਟ੍ਰਿਕ ਬੱਸਾਂ ਚਲਾਉਣ ਲਈ ਦਿੱਤੀਆਂ ਹਨ। ਅੱਜ ਜਿਸ ਪੱਧਰ ’ਤੇ ਵਿਕਲਪਿਕ ਈਂਧਣ ’ਤੇ ਕੰਮ ਹੋ ਰਿਹਾ ਹੈ, ਉਸ ਨਾਲ ਭਾਰਤ ਦਾ ਭਵਿੱਖ ਹੋਰ ਸੁਰੱਖਿਅਤ ਹੋਵੇਗਾ।

ਸਤਿਕਾਰਯੋਗ ਸਪੀਕਰ ਜੀ, 

ਅਸੀਂ ਜਾਣਦੇ ਹਾਂ ਕਿ ਊਰਜਾ ਅੱਜ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਵਿਸ਼ਵ-ਵਿਆਪੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਇੱਕ ਵੱਡਾ ਸਰੋਤ ਪੱਛਮੀ ਏਸ਼ੀਆ ਹੈ। ਸੁਭਾਵਕ ਹੈ ਕਿ ਦੁਨੀਆ ਭਰ ਦੀ ਆਰਥਿਕਤਾ ਮੌਜੂਦਾ ਸੰਕਟ ਤੋਂ ਪ੍ਰਭਾਵਿਤ ਹੋ ਰਹੀ ਹੈ ਅਤੇ ਭਾਰਤ ’ਤੇ ਇਸ ਦਾ ਘੱਟ ਤੋਂ ਘੱਟ ਮਾੜਾ ਪ੍ਰਭਾਵ ਪਵੇ, ਇਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸਰਕਾਰ ਇਸ ਦੇ ਥੋੜ੍ਹੇ ਸਮੇਂ, ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਅਜਿਹੇ ਹਰ ਪ੍ਰਭਾਵ ਲਈ ਇੱਕ ਰਣਨੀਤੀ ਨਾਲ ਕੰਮ ਕਰ ਰਹੀ ਹੈ। ਅੱਜ ਭਾਰਤ ਦੀ ਆਰਥਿਕਤਾ ਦੇ ਬੁਨਿਆਦੀ ਢਾਂਚੇ ਮਜ਼ਬੂਤ ਹਨ, ਇਸ ਨਾਲ ਵੀ ਦੇਸ਼ ਨੂੰ ਬਹੁਤ ਮਦਦ ਮਿਲੀ ਹੈ। ਅਸੀਂ ਹਰ ਖੇਤਰ ਦੇ ਭਾਈਵਾਲਾਂ ਨਾਲ ਚਰਚਾ ਕਰ ਰਹੇ ਹਾਂ। ਜਿੱਥੇ ਵੀ ਜ਼ਰੂਰਤ ਹੈ, ਉਸ ਖੇਤਰ ਨੂੰ ਜ਼ਰੂਰੀ ਸਹਾਇਤਾ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਇੱਕ ਅੰਤਰ-ਮੰਤਰਾਲਾ ਸਮੂਹ ਵੀ ਬਣਾਇਆ ਹੈ। ਇਹ ਸਮੂਹ ਹਰ ਰੋਜ਼ ਮਿਲਦਾ ਹੈ ਅਤੇ ਸਾਡੀ ਦਰਾਮਦ-ਬਰਾਮਦ ਵਿੱਚ ਆਉਣ ਵਾਲੀ ਹਰ ਮੁਸ਼ਕਲ ਦਾ ਮੁਲਾਂਕਣ ਕਰਦਾ ਹੈ। ਅਤੇ ਇਹ ਸਮੂਹ ਲੋੜੀਂਦੇ ਹੱਲਾਂ ’ਤੇ ਵੀ ਨਿਰੰਤਰ ਕੰਮ ਕਰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਅਤੇ ਉਦਯੋਗ ਦੇ ਸਾਂਝੇ ਯਤਨਾਂ ਨਾਲ, ਅਸੀਂ ਹਾਲਾਤ ਦਾ ਬਿਹਤਰ ਸਾਹਮਣਾ ਕਰ ਸਕਾਂਗੇ।

ਸਤਿਕਾਰਯੋਗ ਸਪੀਕਰ ਜੀ, 

ਇੱਕ ਵੱਡਾ ਸਵਾਲ ਇਹ ਹੈ ਕਿ ਜੰਗ ਦਾ ਖੇਤੀ ’ਤੇ ਕੀ ਪ੍ਰਭਾਵ ਪਵੇਗਾ? ਦੇਸ਼ ਦੇ ਕਿਸਾਨਾਂ ਨੇ ਸਾਡੇ ਅੰਨ ਦੇ ਭੰਡਾਰ ਭਰ ਰੱਖੇ ਹਨ, ਇਸ ਲਈ ਭਾਰਤ ਕੋਲ ਲੋੜੀਂਦੇ ਅਨਾਜ ਭੰਡਾਰ ਹਨ। ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਖਰੀਫ਼ ਦੇ ਸੀਜ਼ਨ ਦੀ ਬਿਜਾਈ ਠੀਕ ਤਰ੍ਹਾਂ ਹੋ ਸਕੇ। ਸਰਕਾਰ ਨੇ ਬੀਤੇ ਸਾਲਾਂ ਵਿੱਚ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਖਾਦ ਦੀ ਲੋੜੀਂਦੀ ਵਿਵਸਥਾ ਵੀ ਕੀਤੀ ਹੈ। ਅਤੀਤ ਵਿੱਚ ਵੀ ਸਾਡੀ ਸਰਕਾਰ ਨੇ ਦੁਨੀਆ ਦੇ ਸੰਕਟਾਂ ਦਾ ਬੋਝ ਕਿਸਾਨਾਂ ’ਤੇ ਨਹੀਂ ਪੈਣ ਦਿੱਤਾ ਸੀ। ਕੋਰੋਨਾ ਅਤੇ ਉਸ ਸਮੇਂ ਦੀਆਂ ਜੰਗਾਂ ਦੌਰਾਨ, ਉਸ ਸਮੇਂ ਵੀ ਗਲੋਬਲ ਸਪਲਾਈ ਚੇਨ ਵਿੱਚ ਵਿਘਨ ਆ ਗਈ ਸੀ। ਦੁਨੀਆ ਦੇ ਬਾਜ਼ਾਰ ਵਿੱਚ ਯੂਰੀਆ ਦੀ ਇੱਕ ਬੋਰੀ 3000 ਰੁਪਏ ਤੱਕ ਪਹੁੰਚ ਗਈ ਸੀ, ਪਰ ਭਾਰਤ ਦੇ ਕਿਸਾਨਾਂ ਨੂੰ ਉਹੀ ਬੋਰੀ 300 ਰੁਪਏ ਤੋਂ ਵੀ ਘੱਟ ਕੀਮਤ ’ਤੇ ਉਪਲਬਧ ਕਰਵਾਈ ਗਈ।

ਸਪੀਕਰ ਜੀ, 

ਦੇਸ਼ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਸੰਕਟਾਂ ਤੋਂ ਬਚਾਉਣ ਲਈ ਵੀ, ਬੀਤੇ ਸਾਲਾਂ ਵਿੱਚ ਕਈ ਕਦਮ ਚੁੱਕੇ ਗਏ ਹਨ। ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ 6 ਯੂਰੀਆ ਪਲਾਂਟ ਸ਼ੁਰੂ ਕੀਤੇ ਗਏ ਹਨ। ਇਸ ਨਾਲ ਸਾਲਾਨਾ 76 ਲੱਖ ਮੀਟ੍ਰਿਕ ਟਨ ਤੋਂ ਵੱਧ ਯੂਰੀਆ ਉਤਪਾਦਨ ਦੀ ਸਮਰੱਥਾ ਜੁੜੀ ਹੈ। ਇਸ ਦੌਰਾਨ ਡੀਏਪੀ ਅਤੇ ਐੱਨਪੀਕੇਐੱਸ ਵਰਗੀਆਂ ਖਾਦਾਂ ਦਾ ਘਰੇਲੂ ਉਤਪਾਦਨ ਵੀ ਕਰੀਬ 50 ਲੱਖ ਮੀਟ੍ਰਿਕ ਟਨ ਵਧਾਇਆ ਗਿਆ ਹੈ। ਇੰਨਾ ਹੀ ਨਹੀਂ, ਤੇਲ ਅਤੇ ਗੈਸ ਵਾਂਗ ਖਾਦ ਦੀ ਦਰਾਮਦ ਨੂੰ ਵੀ ਵਿਭਿੰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਡੀਏਪੀ ਅਤੇ ਐੱਨਪੀਕੇਏਦੀ ਦਰਾਮਦ ਲਈ ਵੀ, ਅਸੀਂ ਆਪਣੇ ਵਿਕਲਪਾਂ ਦਾ ਵਿਸਤਾਰ ਕੀਤਾ ਹੈ।

