ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦੇ ਸੰਦਰਭ ਵਿੱਚ ਸਥਿਤੀ ਅਤੇ ਰਾਹਤ ਉਪਾਵਾਂ ਦੀ ਸਮੀਖਿਆ ਲਈ ਸੀਸੀਐੱਸ ਮੀਟਿੰਗ ਦੀ ਪ੍ਰਧਾਨਗੀ ਕੀਤੀ
ਜ਼ਰੂਰੀ ਵਸਤਾਂ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਲਈ ਥੋੜ੍ਹੇ ਸਮੇਂ, ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦੇ ਉਪਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ
ਕਿਸਾਨਾਂ ਲਈ ਖਾਦਾਂ ਦੇ ਬਦਲਵੇਂ ਸਰੋਤਾਂ 'ਤੇ ਵੀ ਚਰਚਾ ਕੀਤੀ ਗਈ ਤਾਂ ਜੋ ਭਵਿੱਖ ਵਿੱਚ ਇਨ੍ਹਾਂ ਦੀ ਲਗਾਤਾਰ ਉਪਲਬਧਤਾ ਯਕੀਨੀ ਹੋ ਸਕੇ
ਰਸਾਇਣ, ਫਾਰਮਾਸਿਊਟੀਕਲ, ਪੈਟਰੋਕੈਮੀਕਲ ਅਤੇ ਹੋਰ ਉਦਯੋਗਿਕ ਖੇਤਰਾਂ ਲਈ ਜ਼ਰੂਰੀ ਦਰਾਮਦ ਦੇ ਸਰੋਤਾਂ ਵਿੱਚ ਵੰਨ-ਸੁਵੰਨਤਾ ਲਿਆਉਣ ਲਈ ਕਈ ਉਪਾਵਾਂ 'ਤੇ ਚਰਚਾ ਕੀਤੀ ਗਈ
ਭਾਰਤੀ ਸਾਮਾਨ ਨੂੰ ਹੁਲਾਰਾ ਦੇਣ ਲਈ ਨੇੜਲੇ ਭਵਿੱਖ ਵਿੱਚ ਨਵੇਂ ਬਰਾਮਦ ਟਿਕਾਣੇ ਵਿਕਸਤ ਕੀਤੇ ਜਾਣਗੇ
ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਸਰਕਾਰ ਦੇ ਸਾਰੇ ਅੰਗ ਮਿਲ ਕੇ ਕੰਮ ਕਰਨ ਤਾਂ ਜੋ ਨਾਗਰਿਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ
ਮੰਤਰੀਆਂ ਅਤੇ ਸਕੱਤਰਾਂ ਦਾ ਸਮੂਹ ਬਣਾਇਆ ਜਾਵੇ ਜੋ 'ਸਮੁੱਚੀ ਸਰਕਾਰ' ਪਹੁੰਚ ਨਾਲ ਪੂਰੀ ਲਗਨ ਨਾਲ ਕੰਮ ਕਰੇ: ਪ੍ਰਧਾਨ ਮੰਤਰੀ ਦੀ ਹਦਾਇਤ
ਖੇਤਰੀ ਸਮੂਹ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਨਾਲ ਕੰਮ ਕਰਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨਾਲ ਉਚਿਤ ਤਾਲਮੇਲ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖ਼ੋਰੀ ਨਾ ਹੋਵੇ
Posted On:
22 MAR 2026 9:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦੇ ਸੰਦਰਭ ਵਿੱਚ ਸਥਿਤੀ ਅਤੇ ਚੱਲ ਰਹੇ ਅਤੇ ਪ੍ਰਸਤਾਵਿਤ ਰਾਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਕੈਬਨਿਟ ਸਕੱਤਰ ਨੇ ਵਿਸ਼ਵ-ਵਿਆਪੀ ਹਾਲਾਤ ਅਤੇ ਭਾਰਤ ਸਰਕਾਰ ਦੇ ਸਾਰੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਵੱਲੋਂ ਹੁਣ ਤੱਕ ਚੁੱਕੇ ਗਏ ਅਤੇ ਵਿਉਂਤੇ ਗਏ ਰਾਹਤ ਉਪਾਵਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਖੇਤੀਬਾੜੀ, ਖਾਦਾਂ, ਖ਼ੁਰਾਕ ਸੁਰੱਖਿਆ, ਪੈਟਰੋਲੀਅਮ, ਬਿਜਲੀ, ਐੱਮਐੱਸਐੱਮਈ, ਬਰਾਮਦਕਾਰ, ਸ਼ਿਪਿੰਗ, ਵਪਾਰ, ਵਿੱਤ, ਸਪਲਾਈ ਚੇਨ (ਲੜੀ) ਅਤੇ ਹੋਰ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਸੰਭਾਵਿਤ ਅਸਰ ਅਤੇ ਉਸ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ 'ਤੇ ਚਰਚਾ ਕੀਤੀ ਗਈ। ਦੇਸ਼ ਵਿੱਚ ਸਮੁੱਚੇ ਮੈਕਰੋ-ਇਕਨੌਮਿਕ (ਵਿਆਪਕ ਆਰਥਿਕ) ਦ੍ਰਿਸ਼ ਅਤੇ ਅੱਗੇ ਕੀਤੇ ਜਾਣ ਵਾਲੇ ਉਪਾਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦਾ ਵਿਸ਼ਵ-ਵਿਆਪੀ ਅਰਥਵਿਵਸਥਾ 'ਤੇ ਮਹੱਤਵਪੂਰਨ ਥੋੜ੍ਹੇ ਸਮੇਂ, ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦਾ ਅਸਰ ਪਵੇਗਾ। ਮੀਟਿੰਗ ਵਿੱਚ ਭਾਰਤ 'ਤੇ ਇਸ ਦੇ ਪ੍ਰਭਾਵ ਦਾ ਜਾਇਜ਼ਾ ਲਿਆ ਗਿਆ ਅਤੇ ਫੌਰੀ ਤੇ ਲੰਬੇ ਸਮੇਂ ਦੇ, ਦੋਵਾਂ ਤਰ੍ਹਾਂ ਦੇ ਜਵਾਬੀ ਕਦਮਾਂ 'ਤੇ ਚਰਚਾ ਕੀਤੀ ਗਈ।
ਖ਼ੁਰਾਕ, ਊਰਜਾ ਅਤੇ ਬਾਲਣ ਸੁਰੱਖਿਆ ਸਮੇਤ ਆਮ ਆਦਮੀ ਲਈ ਜ਼ਰੂਰੀ ਵਸਤਾਂ ਦੀ ਉਪਲਬਧਤਾ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਜ਼ਰੂਰੀ ਵਸਤਾਂ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਲਈ ਥੋੜ੍ਹੇ ਸਮੇਂ, ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦੇ ਉਪਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕਿਸਾਨਾਂ 'ਤੇ ਪੈਣ ਵਾਲੇ ਅਸਰ ਅਤੇ ਸਾਉਣੀ ਦੇ ਸੀਜ਼ਨ ਲਈ ਉਨ੍ਹਾਂ ਦੀ ਖਾਦ ਦੀਆਂ ਜ਼ਰੂਰਤਾਂ ਦਾ ਜਾਇਜ਼ਾ ਲਿਆ ਗਿਆ। ਪਿਛਲੇ ਕੁਝ ਸਾਲਾਂ ਵਿੱਚ ਖਾਦ ਦਾ ਲੋੜੀਂਦਾ ਭੰਡਾਰ ਕਾਇਮ ਰੱਖਣ ਲਈ ਜੋ ਕਦਮ ਚੁੱਕੇ ਗਏ ਹਨ, ਉਨ੍ਹਾਂ ਨਾਲ ਸਮੇਂ ਸਿਰ ਖਾਦ ਦੀ ਉਪਲਬਧਤਾ ਅਤੇ ਖ਼ੁਰਾਕ ਸੁਰੱਖਿਆ ਯਕੀਨੀ ਹੋਵੇਗੀ। ਭਵਿੱਖ ਵਿੱਚ ਖਾਦ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਲਈ ਖਾਦ ਦੇ ਬਦਲਵੇਂ ਸਰੋਤਾਂ 'ਤੇ ਵੀ ਚਰਚਾ ਕੀਤੀ ਗਈ।
ਇਹ ਵੀ ਤੈਅ ਕੀਤਾ ਗਿਆ ਕਿ ਸਾਰੇ ਬਿਜਲੀ ਪਲਾਂਟਾਂ ਵਿੱਚ ਕੋਲੇ ਦਾ ਲੋੜੀਂਦਾ ਭੰਡਾਰ ਹੋਣ ਕਾਰਨ ਭਾਰਤ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੋਵੇਗੀ।
ਕੈਮੀਕਲਸ (ਰਸਾਇਣਾਂ), ਫਾਰਮਾਸਿਊਟੀਕਲ, ਪੈਟਰੋਕੈਮੀਕਲ ਅਤੇ ਹੋਰ ਉਦਯੋਗਿਕ ਖੇਤਰਾਂ ਲਈ ਜ਼ਰੂਰੀ ਦਰਾਮਦ ਦੇ ਸਰੋਤਾਂ ਵਿੱਚ ਵੰਨ-ਸੁਵੰਨਤਾ ਲਿਆਉਣ ਲਈ ਕਈ ਉਪਾਵਾਂ 'ਤੇ ਚਰਚਾ ਕੀਤੀ ਗਈ। ਇਸੇ ਤਰ੍ਹਾਂ, ਭਾਰਤੀ ਸਾਮਾਨ ਨੂੰ ਹੁਲਾਰਾ ਦੇਣ ਲਈ ਨੇੜਲੇ ਭਵਿੱਖ ਵਿੱਚ ਬਰਾਮਦ ਦੇ ਨਵੇਂ ਟਿਕਾਣੇ ਵਿਕਸਤ ਕੀਤੇ ਜਾਣਗੇ।
ਵੱਖ-ਵੱਖ ਮੰਤਰਾਲਿਆਂ ਵੱਲੋਂ ਪ੍ਰਸਤਾਵਿਤ ਕਈ ਉਪਾਵਾਂ ਨੂੰ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਤਿਆਰ ਅਤੇ ਲਾਗੂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਮੰਤਰੀਆਂ ਅਤੇ ਸਕੱਤਰਾਂ ਦਾ ਸਮੂਹ ਬਣਾਇਆ ਜਾਵੇ, ਜੋ 'ਸਮੁੱਚੀ ਸਰਕਾਰ' ਪਹੁੰਚ ਤਹਿਤ ਪੂਰੀ ਲਗਨ ਨਾਲ ਕੰਮ ਕਰੇ। ਪ੍ਰਧਾਨ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਖੇਤਰੀ ਸਮੂਹ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਨਾਲ ਕੰਮ ਕਰਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟਕਰਾਅ ਲਗਾਤਾਰ ਬਦਲਦੀ ਹੋਈ ਸਥਿਤੀ ਹੈ ਅਤੇ ਇਸ ਨਾਲ ਪੂਰੀ ਦੁਨੀਆ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੈ। ਅਜਿਹੇ ਹਾਲਾਤ ਵਿੱਚ ਨਾਗਰਿਕਾਂ ਨੂੰ ਇਸ ਟਕਰਾਅ ਦੇ ਅਸਰ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਸਰਕਾਰ ਦੇ ਸਾਰੇ ਅੰਗ ਮਿਲ ਕੇ ਕੰਮ ਕਰਨ, ਤਾਂ ਜੋ ਨਾਗਰਿਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨਾਲ ਉਚਿਤ ਤਾਲਮੇਲ ਯਕੀਨੀ ਬਣਾਉਣ ਲਈ ਵੀ ਕਿਹਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖ਼ੋਰੀ ਨਾ ਹੋਵੇ।
*****
ਐੱਮਜੇਪੀਐੱਸ/ਪੀਆਰਕੇ
(Release ID: 2243693)
ਵਿਜ਼ੀਟਰ ਕਾਊਂਟਰ : 23
Read this release in:
English
,
Khasi
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Odia
,
Telugu
,
Kannada
,
Malayalam