ਵਣਜ ਤੇ ਉਦਯੋਗ ਮੰਤਰਾਲਾ
ਪ੍ਰਧਾਨ ਮੰਤਰੀ ਗਤੀਸ਼ਕਤੀ ਦੇ ਤਹਿਤ ਨੈੱਟਵਰਕ ਯੋਜਨਾ ਸਮੂਹ (ਐੱਨਪੀਜੀ) ਦੀ 109ਵੀਂ ਬੈਠਕ ਵਿੱਚ ਮੁੱਖ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦਾ ਮੁਲਾਂਕਣ
ਐੱਨਪੀਜੀ ਨੇ ਰੇਲਵੇ ਮੰਤਰਾਲੇ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਸਿਵਿਲ ਐਵੀਏਸ਼ਨ ਮੰਤਰਾਲੇ ਦੇ ਪ੍ਰੋਜੈਕਟਾਂ ਦਾ ਮੁਲਾਂਕਣ ਕੀਤਾ
Posted On:
25 FEB 2026 11:32AM by PIB Chandigarh
ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟ੍ਰੀ ਐਂਡ ਇਨਟਰਨਲ ਟ੍ਰੇਡ (DPIIT) ਵਿੱਚ ਨੈੱਟਵਰਕ ਯੋਜਨਾ ਸਮੂਹ (ਐੱਨਪੀਜੀ) ਦੀ 109ਵੀਂ ਬੈਠਕ ਆਯੋਜਿਤ ਕੀਤੀ ਗਈ। ਇਹ ਬੈਠਕ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੇ ਮੁਲਾਂਕਣ ਲਈ ਬੁਲਾਈ ਗਈ ਸੀ। ਇਸ ਬੈਠਕ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (PMGS NMP) ਦੇ ਅਨੁਸਾਰ ਮਲਟੀਮਾਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਕੁਸ਼ਲਤਾ ਨੂੰ ਵਧਾਉਣਾ ਸੀ। ਐੱਨਪੀਜੀ ਨੇ ਏਕੀਕ੍ਰਿਤ ਮਲਟੀਮਾਡਲ ਇਨਫ੍ਰਾਸਟ੍ਰਕਚਰ, ਆਰਥਿਕ ਅਤੇ ਸਮਾਜਿਕ ਕੇਂਦਰਾਂ ਤੱਕ ਅੰਤਿਮ-ਮੀਲ ਕਨੈਕਟੀਵਿਟੀ ਅਤੇ ‘ਸੰਪੂਰਨ ਸਰਕਾਰੀ’ ਦ੍ਰਿਸ਼ਟੀਕੋਣ ਦੇ ਪ੍ਰਧਾਨ ਮੰਤਰੀ ਗਤੀਸ਼ਕਤੀ ਸਿਧਾਂਤਾਂ ਦੇ ਅਨੁਸਾਰ 2 ਰੇਲਵੇ ਪ੍ਰੋਜੈਕਟਾਂ, 1 ਮੈਟਰੋ ਪ੍ਰੋਜੈਕਟ ਅਤੇ 1 ਹਵਾਈ ਅੱਡੇ ਦੇ ਪ੍ਰੋਜੈਕਟ ਦਾ ਮੁਲਾਂਕਣ ਕੀਤਾ। ਇਨ੍ਹਾਂ ਪਹਿਲਕਦਮੀਆਂ ਨਾਲ ਲੌਜਿਸਟਿਕਸ ਕੁਸ਼ਲਤਾ ਵਿੱਚ ਵਾਧਾ, ਯਾਤਰਾ ਦੇ ਸਮੇਂ ਵਿੱਚ ਕਮੀ ਅਤੇ ਪ੍ਰੋਜੈਕਟ ਦੇ ਪ੍ਰਭਾਵ ਖੇਤਰ ਵਿੱਚ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਮਿਲਣ ਦੀ ਉਮੀਦ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਮੁਲਾਂਕਣ ਅਤੇ ਉਮੀਦ ਕੀਤੇ ਪ੍ਰਭਾਵਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
ਜਲੰਧਰ ਕੈਂਟ-ਜੰਮੂ ਤਵੀ ਸਟੇਸ਼ਨ ਦਰਮਿਆਨ ਪ੍ਰਸਤਾਵਿਤ ਤੀਜੀ ਰੇਲਵੇ ਲਾਈਨ (ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ): ਰੇਲਵੇ ਮੰਤਰਾਲੇ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ -ਕਸ਼ਮੀਰ ਰਾਜਾਂ ਵਿੱਚੋਂ ਹੋ ਕੇ ਲੰਘਣ ਵਾਲੀ 210.750 ਕਿਲੋਮੀਟਰ ਲੰਬੀ ਤੀਜੀ ਰੇਲਵੇ ਲਾਈਨ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵਿਤ ਰੂਟ ਵਿੱਚ 27 ਸਟੇਸ਼ਨ ਹੋਣਗੇ ਅਤੇ ਇਹ ਜਲੰਧਰ, ਹੁਸ਼ਿਆਰਪੁਰ, ਕਾਂਗੜਾ, ਪਠਾਨਕੋਟ, ਕਠੂਆ ਅਤੇ ਸਾਂਬਾ ਵਰਗੇ ਪ੍ਰਮੁੱਖ ਜ਼ਿਲ੍ਹਿਆਂ ਵਿੱਚੋਂ ਹੋ ਕੇ ਲੰਘੇਗੀ। ਇਸ ਪ੍ਰੋਜੈਕਟ ਦਾ ਉਦੇਸ਼ ਇਸ ਰਣਨੀਤਕ ਤੌਰ 'ਤੇ ਮਹੱਤਵਪੂਰਨ ਕੌਰੀਡੋਰ 'ਤੇ ਰੇਲ ਸਮਰੱਥਾ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣਾ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਾ ਹੈ।
ਪ੍ਰਸਤਾਵਿਤ ਰੇਲਵੇ ਲਾਈਨ ਦਾ ਰਣਨੀਤਕ, ਆਰਥਿਕ ਅਤੇ ਸਮਾਜਿਕ ਪੱਖੋਂ ਡੂੰਘਾ ਮਹੱਤਵ ਹੈ। ਇਹ ਸਰਹੱਦੀ ਖੇਤਰਾਂ ਵਿੱਚ ਰੱਖਿਆ ਕਰਮਚਾਰੀਆਂ, ਉਪਕਰਣਾਂ ਅਤੇ ਸਪਲਾਈ ਦੀ ਤੇਜ਼ ਅਤੇ ਵਧੇਰੇ ਭਰੋਸੇਮੰਦ ਆਵਾਜਾਈ ਨੂੰ ਸਮਰੱਥ ਬਣਾ ਕੇ ਰਾਸ਼ਟਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੰਪਤੀ ਵਜੋਂ ਕੰਮ ਕਰੇਗਾ। ਆਰਥਿਕ ਤੌਰ 'ਤੇ, ਇਹ ਪ੍ਰੋਜੈਕਟ ਖੇਤੀਬਾੜੀ ਉਤਪਾਦਾਂ, ਨਿਰਮਾਣ ਸਮੱਗਰੀ ਅਤੇ ਜ਼ਰੂਰੀ ਵਸਤੂਆਂ ਦੀ ਆਵਾਜਾਈ ਵਿੱਚ ਸੁਧਾਰ ਕਰਕੇ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਵੇਗਾ।
ਜਬਲਪੁਰ (ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼) ਵਿੱਚ ਮਾਣਿਕਪੁਰ ਅਤੇ ਇਟਾਰਸੀ ਦੇ ਦਰਮਿਆਨ ਪ੍ਰਸਤਾਵਿਤ ਤੀਜੀ ਰੇਲਵੇ ਲਾਈਨ: ਰੇਲਵੇ ਮੰਤਰਾਲੇ ਨੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਮਾਣਿਕਪੁਰ ਅਤੇ ਇਟਾਰਸੀ ਦਰਮਿਆਨ 518.532 ਕਿਲੋਮੀਟਰ ਲੰਬੀ ਤੀਜੀ ਰੇਲਵੇ ਲਾਈਨ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵਿਤ ਰਸਤਾ ਚਿੱਤਰਕੂਟ, ਸਤਨਾ, ਮਈਹਰ (Maihar), ਕਟਨੀ, ਜਬਲਪੁਰ, ਨਰਸਿੰਘਪੁਰ ਅਤੇ ਨਰਮਦਾਪੁਰਮ ਵਰਗੇ ਪ੍ਰਮੁੱਖ ਜ਼ਿਲ੍ਹਿਆਂ ਵਿੱਚੋਂ ਹੋ ਕੇ ਲੰਘਦਾ ਹੈ, ਜਿਸ ਨਾਲ ਉੱਤਰੀ ਅਤੇ ਮੱਧ ਭਾਰਤ ਨੂੰ ਜੋੜਨ ਵਾਲੇ ਇੱਕ ਮਹੱਤਵਪੂਰਨ ਕੌਰੀਡੋਰ 'ਤੇ ਰੇਲ ਸੰਪਰਕ ਮਜ਼ਬੂਤ ਹੁੰਦਾ ਹੈ। ਇਹ ਰਸਤਾ ਸੈਕਸ਼ਨ ਖੇਤਰੀ ਰੇਲ ਨੈੱਟਵਰਕ ਦਾ ਇੱਕ ਲਾਜ਼ਮੀ ਹਿੱਸਾ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਯਾਤਰੀ ਅਤੇ ਕਾਫ਼ੀ ਮਾਤਰਾ ਵਿੱਚ ਮਾਲ ਢੋਆ-ਢੁਆਈ ਹੁੰਦੀ ਹੈ।
ਪ੍ਰਸਤਾਵਿਤ ਤੀਜੀ ਰੇਲ ਲਾਈਨ ਨਾਲ ਸੰਚਾਲਨ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਣ, ਨੈੱਟਵਰਕ ਦੀ ਮਜ਼ਬੂਤੀ ਵਿੱਚ ਸੁਧਾਰ ਹੋਣ ਅਤ ਵਧਦੀ ਆਵਾਜਾਈ ਮੰਗ ਨੂੰ ਪੂਰਾ ਕਰਨ ਅਤੇ ਭੀੜ-ਭੜੱਕੇ ਨੂੰ ਘਟਾਉਣ ਲਈ ਵਾਧੂ ਰੇਲ ਸੇਵਾਵਾਂ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ। ਹਾਲਾਂਕਿ, ਮੌਜੂਦਾ ਰੇਲ ਬੁਨਿਆਦੀ ਢਾਂਚਾ ਉਦਯੋਗਿਕ ਕੇਂਦਰਾਂ, ਮਾਲ ਗੋਦਾਮਾਂ ਅਤੇ ਪ੍ਰਮੁੱਖ ਟੂਰਿਸਟ ਸਥਾਨਾਂ ਵਰਗੇ ਮੁੱਖ ਆਰਥਿਕ ਕੇਂਦਰਾਂ ਨੂੰ ਸੇਵਾਵਾਂ ਦੇ ਰਿਹਾ ਹੈ, ਪਰੰਤੂ ਭਵਿੱਖ ਦੇ ਆਵਾਜਾਈ ਅਨੁਮਾਨਾਂ ਅਤੇ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੇਲ ਦੀ ਸਮਰੱਥਾ ਵਿੱਚ ਵਾਧਾ ਲਾਜ਼ਮੀ ਹੈ। ਇਹ ਪ੍ਰੋਜੈਕਟ ਵਧੇਰੇ ਕੁਸ਼ਲ਼ ਅਤੇ ਭਰੋਸੇਯੋਗ ਰੇਲ ਸੰਚਾਲਨ ਨੂੰ ਸਮਰੱਥ ਬਣਾਏਗਾ, ਖੇਤਰੀ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਵ ਇਸ ਕੌਰੀਡੋਰ ਦੀ ਸੰਪੂਰਨ ਆਵਾਜਾਈ ਕੁਸ਼ਲਤਾ ਨੂੰ ਮਜ਼ਬੂਤ ਕਰੇਗਾ।
ਡੋਲੂ, ਸਿਲਚਰ (ਅਸਾਮ) ਵਿੱਚ ਗ੍ਰੀਨਫੀਲਡ ਹਵਾਈ ਅੱਡੇ ਦਾ ਵਿਕਾਸ: ਸਿਵਿਲ ਐਵੀਏਸ਼ਨ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਐੱਨਐੱਚ-27 ਦੇ ਨੇੜੇ ਰਣਨੀਤਕ ਤੌਰ ‘ਤੇ ਸਥਿਤ ਅਸਾਮ ਵਿੱਚ ਸਿਲਚਰ ਜ਼ਿਲ੍ਹੇ ਦੇ ਡੋਲੂ ਵਿੱਚ ਇੱਕ ਗ੍ਰੀਨਫੀਲਡ ਹਵਾਈ ਅੱਡੇ ਦੇ ਵਿਕਾਸ ਦਾ ਪ੍ਰਸਤਾਵ ਰੱਖਿਆ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਖੇਤਰ ਵਿੱਚ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਅਤੇ ਆਧੁਨਿਕ ਐਵੀਏਸ਼ਨ ਇਨਫ੍ਰਾਸਟ੍ਰਕਚਰ ਅਤੇ ਬਿਹਤਰ ਖੇਤਰੀ ਅਤੇ ਰਾਸ਼ਟਰੀ ਸੰਪਰਕ ਪ੍ਰਦਾਨ ਕਰਕੇ ਮੌਜੂਦਾ ਸਿਵਿਲ ਐਨਕਲੇਵ ਦੀ ਸਮਰੱਥਾ ਸਬੰਧੀ ਸੀਮਾਵਾਂ ਦਾ ਹੱਲ ਕਰਨਾ ਹੈ।
ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ, ਇਸ ਹਵਾਈ ਅੱਡੇ ਤੋਂ ਕਛਾਰ ਜ਼ਿਲ੍ਹੇ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਮਦਦ ਮਿਲਣ ਦੀ ਉਮੀਦ ਹੈ। ਬਿਹਤਰ ਹਵਾਈ ਸੰਪਰਕ ਨਾਲ ਵਪਾਰ, ਸੈਰ-ਸਪਾਟਾ ਅਤੇ ਕਾਰੋਬਾਰੀ ਵਿਕਾਸ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਸੜਕਾਂ, ਲੌਜਿਸਟਿਕਸ, ਪ੍ਰਾਹੁਣਚਾਰੀ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਵਰਗੇ ਸਹਾਇਕ ਖੇਤਰਾਂ 'ਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ, ਜਿਸ ਨਾਲ ਟਿਕਾਊ ਖੇਤਰੀ ਵਿਕਾਸ ਨੂੰ ਯੋਗਦਾਨ ਮਿਲੇਗਾ।
ਸੂਰਤ ਮੈਟਰੋ ਕੌਰੀਡੋਰ II ਦਾ । ਪੜਾਅ (ਸਰੌਲੀ ਤੋਂ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੌਰੀਡੋਰ ਤੱਕ) ਐਕਸਟੈਂਸ਼ਨ (ਗੁਜਰਾਤ): ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਗੁਜਰਾਤ ਵਿੱਚ ਸੂਰਤ ਮੈਟਰੋ ਕੌਰੀਡੋਰ II (ਪੜਾਅ I) ਦਾ ਸਰੋਲੀ ਤੋਂ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੌਰੀਡੋਰ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ 4.4 ਕਿਲੋਮੀਟਰ ਲੰਬੇ ਐਲੀਵੇਟਿਡ ਐਕਸਟੈਂਸ਼ਨ ਵਿੱਚ ਤਿੰਨ ਸਟੇਸ਼ਨ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਭਵਿੱਖੀ ਸਟੇਸ਼ਨਾਂ ਦੀ ਵੀ ਵਿਵਸਥਾ ਹੈ। ਇਸ ਦਾ ਉਦੇਸ਼ ਸ਼ਹਿਰੀ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਅਤੇ ਸੂਰਤ ਨੂੰ ਖੇਤਰੀ ਅਤੇ ਰਾਸ਼ਟਰੀ ਆਵਾਜਾਈ ਨੈੱਟਵਰਕਾਂ ਨਾਲ ਜੋੜਨਾ ਹੈ।
ਇਸ ਪ੍ਰੋਜੈਕਟ ਨੂੰ ਮੁੰਬਈ- ਅਹਿਮਦਾਬਾਦ ਹਾਈ ਸਪੀਡ ਰੇਲ ਕੌਰੀਡੋਰ ਲਈ ਇੱਕ ਸਮਰਪਿਤ ਫੀਡਰ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਨਿਰਵਿਘਨ ਅੰਤਿਮ-ਮੀਲ ਕਨੈਕਟੀਵਿਟੀ ਮਿਲੇਗੀ। ਮੈਟਰੋ-ਹਾਈ ਸਪੀਡ ਰੇਲ ਦੇ ਸਿੱਧੇ ਸੰਪਰਕ, ਫੀਡਰ ਬੱਸ ਸੁਵਿਧਾਵਾਂ ਅਤੇ ਨੌਨ-ਮੋਟਰਾਈਜ਼ਡ ਆਵਾਜਾਈ ਬੁਨਿਆਦੀ ਢਾਂਚੇ ਸਮੇਤ ਏਕੀਕ੍ਰਿਤ ਸਟੇਸ਼ਨ ਯੋਜਨਾ ਨਾਲ ਯਾਤਰੀਆਂ ਦੀ ਸੁਵਿਧਾ ਵਿੱਚ ਸੁਧਾਰ ਹੋਵੇਗਾ, ਆਵਾਜਾਈ ਦੇ ਵੱਖ-ਵੱਖ ਸਾਧਨਾਂ ਦੇ ਏਕੀਕਰਣ ਨੂੰ ਹੁਲਾਰਾ ਮਿਲੇਗਾ ਅਤੇ ਸੰਪੂਰਨ ਆਵਾਜਾਈ ਪ੍ਰਣਾਲੀ ਦੀ ਕੁਸ਼ਲਤਾ ਅਤੇ ਸਥਿਰਤਾ ਨੂੰ ਉਤਸ਼ਾਹ ਮਿਲੇਗਾ।
************
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ /ਅਨੁਸ਼ਕਾ ਪਾਂਡੇ/ਏਕੇ
(Release ID: 2232740)
ਵਿਜ਼ੀਟਰ ਕਾਊਂਟਰ : 7