ਸਪੀਕਰ ਜੀ, 

ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਮੇਡ ਇਨ ਇੰਡੀਆ ਨੈਨੋ ਯੂਰੀਆ ਦਾ ਵਿਕਲਪ ਵੀ ਦਿੱਤਾ ਹੈ। ਸਰਕਾਰ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਵੀ ਉਤਸ਼ਾਹਿਤ ਕਰ ਰਹੀ ਹੈ। ਪੀਐੱਮ ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ ਨੂੰ 22 ਲੱਖ ਤੋਂ ਜ਼ਿਆਦਾ ਸੋਲਰ ਪੰਪ ਦਿੱਤੇ ਗਏ ਹਨ, ਇਸ ਨਾਲ ਵੀ ਡੀਜ਼ਲ ’ਤੇ ਉਨ੍ਹਾਂ ਦੀ ਨਿਰਭਰਤਾ ਘੱਟ ਹੋਈ ਹੈ। ਮੈਂ ਇਸ ਸਦਨ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰਕਾਰ ਕਿਸਾਨਾਂ ਦੀ ਹਰ ਸੰਭਵ ਮਦਦ ਕਰਦੀ ਰਹੇਗੀ।

ਸਤਿਕਾਰਯੋਗ ਸਪੀਕਰ ਜੀ, 

ਜੰਗ ਦੀ ਇੱਕ ਬਹੁਤ ਵੱਡੀ ਚੁਣੌਤੀ ਇਹ ਵੀ ਹੈ ਕਿ ਭਾਰਤ ਵਿੱਚ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵਧਦੀ ਗਰਮੀ ਦੇ ਨਾਲ ਬਿਜਲੀ ਦੀ ਮੰਗ ਵਧਦੀ ਜਾਵੇਗੀ। ਫ਼ਿਲਹਾਲ ਦੇਸ਼ ਦੇ ਸਾਰੇ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਲੋੜੀਂਦਾ ਸਟਾਕ ਉਪਲਬਧ ਹੈ। ਭਾਰਤ ਨੇ ਲਗਾਤਾਰ ਦੂਜੇ ਸਾਲ 100 ਕਰੋੜ ਟਨ ਕੋਲਾ ਉਤਪਾਦਨ ਕਰਨ ਦਾ ਰਿਕਾਰਡ ਬਣਾਇਆ ਹੈ। ਬਿਜਲੀ ਉਤਪਾਦਨ ਤੋਂ ਲੈ ਕੇ ਬਿਜਲੀ ਸਪਲਾਈ ਤੱਕ ਦੇ ਸਾਡੇ ਸਾਰੇ ਸਿਸਟਮਾਂ ਦੀ ਨਿਰੰਤਰ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਅਤੇ ਸਰਕਾਰ ਦੀਆਂ ਤਿਆਰੀਆਂ ਨੂੰ ਨਵਿਆਉਣਯੋਗ ਊਰਜਾ ਤੋਂ ਵੀ ਮਦਦ ਮਿਲੀ ਹੈ। ਬੀਤੇ ਦਹਾਕੇ ਵਿੱਚ ਨਵਿਆਉਣਯੋਗ ਊਰਜਾ ਵੱਲ ਦੇਸ਼ ਨੇ ਵੱਡੇ ਕਦਮ ਚੁੱਕੇ ਹਨ। ਅੱਜ ਸਾਡੀ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਦਾ ਅੱਧਾ ਹਿੱਸਾ ਨਵਿਆਉਣਯੋਗ ਸਰੋਤਾਂ ਤੋਂ ਆਉਂਦਾ ਹੈ। ਸਾਡੀ ਕੁੱਲ ਨਵਿਆਉਣਯੋਗ ਸਮਰੱਥਾ ਅੱਜ 250 ਗੀਗਾਵਾਟ ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਗਈ ਹੈ। ਬੀਤੇ 11 ਸਾਲਾਂ ਵਿੱਚ ਦੇਸ਼ ਨੇ ਆਪਣੀ ਸੌਰ ਊਰਜਾ ਸਮਰੱਥਾ ਕਰੀਬ ਤਿੰਨ ਗੀਗਾਵਾਟ ਤੋਂ ਵਧਾ ਕੇ 140 ਗੀਗਾਵਾਟ ਤੱਕ ਪਹੁੰਚਾਈ ਹੈ। ਬੀਤੇ ਸਾਲਾਂ ਵਿੱਚ ਦੇਸ਼ ਵਿੱਚ ਕਰੀਬ 40 ਲੱਖ ਰੂਫਟਾਪ ਸੋਲਰ ਲੱਗੇ ਹਨ, ਇਸ ਵਿੱਚ ਪੀਐੱਮ ਸੂਰ‌ਿਆਘਰ ਮੁਫ਼ਤ ਬਿਜਲੀ ਯੋਜਨਾ ਨਾਲ ਵੀ ਲੋਕਾਂ ਨੂੰ ਕਾਫ਼ੀ ਮਦਦ ਮਿਲੀ ਹੈ। ਗੋਬਰਧਨ ਯੋਜਨਾ ਦੇ ਤਹਿਤ ਦੇਸ਼ ਵਿੱਚ ਅੱਜ 200 ਕੰਪ੍ਰੈਸਡ ਬਾਇਓਗੈਸ ਪਲਾਂਟ ਵੀ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਇਹ ਸਾਰੇ ਯਤਨ ਅੱਜ ਦੇਸ਼ ਦੇ ਬਹੁਤ ਕੰਮ ਆ ਰਹੇ ਹਨ। ਸਰਕਾਰ ਨੇ ਭਵਿੱਖ ਦੀ ਤਿਆਰੀ ਵਜੋਂ ਦੇਸ਼ ਵਿੱਚ ਪ੍ਰਮਾਣੂ ਊਰਜਾ ਦੇ ਉਤਪਾਦਨ ਨੂੰ ਵੀ ਉਤਸ਼ਾਹਿਤ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਸਮਾਲ ਹਾਈਡਰੋ ਪਾਵਰ ਡਿਵੈਲਪਮੈਂਟ ਸਕੀਮ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ, ਜਿਸ ਨਾਲ ਅਗਲੇ 5 ਸਾਲਾਂ ਵਿੱਚ 1500 ਮੈਗਾਵਾਟ ਨਵੀਂ ਹਾਈਡਰੋ ਪਾਵਰ ਸਮਰੱਥਾ ਜੋੜੀ ਜਾਵੇਗੀ।

ਸਤਿਕਾਰਯੋਗ ਸਪੀਕਰ ਜੀ, 

ਜਿੱਥੋਂ ਤੱਕ ਕੂਟਨੀਤੀ ਦੀ ਗੱਲ ਹੈ, ਭਾਰਤ ਦੀ ਭੂਮਿਕਾ ਸਪੱਸ਼ਟ ਹੈ। ਸ਼ੁਰੂਆਤ ਤੋਂ ਹੀ ਅਸੀਂ ਇਸ ਸੰਘਰਸ਼ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਮੈਂ ਖ਼ੁਦ ਵੀ ਪੱਛਮੀ ਏਸ਼ੀਆ ਦੇ ਸਾਰੇ ਸਬੰਧਿਤ ਆਗੂਆਂ ਨਾਲ ਗੱਲਬਾਤ ਕੀਤੀ ਹੈ। ਮੈਂ ਸਾਰਿਆਂ ਨੂੰ ਤਣਾਅ ਘਟਾਉਣ ਅਤੇ ਇਸ ਸੰਘਰਸ਼ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਭਾਰਤ ਨੇ ਨਾਗਰਿਕਾਂ, ਊਰਜਾ ਅਤੇ ਆਵਾਜਾਈ ਨਾਲ ਜੁੜੇ ਬੁਨਿਆਦੀ ਢਾਂਚੇ ’ਤੇ ਹਮਲਿਆਂ ਦਾ ਵਿਰੋਧ ਕੀਤਾ ਹੈ। ਵਪਾਰਕ ਜਹਾਜ਼ਾਂ ’ਤੇ ਹਮਲੇ ਅਤੇ ਹੋਰਮੁਜ਼ ਸਟ੍ਰੇਟ ਵਰਗੇ ਅੰਤਰਰਾਸ਼ਟਰੀ ਜਲ ਮਾਰਗਾਂ ਵਿੱਚ ਰੁਕਾਵਟ ਅਸਵੀਕਾਰਨਯੋਗ ਹੈ। ਭਾਰਤ ਕੂਟਨੀਤੀ ਰਾਹੀਂ ਜੰਗ ਦੇ ਮਾਹੌਲ ਵਿੱਚ ਵੀ, ਭਾਰਤੀ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਲਈ ਨਿਰੰਤਰ ਯਤਨ ਕਰ ਰਿਹਾ ਹੈ।

ਸਪੀਕਰ ਜੀ, 

ਭਾਰਤ ਹਮੇਸ਼ਾ ਤੋਂ ਮਨੁੱਖਤਾ ਦੇ ਹਿੱਤ ਵਿੱਚ ਅਤੇ ਸ਼ਾਂਤੀ ਦੇ ਪੱਖ ਵਿੱਚ ਆਪਣੀ ਆਵਾਜ਼ ਉਠਾਉਂਦਾ ਰਿਹਾ ਹੈ। ਮੈਂ ਫਿਰ ਕਹਾਂਗਾ ਕਿ ਗੱਲਬਾਤ ਅਤੇ ਕੂਟਨੀਤੀ ਹੀ ਇਸ ਸਮੱਸਿਆ ਦਾ ਹੱਲ ਹੈ। ਸਾਡੀ ਹਰ ਕੋਸ਼ਿਸ਼ ਤਣਾਅ ਨੂੰ ਘੱਟ ਕਰਨ ਅਤੇ ਇਸ ਸੰਘਰਸ਼ ਨੂੰ ਖ਼ਤਮ ਕਰਨ ਲਈ ਹੈ। ਇਸ ਜੰਗ ਵਿੱਚ ਕਿਸੇ ਦੀ ਵੀ ਜਾਨ ’ਤੇ ਸੰਕਟ ਮਨੁੱਖਤਾ ਦੇ ਹਿੱਤ ਵਿੱਚ ਨਹੀਂ ਹੈ। ਇਸ ਲਈ ਭਾਰਤ ਦੀ ਕੋਸ਼ਿਸ਼ ਸਾਰੀਆਂ ਧਿਰਾਂ ਨੂੰ ਜਲਦ ਤੋਂ ਜਲਦ ਸ਼ਾਂਤੀਪੂਰਨ ਹੱਲ ਲਈ ਉਤਸ਼ਾਹਿਤ ਕਰਨ ਦੀ ਹੈ।

ਸਪੀਕਰ ਜੀ, 

ਜਦੋਂ ਅਜਿਹੇ ਸੰਕਟ ਆਉਂਦੇ ਹਨ, ਤਾਂ ਕੁਝ ਅਨਸਰ ਇਸ ਦਾ ਗ਼ਲਤ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਸ ਲਈ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਵਾਲੀਆਂ ਸਾਰੀਆਂ ਏਜੰਸੀਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਤੱਟਵਰਤੀ ਸੁਰੱਖਿਆ ਹੋਵੇ, ਸਰਹੱਦੀ ਸੁਰੱਖਿਆ ਹੋਵੇ, ਸਾਈਬਰ ਸੁਰੱਖਿਆ ਹੋਵੇ, ਰਣਨੀਤਕ ਸਥਾਪਨਾਵਾਂ ਹੋਣ, ਸਾਰਿਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਸਪੀਕਰ ਜੀ, 

ਇਸ ਜੰਗ ਦੇ ਕਾਰਨ ਦੁਨੀਆ ਵਿੱਚ ਜੋ ਔਖੇ ਹਾਲਾਤ ਬਣੇ ਹਨ, ਉਨ੍ਹਾਂ ਦਾ ਪ੍ਰਭਾਵ ਲੰਬੇ ਸਮੇਂ ਤੱਕ ਬਣੇ ਰਹਿਣ ਦਾ ਸ਼ੱਕ ਹੈ। ਇਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ, ਸਾਨੂੰ ਇੱਕਜੁੱਟ ਰਹਿਣਾ ਹੋਵੇਗਾ। ਅਸੀਂ ਕੋਰੋਨਾ ਦੇ ਸਮੇਂ ਵੀ ਇੱਕਜੁੱਟਤਾ ਨਾਲ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੇ ਹਾਂ। ਹੁਣ ਸਾਨੂੰ ਫਿਰ ਤੋਂ ਉਸੇ ਤਰ੍ਹਾਂ ਤਿਆਰ ਰਹਿਣ ਦੀ ਜ਼ਰੂਰਤ ਹੈ। ਸਬਰ ਦੇ ਨਾਲ, ਸੰਜਮ ਦੇ ਨਾਲ, ਸ਼ਾਂਤ ਮਨ ਨਾਲ ਸਾਨੂੰ ਹਰ ਚੁਣੌਤੀ ਦਾ ਮੁਕਾਬਲਾ ਕਰਨਾ ਹੈ। ਅਤੇ ਇਹੀ ਸਾਡੀ ਪਛਾਣ ਹੈ, ਇਹੀ ਸਾਡੀ ਤਾਕਤ ਹੈ। ਅਤੇ ਹਾਂ, ਸਾਨੂੰ ਬਹੁਤ ਸਾਵਧਾਨ ਅਤੇ ਚੌਕਸ ਵੀ ਰਹਿਣਾ ਹੈ। ਹਾਲਾਤ ਦਾ ਫ਼ਾਇਦਾ ਉਠਾਉਣ ਵਾਲੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰਨਗੇ, ਅਜਿਹੇ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇਣਾ ਹੈ। ਮੈਂ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਇਸ ਸਦਨ ਰਾਹੀਂ ਅਪੀਲ ਕਰਾਂਗਾ। ਅਜਿਹੇ ਸਮੇਂ ਵਿੱਚ ਕਾਲਾ ਬਜ਼ਾਰੀ ਕਰਨ ਵਾਲੇ, ਜਮ੍ਹਾਖ਼ੋਰੀ ਕਰਨ ਵਾਲੇ ਸਰਗਰਮ ਹੋ ਜਾਂਦੇ ਹਨ। ਇਸ ਦੇ ਲਈ ਸਖ਼ਤ ਨਿਗਰਾਨੀ ਜ਼ਰੂਰੀ ਹੈ। ਜਿੱਥੋਂ ਵੀ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਹਨ, ਉੱਥੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਦੇਸ਼ ਦੀ ਹਰ ਸਰਕਾਰ ਅਤੇ ਦੇਸ਼ ਦਾ ਹਰ ਨਾਗਰਿਕ ਜਦੋਂ ਮਿਲ ਕੇ ਚੱਲਣਗੇ, ਤਾਂ ਅਸੀਂ ਹਰ ਚੁਣੌਤੀ ਨੂੰ ਚੁਣੌਤੀ ਦੇ ਸਕਦੇ ਹਾਂ। ਇਸੇ ਅਪੀਲ ਦੇ ਨਾਲ ਮੈਂ ਆਪਣਾ ਭਾਸ਼ਣ ਸਮਾਪਤ ਕਰਦਾ ਹਾਂ।

 ਬਹੁਤ-ਬਹੁਤ ਧੰਨਵਾਦ। 

 *** *** *** ***

ਐੱਮਜੇਪੀਐੱਸ/ਐੱਸਐੱਸ/ਡੀਕੇ/ਆਰਕੇ


(Release ID: 2244014) ਵਿਜ਼ੀਟਰ ਕਾਊਂਟਰ : 6