ਪ੍ਰਧਾਨ ਮੰਤਰੀ ਦਫਤਰ
ਭਾਰਤ-ਕੈਨੇਡਾ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
Posted On:
02 MAR 2026 7:19PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਮਾਰਕ ਕਾਰਨੀ, ਦੋਵਾਂ ਦੇਸ਼ਾਂ ਦੇ ਕਾਰੋਬਾਰੀ ਆਗੂ, ਭੈਣੋ ਅਤੇ ਭਰਾਵੋ, ਨਮਸਕਾਰ!
ਭਾਰਤ-ਕੈਨੇਡਾ ਸੀਈਓ ਫੋਰਮ ਵਿੱਚ ਤੁਹਾਡੇ ਸਾਰਿਆਂ ਨਾਲ ਜੁੜਨ ’ਤੇ ਮੈਨੂੰ ਖ਼ੁਸ਼ੀ ਹੋ ਰਹੀ ਹੈ। ਆਪਣੇ ਸਕਾਰਾਤਮਿਕ ਵਿਚਾਰ ਸਾਂਝੇ ਕਰਨ ਲਈ ਮੈਂ ਪ੍ਰਧਾਨ ਮੰਤਰੀ ਕਾਰਨੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਾ ਹਾਂ।
ਸਾਥੀਓ,
ਅੱਜ ਅਸੀਂ ਭਾਰਤ-ਕੈਨੇਡਾ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਲਿਖਣ ਜਾ ਰਹੇ ਹਾਂ। ਪ੍ਰਧਾਨ ਮੰਤਰੀ ਕਾਰਨੀ ਦਾ ਇੱਕ ਸਾਲ ਵੀ ਪੂਰਾ ਨਹੀਂ ਹੋਇਆ, ਪਰ ਸਾਡੇ ਸਬੰਧਾਂ ਨੇ ਇੱਕ ਲਾਈਟ ਈਅਰ (ਹਲਕੇ ਸਾਲ) ਦੀ ਛਾਲ ਲਗਾਈ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਵਿਸ਼ਵਾਸ ਵਧਿਆ ਹੈ, ਸਪਸ਼ਟਤਾ ਆਈ ਹੈ ਅਤੇ ਨਵੀਂ ਗਤੀ ਬਣੀ ਹੈ ਅਤੇ ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੁਨੀਆ ਆਰਥਿਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੀ ਹੈ, ਵਿਸ਼ਵ ਆਰਥਿਕ ਵਿਵਸਥਾ ਦਬਾਅ ਹੇਠ ਹੈ। ਅਜਿਹੇ ਸਮੇਂ ਵਿੱਚ ਭਾਰਤ ਅਤੇ ਕੈਨੇਡਾ ਦੇ ਵਪਾਰਕ ਨੇਤਾਵਾਂ ਦਾ ਇਹ ਵਿਚਾਰ-ਵਟਾਂਦਰਾ ਸੈਸ਼ਨ ਸਾਡੀ ਭਾਈਵਾਲੀ ਲਈ ਇੱਕ ਨਵਾਂ ਬਲੂਪ੍ਰਿੰਟ ਤਿਆਰ ਕਰੇਗਾ। ਮੈਂ ਤੁਹਾਡੇ ਸਾਰਿਆਂ ਦੇ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਲਈ ਵਧਾਈ ਦਿੰਦਾ ਹਾਂ।
ਸਾਥੀਓ,
