ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੁਨੋ ਨੈਸ਼ਨਲ ਪਾਰਕ ਵਿੱਚ ‘ਜਵਾਲਾ’ ਨੇ ਪੰਜ ਸ਼ਾਵਕਾਂ ਨੂੰ ਜਨਮ ਦਿੱਤਾ, ਭਾਰਤ ਵਿੱਚ ਚੀਤਿਆਂ ਦੀ ਗਿਣਤੀ 53 ਹੋਈ, ਭਾਰਤ ਵਿੱਚ ਜੰਮੇ ਸ਼ਾਵਕਾਂ ਦੀ ਗਿਣਤੀ ਵੱਧ ਕੇ 33 ਪੁੱਜੀ


ਭਾਰਤੀ ਧਰਤੀ 'ਤੇ ਚੀਤੇ ਦੇ 10ਵੇਂ ਸਫਲ ਬੱਚੇ ਦਾ ਜਨਮ; ਜਾਨਵਰਾਂ ਦੇ ਡਾਕਟਰਾਂ ਅਤੇ ਫੀਲਡ ਸਟਾਫ ਦੇ ਸਮਰਪਿਤ ਯਤਨਾਂ, ਹੁਨਰ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਸ਼੍ਰੀ ਭੂਪੇਂਦਰ ਯਾਦਵ

Posted On: 09 MAR 2026 2:12PM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਨਾਮੀਬੀਆਈ ਚੀਤਾ 'ਜਵਾਲਾ' ਨੇ, ਜੋ ਤੀਜੀ ਵਾਰ ਸਫਲਤਾਪੂਰਵਕ ਮਾਂ ਬਣੀ ਹੈ, ਕੁਨੋ ਨੈਸ਼ਨਲ ਪਾਰਕ ਵਿੱਚ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ।

ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਮੰਤਰੀ ਨੇ ਕਿਹਾ ਕਿ ਇਸ ਜਨਮ ਦੇ ਨਾਲ, ਭਾਰਤ ਵਿੱਚ ਜੰਮੇ ਸਿਹਤਮੰਦ ਸ਼ਾਵਕਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ, ਜੋ ਕਿ ਭਾਰਤੀ ਧਰਤੀ 'ਤੇ ਚੀਤਿਆਂ ਦੇ 10ਵੇਂ ਸਫਲ ਪ੍ਰਜਨਨ ਦਾ ਪ੍ਰਤੀਕ ਹੈ ਅਤੇ ਭਾਰਤ ਦੀ ਚੀਤਾ ਸੰਭਾਲ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਸਫਲਤਾ ਹੈ।

ਸ਼੍ਰੀ ਯਾਦਵ ਨੇ ਇਸ ਨੂੰ ‘ਪ੍ਰੋਜੈਕਟ ਚੀਤਾ’ ਲਈ ਬਹੁਤ ਮਾਣ ਵਾਲਾ ਪਲ ਦੱਸਿਆ ਅਤੇ ਕਿਹਾ ਕਿ ਇਹ ਪ੍ਰਾਪਤੀ ਜਾਨਵਰਾਂ ਦੇ ਡਾਕਟਰਾਂ, ਫੀਲਡ ਸਟਾਫ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਦੇ ਸਮਰਪਿਤ ਯਤਨਾਂ, ਹੁਨਰ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਲਗਾਤਾਰ ਜ਼ਮੀਨੀ ਪੱਧਰ 'ਤੇ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸ਼ਾਵਕਾਂ ਦੇ ਆਉਣ ਨਾਲ ਭਾਰਤ ਵਿੱਚ ਚੀਤਿਆਂ ਦੀ ਕੁੱਲ ਗਿਣਤੀ 53 ਹੋ ਗਈ ਹੈ।

ਇਸ ਨੂੰ ਜੰਗਲੀ ਜੀਵਾਂ ਦੀ ਸੰਭਾਲ ਲਈ ਇੱਕ ਇਤਿਹਾਸਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਪਲ ਦੱਸਦਿਆਂ, ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ‘ਜਵਾਲਾ’ ਅਤੇ ਉਸ ਦੇ ਸ਼ਾਵਕ ਠੀਕ ਹੋ ਕੇ ਅੱਗੇ ਵਧਣਗੇ ਅਤੇ ਭਾਰਤ ਦੀ ਚੀਤਾ ਗਾਥਾ ਨੂੰ ਹੋਰ ਉਚਾਈਆਂ ਤੱਕ ਪਹੁੰਚਾਉਣਗੇ।

ਹਾਲ ਹੀ ਵਿੱਚ, ਦੱਖਣ ਅਫਰੀਕਾ ਦੀ ਇੱਕ ਚੀਤਾ ‘ਗਾਮਿਨੀ’ ਦੂਜੀ ਵਾਰ ਮਾਂ ਬਣੀ ਅਤੇ ਉਸ ਨੇ ਚਾਰ ਸ਼ਾਵਕਾਂ ਨੂੰ ਜਨਮ ਦਿੱਤਾ। ਇਸ ਤੋਂ ਇਲਾਵਾ, 28 ਫਰਵਰੀ, 2026 ਨੂੰ ਸ਼੍ਰੀ ਯਾਦਵ ਨੇ ਬੋਤਸਵਾਨਾ ਤੋਂ ਪ੍ਰਾਪਤ ਕੀਤੇ ਨੌਂ ਚੀਤਿਆਂ - 6 ਮਾਦਾ ਅਤੇ 3 ਨਰ - ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਬਣੇ ਕੁਆਰੰਟੀਨ ਐਨਕਲੋਜ਼ਰ ਵਿੱਚ ਛੱਡਿਆ। ਇਹ ਚੀਤੇ ਮੌਜੂਦਾ ਸਮੇਂ ਵਿੱਚ ਵੱਡੇ ਜੰਗਲੀ ਖੇਤਰ ਵਿੱਚ ਕ੍ਰਮਵਾਰ ਛੱਡਣ ਤੋਂ ਪਹਿਲਾਂ ਅਨੁਕੂਲਤਾ ਅਤੇ ਸਿਹਤ ਨਿਗਰਾਨੀ ਦੇ ਪੜਾਅ ਤੋਂ ਲੰਘ ਰਹੇ ਹਨ।

*****

ਵੀਐੱਮ/ਜੀਐੱਸ/ਸਪਨਾ


(Release ID: 2237287) ਵਿਜ਼ੀਟਰ ਕਾਊਂਟਰ : 7