ਭਾਰਤ ਅਤੇ ਕੈਨੇਡਾ ਜੀਵਿਤ ਲੋਕਤੰਤਰ ਹਨ, ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਹਨ, ਸਾਂਝੀਆਂ ਕਦਰਾਂ-ਕੀਮਤਾਂ ’ਤੇ ਅਧਾਰਿਤ ਸਮਾਜ ਹਨ। ਲੋਕਤੰਤਰ, ਵਿਭਿੰਨਤਾ ਅਤੇ ਵਿਕਾਸ ਸਾਨੂੰ ਕੁਦਰਤੀ ਭਾਈਵਾਲਾਂ ਵਜੋਂ ਪ੍ਰੇਰਿਤ ਕਰਦੇ ਹਨ। ਅੱਜ ਪ੍ਰਧਾਨ ਮੰਤਰੀ ਕਾਰਨੀ ਅਤੇ ਮੈਂ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਫ਼ੈਸਲੇ ਲਏ ਹਨ। ਅਸੀਂ ਦੁਵੱਲੇ ਵਪਾਰ ਨੂੰ 50 ਬਿਲੀਅਨ ਡਾਲਰ ਤੱਕ ਲਿਜਾਣ ਵੱਲ ਲਗਾਤਾਰ ਵਧ ਰਹੇ ਹਾਂ। ਅਸੀਂ ਜਲਦੀ ਤੋਂ ਜਲਦੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਅੰਤਿਮ ਰੂਪ ਦੇਵਾਂਗੇ।
ਪਰ ਸਾਥੀਓ,
ਸਰਕਾਰਾਂ ਢਾਂਚਾ ਬਣਾ ਸਕਦੀਆਂ ਹਨ ਅਤੇ ਨੀਤੀਗਤ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ, ਪਰ ਉਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਦੀ ਸ਼ਕਤੀ ਤੁਹਾਡੇ ਸਾਰਿਆਂ ਕੋਲ ਹੈ।
ਸਾਥੀਓ,
ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਵਿੱਚੋਂ ਇੱਕ ਹੈ। ਇਸ ਤਬਦੀਲੀ ਦੇ ਪਿੱਛੇ ਮਜ਼ਬੂਤ ਘਰੇਲੂ ਮੰਗ, ਨੌਜਵਾਨ ਆਬਾਦੀ, ਵੱਡੇ ਪੱਧਰ ’ਤੇ ਨਿਵੇਸ਼ ਅਤੇ ਡਿਜੀਟਲ ਤਕਨਾਲੋਜੀ ਦੀ ਸ਼ਕਤੀ ਹੈ। ਇਹ ਸਾਡੀ ਨਿਰੰਤਰ ਦੌੜਦੀ ਰਿਫੌਰਮ ਐਕਸਪ੍ਰੈੱਸ ਦਾ ਨਤੀਜਾ ਹੈ। ਨੀਤੀ ਸਰਲੀਕਰਨ ਤੋਂ ਲੈ ਕੇ ਉਤਪਾਦਨ ਨਾਲ ਜੁੜੇ ਇੰਨਸੈਂਟਿਵ ਤੱਕ, ਲੌਜਿਸਟਿਕਸ ਆਧੁਨਿਕੀਕਰਨ ਤੋਂ ਲੈ ਕੇ ਟੈਕਸ ਅਤੇ ਦੀਵਾਲੀਆਪਨ ਸੁਧਾਰ ਤੱਕ, ਅਸੀਂ ਹਰ ਖੇਤਰ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਮਜ਼ਬੂਤ ਕਰ ਰਹੇ ਹਾਂ।
ਸਾਥੀਓ,
ਜਦੋਂ ਭਾਰਤ ਅਤੇ ਕੈਨੇਡਾ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਅਸੀਂ ਸਿਰਫ਼ ਦੋ ਅਰਥਵਿਵਸਥਾਵਾਂ ਨੂੰ ਨਹੀਂ ਜੋੜਦੇ ਹਾਂ, ਅਸੀਂ ਪੂੰਜੀ ਅਤੇ ਸਮਰੱਥਾ ਦੀ ਇੱਕ ਆਰਥਿਕ ਤਾਕਤ ਬਣਾਉਂਦੇ ਹਾਂ। ਸਾਡਾ ਸੰਯੁਕਤ ਜੀਡੀਪੀ 6 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਪਰ ਸਾਡੀ ਅਸਲ ਤਾਕਤ ਸਾਡੀਆਂ ਇੱਛਾਵਾਂ ਵਿੱਚ ਹੈ। ਇਸ ਸਾਂਝੀ ਇੱਛਾ ਨੂੰ ਅੱਗੇ ਵਧਾਉਣ ਲਈ ਮੈਂ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ। ਪਹਿਲਾ- ਸਾਫ਼ ਊਰਜਾ। ਇਹ ਦੋਵਾਂ ਦੇਸ਼ਾਂ ਲਈ ਇੱਕ ਤਰਜੀਹ ਹੈ। ਅੱਜ ਅਸੀਂ ਪ੍ਰਮਾਣੂ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇੱਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ। ਥੋੜ੍ਹੀ ਦੇਰ ਪਹਿਲਾਂ ਸਾਨੂੰ ਕਾਮੀਕੋ ਦੇ ਸੀਈਓਜ਼ ਦੇ ਸਕਾਰਾਤਮਿਕ ਵਿਚਾਰ ਸੁਣਨ ਦਾ ਮੌਕਾ ਮਿਲਿਆ। ਸਾਨੂੰ ਛੋਟੇ ਮੌਡਿਊਲਰ ਰਿਐਕਟਰਾਂ, ਉੱਨਤ ਰਿਐਕਟਰਾਂ ਅਤੇ ਪ੍ਰਮਾਣੂ ਮੁੱਲ ਲੜੀ ਵਿੱਚ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ। ਮਹੱਤਵਪੂਰਨ ਖਣਿਜਾਂ ਵਿੱਚ ਅਸੀਂ ਇੱਕ ਲਚਕੀਲੀ ਸਪਲਾਈ ਲੜੀ ਬਣਾਉਣ ਲਈ ਕਦਮ ਚੁੱਕੇ ਹਨ। ਅਸੀਂ ਬੈਟਰੀਆਂ ਅਤੇ ਊਰਜਾ ਸਟੋਰੇਜ ਵਿੱਚ ਕੈਨੇਡਾ ਦੀ ਨਵੀਨਤਾ ਅਤੇ ਭਾਰਤ ਦੀ ਸਕੇਲਿੰਗ ਸਮਰੱਥਾਵਾਂ ਨੂੰ ਜੋੜ ਕੇ ਅੱਗੇ ਵਧ ਸਕਦੇ ਹਾਂ।
ਦੂਜਾ ਖੇਤਰ ਹੈ- ਬੁਨਿਆਦੀ ਢਾਂਚਾ ਅਤੇ ਪੂੰਜੀ ਭਾਈਵਾਲੀ। ਇਸ ਸਾਲ ਦੇ ਬਜਟ ਵਿੱਚ ਅਸੀਂ ਬੁਨਿਆਦੀ ਢਾਂਚੇ ਲਈ 130 ਬਿਲੀਅਨ ਡਾਲਰ ਦਾ ਰਿਕਾਰਡ ਅਲਾਟ ਕੀਤਾ ਹੈ। ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਦੇ ਤਹਿਤ 1.3 ਟ੍ਰਿਲੀਅਨ ਡਾਲਰ ਦਾ ਨਿਵੇਸ਼ ਹੋ ਰਿਹਾ ਹੈ। ਕੈਨੇਡਾ ਦੇ ਪੈਨਸ਼ਨ ਫੰਡਾਂ ਨੇ ਭਾਰਤ ਵਿੱਚ 100 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ ਡੂੰਘੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਮੈਂ ਤੁਹਾਨੂੰ ਭਾਰਤ ਦੀ ਬੁਨਿਆਦੀ ਢਾਂਚਾ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹਾਂ। ਤੀਜਾ- ਏਆਈ। ਅਸੀਂ ਮਿਲ ਕੇ ਸਾਂਝੇ ਏਆਈ ਕੰਪਿਊਟ ਕੋਰੀਡੋਰਸ ਬਣਾ ਸਕਦੇ ਹਾਂ। ਸਟਾਰਟਅੱਪਸ ਦੇ ਲਈ ਏਆਈ ਇਨੋਵੇਸ਼ਨ ਸੈਂਡ ਬੌਕਸੇਸ ਬਣਾ ਸਕਦੇ ਹਾਂ। ਚੌਥਾ- ਨਿਰਮਾਣ ਅਤੇ ਤਕਨਾਲੋਜੀ। ਇਲੈਕਟ੍ਰੋਨਿਕਸ, ਏਰੋਸਪੇਸ ਅਤੇ ਇੰਜੀਨੀਅਰਿੰਗ ਵਿੱਚ ਕੈਨੇਡਾ ਦੀ ਤਕਨਾਲੋਜੀ ਅਤੇ ਭਾਰਤ ਦੇ ਪੈਮਾਨੇ ਨੂੰ ਜੋੜ ਕੇ ਅਸੀਂ ਗਲੋਬਲ ਮੁੱਲ ਲੜੀ ਨੂੰ ਸਸ਼ਕਤ ਬਣਾ ਸਕਦੇ ਹਾਂ। ਪੰਜਵਾਂ- ਫੂਡ ਪ੍ਰੋਸੈਸਿੰਗ। ਅੱਜ ਭਾਰਤ ਵਿੱਚ ਮੈਗਾ ਫੂਡ ਪਾਰਕ, ਕੋਲਡ ਚੇਨਸ, ਫੂਡ ਟੈਸਟਿੰਗ ਲੈਬਾਂ ਤੇਜ਼ੀ ਨਾਲ ਬਣ ਰਹੇ ਹਨ। ਇਹ ਵੀ ਸਾਡੇ ਜਿੱਤ-ਜਿੱਤ ਸਹਿਯੋਗ ਦੀ ਇੱਕ ਹੋਰ ਸ਼ਕਤੀਸ਼ਾਲੀ ਉਦਾਹਰਣ ਬਣ ਸਕਦੀ ਹੈ।
ਸਾਥੀਓ,
ਸਾਡੀ ਭਾਈਵਾਲੀ ਸਿਰਫ਼ ਰਾਸ਼ਟਰੀ ਰਾਜਧਾਨੀਆਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਾਨੂੰ ਇਸ ਨੂੰ ਰਾਜਾਂ ਅਤੇ ਪ੍ਰਾਂਤਾਂ ਤੱਕ ਲੈ ਕੇ ਜਾਣਾ ਹੋਵੇਗਾ। ਅਲਬਰਟਾ ਦੇ ਕੁਦਰਤੀ ਸਰੋਤਾਂ ਨੂੰ ਗੁਜਰਾਤ ਅਤੇ ਰਾਜਸਥਾਨ ਦੀਆਂ ਨਵਿਆਉਣਯੋਗ ਇੱਛਾਵਾਂ ਨਾਲ ਜੋੜਨਾ ਹੋਵੇਗਾ। ਓਨਟੇਰੀਓ ਦੀਆਂ ਨਿਰਮਾਣ ਸ਼ਕਤੀਆਂ ਨੂੰ ਤਾਮਿਲਨਾਡੂ ਅਤੇ ਮਹਾਰਾਸ਼ਟਰ ਦੇ ਉਦਯੋਗਿਕ ਸਮੂਹਾਂ ਨਾਲ ਮਿਲਾਉਣਾ ਹੋਵੇਗਾ। ਮਾਂਟਰੀਅਲ ਦੇ ਤਕਨੀਕੀ ਵਾਤਾਵਰਣ ਨੂੰ ਬੰਗਲੁਰੂ ਅਤੇ ਹੈਦਰਾਬਾਦ ਦੇ ਨਵੀਨਤਾ ਕੇਂਦਰਾਂ ਨਾਲ ਜੋੜਨਾ ਹੋਵੇਗਾ। ਤਦ ਹੀ ਅਸੀਂ ਇਸ ਭਾਈਵਾਲੀ ਨੂੰ ਨੀਤੀ ਤੋਂ ਖ਼ੁਸ਼ਹਾਲੀ ਵਿੱਚ ਬਦਲ ਪਾਵਾਂਗੇ।
ਸਾਥੀਓ,
ਤੁਹਾਡੇ ਵਿੱਚੋਂ ਕੁਝ ਲੋਕ ਕ੍ਰਿਕਟ ਜ਼ਰੂਰ ਦੇਖਦੇ ਹੋਣਗੇ। ਭਾਰਤ ਵਿੱਚ ਚਲ ਰਹੇ ਟੀ-20 ਕ੍ਰਿਕਟ ਵਿਸ਼ਵ ਕੱਪ ਵਿੱਚ ਕੈਨੇਡਾ ਨੂੰ ਖੇਡਦੇ ਦੇਖ ਕੇ ਸਾਡਾ ਸਭ ਦਾ ਮਨ ਬਹੁਤ ਖ਼ੁਸ਼ ਹੋਇਆ। "ਟੀ-20 ਕ੍ਰਿਕਟ ਵਾਂਗ, ਤੇਜ਼ ਫ਼ੈਸਲਿਆਂ, ਨਿਡਰ ਸਟ੍ਰੋਕ ਅਤੇ ਮੈਚ ਜਿੱਤਣ ਵਾਲੀਆਂ ਸਾਂਝੇਦਾਰੀਆਂ ਨਾਲ, ਭਾਰਤ ਅਤੇ ਕੈਨੇਡਾ ਇਕੱਠੇ ਭਵਿੱਖ ਨੂੰ ਆਕਾਰ ਦੇਣਗੇ।" ਇਸ ਦ੍ਰਿੜ੍ਹ ਇਰਾਦੇ ਨਾਲ, ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2234918)
ਵਿਜ਼ੀਟਰ ਕਾਊਂਟਰ : 34
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam